ਮਸਨੂਈ ਦੁਸ਼ਮਣ ਸਿਰਜ ਲੈਂਦੇ ਹਨ ਰਾਸ਼ਟਰਵਾਦ
ਨੀਰਾ ਚੰਢੋਕ
ਸਾਡੇ ਕੋਲ ‘ਨਵੇਂ’ ਭਾਰਤ ਲਈ ਨਵਾਂ ਸੰਸਦ ਭਵਨ ਹੈ। ਸਾਡੀ ਪੁਰਾਣੀ ਸੰਸਦ ਸਾਡੇ ਮਾਣਮੱਤੇ ਇਤਿਹਾਸ ਵਾਲੀ ਥਾਂ ਹੈ ਜਿਸ ਨਾਲ ਸੰਵਿਧਾਨ ਘੜੇ ਜਾਣ ਤੋਂ ਲੈ ਕੇ ਜਵਾਹਰਲਾਲ ਨਹਿਰੂ ਦਾ ਮਸ਼ਹੂਰ ਭਾਸ਼ਣ ‘ਤਕਦੀਰ ਨਾਲ ਮੁਲਾਕਾਤ’ (‘tryst with destiny’) ਅਤੇ ਅਕਸਰ ਹਾਸਰਸ ਨਾਲ ਭਰਪੂਰ ਗੰਭੀਰ ਤੇ ਸੱਭਿਅਕ ਬਹਿਸਾਂ ਤੱਕ ਬਹੁਤ ਕੁਝ ਜੁੜਿਆ ਹੋਇਆ ਹੈ। ਇਸ ਤੋਂ ਨਵੀਂ ਸੰਸਦ ਵਿਚ ਤਬਾਦਲਾ ਕੀਤੇ ਜਾਣ ਸਬੰਧੀ ਕਿਸੇ ਨੇ ਜ਼ਰੂਰ ਸੋਚਿਆ ਹੋਵੇਗਾ ਕਿ ਇਸ ਮੌਕੇ ਨੂੰ ਕਿਸੇ ਸ਼ੁਭ ਸਮਾਗਮ ਨਾਲ ਸ਼ਿੰਗਾਰਿਆ ਜਾਵੇਗਾ, ਜਵਿੇਂ ਸੰਵਿਧਾਨ ਦੀ ਪ੍ਰਸਤਾਵਨਾ ਪ੍ਰਤੀ ਜਨਤਕ ਵਚਨਬੱਧਤਾ ਦਾ ਪ੍ਰਗਟਾਵਾ ਕਰਨਾ। ਪਰ ਇਸ ਦੀ ਥਾਂ ਸਾਨੂੰ ਜੋ ਦੇਖਣ ਨੂੰ ਮਿਲਿਆ ਉਹ ਸੀ ਭਾਜਪਾ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਵੱਲੋਂ ਆਪਣੇ ਸਾਥੀ ਸੰਸਦ ਮੈਂਬਰ ਬਸਪਾ ਦੇ ਦਾਨਿਸ਼ ਅਲੀ ਅਤੇ ਉਨ੍ਹਾਂ ਦੇ ਭਾਈਚਾਰੇ ਖਿਲਾਫ਼ ਕੀਤਾ ਗਿਆ ਬਹੁਤ ਹੀ ਗੁੱਸੇ ਭਰਿਆ ਫੂਹੜ ਪ੍ਰਗਟਾਵਾ। ਜਦੋਂ ਬਿਧੂੜੀ ਇੰਝ ਦਾਨਿਸ਼ ਅਲੀ ਨਾਲ ਗਾਲੀ-ਗਲੋਚ ਕਰ ਰਿਹਾ ਸੀ ਤਾਂ ਉਸ ਦੀ ਪਾਰਟੀ ਦੇ ਦੋ ਸੀਨੀਅਰ ਆਗੂ ਹੱਸ ਰਹੇ ਸਨ! ਇਸ ਤਰ੍ਹਾਂ ਸੱਭਿਅਕ ਬਹਿਸ ਦੀਆਂ ਸਾਰੀਆਂ ਰਵਾਇਤਾਂ ਨੂੰ ਤਹਿਸ-ਨਹਿਸ ਕਰ ਕੇ ਸੰਸਦ ਵਿਚ ਭੁੰਜੇ ਸੁੱਟ ਦਿੱਤਾ ਗਿਆ।
ਸੰਸਦ ਵਿਚ ਬੜੀ ਆਸਾਨੀ ਨਾਲ ਕੀਤਾ ਗਿਆ ਗਾਲੀ-ਗਲੋਚ ਵਾਲੀ ਭਾਸ਼ਾ ਦਾ ਇਸਤੇਮਾਲ ਅਤੇ ਬਿਧੂੜੀ ਦਾ ਇਹ ਭਰੋਸਾ ਕਿ ਉਸ ਦੀ ਪਾਰਟੀ ਲੀਡਰਸ਼ਿਪ ਵੱਲੋਂ ਇਸ ਕਾਰਵਾਈ ਲਈ ਉਸ ਦੀ ਕੋਈ ਝਾੜ-ਝੰਬ ਨਹੀਂ ਕੀਤੀ ਜਾਵੇਗੀ, ਧਿਆਨ ਦੇਣ ਦੀ ਮੰਗ ਕਰਦਾ ਹੈ। ਭਾਰਤ ਵਾਸੀ ਆਖ਼ਰ ਉਸ ਤਰ੍ਹਾਂ ਦੀ ਭਾਸ਼ਾ ਵਿਚ ਕਦੋਂ ਤੱਕ ਵਧਦੇ-ਫੁੱਲਦੇ ਤੇ ਖ਼ੁਸ਼ ਹੁੰਦੇ ਰਹਿਣਗੇ ਜਿਹੜੀ ਹਾਕਮ ਪਾਰਟੀ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਆਪਣੇ ਸਾਥੀ ਦੇਸ਼ ਵਾਸੀਆਂ ਲਈ ਵਰਤੀ ਜਾਂਦੀ ਹੈ? ਇਸ ਦਾ ਜਵਾਬ ਜਾਣਨ ਲਈ ਸਾਨੂੰ ਬਹੁਤ ਦੂਰ ਤੱਕ ਦੇਖਣ ਦੀ ਲੋੜ ਨਹੀਂ। ਹਰੇਕ ਇਬਾਰਤ ਦਾ ਕੋਈ ਸੰਦਰਭ ਹੁੰਦਾ ਹੈ ਅਤੇ ਨਫ਼ਰਤੀ ਭਾਸ਼ਣ/ਬਿਆਨਬਾਜ਼ੀ ਦਾ ਸੰਦਰਭ ਅੰਧ-ਰਾਸ਼ਟਰਵਾਦ ਹੈ ਜਿਹੜਾ ਮੁਗ਼ਲ ਹਾਕਮਾਂ ਵੱਲੋਂ ਸਦੀਆਂ ਪਹਿਲਾਂ ਕੀਤੇ ਗਏ ਕੰਮਾਂ ਲਈ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦਾ ਹੈ। ਇਸ ਭਾਸ਼ਾ ਨੇ ਹਾਕਮ ਪਾਰਟੀ ਲਈ ਬੜਾ ਵਧੀਆ ਕੰਮ ਕੀਤਾ ਹੈ। ਇਹ ਇਕ ਤ੍ਰਾਸਦੀ ਹੈ।
ਸਮੱਸਿਆ ਮਹਿਜ਼ ਸੱਜੇ-ਪੱਖੀ ਰਾਸ਼ਟਰਵਾਦ ਤੋਂ ਨਹੀਂ ਹੈ ਸਗੋਂ ਇਹ ਤਾਂ ਰਾਸ਼ਟਰਵਾਦ ਹੀ ਹੈ ਜਿਸ ਨੂੰ ਬਹੁਤ ਸਾਰੇ ਵਿਦਵਾਨਾਂ ਨੇ ਖ਼ਤਰਨਾਕ ਤੇ ਨੁਕਸਾਨਦੇਹ ਵਿਚਾਰਧਾਰਾ ਵਜੋਂ ਦੇਖਿਆ ਹੈ ਕਿਉਂਕਿ ਇਹ ਚੋਣਵੇਂ ਇਤਿਹਾਸ ਉੱਤੇ ਆਧਾਰਿਤ ਹੁੰਦੀ ਹੈ। ਬਰਤਾਨਵੀ ਇਤਿਹਾਸਕਾਰ ਡੋਨਲਡ ਸਸੂਨ ਲਿਖਦੇ ਹਨ ਕਿ ਬਿਹਤਰੀਨ ਇਤਿਹਾਸਕਾਰ ਹਮੇਸ਼ਾ ਮਿੱਥ-ਸਿਰਜਣਾ ਦੇ ਖ਼ਤਰੇ ਤੋਂ ਚੌਕਸ ਰਹੇ ਹਨ। ਏਥਨਜ਼ ਭਾਵ ਯੂਨਾਨ ਨਾਲ ਸਬੰਧਿਤ ਇਤਿਹਾਸਕਾਰ ਥਿਊਸੀਦਾਈਦਸ ਨੇ ਪੇਲੋਪੋਨੇਸ਼ੀਅਨ ਜੰਗ ਦਾ ਇਤਿਹਾਸ (History of the Peloponnesian War) ਵਿਚ ਲਿਖਿਆ ਹੈ: ‘ਰਵਾਇਤ ਵੱਲੋਂ ਸੌਂਪੀਆਂ ਗਈਆਂ ਘਟਨਾਵਾਂ ਦੀਆਂ ਪੁਰਾਣੀਆਂ ਕਹਾਣੀਆਂ, ਪਰ ਜਨਿ੍ਹਾਂ ਨੂੰ ਤਜਰਬੇ ਵੱਲੋਂ ਘੱਟ ਹੀ ਤਸਦੀਕ ਕੀਤਾ ਗਿਆ, ਅਚਾਨਕ ਭਰੋਸੇਯੋਗ ਨਹੀਂ ਰਹੀਆਂ।’’ ਦੰਭੀ ਇਤਿਹਾਸਕਾਰਾਂ ਦੇ ਹੱਥਾਂ ਵਿਚ ਇਤਿਹਾਸ ਦਾ ਪ੍ਰਭਾਵ ਤਬਾਹਕੁਨ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਇਤਿਹਾਸਕਾਰੀ ਦੇ ਸੰਦਾਂ - ਸਬੂਤ ਅਤੇ ਕਾਰਜ ਪ੍ਰਣਾਲੀ - ਦੀ ਕੋਈ ਪਰਵਾਹ ਨਹੀਂ ਹੁੰਦੀ ਅਤੇ ਉਹ ਸਿਰਫ਼ ਆਪਣੀ ਵਿਚਾਰਧਾਰਾ ਲਈ ਲਿਖਦੇ ਹਨ। ਹੁਣ ਅਸੀਂ ਮਿਥਿਹਾਸ ਤੇ ਇਤਿਹਾਸ ਵਿਚ ਕੋਈ ਫ਼ਰਕ ਨਹੀਂ ਕਰ ਸਕਦੇ। ਅਸੀਂ ਦੰਭੀ ਇਤਿਹਾਸਕਾਰਾਂ ਦਾ ਸ਼ਿਕਾਰ ਹੋ ਗਏ ਹਾਂ ਜਿਹੜੇ ਕਿਸੇ ਪਾਰਟੀ ਪ੍ਰਾਜੈਕਟ ਵਿਚ ਸ਼ਾਮਿਲ ਹੋ ਕੇ ਨਫ਼ਰਤ ਦੇ ਸੌਦਾਗਰ ਬਣ ਜਾਂਦੇ ਹਾਂ। ਇਹ ਫਰਾਂਸੀਸੀ ਗਿਆਨ ਦੇ ਯੁੱਗ ਦੇ ਚਿੰਤਕ ਵਾਲਟੇਅਰ ਦੇ ਵਿਸ਼ਵਾਸ ਨੂੰ ਜ਼ਾਹਰ ਕਰਦਾ ਹੈ: ‘‘ਸੱਚਮੁੱਚ, ਜੋ ਕੁਝ ਤੁਹਾਨੂੰ ਬੇਤੁਕਾ ਬਣਾ ਸਕਦਾ ਹੈ, ਉਹ ਤੁਹਾਨੂੰ ਅਨਿਆਂਪੂਰਨ ਵੀ ਬਣਾ ਸਕਦਾ ਹੈ।’’ ਇਹ ਕੁਝ ਸਾਨੂੰ ਇਸ ਗੁੰਝਲਦਾਰ ਮੁੱਦੇ ਉੱਤੇ ਲੈ ਆਉਂਦਾ ਹੈ ਕਿ ਸਮਾਜ ਨੂੰ ਅਤੀਤ ਨੂੰ ਕਵਿੇਂ ਚੇਤੇ ਰੱਖਣਾ ਚਾਹੀਦਾ ਹੈ। ਵਿਦਵਾਨਾਂ ਦਾ ਕੰਮ ਤੇਜ਼ੀ ਨਾਲ ਆਵਾਜ਼ਾਂ ਕੱਢਣਾ ਨਹੀਂ ਹੈ ਸਗੋਂ ਸਾਨੂੰ ਇਹ ਦੱਸਣਾ ਹੈ ਕਿ ਸਾਡੇ ਸਮਾਜ ਕਿੱਥੋਂ ਆਏ ਹਨ ਅਤੇ ਅਸੀਂ ਹੁਣ ਕਿਸ ਪਾਸੇ ਜਾ ਰਹੇ ਹਾਂ। ਵਰਤਮਾਨ ਨੂੰ ਸਮਝਣ ਲਈ ਅਤੀਤ ਨੂੰ ਸਮਝੇ ਜਾਣ ਦੀ ਲੋੜ ਹੁੰਦੀ ਹੈ। ਪਰ ਅਤੀਤ ਨੂੰ ਆਕਾਰ ਵਰਤਮਾਨ ਦਿੰਦਾ ਹੈ - ਜੋ ਜਿੱਤਿਆ ਉਸੇ ਦਾ ਇਤਿਹਾਸ, ਜਵਿੇਂ ਇਹ ਸੀ।
‘ਦਿ ਇਨਵੈਂਸ਼ਨ ਆਫ ਟਰੈਡੀਸ਼ਨ’ (1983) (The Invention of Tradition- ਰਵਾਇਤ ਦੀ ਕਾਢ) ਵਿਚ ਐਰਿਕ ਹੌਬਸਬਾਮ ਅਤੇ ਟੈਰੇਂਸ ਰੇਂਜਰ ਨੇ ਵਿਸਥਾਰ ਨਾਲ ਦੱਸਿਆ ਹੈ ਕਿ ਸਿਆਸਤਦਾਨ ਕਵਿੇਂ ਆਪਣੇ ਭਾਈਚਾਰੇ ਦੇ ਮਾਣ-ਸਨਮਾਨ ਨੂੰ ਵਧਾਉਣ ਲਈ ਰਵਾਇਤਾਂ/ਪਰੰਪਰਾਵਾਂ ਘੜਦੇ ਹਨ। ਉਨ੍ਹਾਂ ਇਸ ਨੂੰ ‘ਯਾਦਗਾਰੀ ਸਮਾਗਮ ਦੀ ਰਣਨੀਤੀ’ ਆਖਿਆ ਹੈ। ਅਸੀਂ ਆਪਣੇ ਸਮਿਆਂ ਦੌਰਾਨ ਇਨ੍ਹਾਂ ਰਣਨੀਤੀਆਂ ਨਾਲ ਰਚ-ਮਿਚ ਗਏ ਹਾਂ, ਭਾਵ ਸਾਨੂੰ ਇਹ ਓਪਰੀਆਂ ਨਹੀਂ ਲੱਗਦੀਆਂ। ਜਵਿੇਂ ਸੜਕਾਂ ਅਤੇ ਸ਼ਹਿਰਾਂ ਆਦਿ ਦੇ ਨਾਂ ਬਦਲ ਦੇਣਾ, ਕੁਝ ਖ਼ਾਸ ਇਤਿਹਾਸਕ ਹਸਤੀਆਂ ਦੀ ਯਾਦਗਾਰ ਕਾਇਮ ਕਰਨ ਲਈ ਦਿਓ-ਕੱਦ ਮੂਰਤੀਆਂ ਦੀ ਉਸਾਰੀ ਅਤੇ ਹੋਰਨਾਂ ਨੂੰ ਯਾਦਾਂ ਤੋਂ ਲਾਂਭੇ ਕਰ ਕੇ ਵਿਸਾਰ ਦੇਣਾ, ਮੰਦਰਾਂ ਦੀ ਉਸਾਰੀ, ਵੱਡੇ ਪੱਧਰ ’ਤੇ ਕਰਮ-ਕਾਂਡ, ਲੀਡਰਸ਼ਿਪ ਦੀ ਹਿੰਦੂ ਪਰੰਪਰਾਵਾਂ ਅਤੇ ਪ੍ਰਤੀਕਾਂ ਨਾਲ ਖੁੱਲ੍ਹੀ ਪਛਾਣ, 1000 ਸਾਲਾਂ ਦੇ ਬਸਤੀਵਾਦ ਦਾ ਵਾਰ-ਵਾਰ ਸੰਦਰਭ ਅਤੇ ਇਸਲਾਮ ਤੇ ਨਾਲ ਹੀ ਇਸਾਈਅਤ ਨੂੰ ਬਹੁਤ ਹੀ ਖ਼ਤਰਨਾਕ ਬਣਾ ਕੇ ਪੇਸ਼ ਕਰਨਾ।
ਅਸੀਂ ਅਜਿਹੇ ਦੌਰ ਵਿਚ ਰਹਿ ਰਹੇ ਹਾਂ ਜਿੱਥੇ ਹਰੇਕ ਜਨਤਕ ਨੀਤੀ ਨੂੰ ਬਹੁਤ ਜ਼ਿਆਦਾ ਸ਼ਿੰਗਾਰ ਕੇ ਭਾਰੀ ਧੂਮ-ਧੜੱਕੇ ਵਿਚ ਜਨਤਕ ਤਮਾਸ਼ੇ ਦਾ ਰੂਪ ਦੇ ਦਿੱਤਾ ਜਾਂਦਾ ਹੈ, ਭਾਵੇਂ ਕਿ ਅੱਜ ਵੀ ਬਹੁਗਿਣਤੀ ਭਾਰਤੀਆਂ ਦੀ ਪੀਣ ਵਾਲੇ ਸਾਫ਼ ਪਾਣੀ ਅਤੇ ਬਿਜਲੀ ਤੱਕ ਪਹੁੰਚ ਨਹੀਂ ਹੈ। ਇਸ ਤੋਂ ਪਹਿਲਾਂ ਕਦੇ ਵੀ ਸਿਆਸਤ ਨੇ ਇਸ ਤਰ੍ਹਾਂ ਤਮਾਸ਼ੇ ਨਹੀਂ ਬਣਾਏ ਸਨ। ਇਹ ਤਮਾਸ਼ੇ ਨਾ ਸਿਰਫ਼ ਬਹੁਗਿਣਤੀਵਾਦੀ ਪਛਾਣ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ ਸਗੋਂ ਨਾਲ ਹੀ ਗ਼ਰੀਬੀ, ਦੁਰਦਸ਼ਾ ਅਤੇ ਕਮੀਆਂ-ਥੁੜ੍ਹਾਂ ਨੂੰ ਲੁਕਾਉਂਦੇ ਵੀ ਹਨ। ਰਾਸ਼ਟਰਵਾਦ ਵੱਲੋਂ ਚੋਣਵੀਆਂ ਯਾਦਾਂ ਅਤੇ ਰਵਾਇਤਾਂ ਦੀ ਕਾਢ ਰਾਹੀਂ ਵਰਤਮਾਨ ਨੂੰ ਆਕਾਰ ਦਿੱਤਾ ਜਾਂਦਾ ਹੈ। ਇਹ ਨਾਲ ਹੀ ਨਫ਼ਰਤੀ ਬਿਆਨਬਾਜ਼ੀ, ਜਿਸ ਤਰ੍ਹਾਂ ਦੀ ਅਸੀਂ ਲੋਕ ਸਭਾ ਵਿਚ ਸੁਣੀ, ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਏ ਜਾਣ ਅਤੇ ਨਾਲ ਹੀ ਨਾਗਰਿਕ ਆਜ਼ਾਦੀਆਂ ਨੂੰ ਦਬਾਏ ਜਾਣ ਵਰਗੀਆਂ ਕਾਰਵਾਈਆਂ ਉੱਤੇ ਪਰਦਾ ਪਾਉਣ ਦਾ ਕੰਮ ਵੀ ਕਰਦਾ ਹੈ।
ਕਿਸੇ ਸਮਾਜ ਨੂੰ ਅਤੀਤ ਨੂੰ ਚੇਤੇ ਰੱਖਣਾ ਹੀ ਹੁੰਦਾ ਹੈ, ਕਿਉਂਕਿ ਜੇ ਅਸੀਂ ਅਤੀਤ ਨੂੰ ਭੁੱਲਣ ਅਤੇ ਦਬਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿਸੇ ਸਮੇਂ ਇਹ ਸਾਡੀ ਚੇਤਨਾ ਵਿਚ ਸਿਆਸੀ ਸਰੀਰ ਦੀ ਬਿਮਾਰੀ ਵਜੋਂ ਪੈਦਾ ਹੋਵੇਗਾ, ਜਵਿੇਂ ਸਾਨੂੰ ਸਿਗਮੰਡ ਫਰਾਇਡ ਨੇ ਖ਼ਬਦਾਰ ਕੀਤਾ ਹੈ। ਸਾਨੂੰ ਲਾਜ਼ਮੀ ਤੌਰ ’ਤੇ ਅਤੀਤ ਨੂੰ ਮਨਜ਼ੂਰ ਕਰਨਾ, ਲੋਕਾਂ ਨਾਲ ਹੋਏ ਭਿਆਨਕ ਵਰਤਾਰਿਆਂ ਨੂੰ ਤਸਲੀਮ ਕਰਨਾ ਅਤੇ ਇਹ ਅਹਿਦ ਕਰਨਾ ਸਿੱਖਣਾ ਹੋਵੇਗਾ ਕਿ ਅਜਿਹਾ ਕੁਝ ਸਾਡੇ ਸਮਿਆਂ ਵਿਚ ਅਤੇ ਨਾਲ ਹੀ ਆਉਣ ਵਾਲੇ ਵਕਤ ਵਿਚ ਨਹੀਂ ਵਾਪਰਨ ਦਿੱਤਾ ਜਾਵੇਗਾ। ਪਰ ਅਜਿਹਾ ਤਾਂ ਹੀ ਹੋ ਸਕਦਾ ਹੈ ਜੇ ਸਾਡੀ ਹਾਕਮ ਜਮਾਤ ਚੋਣਵੀਆਂ ਯਾਦਾਂ ਦੀ ਸਿਆਸਤ ਨੂੰ ਮੁੜ ਤੋਂ ਦਰੁਸਤ ਕਰਨ ਅਤੇ ਨਾਲ ਹੀ ਉਹ ਵੇਲਾ ਚੇਤੇ ਕਰਨ ਦੀ ਇਜਾਜ਼ਤ ਦਿੰਦੀ ਹੈ ਜਦੋਂ ਵੱਖ-ਵੱਖ ਭਾਈਚਾਰੇ ਕਿਸੇ ਹੱਦ ਤੱਕ ਸੱਭਿਅਕ ਢੰਗ ਨਾਲ ਇਕੱਠਿਆਂ ਰਹਿੰਦੇ ਸਨ।
ਸੱਜੇ-ਪੱਖੀ ਰਾਸ਼ਟਰਵਾਦ ਖ਼ਾਸ ਤੌਰ ’ਤੇ ਜ਼ਹਿਰੀਲਾ ਹੈ, ਪਰ ਸਾਨੂੰ ਹਰ ਹਾਲ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਸਭ ਤਰ੍ਹਾਂ ਦੇ ਹੀ ਰਾਸ਼ਟਰਵਾਦਾਂ ਵਿਚ ਆਪਣੇ ਦੁਸ਼ਮਣ ਸਿਰਜਣ ਤੇ ਨਾਲ ਹੀ ਖ਼ਿਆਲੀ ਏਕਤਾ ਬਣਾਉਣ ਦਾ ਰੁਝਾਨ ਹੁੰਦਾ ਹੈ। ਅਸੀਂ ਕਿਸੇ ਇਕ ਰਾਸ਼ਟਰਵਾਦ ਰਾਹੀਂ ਦੂਜੇ ਰਾਸ਼ਟਰਵਾਦ ਨਾਲ ਨਹੀਂ ਲੜ ਸਕਦੇ। ਇਸ ਸਬੰਧੀ ਸਾਨੂੰ ਰਾਬਿੰਦਰਨਾਥ ਟੈਗੋਰ ਵੱਲੋਂ ਰਾਸ਼ਟਰਵਾਦ ਸਬੰਧੀ ਦਿੱਤੀਆਂ ਚੇਤਾਵਨੀਆਂ ਅਤੇ ਨਾਲ ਹੀ ਉਨ੍ਹਾਂ ਵੱਲੋਂ ਸੁਝਾਏ ਗਏ ਵਿਕਲਪ - ਸੁਲ੍ਹਾਕੁਲਵਾਦ (cosmopolitanism) ਨੂੰ ਯਾਦ ਰੱਖਣਾ ਹੋਵੇਗਾ। ਟੈਗੋਰ ਆਪਣੇ ਬੰਗਾਲੀ ਨਾਵਲ ‘ਘਰੇ ਬਾਇਰੇ’ (ਭਾਵ ਘਰ ਤੇ ਬਾਹਰ ਜਾਂ ਘਰ ਤੇ ਸੰਸਾਰ) ਵਿਚ ਰਾਸ਼ਟਰਵਾਦ ਨੂੰ ਪੱਛਮ ਵੱਲੋਂ ਭਾਰਤ ਵਿਚ ਬਰਾਮਦ ਕੀਤੀ ਗਈ ਖ਼ਤਰਨਾਕ ਵਿਚਾਰਧਾਰਾ ਕਰਾਰ ਦਿੰਦੇ ਹਨ। ਹਿੰਸਾ ਅਤੇ ਹੱਤਿਆਵਾਂ (ਨਾਲ ਹੀ ਨਫ਼ਰਤੀ ਬਿਆਨਬਾਜ਼ੀ) ਉਦੋਂ ਆਮ ਗੱਲ ਬਣ ਜਾਂਦੀ ਹੈ ਜਦੋਂ ਕੋਈ ਆਮ ਵਿਅਕਤੀ ਆਪਣੇ ਆਪ ਨੂੰ ਅਮੂਰਤਤਾ/ਕਲਪਨਾ ਲਈ ਕੁਰਬਾਨ ਕਰ ਦਿੰਦਾ ਹੈ ਅਤੇ ਨਾਲ ਹੀ ਰਾਸ਼ਟਰਵਾਦ ਨੂੰ ਨੇਕੀ/ਸੱਚਾਈ ਅਤੇ ਜ਼ਮੀਰ/ਅੰਤਰ-ਆਤਮਾ ਨਾਲੋਂ ਵੱਧ ਅਹਿਮੀਅਤ ਤੇ ਅਧਿਕਾਰ ਦਿੱਤਾ ਜਾਂਦਾ ਹੈ। ਨਾਵਲ ਦਾ ਨਾਇਕ ਨਿਖਿਲ ਕਹਿੰਦਾ ਹੈ, ‘‘ਮੈਂ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੁੰਦਾ ਹਾਂ, ਪਰ ਆਪਣੀ ਪੂਜਾ ਦਾ ਅਧਿਕਾਰ ਮੈਂ ਰਾਖਵਾਂ ਰੱਖਿਆ ਹੈ... ਆਪਣੇ ਵਤਨ ਨੂੰ ਰੱਬ ਵਾਂਗ ਪੂਜਣਾ ਇਸ ਨੂੰ ਸਰਾਪਣ ਵਾਲੀ ਗੱਲ ਹੈ।’’ ਇਹ ਸੱਜੇ-ਪੱਖੀ ਰਾਸ਼ਟਰਵਾਦ ਦੀ ਸਿਰੇ ਦੀ ਆਲੋਚਨਾ ਹੈ, ਕਿਉਂਕਿ ਇਹ ਭਾਰਤ ਵੱਲੋਂ ਖ਼ੁਦ ਨੂੰ ਪਿਆਰੇ ਕਰਾਰ ਦਿੱਤੇ ਗਏ - ਅਹਿੰਸਾ ਤੇ ਸਹਿਣਸ਼ੀਲਤਾ ਦੇ ਮੁਕਾਬਲੇ ਇਕ ਮਸਨੂਈ ਦੁਸ਼ਮਣ ਪ੍ਰਤੀ ਨਫ਼ਰਤ ਨੂੰ ਕਿਤੇ ਵੱਧ ਅਹਿਮੀਅਤ ਦਿੰਦਾ ਹੈ।
* ਲੇਖਿਕਾ ਰਾਜਨੀਤੀ ਸ਼ਾਸਤਰੀ ਹੈ।