ਚੁਗਲਖੋਰਾਂ ਦੀ ਕਲਾ ਦਾ ਕਮਾਲ
ਬਰਜਿੰਦਰ ਕੌਰ ਬਿਸਰਾਓ
ਚੁਗਲੀਆਂ ਸਾਡੇ ਸਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਚਾਰ ਜਣੇ ਇਕੱਠੇ ਹੋਣ ਤਾਂ ਚੁਗਲੀਆਂ ਹੋਣੀਆਂ ਹੀ ਹੁੰਦੀਆਂ ਹਨ। ਚੁਗਲੀਆਂ ਕਰਨਾ ਵੀ ਇੱਕ ਹੁਨਰ ਹੈ ਤੇ ਇਨ੍ਹਾਂ ਵਿੱਚ ਮੁਹਾਰਤ ਰੱਖਣ ਵਾਲਿਆਂ ਨੂੰ ਚੁਗਲਖੋਰ ਵਜੋਂ ਜਾਣਿਆ ਜਾਂਦਾ ਹੈ। ਦਰਅਸਲ, ਚੁਗਲ ਫ਼ਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਪਿੱਠ ਪਿੱਛੇ ਬੁਰਾਈ ਕਰਨ ਵਾਲਾ। ਚੁਗਲ ਦੁਆਰਾ ਕੀਤੀਆਂ ਗੱਲਾਂ ਚੁਗਲੀਆਂ ਬਣ ਜਾਂਦੀਆਂ ਹਨ। ਉਂਝ ਚੁਗਲਖੋਰਾਂ ਬਾਰੇ ਕਹਾਵਤ ‘ਚੁਗਲਖੋਰ ਨਾ ਚੁਗਲੀਓਂ ਬਾਜ਼ ਆਉਂਦੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ’ ਆਮ ਹੀ ਵਰਤੀ ਜਾਂਦੀ ਹੈ। ਚੁਗਲਖੋਰਾਂ ਦਾ ਕੰਮ ਹਮੇਸ਼ਾਂ ਦੋ ਧਿਰਾਂ ਨੂੰ ਲੜਾਉਣਾ ਅਤੇ ਆਪ ਚੰਗਾ ਬਣਨਾ ਹੁੰਦਾ ਹੈ। ਚੁਗਲਖੋਰਾਂ ਦੀ ਚੁਗਲੀਆਂ ਕਰਨ ਦੀ ਆਦਤ ਇੰਨੀ ਪੱਕ ਜਾਂਦੀ ਹੈ ਕਿ ਜਿੰਨਾ ਚਿਰ ਉਹ ਇੱਕ-ਦੋ ਚੁਗਲੀਆਂ ਕਰ ਨਾ ਲੈਣ, ਉਨ੍ਹਾਂ ਨੂੰ ਰੋਟੀ ਹਜ਼ਮ ਨਹੀਂ ਹੁੰਦੀ। ਸਮਾਜ ਵਿੱਚ ਵਿਚਰਦਿਆਂ ਆਪਣੇ ਆਲੇ-ਦੁਆਲੇ ਵਿੱਚ ਆਪਾਂ ਨੂੰ ਕੁਝ ਪੱਕੇ ਚੁਗਲਖੋਰ ਜ਼ਰੂਰ ਲੱਭ ਜਾਂਦੇ ਹਨ। ਆਮ ਤੌਰ ’ਤੇ ਔਰਤਾਂ ਨੂੰ ਚੁਗਲਖੋਰ ਕਿਹਾ ਗਿਆ ਹੈ, ਪਰ ਇਹ ਸੱਚ ਨਹੀਂ ਹੈ। ਬਹੁਤ ਆਦਮੀ ਵੀ ਇਸ ਖੇਤਰ ਵਿੱਚ ਆਪਣੀ ਅਹਿਮ ਭੂਮਿਕਾ ਤਹਿ ਦਿਲੋਂ ਨਿਭਾਉਂਦੇ ਹਨ।
ਚੁਗਲੀਆਂ ਕਰਨਾ ਵੀ ਇੱਕ ਕਲਾ ਹੈ। ਇਸ ਕਲਾ ਨੂੰ ਨਿਭਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਜਿਸ ਕੋਲ ਚੁਗਲੀ ਕਰਨੀ ਹੋਵੇ, ਉਸ ਬੰਦੇ ਨੂੰ ਆਪਣੇ ਵਿਸ਼ਵਾਸ ਵਿੱਚ ਇਸ ਤਰ੍ਹਾਂ ਲੈਣਾ ਪੈਂਦਾ ਹੈ ਜਿਵੇਂ ਬੱਸ ਉਹ ਹੀ ਦੁਨੀਆ ਵਿੱਚ ਉਸ ਦਾ ਭਲਾ ਚਾਹੁਣ ਵਾਲਾ ਵਿਅਕਤੀ ਜੰਮਿਆ ਹੈ, ਹੋਰ ਤਾਂ ਸਭ ਦੁਸ਼ਮਣ ਹੀ ਹਨ। ਚੁਗਲਖੋਰਾਂ ਦੀ ਮਿਹਨਤ ਸਦਕਾ ਕੰਮਕਾਜੀ ਥਾਵਾਂ ’ਤੇ ਗਲਾਕੜ ਤਰੱਕੀਆਂ ਪਾ ਜਾਂਦੇ ਹਨ, ਵਿਚਾਰੇ ਮਿਹਨਤੀ ਲੋਕ ਨੌਕਰੀਆਂ ਤੋਂ ਵੀ ਹੱਥ ਧੋ ਬੈਠਦੇ ਹਨ। ਕਿਸੇ ਘਰ ਵਿੱਚ ਪ੍ਰਵੇਸ਼ ਕਰ ਜਾਣ ਤਾਂ ਭਰਾਵਾਂ ਵਿੱਚ ਬਟਵਾਰੇ ਕਰਵਾ ਦਿੰਦੇ ਹਨ, ਪਤੀ ਪਤਨੀ ਵਿੱਚ ਤਲਾਕ ਕਰਵਾਉਣ ਦੀ ਨੌਬਤ ਲਿਆ ਦਿੰਦੇ ਹਨ, ਗੁਆਂਢੀਆਂ ਦੇ ਸਿਰ ਪੜਵਾ ਦਿੰਦੇ ਹਨ, ਰਿਸ਼ਤੇਦਾਰੀਆਂ ਵਿੱਚ ਕਈ ਪੀੜ੍ਹੀਆਂ ਦੇ ਪਿਆਰ ਨੂੰ ਦੁਸ਼ਮਣੀ ਵਿੱਚ ਬਦਲ ਦਿੰਦੇ ਹਨ। ਹੈ ਨਾ ਇਹ ਕਮਾਲ ਦੀ ਕਲਾ... ਜੋ ਹਰ ਕਿਸੇ ਦੇ ਅੰਦਰ ਨਹੀਂ ਹੋ ਸਕਦੀ।
ਚੁਗਲੀਆਂ ਦਾ ਮੁੱਖ ਸਾਧਨ ਗਲ਼ੀਆਂ ਵਿੱਚ ਟੋਲੇ ਬਣਾ ਕੇ ਬੈਠੀਆਂ ਔਰਤਾਂ ਜਾਂ ਖੁੰਢਾਂ ’ਤੇ ਬੈਠੇ ਵਿਹਲੜ ਹੁੰਦੇ ਹਨ। ਉਹ ਆਉਂਦੇ ਜਾਂਦੇ ਹਰ ਸ਼ਖ਼ਸ ਨੂੰ ਅੱਖਾਂ ਪਾੜ ਪਾੜ ਕੇ ਦੇਖਦੇ ਹਨ। ਫਿਰ ਉਸ ਉੱਤੇ ਚਰਚਾ ਤੇ ਫਿਰ ਚਰਚਾ ਦਾ ਨਿਚੋੜ ਇਹ ਨਿਕਲਦਾ ਹੈ ਕਿ ਵਿੱਚ ਬੈਠਾ ਹੀ ਚੁਗਲਖੋਰ ਉਸ ਦੇ ਘਰ ਜਾ ਕੇ ਸਭ ਕੁਝ ਦੱਸ ਕੇ ਆਪਣਾ ਹਾਜ਼ਮਾ ਦਰੁਸਤ ਕਰ ਲੈਂਦਾ ਹੈ। ਜਿਸ ਕੋਲ ਚੁਗਲੀਆਂ ਕੀਤੀਆਂ ਜਾਂਦੀਆਂ ਹਨ, ਇਹ ਤਾਂ ਉਸ ਦੇ ਮਾਦੇ ’ਤੇ ਹੀ ਨਿਰਭਰ ਕਰਦਾ ਹੈ ਕਿ ਉਹ ਹਜ਼ਮ ਕਰਦਾ ਹੈ ਜਾਂ ਫਿਰ ਉਸ ਅੰਦਰ ਦੁਸ਼ਮਣ ਨਾਲ ਦੋ ਹੱਥ ਕਰਨ ਦਾ ਜਜ਼ਬਾ ਭੜਕਦਾ ਹੈ। ਤੁਸੀਂ ਆਪ ਸਮਝਦਾਰ ਹੋ।
ਜ਼ਮਾਨੇ ਦੇ ਬਦਲਣ ਦੇ ਨਾਲ ਨਾਲ ਚੁਗਲੀਆਂ ਕਰਨ ਦੇ ਤੌਰ ਤਰੀਕਿਆਂ ਵਿੱਚ ਵੀ ਬਦਲਾਅ ਆਇਆ ਹੈ। ਅੱਜਕੱਲ੍ਹ ਹਾਈਟੈਕ ਤਰੀਕਿਆਂ ਨਾਲ ਚੁਗਲੀਆਂ ਹੁੰਦੀਆਂ ਹਨ। ਚੁਗਲਖੋਰਾਂ ਵੱਲੋਂ ਸਭ ਤੋਂ ਵੱਧ ਵਰਤੀ ਜਾਣ ਵਾਲੀ ਤਕਨੀਕ ਮੋਬਾਈਲ ਫੋਨ ਹੈ। ਇਸ ਨੇ ਚੁਗਲਖੋਰਾਂ ਦੁਆਰਾ ਕੀਤੀ ਜਾਂਦੀ ਕਰੜੀ ਮਿਹਨਤ ਨੂੰ ਕਾਫ਼ੀ ਸੌਖਾ ਕਰ ਦਿੱਤਾ ਹੈ। ਇਸ ਦਾ ਅਹਿਸਾਸ ਮੈਨੂੰ ਕਰੋਨਾ ਕਾਲ ਵੇਲੇ ਹੋਇਆ ਸੀ। ਕਿਸੇ ਦੇ ਘਰ ਵਿੱਚ ਚਾਹੇ ਨੀਂਦ ਦੀ ਸੁਸਤੀ ਨਾਲ ਬੰਦਾ ਛੱਤ ’ਤੇ ਹੌਲ਼ੀ ਹੌਲ਼ੀ ਸੈਰ ਕਰਦਾ ਹੋਵੇ, ਪਰ ਮੁਹੱਲੇ ਦੀਆਂ ਦੋ ਚਾਰ ਚੁਗਲਖੋਰ ਔਰਤਾਂ ਨੇ ਕਰੋਨਾ ਦੁਸ਼ਮਣ ਨਾਲ ਡਟ ਕੇ ਲੜਨ ਲਈ ਕਮਰ ਕਸੀ ਹੋਈ ਸੀ। ਉਹ ਘਰੋਂ ਹੀ ਫੋਨ ਕਰ ਕੇ ਸਭ ਨੂੰ ਸੂਚਿਤ ਕਰ ਦਿੰਦੀਆਂ ਸਨ ਕਿ ਫਲਾਣੇ ਨੂੰ ਕਰੋਨਾ ਹੋਇਆ ਹੈ, ਬੱਸ ਅਗਲੇ ਦਿਨ ਤੋਂ ਉਸ ਬੰਦੇ ਨੂੰ ਸਮਝ ਨਹੀਂ ਆਉਂਦੀ ਸੀ ਕਿ ਸਾਰੇ ਲੋਕ ਉਸ ਨੂੰ ਦੇਖਦੇ ਸਾਰ ਮੂੰਹ ਕਿਉਂ ਢਕ ਰਹੇ ਸਨ ਕਿਉਂਕਿ ਉਹ ਤਾਂ ਚੰਗਾ ਭਲਾ ਸੀ ... ਉਸ ਨੂੰ ਮੁਹੱਲੇ ਵਾਲਿਆਂ ਨੇ ਕਿਉਂ ਛੇਕ ਦਿੱਤਾ। ਉਹ ਜਾਣਦਾ ਨਹੀਂ ਸੀ ਹੁੰਦਾ ਕਿ ਇਹ ਹਾਈਟੈਕ ਚੁਗਲੀਆਂ ਦਾ ਕਮਾਲ ਸੀ।
ਇੱਕ ਵਾਰ ਸ਼ਾਮ ਨੂੰ ਮੂੰਹ ਹਨੇਰੇ ਜਿਹੇ ਮੈਂ ਤੀਜੀ ਮੰਜ਼ਿਲ ’ਤੇ ਸੈਰ ਕਰ ਰਹੀ ਸੀ। ਮੇਰੇ ਫੋਨ ਦੀ ਘੰਟੀ ਵੱਜੀ। ਮੈਂ ਕਿਹਾ, ‘‘ਹੈਲੋ’’। ਜਵਾਬ ਆਇਆ, ‘‘ਦੀਦੀ ਜੀ... ਤੁਹਾਡੇ ਦਰਵਾਜ਼ੇ ਮੂਹਰੇ ਕੋਈ ਟੂਣਾ ਕਰਦੈ... ਅੱਜ ਸ਼ਨੀਵਾਰ ਹੈ... ਉਨ੍ਹਾਂ ਦੇ ਹੱਥ ਵਿੱਚ ਡੋਲੂ ਫੜਿਆ ਹੋਇਆ....!’’ ਬੱਸ ਫੇਰ ਕੀ ਸੀ! ਮੈਂ ਉੱਤੋਂ ਹੀ ਦਬਕਾ ਮਾਰਿਆ। ਉਹ ਥੱਲੇ ਖੜ੍ਹੇ ਮੈਨੂੰ ਕੁਝ ਦੱਸ ਕੇ ਸਫ਼ਾਈ ਦੇਣਾ ਚਾਹੁੰਦੇ ਸਨ। ਮੈਂ ਕੁਝ ਨਾ ਸੁਣਿਆ... ਉੱਤੇ ਖੜ੍ਹੀ ਨੇ ਹੀ ਉਨ੍ਹਾਂ ਨੂੰ ਭਜਾ ਕੇ ਦਮ ਲਿਆ। ਅਗਲੇ ਦਿਨ ਕਿਸੇ ਦਾ ਮੁੰਡਾ ਵਹੁਟੀ ਮੈਨੂੰ ਦੱਸਣ ਆਏ ਕਿ ਉਹ ਸਨ ਕਿਉਂਕਿ ਉਨ੍ਹਾਂ ਦਾ ਬੱਚਾ ਸਾਡੇ ਘਰ ਅੱਗੇ ਲੱਗੀ ਸਲੈਬ ’ਤੇ ਖੇਡ ਰਿਹਾ ਸੀ। ਉਹ ਮੰਦਰ ਜਾ ਕੇ ਆਏ ਸਨ, ਇਸ ਕਰਕੇ ਉਨ੍ਹਾਂ ਦੇ ਹੱਥ ਵਿੱਚ ਡੋਲੂ ਫੜਿਆ ਹੋਇਆ ਸੀ। ਇਸ ਗੱਲ ਦਾ ਅੱਜ ਵੀ ਮੈਨੂੰ ਪਛਤਾਵਾ ਅਤੇ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿਉਂਕਿ ਮੈਂ ਹਾਈਟੈੱਕ ਚੁਗਲਖੋਰ ’ਤੇ ਬਿਨਾ ਸੋਚੇ ਸਮਝੇ ਵਿਸ਼ਵਾਸ ਕਰ ਲਿਆ ਸੀ। ਇਹ ਤਾਂ ਮੋਬਾਈਲ ਫੋਨ ਚੁਗਲੀ ਦਾ ਕਮਾਲ ਸੀ। ਇਸ ਤਰ੍ਹਾਂ ਰਿਸ਼ਤਿਆਂ ਵਿੱਚ ਪਾੜੇ ਪਾਉਣ ਲਈ, ਬੌਸ ਕੋਲ ਸਾਥੀ ਕਰਮਚਾਰੀਆਂ ਦੀ ਸ਼ਿਕਾਇਤ ਲਾਉਣ ਜਾਂ ਹੋਰ ਅਨੇਕਾਂ ਜਗ੍ਹਾ ’ਤੇ ਵੀ ਚੁਗਲਖੋਰ ਇਸ ਤਕਨੀਕ ਦੀ ਬਹੁਤ ਵਧੀਆ ਤਰੀਕੇ ਨਾਲ ਵਰਤੋਂ ਕਰ ਕੇ ਲਾਹਾ ਲੈਂਦੇ ਹਨ। ਜਿਹੜੀਆਂ ਸੂਚਨਾਵਾਂ ਦਫ਼ਤਰ ਵਿੱਚ ਸਭ ਦੇ ਸਾਹਮਣੇ ਨਹੀਂ ਦਿੱਤੀਆਂ ਜਾ ਸਕਦੀਆਂ, ਚਮਚਿਆਂ ਜਾਂ ਚੁਗਲਖੋਰਾਂ ਦੁਆਰਾ ਉਹ ਘਰੋਂ ਬੌਸ ਨੂੰ ਫ਼ੋਨ ਕਰ ਕੇ ਸਹਿਜ ਸੁਭਾਅ ਹੀ ਦਿੱਤੀਆਂ ਜਾ ਸਕਦੀਆਂ ਹਨ।
ਅੱਜਕੱਲ੍ਹ ਮੋਬਾਈਲ ਫੋਨ ਦੇ ਨਾਲ ਨਾਲ ਚੁਗਲਖੋਰਾਂ ਲਈ ਇੱਕ ਹੋਰ ਤਕਨੀਕ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ: ਸੀਸੀਟੀਵੀ ਕੈਮਰੇ। ਇਸ ਦੀ ਵਰਤੋਂ ਨੇ ਚੁਗਲਖੋਰਾਂ ਨੂੰ ਘਰ ਬੈਠੇ ਬਿਠਾਏ ਸਬੂਤ ਸਹਿਤ ਚੁਗਲੀ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਹੈ। ਠੰਡ ਵਿੱਚ ਨਾ ਰਜਾਈ ’ਚੋਂ ਨਿਕਲ ਕੇ ਜਾਣ ਦੀ ਲੋੜ ਜਾਂ ਗਰਮੀ ਵਿੱਚ ਏਸੀ ਵਾਲੇ ਠੰਢੇ ਕਮਰੇ ’ਚੋਂ ਨਿਕਲਣ ਦੀ ਲੋੜ। ਇਸ ਦਾ ਅਹਿਸਾਸ ਮੈਨੂੰ ਕੁਝ ਕੁ ਦਿਨ ਪਹਿਲਾਂ ਹੀ ਹੋਇਆ। ਮੈਨੂੰ ਬੇਜ਼ੁਬਾਨ ਜਾਨਵਰਾਂ ਪ੍ਰਤੀ ਬੜਾ ਮੋਹ ਹੈ। ਇੱਕ ਛੇ ਕੁ ਮਹੀਨੇ ਦੀ ਕਤੂਰੀ ਨੂੰ ਵੱਡੇ ਕੁੱਤੇ ਮਾਰਦੇ ਹਨ ਤਾਂ ਉਹ ਗੱਡੀਆਂ ਥੱਲੇ ਲੁਕ ਕੇ ਬੈਠੀ ਰਹਿੰਦੀ ਹੈ। ਮੈਂ ਜਦ ਤੱਕ ਉਸ ਨੂੰ ਲੱਭ ਕੇ ਖਾਣਾ ਨਾ ਖੁਆਵਾਂ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਮੈਂ ਉਸ ਨੂੰ ਕਿਸੇ ਦੀ ਗੱਡੀ ਥੱਲੇ ਬੈਠੀ ਨੂੰ ਵਾਰ ਵਾਰ ਝੁਕ ਕੇ ਬੁਲਾ ਰਹੀ ਸੀ। ਉਹ ਬਾਹਰ ਨਹੀਂ ਆ ਰਹੀ ਸੀ। ਰਾਤ ਦੇ ਦਸ ਕੁ ਵੱਜੇ ਸਨ। ਜਿਸ ਘਰ ਦੀ ਗੱਡੀ ਥੱਲੇ ਉਹ ਬੈਠੀ ਸੀ ਉਨ੍ਹਾਂ ਦੇ ਕੈਮਰੇ ਨਹੀਂ ਲੱਗੇ ਹੋਏ। ਉਹ ਬੱਤੀਆਂ ਵਗੈਰਾ ਬੰਦ ਕਰ ਕੇ ਜਾਂ ਤਾਂ ਸੌਂ ਗਏ ਸਨ ਜਾਂ ਪਿਛਲੇ ਅੰਦਰਾਂ ਵਿੱਚ ਟੀਵੀ ਦੇਖ ਰਹੇ ਹੋਣਗੇ, ਪਰ ਉਨ੍ਹਾਂ ਨੂੰ ਇੱਕ ਹੋਰ ਘਰ ਵਾਲਿਆਂ ਨੇ ਕੈਮਰਿਆਂ ਰਾਹੀਂ ਵੇਖ ਕੇ ਫਟਾਫਟ ਕੋਈ ‘ਅਣਹੋਣੀ ਘਟਨਾ’ ਵਾਪਰਨ ਤੋਂ ਪਹਿਲਾਂ ਆਗਾਹ ਕਰ ਦਿੱਤਾ ਸੀ। ਉਹ ਫਟਾਫਟ ਆਪਣੀਆਂ ਬੱਤੀਆਂ ਜਗਾ ਕੇ, ਗੇਟ ਦੇ ਤਾਲੇ ਖੋਲ੍ਹ ਕੇ ਬਾਹਰ ਨਿਕਲ, ਢਾਕਾਂ ’ਤੇ ਹੱਥ ਰੱਖ ਕੇ ਖੜ੍ਹ ਗਏ। ਗ਼ਨੀਮਤ ਇਹ ਰਹੀ ਕਿ ਮੈਂ ਉਨ੍ਹਾਂ ਦੀ ਗੱਡੀ ਤੋਂ ਬਹੁਤ ਦੂਰ ਖੜ੍ਹੀ ਹੋ ਕੇ ਉਸ ਕਤੂਰੀ ਨੂੰ ਬੁਲਾ ਰਹੀ ਸੀ ਤਾਂ ਮੇਰਾ ਬਚਾਅ ਹੋ ਗਿਆ, ਨਹੀਂ ਤਾਂ ਕੈਮਰਿਆਂ ਵਾਲੀ ਤਕਨੀਕ ਨੇ ਕਲੇਸ਼ ਪਾ ਹੀ ਦੇਣਾ ਸੀ।
ਮੁੱਕਦੀ ਗੱਲ ਇਹ ਹੈ ਕਿ ਜੇ ਜ਼ਮਾਨਾ ਬਦਲ ਰਿਹਾ ਹੈ ਤਾਂ ਹਰ ਮਨੁੱਖ ਵਿਗਿਆਨ ਦੀਆਂ ਕਾਢਾਂ ਨੂੰ ਸੁੱਖ ਸਹੂਲਤਾਂ ਵਜੋਂ ਵਰਤ ਕੇ ਫ਼ਾਇਦਾ ਉਠਾ ਰਿਹਾ ਹੈ। ਫਿਰ ਚੁਗਲਖੋਰ ਹਾਈਟੈੱਕ ਤਰੀਕਿਆਂ ਨਾਲ ਆਪਣੀ ਕਲਾ ਵਿੱਚ ਨਿਖਾਰ ਕਿਉਂ ਨਾ ਲਿਆਉਣ? ਆਖ਼ਰ ਹਾਈਟੈੱਕ ਤਰੀਕਿਆਂ ਨਾਲ ਚੁਗਲੀਆਂ ਕਰਨਾ ਉਨ੍ਹਾਂ ਦਾ ਜਨਮ ਸਿੱਧ ਅਧਿਕਾਰ ਹੈ।
ਸੰਪਰਕ: 99889-01324