For the best experience, open
https://m.punjabitribuneonline.com
on your mobile browser.
Advertisement

ਇਨਕਲਾਬੀ ਲਹਿਰ ਦੇ ਘੁਲਾਟੀਏ ਮਾਸਟਰ ਕਰਮਜੀਤ ਜੋਗਾ

11:31 AM Jan 24, 2023 IST
ਇਨਕਲਾਬੀ ਲਹਿਰ ਦੇ ਘੁਲਾਟੀਏ ਮਾਸਟਰ ਕਰਮਜੀਤ ਜੋਗਾ
Advertisement

ਰਣਜੀਤ ਲਹਿਰਾ

Advertisement

ਤਾਉਮਰ ਕਿਰਤੀ ਲੋਕਾਂ ਦੇ ਫ਼ਿਕਰਾਂ ਦੀ ਬਾਂਹ ਫੜੀਂ ਰੱਖਣ ਵਾਲੇ ਮਾਸਟਰ ਕਰਮਜੀਤ ਜੋਗਾ 16 ਜਨਵਰੀ ਦੀ ਰਾਤ ਨੂੂੰ ਅਛੋਪਲੇ ਜਿਹੇ ਆਪਣੇ ਪਰਿਵਾਰ ਤੇ ਸਾਥੀਆਂ ਨੂੂੰ ਅਲਵਿਦਾ ਕਹਿ ਗਏ। 1948 ਵਿੱਚ ਜ਼ਿਲ੍ਹਾ ਬਠਿੰਡਾ (ਹੁਣ ਮਾਨਸਾ) ਦੇ ਕਾਮਰੇਡਾਂ ਦੇ ਪਿੰਡ ਵਜੋਂ ਜਾਣੇ ਜਾਂਦੇ ਇਤਿਹਾਸਕ ਪਿੰਡ ਜੋਗਾ ਦੇ ਕਿਰਤੀ ਪਰਿਵਾਰ ਵਿੱਚ ਜਨਮ ਲੈ ਕੇ ਮਾਸਟਰ ਕਰਮਜੀਤ ਨੇ ਪਿੰਡ ਦੇ ਨਾਂ ਨੂੂੰ ਹੋਰ ਉੱਚਾ ਕੀਤਾ। ਦੇਸ਼-ਦੁਨੀਆ ਵਿੱਚ ਵਾਪਰੇ ਅਨੇਕਾਂ ਉਤਰਾਵਾਂ ਚੜ੍ਹਾਵਾਂ ਨੂੂੰ ਦੇਖਣ ਤੇ ਝੱਲਣ ਦੇ ਬਾਵਜੂਦ ਚੜ੍ਹਦੀ ਜਵਾਨੀ ਤੋਂ ਲੈ ਕੇ ਅੰਤਲੇ ਸਾਹਾਂ ਤੱਕ ਉਹ ਲਕੀਰ ਦੇ ਖੱਬੇ ਪਾਸੇ ਹੀ ਤੁਰਦੇ ਰਹੇ।

ਉਹ ਉਦੋਂ ਵੀਹ ਕੁ ਸਾਲਾਂ ਦੇ ਸਨ ਜਦੋਂ ਪੱਛਮੀ ਬੰਗਾਲ ਦੇ ਨਕਸਲਬਾੜੀ ਖੇਤਰ ਵਿੱਚ ਬੇਜ਼ਮੀਨੇ ਕਿਸਾਨਾਂ ਨੇ ‘ਜ਼ਮੀਨ ਹਲਵਾਹਕ ਦੀ’ ਦਾ ਨਾਅਰਾ ਬੁਲੰਦ ਕਰਦਿਆਂ ਹੱਥਾਂ ਵਿੱਚ ਰਵਾਇਤੀ ਹਥਿਆਰ ਲੈ ਕੇ ਜਗੀਰਦਾਰਾਂ ਤੇ ਉਨ੍ਹਾਂ ਦੀ ਪਿੱਠ ‘ਤੇ ਆਣ ਖੜ੍ਹੀ ਹਕੂਮਤੀ ਮਸ਼ਨੀਰੀ ਨਾਲ ਦੋ-ਦੋ ਹੱਥ ਕਰਨੇ ਆਰੰਭੇ ਸੀ। ਬੰਗਾਲ ਵਿੱਚ ਹਕੂਮਤ ਕਰਦੀ ਸੀਪੀਐੱਮ ਦੇ ਹੀ ਇੱਕ ਹਿੱਸੇ ਨੇ ‘ਹੋਣੀ ਨੂੰ ਬਦਲਣ’ ਤੁਰੇ ਸੰਘਰਸ਼ਸ਼ੀਲ ਕਿਸਾਨਾਂ ਦੀ ਜੈ ਜੈਕਾਰ ਕਰਦਿਆਂ ਇਸ ਨੂੰ ‘ਬਸੰਤ ਦੀ ਕੜਕ’ ਦਾ ਨਾਂ ਦਿੱਤਾ ਸੀ। ਫਿਰ ਬਸੰਤ ਦੀ ਕੜਕ ਦੀ ਗੂੰਜ ਨੇ ਪੰਜਾਬ ਦੇ ਖੜ੍ਹੇ ਪਾਣੀਆਂ ਵਿੱਚ ਜਿਹੜੀ ਹਲਚਲ ਮਚਾਈ ਸੀ ਮਾਸਟਰ ਕਰਮਜੀਤ ਜੋਗਾ ਉਸ ਤੋਂ ਅਛੂਤੇ ਨਹੀਂ ਸੀ ਰਹੇ। ਇਸ ਗੂੰਜ ਦੇ ਸਿਰ ਚੜ੍ਹ ਬੋਲੇ ਅਸਰ ਦਾ ਹੀ ਸਿੱਟਾ ਸੀ ਕਿ ਕਰਮਜੀਤ ਜੋਗਾ ਸਰਕਾਰੀ ਅਧਿਆਪਕ ਦੀ ਨੌਕਰੀ ਛੱਡ ਕੇ ਬਿਖੜੇ ਪੈਂਡਿਆਂ ਵਾਲੀ ਇਨਕਲਾਬੀ ਲਹਿਰ ਦਾ ਕੁੱਲਵਕਤੀ ਬਣ ਗਿਆ ਸੀ। ਉਨ੍ਹਾਂ ਦੇ ਗਰੀਬ ਦਲਿਤ ਮਾਪਿਆਂ ਨੇ ਪਤਾ ਨਹੀਂ ਉਨ੍ਹਾਂ ਨੂੂੰ ਕਿਹੜੇ ਸੁਪਨੇ ਸੰਜੋਅ ਕੇ, ਕਿਹੜੇ ਹਾਲੀਂ ਦਸ ਜਮਾਤਾਂ ਤੇ ਜੇਬੀਟੀ ਕਰਵਾ ਕੇ ਸਰਕਾਰੀ ਅਧਿਆਪਕ ਬਣਨ ਤੱਕ ਪਹੁੰਚਾਇਆ ਸੀ, ਪਰ ਉਹ ਸਮਝ ਗਏ ਸਨ ਕਿ ਗੱਲ ਸਿਰਫ਼ ਮੇਰੇ ਮਾਪਿਆਂ ਦੇ ਅਰਮਾਨਾਂ ਦੀ ਨਹੀਂ ਇੱਥੇ ਕਰੋੜਾਂ ਮਾਪਿਆਂ ਦੇ ਅਰਮਾਨ ਧੂੰਆਂ ਬਣ ਕੇ ਉੱਡ ਜਾਂਦੇ ਹਨ। ਉਨ੍ਹਾਂ ਨੇ ਕੁਝ ਸਮਾਂ ਗੁਪਤਵਾਸ ਰਹਿ ਕੇ ਇਨਕਲਾਬੀ ਲਹਿਰ ਲਈ ਕੰਮ ਕੀਤਾ ਅਤੇ ਫਿਰ ਖੁੱਲ੍ਹੇ ਜਨਤਕ ਮੋਰਚੇ ‘ਤੇ ਆਣ ਡਟੇ।

ਸਾਲ 1971-72 ਵਿੱਚ ਰਾਮਪੁਰਾ-ਫੂਲ ਤੋਂ ਕਿਰਤੀ ਕਾਮੇ ਲੋਕਾਂ ਨੂੰ ਜਗਾਉਣ ਲਈ ਇਨਕਲਾਬੀ ਮੈਗਜ਼ੀਨ ਨਿਕਲਦਾ ਹੁੰਦਾ ਸੀ: ਕਿਰਤੀ ਕਿੱਸਾ! ਇਸ ਮੈਗਜ਼ੀਨ ਦੇ ਸੰਪਾਦਕ ਮਾਸਟਰ ਕਰਮਜੀਤ ਹੀ ਸਨ। ਉਨ੍ਹਾਂ ਸਮਿਆਂ ਵਿੱਚ ਮੈਗਜ਼ੀਨ ਦਾ ਸੰਪਾਦਕ ਬਣ ਕੇ ਇਨਕਲਾਬੀ ਵਿਚਾਰਾਂ ਦਾ ਵਾਹਕ ਬਣਨਾ ਆਮ ਗੱਲ ਨਹੀਂ ਸੀ ਜਦੋਂ ਇਨਕਲਾਬੀ ਲਹਿਰ ਦੇ 80-80 ਸਾਲਾ ਬਜ਼ੁਰਗਾਂ ਨੂੰ ਵੀ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਮਾਰਿਆ ਜਾ ਰਿਹਾ ਹੋਵੇ। ਫਿਰ ਉਹ ਲੰਮਾ ਸਮਾਂ ਬਠਿੰਡਾ ਤੋਂ ਛਪਦੇ ਮਾਸਿਕ ਪੇਪਰ ‘ਪ੍ਰਚੰਡ’ ਵਿੱਚ ਸਰਗਰਮ ਰੋਲ ਨਿਭਾਉਂਦੇ ਰਹੇ।

ਉਨ੍ਹਾਂ ਨੇ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਵੱਜੋਂ ਵੀ ਕੰਮ ਕੀਤਾ। 1973-74 ਵਿੱਚ ਮਾਨਸਾ ਤਹਿਸੀਲ ਵਿੱਚ ਚੁੱਲ੍ਹਾ-ਕਿੱਲਾ ਟੈਕਸ ਖਿਲਾਫ਼ ਉੱਠੇ ਖਾੜਕੂ ਸੰਘਰਸ਼ ਦੀ ਅਗਵਾਈ ਕੀਤੀ। ਇਸ ਸੰਘਰਸ਼ ‘ਤੇ ਹਕੂਮਤ ਨੇ ਭਾਵੇਂ ਅੰਨ੍ਹਾ ਜਬਰ ਕੀਤਾ, ਪਰ ਸਾਰੇ ਇਲਾਕੇ ਵਿੱਚ ਟੈਕਸ ਦਾ ਮੁਕੰਮਲ ਬਾਈਕਾਟ ਕੀਤਾ ਗਿਆ। 1975 ਵਿੱਚ ਐਮਰਜੈਂਸੀ ਲੱਗਣ ਤੋਂ ਕੁਝ ਦਿਨ ਬਾਅਦ ਜੋਗੇ ਦੇ ਨਾਲ ਲੱਗਦੇ ਪਿੰਡ ਰੱਲਾ ਵਿੱਚ ਇੱਕ ‘ਸੂਦਖੋਰ ਦੀਆਂ ਬਹੀਆਂ ਅਗਨ ਭੇਟ ਕਰਨ’ ਦੀ ਵਾਪਰੀ ਘਟਨਾ ਵਿੱਚ ਪਿੰਡ ਦੇ ਲੋਕਾਂ ‘ਤੇ ਭਾਰੀ ਪੁਲੀਸ ਜਬਰ ਹੋਇਆ ਅਤੇ 100 ਤੋਂ ਵਧੇਰੇ ਪਿੰਡ ਵਾਸੀਆਂ ਦੇ ਨਾਲ ਨਾਲ ਕਰਮਜੀਤ ਜੋਗੇ ਨੂੰ ਵੀ ਪੁਲੀਸ ਨੇ ਕੇਸ ਵਿੱਚ ਲਪੇਟ ਲਿਆ ਸੀ। ਹਾਲਾਂਕਿ, ਅਜਿਹਾ ਕਦਮ ਚੁੱਕਣ ਦੀ ਕਨਸੋਅ ਮਿਲਣ ‘ਤੇ ਸਿਆਣੇ ਆਗੂ ਦੀ ਹੈਸੀਅਤ ਵਿੱਚ ਕਰਮਜੀਤ ਜੋਗੇ ਨੇ ਸਖ਼ਤ ਵਿਰੋਧ ਜਤਾਇਆ ਸੀ। 1975 ਵਿੱਚ ਇੰਦਰਾ ਗਾਂਧੀ ਵੱਲੋਂ ਦੇਸ਼ ਭਰ ਵਿੱਚ ਲਗਾਈ ਗਈ ਐਮਰਜੈਂਸੀ ਦੌਰਾਨ ਮਾਸਟਰ ਕਰਮਜੀਤ ਜੋਗਾ ਗੁਪਤਵਾਸ ਰਿਹਾ। ਐਮਰਜੈਂਸੀ ਤੋਂ ਬਾਅਦ ਗ੍ਰਿਫ਼ਤਾਰ ਹੋਣ ‘ਤੇ ਕੁਝ ਸਮਾਂ ਜੇਲ੍ਹ ਵਿੱਚ ਰਹੇ।

1980ਵਿਆਂ ਦੇ ਸ਼ੁਰੂ ਵਿੱਚ ਬਣੀ ਕ੍ਰਾਂਤੀਕਾਰੀ ਸਾਹਿਤ ਸਭਾ, ਪੰਜਾਬ ਦੇ ਉਹ ਸੂਬਾਈ ਖਜ਼ਾਨਚੀ ਰਹੇ। ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਬਾਅਦ 1978-79 ਵਿੱਚ ਉਨ੍ਹਾਂ ਨੇ ਪੱਖੋ ਕਲਾਂ ਪਿੰਡ ਵਿੱਚ ਸਕੂਲ ਖੋਲ੍ਹ ਕੇ ਪੜ੍ਹਾਉਣਾ ਸ਼ੁਰੂ ਕੀਤਾ ਤੇ ਫਿਰ ਕੁਝ ਸਾਲ ਬਾਅਦ ਪਿੰਡ ਬੁਰਜ ਢਿੱਲਵਾਂ ਵਿੱਚ ਖੋਲ੍ਹ ਲਿਆ। 19988 ਵਿੱਚ ਜਾਤੀ ਬੰਧਨਾਂ ਨੂੰ ਤੋੜ ਕੇ ਕਰਵਾਏ ਵਿਆਹ ਤੋਂ ਬਾਅਦ ਉਨ੍ਹਾਂ ਨੇ ਜ਼ਿਲ੍ਹਾ ਬਠਿੰਡਾ ਦੇ ਕਸਬੇ ਭਗਤਾ ਭਾਈਕਾ ਵਿੱਚ ਸਕੂਲ ਚਲਾਇਆ ਤੇ ਅੰਤ ਤੱਕ ਉੱਥੇ ਹੀ ਰਹੇ। ਹੁਣ ਉਨ੍ਹਾਂ ਦੇ ਪਿੱਛੇ ਜੀਵਨ ਸਾਥੀ ਕਮਲਾ ਦੇਵੀ ਅਤੇ ਇੱਕ ਪੁੱਤਰ ਅਰਸ਼ ਹਨ। ਮੌਜੂਦਾ ਦੌਰ ਵਿੱਚ ਅਜਿਹੇ ਟਾਵੇਂ ਲੋਕ ਹਨ ਜਿਹੜੇ ਕਿਸੇ ਲੋਕਪੱਖੀ ਲਹਿਰ ਜਾਂ ਮਿਸ਼ਨ ਲਈ ਜ਼ਿੰਦਗੀ ਦੇ ਕੀਮਤੀ ਸਾਲ ਲਾ ਕੇ ਜਬਰ-ਜ਼ੁਲਮ ਝੱਲਦੇ ਹਨ। ਉਹ ਦ੍ਰਿੜ ਇਰਾਦੇ ਵਾਲੇ ਸਾਊ ਸੁਭਾਅ ਦੇ ਵਿਅਕਤੀ ਸਨ। ਅੱਜ ਅਗਰਵਾਲ ਧਰਮਸ਼ਾਲਾ ਭਗਤਾ ਭਾਈਕਾ ਵਿਖੇ ਉਨ੍ਹਾਂ ਨਮਿਤ ਸਰਧਾਂਜਲੀ ਸਮਾਗਮ ਵਿੱਚ ਉਨ੍ਹਾਂ ਦੇ ਸੰਗੀ-ਸਾਥੀ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕਰਨਗੇ ਅਤੇ ਨਿੱਘੀਆਂ ਯਾਦਾਂ ਵੀ ਤਾਜ਼ਾ ਕਰਨਗੇ।
ਸੰਪਰਕ: 94175-88616

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×