ਮੈਤੇਈ ਤੇ ਕੁਕੀ ਭਾਈਚਾਰੇ ਰਲ ਕੇ ਮਸਲਾ ਸੁਲਝਾਉਣ: ਰਾਜਨਾਥ
* ਮਨੀਪੁਰ ਹਿੰਸਾ ਨੂੰ ਦੁਖਦਾਈ ਦੱਸਿਆ
* ਕਾਂਗਰਸ ’ਤੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰਨ ਦਾ ਦੋਸ਼
ਤਿਪਾ (ਮਜਿ਼ੋਰਮ), 1 ਨਵੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਮਨੀਪੁਰ ਮੈਤੇਈ ਅਤੇ ਕੁਕੀ ਭਾਈਚਾਰਿਆਂ ਨੂੰ ਇੱਕ-ਦੂਜੇ ਪ੍ਰਤੀ ਬਣੇ ਬੇਭਰੋਸਗੀ ਦਾ ਮਾਹੌਲ ਖ਼ਤਮ ਕਰਨ ਲਈ ਇਕੱਠੇ ਬੈਠ ਕੇ ਦਿਲੋਂ ਗੱਲ ਕਰਨ ਦੀ ਅਪੀਲ ਕੀਤੀ ਹੈ। ਇਸ ਨੂੰ ਕੇਂਦਰ ਦੀ ਸੂਬੇ ਵਿੱਚ ਸ਼ਾਂਤੀ ਬਹਾਲੀ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਮਜਿ਼ੋਰਮ ਦੇ ਦੱਖਣੀ ਹਿੱਸੇ ਅਤੇ ਮਿਆਂਮਾਰ ਦੀ ਸਰਹੱਦ ਨੇੜੇ ਕਰਵਾਈ ਗਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਹਿੰਸਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦੀ ਅਤੇ ਮਨੀਪੁਰ ਦੇ ਦੋਹਾਂ ਭਾਈਚਾਰਿਆਂ ਨੂੰ ਹਾਲਾਤ ਸੁਧਾਰਨ ਲਈ ਇਕ-ਦੂਜੇ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, “ਉੱਤਰ-ਪੂਰਬ ਪਿਛਲੇ ਨੌਂ ਸਾਲਾਂ ਵਿੱਚ ਸ਼ਾਂਤੀਪੂਰਨ ਰਿਹਾ ਹੈ। ਹਰ ਸੂਬੇ ਵਿੱਚ ਬਗਾਵਤ ਖ਼ਤਮ ਹੋ ਗਈ ਹੈ ਪਰ ਅਸੀਂ ਮਨੀਪੁਰ ਵਿੱਚ ਹਿੰਸਾ ਦੇਖੀ ਅਤੇ ਇਹ ਸਾਡੇ ਲਈ ਦੁਖਦਾਈ ਹੈ।’’ ਉਨ੍ਹਾਂ ਕਿਹਾ, ‘‘ “ਹਿੰਸਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਸਾਨੂੰ ਦਿਲ ਤੋਂ ਦਿਲ ਤੱਕ ਗੱਲਬਾਤ ਦੀ ਲੋੜ ਹੈ। ਮੈਂ ਦੋਵਾਂ ਭਾਈਚਾਰਿਆਂ ਨੂੰ ਇਕੱਠੇ ਬੈਠ ਕੇ ਸਾਰੇ ਮਤਭੇਦ ਖ਼ਤਮ ਕਰਨ ਦੀ ਅਪੀਲ ਕਰਦਾ ਹਾਂ।’’ ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ, ‘‘ਮੈਂ ਖਾਸ ਤੌਰ ’ਤੇ ਕਹਿਣਾ ਚਾਹੁੰਦਾ ਹਾਂ ਕਿ ਇਹ (ਹਿੰਸਾ) ਕਿਸੇ ਸਿਆਸੀ ਪਾਰਟੀ ਕਾਰਨ ਨਹੀਂ ਹੋਈ। ਅਜਿਹਾ ਕੁਝ ਖਾਸ ਹਾਲਾਤ ਕਾਰਨ ਹੋਇਆ ਹੈ।’’ ਰੱਖਿਆ ਮੰਤਰੀ ਨੇ ਕਾਂਗਰਸ ’ਤੇ ਮਨੀਪੁਰ ਵਿੱਚ ਪੈਦਾ ਹੋਏ ਹਾਲਾਤ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ, ‘‘ਜਦੋਂ ਮਨੀਪੁਰ ’ਚ ਹਾਲਾਤ ਵਿਗੜ ਰਹੇ ਸਨ ਤਾਂ ਕਾਂਗਰਸ ਨੇ ਇਸ ਮੁੱਦੇ ’ਤੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ। ਮਜਿ਼ੋਰਮ ਅਤੇ ਉੱਤਰ-ਪੂਰਬ ਸਮੇਤ ਪੂਰੇ ਦੇਸ਼ ਨੂੰ ਕਾਂਗਰਸ ਦੀ ਨਾਕਾਰਾਤਮਕ ਸਿਆਸਤ ਤੋਂ ਦੂਰ ਰੱਖਣ ਦੀ ਲੋੜ ਹੈ।’’
1966 ਵਿੱਚ ਆਈਜ਼ੋਲ ਵਿੱਚ ਭਾਰਤੀ ਹਵਾਈ ਸੈਨਾ ਵੱਲੋਂ ਕੀਤੇ ਗਏ ਹਮਲੇ ਦਾ ਹਵਾਲਾ ਦਿੰਦਿਆਂ ਭਾਜਪਾ ਆਗੂ ਨੇ ਕਿਹਾ, ‘‘ਜਦੋਂ ਕਾਂਗਰਸ ਕੇਂਦਰ ਵਿੱਚ ਸੱਤਾ ’ਚ ਸੀ ਤਾਂ ਉਸ ਨੇ ਦੇਸ਼ ਵਿੱਚ ਪਹਿਲੀ ਵਾਰ ਮਜਿ਼ੋਰਮ ਵਿੱਚ ਹਵਾਈ ਹਮਲੇ ਕੀਤੇ। ਹੁਣ ਭਾਜਪਾ ਸੱਤਾ ਵਿੱਚ ਹੈ ਅਤੇ ਅਸੀਂ ਅਜਿਹਾ ਕਦੇ ਨਹੀਂ ਕਰਾਂਗੇ।’’ -ਪੀਟੀਆਈ
ਆਪਣੀ ਨੌਕਰੀ ਬਚਾਉਣ ਲਈ ਕਾਂਗਰਸ ’ਤੇ ਦੋਸ਼ ਲਾ ਰਹੇ ਹਨ ਰਾਜਨਾਥ ਸਿੰਘ: ਕਾਂਗਰਸ
ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਕਾਂਗਰਸ ’ਤੇ ਮਨੀਪੁਰ ਹਿੰਸਾ ਦੇ ਮੁੱਦੇ ’ਤੇ ਸਿਆਸਤ ਕਰਨ ਦਾ ਦੋਸ਼ ਲਾਏ ਜਾਣ ਮਗਰੋਂ ਕਾਂਗਰਸ ਨੇ ਕਿਹਾ ਕਿ ਭਾਜਪਾ ਆਗੂ ਆਪਣੀ ਨੌਕਰੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਕਿਹਾ, ‘‘ਅਸੀਂ ਸਾਰੇ ਜਾਣਦੇ ਹਾਂ ਕਿ ਆਪਣੀ ਨੌਕਰੀ ਬਚਾਉਣ ਲਈ ਅਜਿਹੀ ਗੱਲ ਕਰਨੀ ਰੱਖਿਆ ਮੰਤਰੀ ਦੀ ਮਜਬੂਰੀ ਹੈ। ਦੋ ਸਭ ਤੋਂ ਢੁੱਕਵੇਂ ਸਵਾਲ ਇਹ ਹਨ ਕਿ ਪ੍ਰਧਾਨ ਮੰਤਰੀ ਮਨੀਪੁਰ ਕਿਉਂ ਨਹੀਂ ਗਏ ਅਤੇ ਮਨੀਪੁਰ ਦੇ ਮੁੱਖ ਮੰਤਰੀ ਹਾਲੇ ਵੀ ਅਹੁਦੇ ’ਤੇ ਕਿਉਂ ਹੋਏ ਹਨ?’’ -ਪੀਟੀਆਈ