ਮੌੜ ਮਕਸੂਥਾ: ਨਿਕਾਸੀ ਨਾ ਹੋਣ ’ਤੇ ਲੋਕ ਔਖੇ
ਪੱਤਰ ਪ੍ਰੇਰਕ
ਸ਼ਹਿਣਾ, 26 ਜੁਲਾਈ
ਬਲਾਕ ਸ਼ਹਿਣਾ ਦੇ ਪਿੰਡ ਮੌੜ ਮਕਸੂਥਾ ਦੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜੀ ਕੀਤੀ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਿੰਡ ਦੀ ਸਾਫ਼-ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਰਣਜੀਤ ਸਿੰਘ, ਬੰਤ ਸਿੰਘ, ਕਰਤਾਰ ਸਿੰਘ, ਚਮਕੌਰ ਸਿੰਘ, ਅਜੈਬ ਸਿੰਘ, ਕਰਮਜੀਤ ਕੌਰ, ਰਜਿੰਦਰ ਕੌਰ, ਕੁਲਦੀਪ ਕੌਰ, ਗੁਰਮੀਤ ਕੌਰ ਅਤੇ ਚਰਨਜੀਤ ਕੌਰ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਿੰਡ ਦੀਆਂ ਗਲੀਆਂ ਨਾਲੀਆਂ ਵਿੱਚੋਂ ਘਰੇਲੂ ਵਰਤੋਂ ਵਾਲੇ ਪਾਣੀ ਦਾ ਅੱਗੇ ਨਿਕਾਸੀ ਨਹੀਂ ਹੋ ਰਿਹਾ, ਜਿਸ ਕਾਰਨ ਘਰਾਂ ਦੀ ਵਰਤੋਂ ਵਾਲਾ ਪਾਣੀ ਗਲੀਆਂ ਅਤੇ ਨਾਲੀਆਂ ਵਿੱਚ ਭਰੇ ਹੋਣ ਕਾਰਨ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕੱਠੇ ਪਾਣੀ ਜਮ੍ਹਾਂ ਹੋਣ ਕਾਰਨ ਗਲੀਆਂ ਅਤੇ ਨਾਲੀਆਂ ਵਿੱਚ ਭਿਆਨਕ ਬਿਮਾਰੀਆਂ ਫੈਲਾਉਣ ਦੇ ਨਾਲ-ਨਾਲ ਚਿੱਕੜ ਵੀ ਹੋ ਰਿਹਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜਲਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ, ਕਿਉਂਕਿ ਇਸ ਸਮੱਸਿਆ ਨਾਲ ਕਈ ਘਰਾਂ ਵਿੱਚ ਵੀ ਤਰੇੜਾਂ ਆ ਚੁੱਕੀਆਂ ਹਨ।