ਮਾਸਟਰ ਜੀ ਦਾ ਆਖ਼ਰੀ ਸਵਾਲ...
ਸੰਤੋਖ ਪਾਲ
ਕਥਾ ਪ੍ਰਵਾਹ
ਹਰ ਰੋਜ਼ ਦੀ ਤਰ੍ਹਾਂ ਅੱਜ ਦਾ ਦਿਨ ਵੀ ਸ਼ਾਮ ਵਿੱਚ ਢਲ ਚੁੱਕਿਆ ਸੀ। ਇਹ ਸ਼ਾਮ ਕੋਈ ਵੱਖਰੀ ਨਹੀਂ ਸੀ ਸਗੋਂ ਪਹਿਲਾਂ ਵਾਂਗ ਉਦਾਸ ਅਤੇ ਜ਼ਿੰਦਗੀ ਦੀਆਂ ਗਲਤੀਆਂ ਦਾ ਅਹਿਸਾਸ ਕਰਵਾਉਣ ਵਾਲੀ ਸੀ। ਆਉਣ ਵਾਲੀ ਰਾਤ ਕਿਸੇ ਪਹਾੜ ਵਰਗੀ ਜਾਪਦੀ ਸੀ, ਜਿਸ ਪਹਾੜ ਨੂੰ ਇੱਕ ਥੱਕਿਆ ਟੁੱਟਿਆ ਯਾਤਰੀ ਆਪਣੇ ਚਕਨਾਚੂਰ ਹੋਏ ਸਰੀਰ ਦਾ ਭਾਰ ਚੁੱਕ ਕੇ ਪਾਰ ਕਰਨ ਦਾ ਯਤਨ ਕਰਦਾ ਹੈ ਪਰ ਦਿਨ ਚੜ੍ਹਦਿਆਂ ਹੀ ਉਹ ਆਪਣੇ ਆਪ ਨੂੰ ਪਹਾੜ ਦੇ ਕਦਮਾਂ ਵਿੱਚ ਬੈਠਾ ਪਾਉਂਦਾ ਹੈ।
ਸ਼ਾਮ ਦਾ ਖਾਣਾ ਖਾ ਕੇ ਸਭ ਆਪਣੇ-ਆਪਣੇ ਕਮਰਿਆਂ ਵਿੱਚ ਸੌਣ ਲਈ ਚਲੇ ਗਏ, ਪਰ ਮੇਰੇ ਕਦਮ ਮਾਸਟਰ ਜੀ ਦਾ ਹਾਲ ਚਾਲ ਪੁੱਛਣ ਲਈ ਉਨ੍ਹਾਂ ਦੇ ਕਮਰੇ ਵੱਲ ਮੁੜ ਪਏ। ਮੈਂ ਉਨ੍ਹਾਂ ਨੂੰ ‘ਮਾਸਟਰ ਜੀ’ ਇਸ ਕਰਕੇ ਸੰਬੋਧਨ ਕਰਦਾ ਸੀ ਕਿਉਂਕਿ ਬੇਸ਼ੱਕ ਉਹ ਮੇਰਾ ਦੋਸਤ ਸੀ ਪਰ ਉਹ ਮੇਰੇ ਤੋਂ ਕਾਫ਼ੀ ਸੀਨੀਅਰ ਸੀ। ਅਕਸਰ, ਅਸੀਂ ਆਪਣੇ ਦਿਲ ਦਾ ਬੋਝ ਹੌਲਾ ਕਰਨ ਲਈ ਸ਼ਾਮ ਨੂੰ ਘੰਟਾ ਦੋ ਘੰਟੇ ਇੱਕ ਦੂਸਰੇ ਕੋਲ ਬੈਠ ਜਾਂਦੇ। ਜ਼ਿਆਦਾਤਰ ਮੈਂ ਹੀ ਉਨ੍ਹਾਂ ਦੇ ਕਮਰੇ ਵਿੱਚ ਜਾਂਦਾ ਸੀ ਕਿਉਂਕਿ ਉਨ੍ਹਾਂ ਦਾ ਬਿਰਧ ਸਰੀਰ ਹੁਣ ਇਜਾਜ਼ਤ ਨਹੀਂ ਸੀ ਦਿੰਦਾ ਕਿ ਉਹ ਜ਼ਿਆਦਾ ਤੁਰ ਫਿਰ ਸਕਣ। ਉਨ੍ਹਾਂ ਦੇ ਕਮਰੇ ਅੰਦਰ ਵੜਦੇ ਸਾਰ ਹੀ ਸੱਜੇ ਪਾਸੇ ਇੱਕ ਕੁਰਸੀ ਅਤੇ ਇੱਕ ਮੇਜ਼ ਤੋਂ ਇਲਾਵਾ ਖੱਬੇ ਹੱਥ ਵਾਲੀ ਦੀਵਾਰ ਨਾਲ ਆਰਾਮ ਕਰਨ ਲਈ ਇੱਕ ਬੈੱਡ ਲੱਗਿਆ ਹੋਇਆ ਸੀ। ਮੇਜ਼ ਉੱਪਰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀਆਂ ਕੁਝ ਦਵਾਈਆਂ ਰੱਖੀਆਂ ਹੋਈਆਂ ਸਨ। ਪਾਣੀ ਪੀਣ ਲਈ ਇੱਕ ਜੱਗ ਅਤੇ ਇੱਕ ਕੱਚ ਦਾ ਗਿਲਾਸ ਹਮੇਸ਼ਾ ਉਨ੍ਹਾਂ ਦੇ ਸਿਰਹਾਣੇ ਪਿਆ ਰਹਿੰਦਾ ਸੀ। ਇੱਕ ਦੋ ਮੈਲੇ ਹੋਏ ਕੁੜਤੇ ਪਜਾਮੇ ਕਮਰੇ ਦੀ ਕੰਧ ਉੱਤੇ ਲੱਗੀ ਹੁੱਕ ’ਤੇ ਟੰਗੇ ਹੋਏ ਸਨ। ਇੱਕ ਸਾਈਡ ’ਤੇ ਕਾਲੇ ਰੰਗ ਦਾ ਪੁਰਾਣਾ ਸੂਟਕੇਸ, ਕੁਝ ਪੰਜਾਬੀ ਨਾਵਲ ਅਤੇ ਪੁਰਾਣੇ ਅਖ਼ਬਾਰ ਪਏ ਸਨ। ਇਸ ਤੋਂ ਜ਼ਿਆਦਾ ਉਨ੍ਹਾਂ ਦੇ ਕਮਰੇ ਵਿੱਚ ਹੋਰ ਕੋਈ ਵੀ ਕੀਮਤੀ ਸ਼ੈਅ ਨਹੀਂ ਸੀ। ਇੱਥੇ ਹੋਰ ਵੀ ਬਹੁਤ ਸਾਰੇ ਪੰਜਾਬੀ ਲੋਕ ਰਹਿੰਦੇ ਸਨ, ਪਰ ਮਾਸਟਰ ਜੀ ਮੇਰੇ ਨਾਲ ਹੀ ਆਪਣੇ ਦਿਲ ਦੀ ਗੱਲ ਸਾਂਝੀ ਕਰਦੇ ਸਨ।
ਜਦੋਂ ਮੈਂ ਕਮਰੇ ਅੰਦਰ ਦਾਖ਼ਲ ਹੋਇਆ ਤਾਂ ਉਨ੍ਹਾਂ ਦੇ ਸੱਜੇ ਹੱਥ ਵਿੱਚ ਇੱਕ ਬਲੈਕ ਐਂਡ ਵਾਈਟ ਫਰੇਮ ਕੀਤੀ ਹੋਈ ਫ਼ੋਟੋ ਫੜੀ ਹੋਈ ਸੀ। ਮੇਰੀ ਚੋਰੀ ਨਜ਼ਰ ਉਸ ਫ਼ੋਟੋ ’ਤੇ ਪਈ, ਜਿਸ ਵਿੱਚ ਇੱਕ ਬੱਚਾ ਆਪਣੀ ਮਾਂ ਦੀ ਬੁੱਕਲ ਵਿੱਚ ਬੈਠਾ ਹੋਇਆ ਸੀ। ਅੱਜ ਮਾਸਟਰ ਜੀ ਪਹਿਲਾਂ ਨਾਲੋਂ ਕੁਝ ਜ਼ਿਆਦਾ ਉਦਾਸ ਲੱਗ ਰਹੇ ਸਨ। ਮੈਂ ਉਨ੍ਹਾਂ ਨੂੰ ਇਸ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਬੈਠੇ ਹੁੰਦਿਆਂ ਜਵਾਬ ਦਿੱਤਾ, ‘‘ਤੈਨੂੰ ਯਾਦ ਐ, ਅੱਜ ਮੇਰੇ ਵਿਆਹ ਦੀ ਪੰਜਾਹਵੀਂ ਵਰ੍ਹੇਗੰਢ ਹੈ?’’
‘‘ਹਾਂ, ਯਾਦ ਐ ਮੈਨੂੰ,’’ ਇਹ ਕਹਿ ਕੇ ਮੈਂ ਉਹਨਾਂ ਦੇ ਮਨ ਦੀ ਵਿਥਿਆ ਪੜ੍ਹ ਲਈ ਸੀ। ਮੈਂ ਕਮਰੇ ਵਿੱਚ ਪਈ ਕੁਰਸੀ ’ਤੇ ਉਨ੍ਹਾਂ ਦੇ ਸਾਹਮਣੇ ਬੈਠ ਗਿਆ। ਮੇਰਾ ਕਮਰਾ ਉਨ੍ਹਾਂ ਦੇ ਨਾਲ ਵਾਲਾ ਸੀ। ਉਹ ਕਰੀਬ ਪਿਛਲੇ ਚਾਰ ਸਾਲਾਂ ਤੋਂ ਇਹ ਇਕੱਲੇਪਣ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਸਨ ਜਦੋਂਕਿ ਮੈਂ ਅਜੇ ਪਿਛਲੇ ਸਾਲ ਹੀ ਇੱਥੇ ਆਇਆ ਸਾਂ।
‘‘ਅੱਜ ਇੱਥੇ ਦਿਲ ਨਹੀਂ ਲੱਗਦਾ ਬਾਈ, ਹੁਣ ਘੁਟਣ ਮਹਿਸੂਸ ਹੁੰਦੀ ਐ।’’
ਉਨ੍ਹਾਂ ਦੇ ਇਹ ਬੋਲ ਸੁਣ ਕੇ ਮੈਂ ਸਮਝ ਗਿਆ ਕਿ ਅੱਜ ਉਹ ਕਿਸੇ ਡੂੰਘੀ ਸੋਚ ਵਿੱਚ ਡੁੱਬੇ ਹੋਏ ਹਨ। ਥਰ ਥਰ ਕੰਬਦੀ ਸਫ਼ੈਦ ਦਾੜ੍ਹੀ ਅਤੇ ਮੱਧਮ ਪਈ ਹੋਈ ਆਵਾਜ਼ ਉਨ੍ਹਾਂ ਦੀ ਹਾਲਤ ਬਿਆਨ ਕਰ ਰਹੀ ਸੀ। ਮੈਂ ਗੱਲ ਨੂੰ ਹੋਰ ਪਾਸੇ ਮੋੜਨਾ ਚਾਹੰਦਾ ਸੀ ਪਰ ਉਹ ਅੱਗੇ ਬੋਲ ਪਏ, ‘‘ਸਾਰੀ ਉਮਰ ਮੈਂ ਆਪਣੀ ਔਲਾਦ ਖ਼ਾਤਰ ਪੈਸਾ ਜੋੜਿਆ, ਚਲੋ ਇਹ ਤਾਂ ਸਾਰੇ ਮਾਂ ਬਾਪ ਈ ਆਪਣੇ ਬੱਚਿਆਂ ਲਈ ਕਰਦੇ ਐ, ਮੇਰੇ ਦਾਦੇ ਪੜਦਾਦੇ ਨੇ ਵੀ ਦਿਨ ਰਾਤ ਮਿਹਨਤ ਕਰਕੇ ਆਪਣੇ ਪਿੰਡ ਵਿੱਚ ਜ਼ਮੀਨ ਬਣਾਈ ਸੀ। ਮਾਸਟਰ ਦੀ ਨੌਕਰੀ ਕਰਦਿਆਂ ਮੈਂ ਆਪਣੇ ਬੱਚਿਆਂ ਨੂੰ ਚੰਗੇ ਸਕੂਲਾਂ ਵਿੱਚ ਪੜ੍ਹਾਇਆ। ਵਧੀਆ ਜੀਵਨ ਦੀ ਆਸ ਨਾਲ ਉਨ੍ਹਾਂ ਨੂੰ ਇਸ ਮੁਲਕ ਵਿੱਚ ਭੇਜਿਆ ਸੀ, ਪਰ ਇੱਥੇ ਆ ਕੇ ਉਨ੍ਹਾਂ ਨੇ ਮੈਨੂੰ ਆਪਣੀਆਂ ਜੜ੍ਹਾਂ ਨਾਲੋਂ ਈ ਤੋੜ ਦਿੱਤਾ। ਸਭ ਕੁਝ ਸੀ ਮੇਰੇ ਕੋਲ, ਆਪਣੀ ਜ਼ਮੀਨ ਜਾਇਦਾਦ, ਆਪਣੇ ਲੋਕ, ਰਿਸ਼ਤੇ-ਨਾਤੇ, ਸਕੇ ਸਬੰਧੀ, ਸਾਰਾ ਭਾਈਚਾਰਾ ਪਰ ਇਹ ਮੁਲਕ ਸਾਰਾ ਕੁਝ ਨਿਗਲ ਜਾਵੇਗਾ ਇਹ ਨਹੀਂ ਸੀ ਪਤਾ ਮੈਨੂੰ...।’’ ਮੈਂ ਚੁੱਪਚਾਪ ਸੁਣਦਾ ਰਿਹਾ ਅਤੇ ਉਹ ਲਗਾਤਾਰ ਬੋਲੀ ਜਾ ਰਹੇ ਸਨ।
‘‘ਹੁਣ ਅੰਤ ਸਮੇਂ ਘਰਵਾਲੀ ਵੀ ਸਾਥ ਛੱਡਗੀ। ਉਹ ਬਹੁਤ ਕਿਹਾ ਕਰਦੀ ਸੀ, ਮੈਂ ਨੀਂ ਬਾਹਰ ਜਾਣਾ, ਮੈਂ ਆਪਣੇ ਲੋਕਾਂ ਵਿੱਚ ਹੀ ਰਹਿਣਾ ਚਾਹੁੰਦੀ ਹਾਂ, ਕੀ ਕਰਾਂਗੇ ਆਪਾਂ ਐਨਾ ਪੈਸਾ ਪਰ ਮੈਂ ਨਹੀਂ ਮੰਨਿਆ। ਚਮਕ ਦਮਕ ਦੀ ਇਸ ਝੂਠੀ ਦੁਨੀਆਂ ਦੇ ਸੁਫ਼ਨੇ ਨੇ ਮੇਰਾ ਸਭ ਕੁਝ ਉਜਾੜ ਦਿੱਤਾ। ਗ਼ਲਤੀ ਹੋ ਗਈ ਬਾਈ ਆਪਣਾ ਮੁਲਕ ਛੱਡ ਕੇ।’’
ਅੱਜ ਮਾਸਟਰ ਮੇਲਾ ਰਾਮ ਜਿਵੇਂ ਆਪਣੀ ਅੱਸੀ ਵਰ੍ਹਿਆਂ ਦੀ ਜ਼ਿੰਦਗੀ ਨਾਲ ਗਿਲੇ ਸ਼ਿਕਵੇ ਕਰ ਰਿਹਾ ਸੀ ਅਤੇ ਮੈਂ ਉਸ ਦੀ ਹਾਂ ਵਿੱਚ ਹਾਂ ਮਿਲਾ ਰਿਹਾ ਸੀ। ਅਸੀਂ ਦੋਵੇਂ ਇੱਕੋ ਸਕੂਲ ਵਿੱਚ ਇਕੱਠੇ ਪੜ੍ਹਾਉਂਦੇ ਹੁੰਦੇ ਸੀ। ਮਾਸਟਰ ਜੀ ਆਪਣਾ ਵਿਸ਼ਾ ਪੜ੍ਹਾਉਣ ਵਿੱਚ ਬੜੇ ਮਾਹਿਰ ਸਨ। ਉਹ ਹਿਸਾਬ ਪੜ੍ਹਾਇਆ ਕਰਦੇ ਸਨ। ਉਹ ਬਹੁਤ ਹੀ ਹੌਂਸਲੇ ਵਾਲੇ ਅਤੇ ਮਿਹਨਤੀ ਇਨਸਾਨ ਸਨ, ਪਰ ਅੱਜ ਪਹਿਲੀ ਵਾਰ ਮੈਂ ਆਪਣੇ ਭਰਾਵਾਂ ਵਰਗੇ ਯਾਰ ਨੂੰ ਇੰਨਾ ਉਦਾਸ ਦੇਖ ਰਿਹਾ ਸੀ। ਪਤਾ ਨਹੀਂ ਕਿਉਂ ਅੱਜ ਉਹ ਬੜਾ ਹੀ ਉਖੜਿਆ ਹੋਇਆ ਜਾਪਦਾ ਸੀ।
ਆਪਣੀ ਬੀਤੀ ਹੋਈ ਜ਼ਿੰਦਗੀ ਦਾ ਜ਼ਿਕਰ ਕਰਦਿਆਂ ਮਾਸਟਰ ਮੇਲਾ ਰਾਮ ਕਦੇ ਕੱਚੇ ਘਰਾਂ ਵਿੱਚ ਬੀਤੇ ਆਪਣੇ ਬਚਪਨ ਦੀਆਂ ਗੱਲਾਂ ਛੇੜ ਲੈਂਦਾ, ਕਦੇ ਪਿੰਡ ਦੇ ਛੱਪੜਾਂ ਤੇ ਬਰੋਟਿਆਂ ਉੱਤੇ ਮਾਣੀਆਂ ਮੌਜਾਂ ਬਾਰੇ ਦੱਸਦਾ। ਕਦੇ ਉਹ ਜੇਠ-ਹਾੜ ਦੀ ਤਪਦੀ ਧੁੱਪ ਵਿੱਚ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਬਾਪ ਨੂੰ ਯਾਦ ਕਰਦਾ। ਕਦੇ ਆਪਣੇ ਪਿੰਡ ਨੂੰ ਜਾਂਦੇ ਕੱਚੇ ਰਾਹਾਂ, ਕਦੇ ਬਚਪਨ ਦੇ ਜਿਗਰੀ ਦੋਸਤ ਦਿਆਲ ਹਲਵਾਈ ਦੀ ਦੁਕਾਨ ਅਤੇ ਸੇਠ ਕਸਤੂਰੀ ਲਾਲ ਦੀ ਆਟਾ ਚੱਕੀ ’ਤੇ ਲੱਗਣ ਵਾਲੀਆਂ ਰੌਣਕਾਂ ਦੀ ਗੱਲ ਸੁਣਾਉਣ ਲੱਗ ਜਾਂਦਾ। ਉਹ ਕਦੇ ਤਾਂ ਗੱਲ ਨੂੰ ਹਾਸੇ ਵਿੱਚ ਪਾ ਲੈਂਦਾ ਅਤੇ ਕਦੇ ਕਿਸੇ ਗੱਲ ’ਤੇ ਬੱਚਿਆਂ ਵਾਂਗ ਹੰਝੂ ਵਹਾਉਣ ਲੱਗ ਪੈਂਦਾ। ਇੰਝ ਲੱਗਦਾ ਸੀ ਜਿਵੇਂ ਉਹ ਸਵੇਰ ਹੁੰਦੇ ਹੀ ਪਿੱਛੇ ਮੁੜ ਜਾਣਾ ਚਾਹੁੰਦਾ ਹੋਵੇ, ਆਪਣੀ ਧਰਤੀ ’ਤੇ, ਆਪਣੇ ਪਿੰਡ, ਆਪਣੇ ਘਰ, ਆਪਣੇ ਲੋਕਾਂ ਕੋਲ ਪਰ ਅੱਜ ਦੀ ਰਾਤ ਜਿਵੇਂ ਮੁੱਕਣ ਵਿੱਚ ਨਹੀਂ ਆ ਰਹੀ ਸੀ। ਕਦੇ-ਕਦੇ ਆਪਸ ਵਿੱਚ ਗੱਲਾਂ ਕਰਦੇ ਹੋਏ ਮੈਨੂੰ ਇੰਝ ਮਹਿਸੂਸ ਹੁੰਦਾ ਕਿ ਕੋਈ ਸਾਡੀਆਂ ਗੱਲਾਂ ਚੋਰੀ ਛਿਪੇ ਸੁਣ ਕੇ ਹੱਸ ਰਿਹਾ ਹੈ ਪਰ ਅਸਲ ਵਿੱਚ ਇੱਥੇ ਸਾਡੀਆਂ ਗੱਲਾਂ ਸੁਣਨ ਵਾਲਾ ਕੋਈ ਵੀ ਨਹੀਂ ਸੀ। ਇਹ ਸਿਰਫ਼ ਮੇਰਾ ਵਹਿਮ ਸੀ। ਮਾਸਟਰ ਜੀ ਦਾ ਵੱਡਾ ਲੜਕਾ ਪਿਛਲੇ ਕਰੀਬ ਸਾਢੇ ਤਿੰਨ ਸਾਲਾਂ ਤੋਂ ਕਦੇ ਵੀ ਉਸ ਦਾ ਪਤਾ ਲੈਣ ਨਹੀਂ ਆਇਆ ਅਤੇ ਨਾ ਹੀ ਕੋਈ ਹੋਰ ਆਇਆ। ਉਹ ਮਾਸਟਰ ਜੀ ਨੂੰ ਇਹ ਕਹਿ ਕੇ ਇੱਥੇ ਛੱਡ ਗਿਆ ਸੀ ਕਿ ਤੁਸੀਂ ਕੁਝ ਦਿਨ ਇੱਥੇ ਰਹੋ, ਮੈਂ ਆ ਕੇ ਤੂਹਾਨੂੰ ਲੈ ਜਾਵਾਂਗਾ ਪਰ ਉਹ ਅੱਜ ਤੱਕ ਵਾਪਸ ਨਹੀਂ ਆਇਆ। ਹਾਂ, ਪੈਸੇ ਜ਼ਰੂਰ ਸਮੇਂ ਸਿਰ ਭੇਜ ਦਿੰਦਾ ਹੈ।
ਗੱਲਾਂ ਕਰਦੇ ਮਾਸਟਰ ਜੀ ਦੀ ਇੱਕ ਡੂੰਘੇ ਅਰਥਾਂ ਵਾਲੀ ਗੱਲ ਨੇ ਮੈਨੂੰ ਦੁਚਿੱਤੀ ਵਿੱਚ ਪਾ ਦਿੱਤਾ ਜਦੋਂ ਉਨ੍ਹਾਂ ਨੇ ਕਿਹਾ, ‘‘ਜ਼ਿੰਦਗੀ ਤਾਂ ਇੱਕ ਝੂਠ ਵਰਗੀ ਸੀ ਬਾਈ, ਅਸਲ ਸੱਚ ਤਾਂ ਮੌਤ ਹੈ ਜਿਸ ਤੋਂ ਅਸੀਂ ਸਾਰੇ ਭੱਜਦੇ ਫਿਰਦੇ ਹਾਂ। ਜੇ ਮੌਤ ਹੀ ਆਪਣੇ ਲੋਕਾਂ ਵਿੱਚ ਰਹਿੰਦਿਆਂ ਨੂੰ ਨਾ ਆਈ ਤਾਂ ਅਜਿਹਾ ਜਨਮ ਵੀ ਕਿਸ ਕੰਮ ਦਾ...?’’ ਅੱਜ ਮਾਸਟਰ ਜੀ ਕਿਸੇ ਹੋਰ ਹੀ ਦੁਨੀਆਂ ਵਿੱਚ ਫਿਰਦੇ ਸਨ।
ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, ‘‘ਮੰਨਿਆ ਕਿ ਲੋਕ ਰੋਜ਼ੀ ਰੋਟੀ ਲਈ ਹੱਥ ਪੈਰ ਮਾਰਦੇ ਹਨ, ਕਮਾਈ ਕਰਨ ਵਿਦੇਸ਼ਾਂ ਵਿੱਚ ਆਉਂਦੇ ਹਨ ਪਰ ਪੰਛੀ ਵੀ ਤਾਂ ਚੋਗਾ ਚੁਗਣ ਤੋਂ ਬਾਅਦ ਆਪਣੇ ਆਲ੍ਹਣਿਆਂ ਵਿੱਚ ਵਾਪਸ ਮੁੜ ਜਾਂਦੇ ਨੇ ਤਾਂ ਫਿਰ ਬੰਦਾ ਕਿਉਂ ਨਹੀਂ? ਅੰਤ ਸਮੇਂ ਵਿੱਚ ਬੰਦੇ ਕੋਲ ਕੋਈ ਤਾਂ ਆਪਣਾ ਦੁੱਖ ਸੁੱਖ ਕਰਨ ਵਾਲਾ ਹੋਵੇ। ਬਾਈ, ਜਿੱਥੇ ਪੈਦਾ ਹੋਏ ਜੇ ਉੱਥੇ ਮਰਦੇ ਤਾਂ ਪਤਾ ਲੱਗਦਾ ਕਿ ਅਸੀਂ ਕੌਣ ਸੀ, ਕਿਸ ਦੀ ਔਲਾਦ ਸੀ, ਕਿਸ ਦੇ ਲਾਣੇ ਵਿੱਚੋਂ ਸੀ। ਇੱਥੇ ਸਾਨੂੰ ਕੌਣ ਜਾਣਦੈ ਬਾਈ ਕਿ ਮੈਂ ਹਿਸਾਬ ਵਾਲਾ ਮਾਸਟਰ ਮੇਲਾ ਰਾਮ ਹਾਂ ਅਤੇ ਤੂੰ ਪੰਜਾਬੀ ਮਾਸਟਰ।’’
ਉਹ ਪਹਿਲੀ ਵਾਰ ਮੇਰੇ ਨਾਲ ਅਜਿਹੀਆਂ ਗੱਲਾਂ ਕਰ ਕੇ ਆਪਣੇ ਦਿਲ ਦੀ ਭੜਾਸ ਕੱਢ ਰਿਹਾ ਸੀ। ਮੈਂ ਮਾਸਟਰ ਜੀ ਦਾ ਇਹ ਵੱਖਰਾ ਰੂਪ ਦੇਖ ਕੇ ਹੈਰਾਨ ਸੀ। ਮੇਰੀ ਬੇਚੈਨੀ ਹੋਰ ਵਧਦੀ ਜਾ ਰਹੀ ਸੀ ਪਰ ਮੈਂ ਬੇਬੱਸ ਸੀ। ਉਸ ਦੇ ਹੱਥ ਵਿੱਚ ਉਸ ਦੀ ਪਤਨੀ ਅਤੇ ਉਸ ਦੇ ਛੋਟੇ ਲੜਕੇ ਦੀ ਬਚਪਨ ਦੀ ਫ਼ੋਟੋ ਸੀ ਜਿਸ ਨੂੰ ਦੇਖ ਕੇ ਉਹ ਪਲ ਪਲ ਮਰ ਰਿਹਾ ਸੀ।
ਉਸ ਨੇ ਮੈਨੂੰ ਇੱਕ ਆਖ਼ਰੀ ਸਵਾਲ ਕੀਤਾ, ‘‘ਬਾਈ, ਜੇ ਮੇਰਾ ਛੋਟਾ ਮੁੰਡਾ ਜਿਉਂਦਾ ਹੁੰਦਾ ਤਾਂ ਉਹ ਮੈਨੂੰ ਇੱਥੇ ਕਦੇ ਨਾ ਰੁਲਣ ਦਿੰਦਾ। ਮੈਂ ਆਪਣੇ ਪਿੰਡ ਜਾ ਕੇ ਮਰਨਾ ਚਾਹੁੰਦਾ ਹਾਂ। ਮੈਨੂੰ ਆਪਣੇ ਪਿੰਡ ਲੈ ਚੱਲ, ਆਪਣੇ ਲੋਕਾਂ ਕੋਲ। ਤੂੰ ਬੱਸ ਏਨਾ ਕੰਮ ਕਰਦੇ ਮੇਰਾ।’’ ਇਹ ਗੱਲ ਕਹਿਣ ਤੋਂ ਬਾਅਦ ਉਹ ਕਾਫ਼ੀ ਦੇਰ ਲਈ ਚੁੱਪ ਹੋ ਗਿਆ।
‘‘ਹਾਂ, ਹਾਂ, ਆਪਾਂ ਦੋਵੇਂ ਚੱਲਾਂਗੇ ਆਪਣੇ ਪਿੰਡ ਨੂੰ, ਇੱਥੇ ਨ੍ਹੀਂ ਮਰਨ ਦਿੰਦਾ ਤੈਨੂੰ।’’ ਮੈਂ ਬਹੁਤ ਦੇਰ ਸੋਚਣ ਤੋਂ ਬਾਅਦ ਜਵਾਬ ਦਿੱਤਾ। ਮੇਰੇ ਕੋਲ ਮਾਸਟਰ ਜੀ ਦੇ ਮਨ ਨੂੰ ਤਸੱਲੀ ਦੇਣ ਲਈ ਉਸ ਦੇ ਸਵਾਲ ਦਾ ਇਸ ਤੋਂ ਵਧੀਆ ਜਵਾਬ ਨਹੀਂ ਸੀ। ਫਿਰ ਉਹ ਉੱਚੀ ਉੱਚੀ ਰੋਂਦੇ ਰਹੇ, ਉਨ੍ਹਾਂ ਦੀ ਆਵਾਜ਼ ਸ਼ਾਇਦ ਕਮਰੇ ਦੇ ਬਾਹਰ ਤੱਕ ਜਾ ਰਹੀ ਸੀ।
ਸਵੇਰ ਦੇ ਕਰੀਬ ਢਾਈ ਕੁ ਵਜੇ ਇੱਕ ਅਮਰੀਕੀ ਔਰਤ ਨੇ ਆ ਕੇ ਸਾਡੇ ਕਮਰੇ ਦਾ ਬੂਹਾ ਖੜਕਾਇਆ। ਮੈਂ ਬੂਹਾ ਖੋਲ੍ਹਿਆ ਤਾਂ ਉਸ ਨੇ ਮੈਨੂੰ ਅੰਗਰੇਜ਼ੀ ਵਿੱਚ ਕਿਹਾ, ‘‘ਪਲੀਜ਼, ਲਾਈਟ ਬੰਦ ਕਰੋ ਅਤੇ ਸੌਂ ਜਾਓ, ਬਹੁਤ ਰਾਤ ਹੋ ਗਈ ਹੈ।’’ ਅਸੀਂ ਸੁਫ਼ਨਿਆਂ ਦੇ ਦੇਸ਼ ਅਮਰੀਕਾ ਦੀ ਧਰਤੀ ’ਤੇ ਛੋਟੇ ਜਿਹੇ ਸ਼ਹਿਰ ਵਿੱਚ ਇੱਕ ਬਿਰਧ ਆਸ਼ਰਮ ਦੇ ਕਮਰੇ ਅੰਦਰ ਬੈਠੇ ਸੀ। ਇਹ ਅਮਰੀਕੀ ਔਰਤ ਸਾਡੀ ਸਾਂਭ-ਸੰਭਾਲ ਕਰਨ ਵਾਲੀ ਸੰਸਥਾ ਦੀ ਇੱਕ ਮੈਂਬਰ ਸੀ। ਉਸ ਦੇ ਕਹਿਣ ਅਨੁਸਾਰ ਅਸੀਂ ਆਪਣੇ ਕਮਰੇ ਦੀ ਲਾਈਟ ਤਾਂ ਬੰਦ ਕਰ ਦਿੱਤੀ, ਪਰ ਸਾਨੂੰ ਅੱਜ ਨੀਂਦ ਨਹੀਂ ਆ ਰਹੀ ਸੀ। ਮੇਰਾ ਵੀ ਆਪਣੇ ਕਮਰੇ ਵਿੱਚ ਜਾਣ ਨੂੰ ਦਿਲ ਨਹੀਂ ਕੀਤਾ। ਇਸ ਲਈ ਮੈਂ ਮਾਸਟਰ ਜੀ ਦੇ ਨਾਲ ਹੀ ਉਨ੍ਹਾਂ ਦੇ ਬੈੱਡ ’ਤੇ ਲੇਟ ਗਿਆ। ਉਹ ਵਾਰ-ਵਾਰ ਇੱਕੋ ਗੱਲ ਕਹਿ ਰਹੇ ਸਨ, ‘‘ਓਏ! ਮੇਰੇ ਪੁੱਤ ਨੂੰ ਕੋਈ ਤਾਂ ਸਮਝਾ ਦਿਓ ਕਿ ਉਸ ਤੋਂ ਇਸ ਬਿਰਧ ਆਸ਼ਰਮ ਵਿੱਚ ਨਹੀਂ ਰਿਹਾ ਜਾਣਾ, ਅਜੇ ਵੀ ਸਮਾਂ ਹੈ, ਆਪਣੇ ਲੋਕਾਂ ਕੋਲ ਵਾਪਸ ਚਲਾ ਜਾ।’’ ਮੈਂ ਉਨ੍ਹਾਂ ਨੂੰ ਝੂਠੇ ਦਿਲਾਸੇ ਦਿੰਦਾ ਰਿਹਾ। ਆਪਣੇ ਵਿਛੜੇ ਹੋਏ ਸਾਥੀਆਂ ਨੂੰ ਚੇਤੇ ਕਰਦਿਆਂ ਪਤਾ ਨਹੀਂ ਸਾਨੂੰ ਕਦੋਂ ਨੀਂਦ ਆ ਗਈ ਅਤੇ ਕਦੋਂ ਇੱਕ ਨਵੀਂ ਸਵੇਰ ਹੋ ਗਈ।
ਸੰਪਰਕ: 80540-10233