‘ਦੁਆ ਹੈ ਤੁਸੀਂ 125 ਸਾਲ ਜੀਓ ਕਿਉਂਕਿ ਮੋਦੀ ਲੰਮਾ ਸਮਾਂ ਪ੍ਰਧਾਨ ਮੰਤਰੀ ਰਹਿਣਗੇ’
ਚੰਡੀਗੜ੍ਹ, 30 ਸਤੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਅੱਜ ਮਲਿਕਾਰਜੁਨ ਖੜਗੇ ’ਤੇ ਤਨਜ਼ ਕੱਸਦਿਆਂ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਕਾਂਗਰਸ ਪ੍ਰਧਾਨ 125 ਸਾਲ ਤੱਕ ਜਿਊਂਦੇ ਰਹਿਣ ਕਿਉਂਕਿ ਮੋਦੀ ਲੰਮਾ ਸਮਾਂ ਪ੍ਰਧਾਨ ਮੰਤਰੀ ਰਹਿਣਗੇ। ਜੰਮੂ ਦੇ ਜਸਰੋਟਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੂੰ ਚੱਕਰ ਆ ਗਿਆ ਸੀ। ਕੁੱਝ ਸਮੇਂ ਬਾਅਦ ਸੰਭਲਦਿਆਂ ਉਨ੍ਹਾਂ ਕਿਹਾ ਕਿ ਉਹ ਉਦੋਂ ਤੱਕ ਮਰਨ ਵਾਲੇ ਨਹੀਂ ਹਨ ਜਦੋਂ ਤੱਕ ਮੋਦੀ ਨੂੰ ਸੱਤਾ ਤੋਂ ਲਾਂਭੇ ਨਹੀਂ ਕਰ ਦਿੰਦੇ।
ਹਰਿਆਣਾ ਦੇ ਚਰਖੀ ਦਾਦਰੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਇਸ ਮੁੱਦੇ ਨੂੰ ਚੁਕਦਿਆਂ ਕਾਂਗਰਸ ’ਤੇ ਨਿਸ਼ਾਨਾ ਸੇਧਿਆ।
ਉਨ੍ਹਾਂ ਕਿਹਾ, ‘‘ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਕੱਲ੍ਹ ਇੱਕ ਰੈਲੀ ਨੂੰ ਸੰਬੋਧਨ ਕਰਦੇ ਸਮੇਂ ਸਿਹਤ ਵਿਗੜ ਗਈ। ਫਿਰ ਬੋਲੇ ਜਦੋਂ ਤੱਕ ਮੋਦੀ ਨੂੰ ਹਟਾ ਨਹੀਂ ਦੇਣਗੇ, ਉਦੋਂ ਤੱਕ ਜਿੰਦਾ ਹੀ ਰਹੂੰਗਾ। ਮੈਂ ਖੜਗੇ ਜੀ ਦੇ 125 ਸਾਲ ਤੱਕ ਜਿਊਣ ਦੀ ਪ੍ਰਾਰਥਨਾ ਕਰਦਾ ਹਾਂ ਕਿਉਂਕਿ ਮੋਦੀ ਜੀ ਲੰਮੇ ਸਮੇਂ ਤੱਕ ਪ੍ਰਧਾਨ ਮੰਤਰੀ ਰਹਿਣ ਵਾਲੇ ਹਨ।’’ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਖੜਗੇ ਦੀਆਂ ਇਨ੍ਹਾਂ ਟਿੱਪਣੀਆਂ ਦਾ ਜ਼ਿਕਰ ਕਰਦਿਆਂ ਇਨ੍ਹਾਂ ਨੂੰ ਬਹੁਤ ਹੀ ਖ਼ਰਾਬ ਤੇ ਅਪਮਾਨਜਨਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਕਾਂਗਰਸ ਦੀ ਪ੍ਰਧਾਨ ਮੰਤਰੀ ਮੋਦੀ ਪ੍ਰਤੀ ਨਫ਼ਰਤ ਦਾ ਪਤਾ ਚੱਲਦਾ ਹੈ। -ਪੀਟੀਆਈ