ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਦਾ ਰਹੇ ਅਮਨ ਦਾ ਚਾਨਣ, ਜੰਗ ਦੀ ਰਾਤ ਮੁੱਕੇ...

07:39 AM Jan 19, 2025 IST
featuredImage featuredImage
ਜੰਗਬੰਦੀ ਦੇ ਐਲਾਨ ਮਗਰੋਂ ਇਕੱਠੇ ਹੋਏ ਫਲਸਤੀਨੀ ਬੱਚੇ ਅਤੇ (ਸੱਜੇ) ਇਜ਼ਰਾਇਲੀ ਬੰਧਕ ਦੀ ਭਾਵੁਕ ਹੋਈ ਇੱਕ ਰਿਸ਼ਤੇਦਾਰ।

ਅਰਵਿੰਦਰ ਜੌਹਲ

ਪੰਜਾਬ ਵਿੱਚ ਕਿਸਾਨਾਂ ਦਾ ਅੰਦੋਲਨ ਆਪਣੀ ਚਰਮ ਸੀਮਾ ’ਤੇ ਹੈ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ। ਦੋ ਦਿਨ ਪਹਿਲਾਂ ਰਿਲੀਜ਼ ਹੋਈ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਨੇ ਵੀ ਪੰਜਾਬ ਦੇ ਸਿਆਸੀ ਪਾਣੀਆਂ ਵਿੱਚ ਹਲਚਲ ਮਚਾ ਦਿੱਤੀ ਹੈ ਪਰ ਕੌਮਾਂਤਰੀ ਪੱਧਰ ’ਤੇ 19 ਜਨਵਰੀ ਦਾ ਇਹ ਦਿਨ ਬਹੁਤ ਹੀ ਇਤਿਹਾਸਕ ਹੋਵੇਗਾ ਜਦੋਂ ਗਾਜ਼ਾ ਵਿੱਚ ਗੋਲੀਬੰਦੀ ਦੇ ਨਾਲ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਸ਼ਾਂਤੀ ਵਾਰਤਾ ਦਾ ਰਾਹ ਪੱਧਰਾ ਹੋ ਜਾਵੇਗਾ। ਇਹ 2025 ਦੀ ਇੱਕ ਹਾਂ-ਪੱਖੀ ਸ਼ੁਰੂਆਤ ਕਹੀ ਜਾ ਸਕਦੀ ਹੈ, ਜਿਸ ਨੂੰ ਖੁਸ਼ਆਮਦੀਦ ਕਹਿਣਾ ਬਣਦਾ ਹੈ।
ਪਿਛਲੇ ਹਫ਼ਤੇ ਜਦੋਂ ਇਜ਼ਰਾਈਲ ਅਤੇ ‘ਹਮਾਸ’ ਵਿਚਾਲੇ ਸੁਲਾਹ-ਸਫਾਈ ਬਾਰੇ ਖ਼ਬਰਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਨਿਸ਼ਚੇ ਹੀ ਇਹ ਦਿਲ ਨੂੰ ਸਕੂਨ ਦੇਣ ਵਾਲੀਆਂ ਸਨ ਕਿ ਆਖ਼ਰ ਫਲਸਤੀਨੀਆਂ ਦੇ ਖ਼ੂਨ ਦੀ ਖੇਡੀ ਜਾ ਰਹੀ ਹੋਲੀ ਹੁਣ ਬੰਦ ਹੋ ਜਾਵੇਗੀ। 17 ਜਨਵਰੀ ਨੂੰ ਇਜ਼ਰਾਈਲ ਦੀ ਸੁਰੱਖਿਆ ਕੈਬਨਿਟ ਅਤੇ ਫਿਰ 18 ਜਨਵਰੀ ਨੂੰ ਕੇਂਦਰੀ ਮੰਤਰੀ ਮੰਡਲ ਨੇ ਗਾਜ਼ਾ ਪੱਟੀ ’ਚ ਗੋਲੀਬੰਦੀ ਅਤੇ ‘ਹਮਾਸ’ ਵੱਲੋਂ ਬੰਧਕ ਬਣਾਏ ਗਏ ਲੋਕਾਂ ਨੂੰ ਰਿਹਾਅ ਕਰਨ ਸਬੰਧੀ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ। ਇਸ ਨਾਲ 15 ਮਹੀਨਿਆਂ ਤੋਂ ਚਲਦੀ ਆ ਰਹੀ ਜੰਗ ਰੁਕ ਜਾਵੇਗੀ ਅਤੇ ਦਰਜਨਾਂ ਬੰਧਕਾਂ ਨੂੰ ਰਿਹਾਅ ਕੀਤਾ ਜਾਵੇਗਾ, ਪਰ ਅਜੇ ਵੀ ਯਕੀਨ ਨਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਇਜ਼ਰਾਈਲ ਮੁਕੰਮਲ ਜੰਗਬੰਦੀ ਕਰੇਗਾ ਜਾਂ ਨਹੀਂ। ਉਂਜ, ਇਹ ਉਮੀਦ ਤਾਂ ਕਰਨੀ ਬਣਦੀ ਹੈ ਕਿ ਮਨੁੱਖਤਾ ਦੇ ਭਲੇ ਲਈ ਦੋਵੇਂ ਧਿਰਾਂ ਅਤੇ ਖ਼ਾਸ ਕਰ ਕੇ ਇਜ਼ਰਾਈਲ ਸਮਝੌਤੇ ਦੀਆਂ ਮੱਦਾਂ ’ਤੇ ਖ਼ਰਾ ਉਤਰੇਗਾ।
ਅਮਰੀਕਾ ਤੇ ਕਤਰ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਇਜ਼ਰਾਈਲ ਅਤੇ ‘ਹਮਾਸ’ ਗਾਜ਼ਾ ’ਚ ਯੁੱਧ ਰੋਕਣ ਲਈ ਸਹਿਮਤ ਹੋ ਗਏ ਹਨ। ਅਕਤੂਬਰ 2023 ਤੋਂ ਚੱਲਦੀ ਆ ਰਹੀ ਇਸ ਜੰਗ ਤੋਂ ਬਾਅਦ ਸਮਝੌਤੇ ਲਈ ਦੋਹਾਂ ਪੱਖਾਂ ਦੀ ਸਹਿਮਤੀ ਨੂੰ ਇੱਕ ਵੱਡੀ ਸਫ਼ਲਤਾ ਮੰਨਿਆ ਜਾ ਸਕਦਾ ਹੈ। ਇਸ ਯੁੱਧ ਨੂੰ ਰੋਕਣ ਲਈ ਇਜ਼ਰਾਇਲੀਆਂ ਅਤੇ ‘ਹਮਾਸ’ ਵਿਚਾਲੇ ਕਈ ਦੌਰ ਦੀ ਗੱਲਬਾਤ ਕਤਰ ਦੀ ਰਾਜਧਾਨੀ ਦੋਹਾ ਵਿੱਚ ਹੋਈ। ਇਸ ਗੱਲਬਾਤ ਲਈ ਦੋਹਾਂ ਧਿਰਾਂ ਵਿਚਾਲੇ ਵਿਚੋਲਗੀ ਅਮਰੀਕਾ, ਮਿਸਰ ਅਤੇ ਕਤਰ ਨੇ ਕੀਤੀ, ਜਿਨ੍ਹਾਂ ਦੀ ਇਸ ਸਮਝੌਤੇ ਨੂੰ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਹੈ। ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤਣ ਮਗਰੋਂ ਡੋਨਲਡ ਟਰੰਪ ਨੇ ਸਪੱਸ਼ਟ ਕਰ ਿਦੱਤਾ ਸੀ ਕਿ ਜੇਕਰ ‘ਹਮਾਸ’ ਨੇ 20 ਜਨਵਰੀ ਨੂੰ ਹੋਣ ਵਾਲੇ ਉਸ ਦੇ ਹਲਫ਼ਦਾਰੀ ਸਮਾਗਮ ਤੋਂ ਪਹਿਲਾਂ ਪਹਿਲਾਂ ਸਮਝੌਤਾ ਨਾ ਕੀਤਾ ਤਾਂ ਇਸ ਸਮੂਹ ਨੂੰ ਵੱਡਾ ਖਮਿਆਜ਼ਾ ਭੁਗਤਣਾ ਪਵੇਗਾ। ਟਰੰਪ ਦੀ ਇਸ ਧਮਕੀ ਤੋਂ ਬਾਅਦ ਹੀ ਇਜ਼ਰਾਈਲ ਅਤੇ ‘ਹਮਾਸ’ ਵਿਚਾਲੇ ਜੰਗਬੰਦੀ ਬਾਰੇ ਗੱਲਬਾਤ ਹੋਈ। ਗ਼ੌਰਤਲਬ ਹੈ ਕਿ ਇਹ ਜੰਗ ਉਦੋਂ ਸ਼ੁਰੂ ਹੋਈ ਸੀ ਜਦੋਂ ਹਥਿਆਰਬੰਦ ਫਲਸਤੀਨੀ ਸਮੂਹ ‘ਹਮਾਸ’ ਨੇ ਇਜ਼ਰਾਈਲ ’ਤੇ ਹਮਲਾ ਕਰ ਕੇ 251 ਇਜ਼ਰਾਇਲੀ ਨਾਗਰਿਕਾਂ ਨੂੰ ਬੰਧਕ ਬਣਾ ਲਿਆ ਸੀ। ਇਜ਼ਰਾਈਲ ਵੱਲੋਂ ਵੀ ਇਸ ਦੇ ਜਵਾਬ ’ਚ ਲਗਾਤਾਰ ਕਾਰਵਾਈਆਂ ਕੀਤੀਆਂ ਗਈਆਂ। ਮੌਤ ਦੇ ਇਸ ਤਾਂਡਵ ਵਿੱਚ ਲਾਸ਼ਾਂ ਦਾ ਪੱਲੜਾ ਫਲਸਤੀਨ ਵਾਲੇ ਪਾਸੇ ਝੁਕਿਆ ਰਿਹਾ। ਹਰ ਬੇਕਸੂਰ ਭਾਵੇਂ ਉਹ ਇਜ਼ਰਾਇਲੀ ਹੋਵੇ ਜਾਂ ਫਲਸਤੀਨੀ, ਦੀ ਜਾਨ ਅਨਮੋਲ ਹੈ ਪਰ ਜਦੋਂ ਤੱਥਾਂ ਅਤੇ ਅੰਕੜਿਆਂ ਦੇ ਆਧਾਰ ’ਤੇ ਹਾਲਾਤ ਦਾ ਮੁਲਾਂਕਣ ਕਰਦੇ ਹਾਂ ਤਾਂ ਸਾਫ਼ ਨਜ਼ਰ ਆਉਂਦਾ ਹੈ ਕਿ ਇਜ਼ਰਾਈਲ ਵੱਲੋਂ ਕੀਤਾ ਗਿਆ ਮਨੁੱਖੀ ਘਾਣ ਕਿੰਨਾ ਭਿਆਨਕ ਹੈ। ਇਸ ਜੰਗ ਵਿੱਚ ਹੁਣ ਤੱਕ 46,700 ਤੋਂ ਵੱਧ ਫਲਸਤੀਨੀਆਂ ਅਤੇ ਦੋ ਹਜ਼ਾਰ ਦੇ ਕਰੀਬ ਇਜ਼ਰਾਇਲੀਆਂ ਨੇ ਜਾਨ ਗੁਆਈ ਹੈ। ਮਰਨ ਵਾਲੇ ਇਨ੍ਹਾਂ ਇਜ਼ਰਾਇਲੀਆਂ ਵਿੱਚ ਇੱਕ ਹਜ਼ਾਰ ਤੋਂ ਵੱਧ ਤਾਂ ਫ਼ੌਜੀ ਹਨ। ਇਸ ਤੋਂ ਇਲਾਵਾ ਜ਼ਖ਼ਮੀ ਹੋਣ ਵਾਲੇ ਫਲਸਤੀਨੀਆਂ ਦੀ ਗਿਣਤੀ 1,10,000 ਅਤੇ ਇਜ਼ਰਾਇਲੀਆਂ ਦੀ ਗਿਣਤੀ 13,500 ਹੈ। ਇਸ ਵੇਲੇ ਗਾਜ਼ਾ ਪੱਟੀ ਵਿੱਚ ਬੁਨਿਆਦੀ ਢਾਂਚਾ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕਾ ਹੈ ਅਤੇ ਚਾਰੋਂ ਪਾਸੇ ਢਹੀਆਂ ਹੋਈਆਂ ਇਮਾਰਤਾਂ, ਮਲਬੇ ਦੇ ਢੇਰ, ਹਸਪਤਾਲਾਂ ’ਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਸਹਿਕਦੇ ਹੋਏ ਮਨੁੱਖ, ਮਾਂ-ਪਿਉ ਗੁਆਉਣ ਵਾਲੇ ਬੇਸਹਾਰਾ ਤੇ ਯਤੀਮ ਹੋਏ ਬੱਚਿਆਂ ਦੀਆਂ ਸੁੰਨੀਆਂ ਤੇ ਪਥਰਾਈਆਂ ਅੱਖਾਂ ਇਸ ਗੱਲ ਦੀ ਗਵਾਹੀ ਦਿੰਦੀਆਂ ਹਨ ਕਿ ਕਿਵੇਂ ਮਨੁੱਖ ਆਪਣੇ ਆਪ ਨੂੰ ਤਾਕਤਵਰ ਤੇ ਸਰਬਸ਼੍ਰੇਸ਼ਠ ਸਾਬਤ ਕਰਨ ਲਈ ਮਨੁੱਖਤਾ ਨੂੰ ਹੀ ਦਾਅ ’ਤੇ ਲਾ ਦਿੰਦਾ ਹੈ।
ਬੁੱਧਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਫਲਸਤੀਨ ਅਤੇ ਇਜ਼ਰਾਈਲ ਦਰਮਿਆਨ ਹੋਣ ਵਾਲੇ ਇਸ ਸਮਝੌਤੇ ਬਾਰੇ ਜਾਣਕਾਰੀ ਦਿੰਦਿਆਂ ਸਪੱਸ਼ਟ ਕੀਤਾ ਸੀ ਕਿ ਇਜ਼ਰਾਇਲੀ ਕੈਬਨਿਟ ਦੀ ਪ੍ਰਵਾਨਗੀ ਮਗਰੋਂ ਐਤਵਾਰ ਤੋਂ ਲਾਗੂ ਹੋਣ ਵਾਲੇ ਇਸ ਸਮਝੌਤੇ ਦਾ ਪਹਿਲਾ ਪੜਾਅ ਛੇ ਹਫ਼ਤੇ ਤੱਕ ਚੱਲੇਗਾ ਜਿਸ ਵਿੱਚ ਮੁਕੰਮਲ ਜੰਗਬੰਦੀ ਰਹੇਗੀ। ‘ਹਮਾਸ’ ਇਜ਼ਰਾਇਲੀ ਬੰਧਕਾਂ ਨੂੰ ਛੱਡੇਗਾ ਅਤੇ ਇਜ਼ਰਾਈਲ ਫਲਸਤੀਨੀ ਕੈਦੀਆਂ ਨੂੰ। ਬਾਇਡਨ ਅਨੁਸਾਰ ਦੂਜੇ ਪੜਾਅ ਦਾ ਮਕਸਦ ਯੁੱਧ ਦਾ ਸਥਾਈ ਅੰਤ ਹੈ। ਇਸ ਪੜਾਅ ਦੌਰਾਨ ‘ਹਮਾਸ’ ਦੇ ਕਬਜ਼ੇ ਹੇਠਲੇ ਬਾਕੀ ਦੇ ਇਜ਼ਰਾਇਲੀ ਬੰਧਕਾਂ ਤੇ ਉਨ੍ਹਾਂ ਦੇ ਬਦਲੇ ਇਜ਼ਰਾਈਲ ਵੱਲੋਂ ‘ਹਮਾਸ’ ਦੇ ਕੈਦੀਆਂ ਨੂੰ ਛੱਡਿਆ ਜਾਵੇਗਾ। ਕਿਹਾ ਜਾਂਦਾ ਹੈ ਕਿ 94 ਇਜ਼ਰਾਇਲੀ ਨਾਗਰਿਕ ਅਜੇ ਵੀ ‘ਹਮਾਸ’ ਨੇ ਬੰਧਕ ਬਣਾਏ ਹੋਏ ਹਨ। ਇਜ਼ਰਾਈਲ ਦਾ ਮੰਨਣਾ ਹੈ ਕਿ ਇਨ੍ਹਾਂ ਵਿੱਚੋਂ ਹੁਣ ਸਿਰਫ਼ 60 ਹੀ ਜਿਊਂਦੇ ਹਨ। ਇਸ ਸਮਝੌਤੇ ਤਹਿਤ ‘ਹਮਾਸ’ ਇਨ੍ਹਾਂ ਬੰਧਕਾਂ ਨੂੰ ਰਿਹਾਅ ਕਰੇਗਾ ਅਤੇ ਬਦਲੇ ’ਚ ਇਜ਼ਰਾਈਲ ਇੱਕ ਹਜ਼ਾਰ ਫਲਸਤੀਨੀ ਕੈਦੀਆਂ ਨੂੰ ਛੱਡੇਗਾ ਜੋ ਕਈ ਸਾਲਾਂ ਤੋਂ ਇਜ਼ਰਾਈਲ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਸਮਝੌਤੇ ਦੇ ਤੀਜੇ ਪੜਾਅ ’ਚ ਗਾਜ਼ਾ ਦਾ ਪੁਨਰ-ਨਿਰਮਾਣ ਸ਼ਾਮਲ ਹੋਵੇਗਾ ਜਿਸ ਵਿੱਚ ਕਈ ਸਾਲ ਲੱਗ ਸਕਦੇ ਹਨ। ਇਸ ਪੜਾਅ ਦੌਰਾਨ ‘ਹਮਾਸ’ ਦੇ ਕਬਜ਼ੇ ’ਚ ਮਾਰੇ ਗਏ ਬੰਧਕਾਂ ਦੀਆਂ ਲਾਸ਼ਾਂ ਇਜ਼ਰਾਈਲ ਨੂੰ ਸੌਂਪੀਆਂ ਜਾਣਗੀਆਂ। ਇਸ ਮਾਮਲੇ ਵਿੱਚ ਸਭ ਤੋਂ ਵੱਧ ਡਰਾਉਣ ਵਾਲੀ ਗੱਲ ਇਹ ਹੈ ਕਿ ਜੰਗਬੰਦੀ ਲਾਗੂ ਹੋਣ ਤੋਂ ਇੱਕ ਦਿਨ ਪਹਿਲਾਂ ਵੀ ਇਜ਼ਰਾਈਲ ਨੇ ਉੱਤਰੀ ਗਾਜ਼ਾ ਵਿੱਚ ਫਿਰ ਹਮਲਾ ਕੀਤਾ। ਇਸ ਹਮਲੇ ਬਾਰੇ ਟੀਵੀ ਰਿਪੋਰਟਾਂ ਦੌਰਾਨ ਸਕਰੀਨ ’ਤੇ ਨਜ਼ਰ ਪੈਂਦਾ ਹੈ ਕਿ ਘਟਨਾ ਸਥਾਨ ਦੇ ਚਾਰੋਂ ਪਾਸੇ ਮਲਬਾ ਫੈਲਿਆ ਹੋਇਆ ਹੈ ਅਤੇ ਆਲੇ-ਦੁਆਲੇ ਰਾਹਤ ਕਰਮੀ ਬਚਾਅ ਕਾਰਜਾਂ ਵਿੱਚ ਰੁੱਝੇ ਹੋਏ ਹਨ। ਜੰਗਬੰਦੀ ਦੀਆਂ ਬਰੂਹਾਂ ’ਤੇ ਪੁੱਜੇ ਲੋਕ ਇੱਕ ਵਾਰੀ ਫਿਰ ਮਲਬੇ ਵਿੱਚੋਂ ਆਪਣਿਆਂ ਦੀਆਂ ਲਾਸ਼ਾਂ ਕੱਢਣ ਅਤੇ ਜ਼ਖ਼ਮੀਆਂ ਨੂੰ ਬਚਾਉਣ ਵਿੱਚ ਜੁਟੇ ਹੋਏ ਹਨ। ਮਲਬੇ ਹੇਠੋਂ ਦੂਰੋਂ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਹੈ। ਰਾਹਤ ਕਰਮੀ ਮਲਬੇ ਦੀ ਉਸ ਢੇਰੀ ਦੇ ਕੋਲ ਜਾ ਕੇ ਜਦੋਂ ਟੁੱਟੀਆਂ ਦੀਵਾਰਾਂ ਦੇ ਟੁਕੜੇ ਹਟਾਉਂਦੇ ਹਨ ਤਾਂ ਉਸ ਢੇਰ ਵਿੱਚੋਂ ਉਨ੍ਹਾਂ ਨੂੰ ਇੱਕ ਬੱਚੇ ਦਾ ਹੱਥ ਹਿੱਲਦਾ ਨਜ਼ਰ ਆਉਂਦਾ ਹੈ। ਆਲੇ-ਦੁਆਲੇ ਮਨੁੱਖੀ ਆਵਾਜ਼ਾਂ ਸੁਣ ਕੇ ਬੱਚਾ ਆਪਣੇ ਬਚਾਅ ਲਈ ਹੋਰ ਜ਼ੋਰ ਨਾਲ ਚੀਕਾਂ ਮਾਰਦਾ ਹੈ। ਬਚਾਅ ਲਈ ਹਿੱਲਦਾ ਦਿਸਦਾ ਇਸ ਬੱਚੇ ਦਾ ਹੱਥ ਤੁਹਾਨੂੰ ਬੇਚੈਨ ਕਰਨ ਲਈ ਕਾਫ਼ੀ ਹੈ। ਬਚਾਅ ਕਰਮੀ ਅਖ਼ੀਰ ਇਸ ਬੱਚੇ ਨੂੰੂ ਮਲਬੇ ਵਿੱਚੋਂ ਜਿਊਂਦਾ ਬਾਹਰ ਕੱਢ ਲੈਂਦੇ ਹਨ। ਇਹ ਤਿੰਨ ਸਾਲਾ ਬੱਚਾ ਅਸਦ ਅਲ-ਖਲੀਫ਼ਾ ਹੈ, ਜਿਸ ਦੇ ਮੂੰਹ ਅੰਦਰ ਗਏ ਮਿੱਟੀ ਘੱਟੇ ਨੂੰ ਦੇਖ ਕੇ ਲਗਦਾ ਹੈ ਕਿ ਜੰਗਬਾਜ਼ਾਂ ਨੇ ਸਮੁੱਚੀ ਮਨੁੱਖਤਾ ਦੇ ਸਿਰ ਖੇਹ ਪਾ ਦਿੱਤੀ ਹੈ। ਇਸ ਹਮਲੇ ਵਿੱਚ ਅਸਦ ਦੇ ਮਾਪੇ, ਭੈਣ ਅਤੇ ਹੋਰ ਰਿਸ਼ਤੇਦਾਰ ਮਾਰੇ ਗਏ ਹਨ। ਇਸ ਜੰਗ ਨੇ ਮੁੱਕਦਿਆਂ ਮੁੱਕਦਿਆਂ ਵੀ ਉਸ ਤੋਂ ਜ਼ਿੰਦਗੀ ਦਾ ਕੁੱਲ ਅਸਾਸਾ ਖੋਹ ਕੇ ਉਸ ਨੂੰ ਦੁਨੀਆ ਦੀ ਬੇਰਹਿਮੀ ਹੰਢਾਉਣ ਲਈ ਇਕੱਲਾ ਛੱਡ ਦਿੱਤਾ ਹੈ। ਇਹ ਸਿਰਫ਼ ਇਸ ਇੱਕ ਬੱਚੇ ਦੀ ਕਹਾਣੀ ਨਹੀਂ, ਗਾਜ਼ਾ ਵਿੱਚ ਬਹੁਤ ਸਾਰੇ ਇਸੇ ਤਰ੍ਹਾਂ ਦੀ ਹੋਣੀ ਹੰਢਾ ਰਹੇ ਹਨ।
ਵੱਡੇ ਸੁਆਲ ਅਜੇ ਵੀ ਕਾਇਮ ਹਨ ਕਿ ਕੀ ਇਹ ਜੰਗਬੰਦੀ ਅਮਲ ਵਿੱਚ ਆਉਣ ਨਾਲ ਇਹ ਯੁੱਧ ਹਮੇਸ਼ਾ ਲਈ ਮੁੱਕ ਜਾਵੇਗਾ? ਇਜ਼ਰਾਈਲ ਦਾ ਮੁੱਖ ਉਦੇਸ਼ ‘ਹਮਾਸ’ ਦੀ ਸੈਨਿਕ ਅਤੇ ਰਾਜ ਕਰਨ ਦੀ ਸਮਰੱਥਾ ਨੂੰ ਨਸ਼ਟ ਕਰਨਾ ਹੈ। ਇਜ਼ਰਾਈਲ ਨੇ ਇਸ ਯੁੱਧ ਵਿੱਚ ‘ਹਮਾਸ’ ਨੂੰ ਬਹੁਤ ਨੁਕਸਾਨ ਪਹੰੁਚਾਇਆ ਹੈ, ਪਰ ਫਿਰ ਵੀ ‘ਹਮਾਸ’ ਕੋਲ ਮੁੜ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੀ ਸਮਰੱਥਾ ਹੈ। ਸਵਾਲ ਹੈ ਕਿ ਬਫ਼ਰ ਜ਼ੋਨ ਦਾ ਕੀ ਹੋਵੇਗਾ? ਇਹ ਵੀ ਸਪੱਸ਼ਟ ਨਹੀਂ ਕਿ ਇਜ਼ਰਾਈਲ ਕਿਸੇ ਮਿੱਥੀ ਤਰੀਕ ਤੱਕ ਬਫ਼ਰ ਜ਼ੋਨ ’ਚੋਂ ਬਾਹਰ ਨਿਕਲਣ ਲਈ ਸਹਿਮਤ ਹੋਵੇਗਾ ਜਾਂ ਬਫ਼ਰ ਜ਼ੋਨ ’ਚ ਉਸ ਦੀ ਮੌਜੂਦਗੀ ਅਨਿਸ਼ਚਿਤ ਸਮੇਂ ਤੱਕ ਜਾਰੀ ਰਹੇਗੀ? ਅਜਿਹੇ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਭਵਿੱਖ ਵਿੱਚ ਛੁਪੇ ਹੋਏ ਹਨ।
ਇਸ ਸਾਰੀ ਸਥਿਤੀ ਦੇ ਮੱਦੇਨਜ਼ਰ ਇਹੋ ਦੁਆ ਹੈ ਕਿ ਇਸ ਖਿੱਤੇ ਦੇ ਬਾਸ਼ਿੰਦੇ ਲਗਾਤਾਰ ਮੰਡਰਾ ਰਹੇ ਮੌਤ ਦੇ ਸਾਏ ਤੋਂ ਮਹਿਫੂਜ਼ ਰਹਿਣ। ਹਰ ਮਨੁੱਖੀ ਜ਼ਿੰਦਗੀ ਬੇਸ਼ਕੀਮਤੀ ਹੈ। ਮਨੁੱਖਤਾ ਨੂੰ ਮੌਤ ਦੇ ਕਾਲੇ ਸਾਏ ਤੋਂ ਬਚਾਉਣ ਲਈ ਹਰ ਯਤਨ ਕੀਤਾ ਜਾਣਾ ਚਾਹੀਦਾ ਹੈ। ਜੰਗਬੰਦੀ ਲਈ ਸ਼ੁਰੂ ਹੋਏ ਯਤਨਾਂ ਨੇ ਉਮੀਦ ਦੀ ਜੋ ਕਿਰਨ ਦਿਖਾਈ ਹੈ, ਉਹ ਜੰਗ ਦੇ ਪਰਛਾਵੇਂ ਕਾਰਨ ਧੁੰਦਲੀ ਨਹੀਂ ਹੋਣੀ ਚਾਹੀਦੀ। ਸ਼ਾਲਾ! ਅਮਨ ਦਾ ਚਾਨਣ ਦੁਨੀਆ ਦੇ ਹਰ ਕੋਨੇ ਵਿੱਚ ਫੈਲੇ, ਕਿਸੇ ਦਾ ਵੀ ਧੀ-ਪੁੱਤ ਯਤੀਮ ਨਾ ਹੋਵੇ ਅਤੇ ਨਾ ਹੀ ਕਿਸੇ ਮਾਂ ਦੇ ਢਿੱਡ ਦੀ ਆਂਦਰ ਜੰਗ ਦੀ ਅੱਗ ’ਚ ਲੂਹੀ ਜਾਵੇ।

Advertisement

Advertisement