ਪਿੰਡ ਮੰਡੇਰ ਵਿਚ ਬੱਬਰ ਅਕਾਲੀਆਂ ਦੀ ਸ਼ਹੀਦੀ
ਸੀਤਾ ਰਾਮ ਬਾਂਸਲ
ਆਜ਼ਾਦੀ ਦੀ ਜੰਗ ਵਿਚ ਬੱਬਰ ਅਕਾਲੀ ਲਹਿਰ ਦਾ ਪ੍ਰਮੁੱਖ ਸਥਾਨ ਹੈ। ਬੱਬਰ ਅਕਾਲੀ ਲਹਿਰ ਉਦੋਂ ਹੋਂਦ ਵਿਚ ਆਈ ਜਦੋਂ ਪੰਜਾਬ ਵਿਚ ਅੰਗਰੇਜ਼ਾਂ ਨੇ ਪੰਜਾਬੀਆਂ ਦੇ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਮਸਲਿਆਂ ਵਿਚ ਸਿੱਧੀ ਦਖਲ ਅੰਦਾਜ਼ੀ ਕੀਤੀ। ਬੱਬਰ ਅਕਾਲੀਆਂ ਨੇ ਦੋ ਸਾਲ ਦੁਆਬੇ ਵਿਚੋਂ ਅੰਗਰੇਜ਼ਾਂ ਦਾ ਰਾਜ ਖ਼ਤਮ ਕਰੀ ਰੱਖਿਆ। ਉਨ੍ਹਾਂ ਅੰਗਰੇਜ਼ੀ ਰਾਜ ਦੀਆਂ ਜੜ੍ਹਾਂ ਪੱਕੀਆਂ ਕਰਨ ਵਾਲੇ ਝੋਲੀਚੁੱਕਾਂ ਦੇ ਸੁਧਾਰ ਦੀ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਸੀ। ਬੱਬਰਾਂ ਦੀ ਚੜ੍ਹਤ ਖ਼ਤਮ ਕਰਨ ਲਈ ਹਕੂਮਤ ਨੇ ਇਨਾਮਾਂ ਦਾ ਐਲਾਨ ਕਰ ਦਿੱਤਾ ਜਿਸ ਨਾਲ ਬੇਈਮਾਨਾਂ ਦੇ ਇਮਾਨ ਡੋਲ ਗਏ।
ਜਲੰਧਰ ਜਿ਼ਲ੍ਹੇ ਦੇ ਕਸਬੇ ਆਦਮਪੁਰ ਲਾਗਲੇ ਪਿੰਡ ਮੰਡੇਰ ਵਿਚ ਹਾਕਮ ਸਿੰਘ ਦੇ ਪੁੱਤਰ ਜਗਤ ਸਿੰਘ ਦਾ ਨਾਮ ਪੁਲੀਸ ਰਿਕਾਰਡ ਵਿਚ ਦਸ ਨੰਬਰੀਏ ਬਦਮਾਸ਼ ਵਜੋਂ ਦਰਜ ਸੀ। ਜਗਤ ਸਿੰਘ ਨੇ ਬੱਬਰ ਅਕਾਲੀ ਨੇਤਾਵਾਂ ਨਾਲ ਨੇੜਤਾ ਬਣਾ ਲਈ। ਮੰਡੇਰ ਦੇ ਬੱਬਰ ਹਜ਼ਾਰਾ ਸਿੰਘ ਨੂੰ ਅਕਾਲੀ ਲਹਿਰ ਦੇ ਮੋਢੀ ਕਿਸ਼ਨ ਸਿੰਘ ਗੜਗੱਜ ਨੇ ਝੋਲੀਚੁੱਕ ਮਾਰਨ ਲਈ ਪਿਸਤੌਲ ਦਿੱਤਾ ਸੀ। ਹਜ਼ਾਰਾ ਸਿੰਘ ਨੇ ਜਗਤ ਸਿੰਘ ਨੂੰ ਝੋਲੀਚੁੱਕਾਂ ਦੇ ਸੁਧਾਰ ਲਈ ਸਾਥ ਦੇਣ ਲਈ ਕਿਹਾ ਤਾਂ ਜਗਤ ਸਿੰਘ ਨੇ ਪ੍ਰਤਾਪੂ ਬਦਮਾਸ਼ ਰਾਹੀਂ ਛਲ ਨਾਲ ਪਿਸਤੌਲ ਹਜ਼ਾਰਾ ਸਿੰਘ ਤੋਂ ਲੈ ਲਿਆ ਕਿ ਉਹ ਬੱਬਰਾਂ ਬਾਰੇ ਸਰਕਾਰ ਨੂੰ ਡਾਇਰੀਆਂ ਦੇਣ ਵਾਲੇ ਦੋ ਝੋਲੀਚੁੱਕ ਪਿੱਠੂਆਂ ਹਰੀਪੁਰ ਦੇ ਪਟਵਾਰੀ ਅਰਜਨ ਸਿੰਘ ਅਤੇ ਨੰਗਲ ਸ਼ਾਮਾਂ ਦੇ ਬੂਟੇ ਨੰਬਰਦਾਰ ਨੂੰ ਮਾਰ ਦੇਵੇਗਾ। ਆਪਣੇ ਦੋ ਸਾਥੀਆਂ ਨਾਲ ਜਗਤ ਸਿੰਘ ਨੇ ਦੋਹਾਂ ਪਿੱਠੂਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ।
ਪ੍ਰਤਾਪੂ ਕਤਲ ਕੇਸ ਵਿਚ ਗ੍ਰਿਫ਼ਤਾਰ ਹੋਇਆ ਤਾਂ ਸੀਆਈਡੀ ਨੂੰ ਪਤਾ ਲੱਗਾ ਕਿ ਬੱਬਰਾਂ ਦਾ ਪਿਸਤੌਲ ਜਗਤ ਸਿੰਘ ਕੋਲ ਹੈ ਤਾਂ ਜਲੰਧਰ ਦਫਤਰ ਸੱਦ ਕੇ ਜਗਤ ਸਿੰਘ ਨੂੰ ਧਮਕਾਇਆ ਕਿ ਜਾਂ ਤਾਂ ਉਹ ਬੱਬਰਾਂ ਨੂੰ ਗ੍ਰਿਫਤਾਰ ਕਰਾਵੇ, ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ। ਜਗਤ ਸਿੰਘ ਬੱਬਰਾਂ ਨੂੰ ਗ੍ਰਿਫ਼ਤਾਰ ਕਰਾਉਣ ਲਈ ਰਾਜ਼ੀ ਹੋ ਗਿਆ।
12 ਦਸੰਬਰ 1923 ਨੂੰ ਹੁਸ਼ਿਆਰਪੁਰ ਜਿ਼ਲ੍ਹੇ ਦੇ ਵਰਿਆਮ ਸਿੰਘ ਧੁੱਗਾ, ਬੰਤਾ ਸਿੰਘ ਧਾਮੀਆਂ ਤੇ ਜਵਾਲਾ ਸਿੰਘ ਫ਼ਤਿਹਪੁਰ ਕੋਠੀ ਜਗਤ ਸਿੰਘ ਦੇ ਘਰ ਸਨ। ਜਗਤ ਸਿੰਘ ਨੇ ਸ਼ਾਮ ਚੁਰਾਸੀ ’ਚ ਤਾਇਨਾਤ ਸਿਪਾਹੀ ਊਧਮ ਸਿੰਘ ਰਾਹੀਂ ਆਪਣੇ ਘਰ ਬੱਬਰਾਂ ਦੀ ਮੌਜੂਦਗੀ ਬਾਰੇ ਆਦਮਪੁਰ ਥਾਣੇ ਦੇ ਇੰਚਾਰਜ ਨੂੰ ਸੁਨੇਹਾ ਭੇਜ ਦਿੱਤਾ। ਸਬ ਇੰਸਪੈਕਟਰ ਖ਼ਾਨ ਬਹਾਦਰ ਸ਼ੇਖ਼ ਅਬਦੁਲ ਅਜ਼ੀਜ਼ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਡਬਲਿਊਸੀ ਜੈਕਬ ਨੂੰ ਸਵੇਰ ਦੇ ਕਰੀਬ ਸਾਢੇ ਗਿਆਰਾਂ ਵਜੇ ਇਹ ਖ਼ਬਰ ਜਾ ਪਹੁੰਚਾਈ। ਜੈਕਬ ਨੇ ਜਲੰਧਰ ਛਾਉਣੀ ਤੋਂ ਘੋੜ ਸਵਾਰ ਰਸਾਲਾ ਫ਼ੌਜ ਨੂੰ ਮੰਡੇਰ ਪਹੁੰਚਣ ਲਈ ਕਹਿ ਦਿੱਤਾ। ਆਦਮਪੁਰ ਥਾਣੇ ਵਿਚ ਕਾਫੀ ਚਿਰ ਘੋੜ ਸਵਾਰ ਰਸਾਲਾ ਉਡੀਕਣ ਬਾਅਦ ਡਿਪਟੀ ਕਮਿਸ਼ਨਰ ਜੈਕਬ ਅਤੇ ਪੁਲੀਸ ਸੁਪਰਡੈਂਟ ਫਿਟਜ਼ਗਰਾਲਡ ਨੇ ਇਕ ਇੰਸਪੈਕਟਰ, ਦੋ ਸਬ ਇੰਸਪੈਕਟਰ, 38 ਸਿਪਾਹੀਆਂ ਅਤੇ ਸੀਆਈਡੀ ਦੇ ਕੁਝ ਬੰਦਿਆਂ ਨੂੰ ਨਾਲ ਲੈ ਕੇ ਸ਼ਾਮ ਨੂੰ ਚਾਰ ਵਜੇ ਮੰਡੇਰ ਪਿੰਡ ਜਾ ਘੇਰਿਆ। ਜੈਕਬ ਨੇ ਪਿੰਡ ਦੇ ਦੱਖਣ ਤੇ ਫਿਟਜ਼ਗਰਾਲਡ ਨੇ ਉੱਤਰ ਵਾਲੇ ਪਾਸੇ ਅਤੇ ਇੱਕ ਪਾਸੇ ਖ਼ਾਨ ਬਹਾਦਰ ਸ਼ੇਖ਼ ਅਬਦੁਲ ਅਜ਼ੀਜ਼ ਨੇ ਮੋਰਚਾ ਸੰਭਾਲ਼ ਲਿਆ। ਜੈਕਬ ਨੇ ਬੱਬਰ ਅਕਾਲੀ ਮੁਕੱਦਮਾ ਨੰਬਰ ਦੋ ਵਿਚ ਗਵਾਹੀ ਦੌਰਾਨ ਦੱਸਿਆ ਸੀ ਕਿ ਬੱਬਰ ਅਕਾਲੀਆਂ ਦੇ ਅਕਾਸ਼ ਗੂੰਜਾਊ ਜੈਕਾਰੇ ਸੁਣਾਈ ਦਿੱਤੇ ਅਤੇ ਬੱਬਰ ਅਕਾਲੀਆਂ ਨੇ ਕਿਹਾ ਕਿ ਉਹ ਹਥਿਆਰ ਸੁੱਟ ਕੇ ਗ੍ਰਿਫ਼ਤਾਰ ਨਹੀਂ ਹੋਣਗੇ। ਬੱਬਰਾਂ ਨੇ ਜਗਤ ਸਿੰਘ ਦੇ ਘਰੋਂ ਨਿੱਕਲ ਕੇ ਨਿਹਾਲ ਸਿੰਘ ਦੇ ਚੁਬਾਰੇ ਵਿਚ ਮੋਰਚਾ ਲਾ ਲਿਆ। ਪੁਲੀਸ ਨੇ ਸਾਰਾ ਪਿੰਡ ਖਾਲੀ ਕਰਵਾ ਲਿਆ।
ਅਚਾਨਕ ਗੋਲੀਆਂ ਵਰ੍ਹਨੀਆਂ ਸ਼ੁਰੂ ਹੋ ਗਈਆਂ ਅਤੇ ਕਈ ਫਾਇਰ ਡਿਪਟੀ ਕਮਿਸ਼ਨਰ ਅਤੇ ਪੁਲੀਸ ਵਾਲਿਆਂ ਦੇ ਉੱਤੋਂ ਦੀ ਲੰਘੇ। ਪੁਲੀਸ ਨੇ ਘਰਾਂ ਦੀਆਂ ਛੱਤਾਂ ਉੱਤੇ ਮਸ਼ੀਨਗੰਨਾਂ ਬੀੜ ਕੇ ਅੰਨ੍ਹੇਵਾਹ ਫਾਇਰਿੰਗ ਕੀਤੀ। ਬੱਬਰਾਂ ਕੋਲ ਦੋ ਰਫਲਾਂ ਅਤੇ ਇੱਕ ਰਿਵਾਲਵਰ ਸੀ। ਉਨ੍ਹਾਂ ਨੇ ਵੀ ਮੋੜਵੇਂ ਫਾਇਰ ਕੀਤੇ। ਬੱਬਰਾਂ ਦਾ ਮੋਰਚਾ ਜ਼ਿਆਦਾ ਮਜ਼ਬੂਤ ਸੀ। ਅੱਧਾ ਘੰਟਾ ਗੋਲੀਬਾਰੀ ਪਿੱਛੋਂ ਘੋੜ ਸਵਾਰ ਰਸਾਲਾ ਪਹੁੰਚਿਆ। ਰਸਾਲੇ ਕੋਲ 42 ਐੱਮਐੱਮ ਦੀ ਹੌਚਕਿਸ ਗੰਨ (ਛੋਟੀ ਤੋਪ) ਸੀ ਜਿਸ ਨਾਲ ਚੁਬਾਰੇ ’ਤੇ ਫਾਇਰਿੰਗ ਕੀਤੀ ਗਈ।
ਘੰਟਾ ਕੁ ਇਹ ਕਾਰਵਾਈ ਜਾਰੀ ਰਹੀ, ਅੰਤ ਪੁਲੀਸ ਨੇ ਫ਼ੈਸਲਾ ਕੀਤਾ ਕਿ ਚੁਬਾਰੇ ਨੂੰ ਅੱਗ ਲਾ ਦਿੱਤੀ ਜਾਵੇ। ਅਫਸਰਾਂ ਤੋਂ ਹੁਕਮ ਮਿਲਦਿਆਂ ਸਬ ਇੰਸਪੈਕਟਰ ਖਾਨ ਬਹਾਦਰ ਸ਼ੇਖ਼ ਅਬਦੁਲ ਅਜ਼ੀਜ਼ ਨੇ ਲੋਕਾਂ ਤੋਂ ਮੱਕੀ ਦੇ ਟਾਂਡਿਆਂ ਦੀਆਂ ਭਰੀਆਂ ਚੁਬਾਰੇ ਦੇ ਆਲ਼ੇ ਦੁਆਲੇ ਲੁਆ ਕੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ। ਬੱਬਰਾਂ ਨੇ ਬਚ ਨਿਕਲਣ ਦਾ ਯਤਨ ਕੀਤਾ। ਬੱਬਰ ਬੰਤਾ ਸਿੰਘ ਧਾਮੀਆਂ ਅਤੇ ਬੱਬਰ ਜਵਾਲਾ ਸਿੰਘ ਫਤਹਿਪੁਰ ਕੋਠੀ ਸ਼ਹੀਦ ਹੋ ਗਏ। ਬੱਬਰ ਬੰਤਾ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਦਰਵਾਜ਼ੇ ਲਾਗੇ ਡਿੱਗ ਪਿਆ ਤਾਂ ਉਹਨੇ ਵਰਿਆਮ ਸਿੰਘ ਨੂੰ ਕਿਹਾ- ਮੈਨੂੰ ਗੋਲ਼ੀ ਮਾਰ ਕੇ ਖ਼ਤਮ ਕਰ ਦੇ ਤਾਂ ਕਿ ਤਕਲੀਫ ਤੋਂ ਛੁਟਕਾਰਾ ਪਾ ਸਕਾਂ। ਵਰਿਆਮ ਸਿੰਘ ਨੇ ਗੋਲ਼ੀ ਮਾਰ ਕੇ ਆਪਣੇ ਸਾਥੀ ਨੂੰ ਆਪ ਸ਼ਹੀਦ ਕਰ ਦਿੱਤਾ ਸੀ।
ਬੱਬਰ ਵਰਿਆਮ ਸਿੰਘ ਧੁੱਗਾ ਸਿਪਾਹੀ ਵਜ਼ੀਰ ਖਾਨ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਕੇ ਬਚ ਨਿਕਲਿਆ। ਵਰਿਆਮ ਸਿੰਘ ਪਹਿਲਾਂ ਦਮੁੰਡੇ ਬਚਿੰਤ ਸਿੰਘ ਕੋਲ ਗਿਆ, ਉਸ ਕੋਲੋਂ ਖੇਸ ਲੈ ਕੇ ਅਲਾਵਲਪੁਰ ਲਾਗਲੇ ਪਿੰਡ ਦੌਲਤਪੁਰ ਵਿਚ ਬੱਬਰ ਸੁਰੈਣ ਸਿੰਘ ਕੋਲ ਜਾ ਪਹੁੰਚਿਆ। ਸੁਰੈਣ ਸਿੰਘ ਨੇ ਉਸ ਦੇ ਇਲਾਜ ਲਈ ਅਲਾਵਲਪੁਰ ਤੋਂ ਹਕੀਮ ਪੰਡਤ ਜਗਨ ਨਾਥ ਕੋਲ਼ਂ ਉਸ ਦੇ ਸੜੇ ਹੋਏ ਸਰੀਰ ਦੇ ਜ਼ਖ਼ਮਾਂ ਦਾ ਇਲਾਜ ਕਰਵਾਇਆ।
ਥਾਣਾ ਆਦਮਪੁਰ ਦਾ ਥਾਣੇਦਾਰ ਬੋਦਲਾਂ (ਹੁਸਿ਼ਆਰਪੁਰ) ਦਾ ਹਰਚਰਨ ਸਿੰਘ ਰੰਧਾਵਾ ਸੀ। ਜਦੋਂ ਸਾਰੇ ਅਫਸਰ ਅਤੇ ਰਸਾਲਾ 13 ਸਤੰਬਰ 1923 ਨੂੰ ਕਾਰਵਾਈ ਮੁਕੰਮਲ ਕਰ ਕੇ ਚਲੇ ਗਏ ਤਾਂ ਥਾਣੇਦਾਰ ਦੋ ਗੱਡਿਆਂ ਉੱਤੇ ਦੋਹਾਂ ਬੱਬਰ ਸ਼ਹੀਦਾਂ ਦੀਆਂ ਲਾਸ਼ਾਂ ਲੱਦ ਕੇ ਪੋਸਟ-ਮਾਰਟਮ ਕਰਾਉਣ ਲਈ ਜਲੰਧਰ ਨੂੰ ਲੈ ਕੇ ਚੱਲ ਪਿਆ। ਖੁਰਦਪੁਰ ਦੇ ਲੋਕਾਂ ਨੇ ਥਾਣੇਦਾਰ ਨੂੰ ਲਾਸ਼ਾਂ ਨਾਲ ਅਜਿਹਾ ਸਲੂਕ ਕਰਨ ਤੋਂ ਵਰਜਦਿਆਂ ਲਾਸ਼ਾਂ ’ਤੇ ਚਾਦਰਾਂ ਪਾ ਦਿੱਤੀਆਂ। ਥਾਣੇਦਾਰ ਗੱਡੇ ਦੇ ਅੱਗੇ ਘੋੜੇ ’ਤੇ ਚੜ੍ਹਿਆ ਪਿੰਡਾਂ ਵਾਲਿਆਂ ਨੂੰ ਕਹਿੰਦਾ ਜਾ ਰਿਹਾ ਸੀ- ਲੋਕੋ ਦੇਖ ਲਓ ਸਰਕਾਰ ਦੀ ਮੁਖ਼ਾਲਫ਼ਤ ਕਰਨ ਵਾਲਿਆਂ ਦਾ ਹਸ਼ਰ।
ਬਾਈ ਕੁ ਦਿਨਾਂ ਬਾਅਦ ਵਰਿਆਮ ਸਿੰਘ ਧੁੱਗਾ ਨੇ ਦਮੁੰਡੇ ਬੱਬਰ ਬਚਿੰਤ ਸਿੰਘ ਦੇ ਘਰ ਮਿਲਣ ਗਏ ਨੇ ਜਗਤ ਸਿੰਘ ਨੂੰ ਉੱਥੇ ਦੇਖਿਆ ਤਾਂ ਜਗਤ ਸਿੰਘ ’ਤੇ ਗੋਲੀਆਂ ਚਲਾਈਆਂ ਪਰ ਉਹ ਭੱਜ ਕੇ ਬਚ ਗਿਆ। ਇਹ ਗੱਲ ਬੱਬਰ ਅਕਾਲੀਆਂ ਲਈ ਸਦਾ ਬੁਝਾਰਤ ਬਣੀ ਰਹੀ ਕਿ ਤਿੰਨ ਬੱਬਰਾਂ ਨੂੰ ਸ਼ਹੀਦ ਕਰਾਉਣ ਵਾਲਾ ਜਗਤ ਸਿੰਘ ਬੱਬਰ ਬਚਿੰਤ ਸਿੰਘ ਕੋਲ ਕੀ ਕਰਦਾ ਸੀ। ਜਗਤ ਸਿੰਘ ਨੂੰ ਅੰਗਰੇਜ਼ ਸਰਕਾਰ ਨੇ ਇਨਾਮ ਵਜੋਂ ਬਾਰ ਵਿਚ ਜ਼ਮੀਨ ਦਾ ਮੁਰੱਬਾ ਦਿੱਤਾ ਸੀ।
ਵਰਿਆਮ ਸਿੰਘ ਨੇ ਬਾਰ ਦੇ ਇਲਾਕੇ ’ਚ ਬੱਬਰ ਅਕਾਲੀ ਲਹਿਰ ਪੁਨਰ-ਸੁਰਜੀਤ ਕਰਨ ਦੀ ਕੋਸ਼ਸ਼ ਕੀਤੀ। 8 ਜੂਨ 1924 ਨੂੰ ਚੱਕ ਨੰਬਰ 54 ’ਚ ਰਿਸ਼ਤੇਦਾਰਾਂ ਦੇ ਧੋਖੇ ਕਾਰਨ ਉਹ ਪੁਲੀਸ ਮੁਕਾਬਲੇ ’ਚ ਸ਼ਹੀਦੀ ਪਾ ਗਿਆ। ਮੰਡੇਰ ਦੇ ਬੱਬਰ ਹਜ਼ਾਰਾ ਸਿੰਘ ਨੂੰ ਬੱਬਰ ਅਕਾਲੀ ਸਾਜਿ਼ਸ਼ ਕੇਸ ਵਿਚ ਸਜ਼ਾ ਹੋਈ। ਨਿਹਾਲ ਸਿੰਘ ਦੇ ਪਰਿਵਾਰ ਨੇ ਹੁਣ ਉਸ ਘਰ ਵਿਚ ਬੱਬਰ ਸ਼ਹੀਦਾਂ ਦੀ ਯਾਦਗਾਰ ਬਣਾਈ ਹੋਈ ਹੈ। ਪਿੰਡ ਵਾਸੀ ਸ਼ਰਧਾ ਨਾਲ ਇਸ ਸ਼ਹੀਦੀ ਸਥਾਨ ’ਤੇ ਦੀਵੇ ਜਗਾਉਂਦੇ ਹਨ ਅਤੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ ਕਰਾਉਂਦੇ ਹਨ।
ਸੰਪਰਕ: 75892-56092