For the best experience, open
https://m.punjabitribuneonline.com
on your mobile browser.
Advertisement

ਗੋਆ ਦੀ ਆਜ਼ਾਦੀ ਦਾ ਸ਼ਹੀਦ ਕਰਨੈਲ ਸਿੰਘ ਈਸੜੂ

05:48 AM Aug 15, 2024 IST
ਗੋਆ ਦੀ ਆਜ਼ਾਦੀ ਦਾ ਸ਼ਹੀਦ ਕਰਨੈਲ ਸਿੰਘ ਈਸੜੂ
Advertisement

ਜੋਗਿੰਦਰ ਸਿੰਘ ਓਬਰਾਏ

Advertisement

ਪੰਜਾਬ ਦੀ ਧਰਤੀ ਨੂੰ ਇਹ ਫ਼ਖਰ ਹੈ ਕਿ ਜਦੋਂ ਵੀ ਦੇਸ਼ ਨੂੰ ਵਿਦੇਸ਼ੀ ਹਕੂਮਤ ਤੋਂ ਆਜ਼ਾਦੀ ਦਿਵਾਉਣ ਲਈ ਕਿਸੇ ਕਿਸਮ ਦਾ ਕੋਈ ਵੀ ਸੰਘਰਸ਼ ਸ਼ੁਰੂ ਹੋਇਆ, ਉਸ ਵਿਚ ਪੰਜਾਬੀ ਨੌਜਵਾਨਾਂ ਨੇ ਖ਼ੂਬ ਵਧ ਚੜ੍ਹ ਕੇ ਹਿੱਸਾ ਲਿਆ। ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਸਿੰਘ ਤੇ ਸ਼ਹੀਦ ਊਧਮ ਸਿੰਘ ਨੇ ਹੱਸਦੇ-ਹੱਸਦੇ ਭਾਰਤ ਨੂੰ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਗਾਉਂਦਿਆਂ ਫ਼ਾਂਸੀ ਦੇ ਰੱਸੇ ਚੁੰਮੇ।
ਮਹਾਨ ਕੁਰਬਾਨੀਆਂ ਅਤੇ ਲੰਮੇ ਸੰਘਰਸ਼ ਪਿੱਛੋਂ ਭਾਵੇਂ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ ਪਰ ਦੇਸ਼ ਦੇ ਛੋਟੇ ਜਿਹੇ ਹਿੱਸੇ ’ਤੇ ਪੁਰਤਗਾਲ ਦੀ ਗੁਲਾਮੀ ਛਾਈ ਰਹੀ। ਗੋਆ ਵਿਚ ਬੈਠਾ ਵਿਦੇਸ਼ੀ ਸਾਮਰਾਜ ਭਾਰਤ ਵਾਸੀਆਂ ਨੂੰ ਚੁਣੌਤੀਆਂ ਦਿੰਦਾ ਰਿਹਾ। ਆਖ਼ਿਰ ਇਨ੍ਹਾਂ ਚੁਣੌਤੀਆਂ ਨੂੰ ਕਬੂਲ ਕਰਦੇ ਹੋਏ 15 ਅਗਸਤ 1955 ਵਿਚ ਭਾਰਤ ਵਾਸੀਆਂ ਨੇ ਗੋਆ ਨੂੰ ਗੈਰ-ਮੁਲਕੀ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਸੰਘਰਸ਼ ਸ਼ੁਰੂ ਕੀਤਾ ਜਿਸ ਵਿਚ ਪੁਰਤਗਾਲ ਸਰਕਾਰ ਦੀ ਸੈਨਾ ਦੀ ਅੰਨ੍ਹੇਵਾਹ ਫਾਇਰਿੰਗ ਵਿਚ ਪੰਜਾਬੀ ਨੌਜਵਾਨ ਮਾਸਟਰ ਕਰਨੈਲ ਸਿੰਘ ਈਸੜੂ ਨੇ ਸ਼ਹੀਦੀ ਪ੍ਰਾਪਤ ਕੀਤੀ। ਸ਼ਹੀਦ ਕਰਨੈਲ ਸਿੰਘ 1929 ਨੂੰ ਚੱਕ ਨੰਬਰ 30, ਤਹਿਸੀਲ ਸਮੁੰਦਰੀ, ਜ਼ਿਲ੍ਹਾ ਲਾਇਲਪੁਰ (ਅੱਜ ਕੱਲ੍ਹ ਪਾਕਿਸਤਾਨ) ਵਿਚ ਪੈਦਾ ਹੋਏ। ਸੱਤਵੀਂ ਜਮਾਤ ਤੱਕ ਵਿੱਦਿਆ ਮਿਸ਼ਨ ਹਾਈ ਸਕੂਲ ਖੁਸ਼ਪੁਰ ਚੱਕ ਨੰਬਰ 51 ਵਿਚ ਹਾਸਲ ਕੀਤੀ ਜਿੱਥੇ ਉਨ੍ਹਾਂ ਦੇ ਵੱਡੇ ਭਰਾ ਤਖ਼ਤ ਸਿੰਘ ਜ਼ਿਲ੍ਹਾ ਬੋਰਡ ਹਾਈ ਸਕੂਲ ਚੱਕ ਸ਼ੇਰੇ ਵਾਲਾ ਵਿਚ ਮੁੱਖ ਅਧਿਆਪਕ ਸਨ। ਉਥੋਂ ਕਰਨੈਲ ਸਿੰਘ ਨੇ 8ਵੀਂ ਪਾਸ ਕੀਤੀ।
ਉਨ੍ਹਾਂ ਦਾ ਦੂਜਾ ਭਰਾ ਹਰਚੰਦ ਸਿੰਘ ਅਤੇ ਮਾਤਾ ਜੀ ਪਾਕਿਸਤਾਨ ਤੋਂ ਆ ਕੇ ਪਿੰਡ ਈਸੜੂ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਵਿਚ ਰਹਿਣ ਲੱਗੇ। ਅੱਠਵੀਂ ਪਾਸ ਕਰਨ ਤੋਂ ਬਾਅਦ ਕਰਨੈਲ ਸਿੰਘ ਵੀ ਉਨ੍ਹਾਂ ਦੇ ਕੋਲ ਪਿੰਡ ਈਸੜੂ ਆ ਗਏ ਅਤੇ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਖੰਨਾ ਵਿਚ ਦਾਖ਼ਲ ਹੋ ਗਏ ਜਿੱਥੇ ਉਨ੍ਹਾਂ ਨੇ ਮੈਟ੍ਰਿਕ ਪਹਿਲੇ ਦਰਜੇ ਵਿਚ ਪਾਸ ਕੀਤੀ।
ਪੜ੍ਹਾਈ ਦੌਰਾਨ ਉਨ੍ਹਾਂ ਨੂੰ ਆਪਣੇ ਭਰਾ ਤਖ਼ਤ ਸਿੰਘ ਜੋ ਤਰੱਕੀ ਪਸੰਦ ਸ਼ਾਇਰ ਵੀ ਸਨ, ਦੀਆਂ ਉਰਦੂ ਵਿਚ ਲਿਖੀਆਂ ਨਜ਼ਮਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਇਸ ਕਿਸਮ ਦੀਆਂ ਨਜ਼ਮਾਂ ਉਹ ਸਕੂਲ ਦੇ ਹਰ ਸਮਾਗਮ ’ਤੇ ਪੜ੍ਹਦੇ। ਇਸ ਤੋਂ ਉਨ੍ਹਾਂ ਦਾ ਰੁਝਾਨ ਰਾਜਨੀਤੀ ਵੱਲ ਹੋ ਗਿਆ ਅਤੇ ਉਹ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਬਣ ਗਏ। ਉਨ੍ਹਾਂ ਦਿਨਾਂ ਵਿਚ ਖੰਨਾ ਦੇ ਸਕੂਲ ਵਿਚ ਫੀਸਾਂ ਵਧਾਉਣ ਕਾਰਨ ਸਰਕਾਰ ਦੇ ਵਿਰੁੱਧ ਸੰਘਰਸ਼ ਹੋ ਗਿਆ ਤੇ ਕਰਨੈਲ ਸਿੰਘ ਪ੍ਰਧਾਨ ਚੁਣੇ ਗਏ।
ਗਰੀਬੀ ਕਾਰਨ ਉਹ ਕਾਲਜ ਵਿਚ ਦਾਖ਼ਲ ਨਾ ਹੋ ਸਕੇ। ਉਨ੍ਹਾਂ ਨੇ ਇਕ ਲਾਇਬ੍ਰੇਰੀ ਪਬਲਿਕ ਸਕੂਲ ਲਈ ਖੋਲ੍ਹੀ ਜਿਸ ਦੇ ਪ੍ਰਧਾਨ ਉਹ ਆਪ ਹੀ ਬਣੇ ਅਤੇ ਪ੍ਰਾਈਵੇਟ ਤੌਰ ’ਤੇ ਐੱਫਏ ਪਾਸ ਕੀਤੀ। ਆਪਣੇ ਵੱਡੇ ਭਰਾ ਦੇ ਕਹਿਣ ’ਤੇ ਉਨ੍ਹਾਂ ਨੇ ਐਮਰਜੈਂਸੀ ਬੇਸਿਕ ਟਰੇਨਿੰਗ ਹਾਸਲ ਕੀਤੀ ਅਤੇ ਖੰਨਾ ਨੇੜੇ ਪਿੰਡ ਬੰਬਾਂ ਵਿਚ ਅਧਿਆਪਕ ਲੱਗ ਗਏ। ਨੌਕਰੀ ਦੌਰਾਨ ਵੀ ਉਨ੍ਹਾਂ ਦਾ ਧਿਆਨ ਜ਼ਿਆਦਾਤਰ ਰਾਜਨੀਤੀ ਵੱਲ ਹੀ ਰਹਿੰਦਾ। ਅਗਸਤ 1955 ਵਿਚ ਉਹ ਆਪਣਾ ਆਖ਼ਿਰੀ ਸਾਲ ਦਾ ਐਮਰਜੈਂਸੀ ਬੇਸਿਕ ਟਰੇਨਿੰਗ ਕੋਰਸ ਕਰਨ ਜਰਗ ਚਲੇ ਗਏ। ਉਦੋਂ ਹੀ ਗੋਆ ਨੂੰ ਪੁਰਤਗਾਲੀ ਸਾਮਰਾਜ ਤੋਂ ਛੁਡਵਾਉਣ ਲਈ ਸੰਘਰਸ਼ ਸ਼ੁਰੂ ਹੋ ਗਿਆ। ਉਨ੍ਹਾਂ ਦੇ ਦਿਲ ਵਿਚ ਵੀ ਗੋਆ ਦੇ ਸੱਤਿਆਗ੍ਰਹਿ ਵਿਚ ਸ਼ਾਮਲ ਹੋਣ ਦਾ ਸ਼ੌਕ ਪੈਦਾ ਹੋਇਆ। ਉਨ੍ਹਾਂ ਨੇ ਘਰ ਦੇ ਜੀਆਂ ਤੋਂ ਇਜਾਜ਼ਤ ਲਏ ਬਗੈਰ ਹੀ ਆ ਕੇ ਆਪਣੇ ਵੱਡੇ ਭਰਾ ਤਖ਼ਤ ਸਿੰਘ ਨੂੰ ਪੋਸਟ ਕਾਰਡ ਲਿਖਿਆ। ਉਨ੍ਹਾਂ ਨੇ ਲਿਖਿਆ- ‘ਮੈਂ ਲੁਧਿਆਣਾ ਤੋਂ ਆਪ ਜੀ ਨੂੰ ਇਹ ਪੋਸਟ ਕਾਰਡ ਇਸ ਲਈ ਪਾਇਆ ਹੈ ਕਿ ਇਹ ਕਾਰਡ ਆਪ ਨੂੰ ਉਸ ਵਕਤ ਮਿਲੇਗਾ ਜਦ ਮੈਂ ਲੁਧਿਆਣਾ ਤੋਂ ਚੱਲ ਪਵਾਂਗਾ। ਫਿਰ ਮੈਨੂੰ ਵੱਡੇ ਭਰਾ ਜੀ ਗੋਆ ਜਾਣ ਤੋਂ ਰੋਕ ਨਹੀਂ ਸਕਣਗੇ।’ ਇੰਨਾ ਜਜ਼ਬਾ ਸੀ ਉਨ੍ਹਾਂ ਵਿਚ ਗੋਆ ਦੇ ਸੱਤਿਆਗ੍ਰਹਿ ਵਿਚ ਹਿੱਸਾ ਲੈਣ ਦਾ ਅਤੇ ਇਥੋਂ ਹੀ ਉਨ੍ਹਾਂ ਖੰਨਾ ਦੇ ਹੋਟਲ ਵਾਲੇ ਆਪਣੇ ਦੋਸਤ ਨੱਥੂ ਰਾਮ ਨੂੰ ਖ਼ਤ ਲਿਖਿਆ ਕਿ ਉਹ ਉਸ ਦੀ ਮਾਤਾ ਨੂੰ ਇਹ ਸੁਨੇਹਾ ਪਹੁੰਚਾ ਦੇਣ ਕਿ ਕਰਨੈਲ ਸਿੰਘ ਗੋਆ ਵਿਚ ਸੱਤਿਆਗ੍ਰਹਿ ਕਰਨ ਚਲਾ ਗਿਆ ਹੈ।
ਗੋਆ ਪੁੱਜ ਕੇ ਜਦੋਂ ਦੇਸ਼ ਦੇ ਮਰਜੀਵੜਿਆਂ ਦੀ ਭਾਰੀ ਭੀੜ ਨੇ ਪੁਰਤਗਾਲੀਆਂ ਨੂੰ ਉਥੋਂ ਭਜਾ ਦਿੱਤਾ, ਇਸੇ ਦੌਰਾਨ ਕਰਨੈਲ ਸਿੰਘ ਜਦੋਂ ਤਿਰੰਗਾ ਝੰਡਾ ਝੁਲਾਉਣ ਲਈ ਮਿਨਾਰ ’ਤੇ ਚੜ੍ਹੇ ਤਾਂ ਕਿਸੇ ਛੁਪੇ ਹੋਏ ਪੁਰਤਗਾਲੀ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਜਿਸ ਦੇ ਸਿੱਟੇ ਵਜੋਂ ਕਰਨੈਲ ਸਿੰਘ ਮੌਕੇ ’ਤੇ ਹੀ ਸ਼ਹੀਦ ਹੋ ਗਏ।
ਉਨ੍ਹਾਂ ਦੀ ਯਾਦ ਵਿਚ ਹਰ ਵਰ੍ਹੇ ਪਿੰਡ ਈਸੜੂ ਜੋ ਖੰਨਾ ਤੋਂ ਮਲੇਰਕੋਟਲਾ ਸੜਕ ਉੱਤੇ 12 ਕਿਲੋਮੀਟਰ ਦੀ ਦੂਰੀ ’ਤੇ ਹੈ, ਵਿੱਚ ਸ਼ਹੀਦ ਕਰਨੈਲ ਸਿੰਘ ਦੀ ਸਮਾਧੀ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਆਦਮ ਕੱਦ ਬੁੱਤ ਵੀ ਲੱਗਾ ਹੋਇਆ ਹੈ। ਪਿੰਡ ਵਾਸੀਆਂ ਨੇ ਸ਼ਹੀਦ ਕਰਨੈਲ ਸਿੰਘ ਮੈਮੋਰੀਅਲ ਟੂਰਨਾਮੈਂਟ ਕਮੇਟੀ ਬਣਾਈ ਹੋਈ ਹੈ ਜੋ ਹਰ ਸਾਲ ਟੂਰਨਾਮੈਂਟ ਕਰਵਾਉਂਦੀ ਹੈ। ਇਸ ਤੋਂ ਇਲਾਵਾ ਸ਼ਹੀਦ ਦੇ ਨਾਂ ’ਤੇ ਪਿੰਡ ਵਿਚ ਲਾਇਬ੍ਰੇਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੀ ਬਣਾਇਆ ਗਿਆ ਹੈ। ਇਥੇ ਖੇਡ ਸਟੇਡੀਅਮ ਅਤੇ ਖੰਨਾ ਵਿੱਚ ਇਕ ਬਾਜ਼ਾਰ ਦਾ ਨਾਂ ਵੀ ਸ਼ਹੀਦ ਕਰਨੈਲ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ। ਇਸੇ ਤਰ੍ਹਾਂ ਗੋਆ ਵਿਚ ਵੀ ਸ਼ਹੀਦ ਦੀ ਯਾਦਗਾਰ ਬਣੀ ਹੋਈ ਹੈ।
ਸ਼ਹੀਦ ਕਰਨੈਲ ਸਿੰਘ ਦੀ ਯਾਦ ਵਿਚ ਈਸੜੂ ਵਿੱਚ ਹਰ ਵਰ੍ਹੇ ਭਾਰੀ ਸ਼ਹੀਦੀ ਜੋੜ ਮੇਲਾ ਲੱਗਦਾ ਹੈ ਜਿੱਥੇ ਪੰਜਾਬ ਭਰ ਤੋਂ ਹਜ਼ਾਰਾਂ ਲੋਕ ਪੁੱਜਦੇ ਹਨ। ਇਸ ਮੌਕੇ ਸਾਰੀਆਂ ਰਾਜਨੀਤਕ ਪਾਰਟੀਆਂ ਕਾਨਫਰੰਸਾਂ ਕਰਦੀਆਂ ਹਨ ਜਿਸ ਵਿਚ ਅਨੇਕ ਆਗੂ ਪੁੱਜ ਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। ਅੱਜ 15 ਅਗਸਤ ਨੂੰ ਉਨ੍ਹਾਂ ਦੇ 69ਵੇਂ ਸ਼ਹੀਦੀ ਦਿਵਸ ’ਤੇ ਪਿੰਡ ਈਸੜੂ ਵਿੱਚ ਭਾਰੀ ਜੋੜ ਮੇਲਾ ਲੱਗ ਰਿਹਾ ਹੈ।
ਸੰਪਰਕ: 98769-24513

Advertisement

Advertisement
Author Image

joginder kumar

View all posts

Advertisement