ਵਿਆਹੁਤਾ ਦੀ ਮੌਤ: ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਗਿੱਦੜਬਾਹਾ, 27 ਜੁਲਾਈ
ਪਿੰਡ ਕੋਟਭਾਈ ਵਾਸੀ ਗਗਨਦੀਪ ਕੌਰ ਪਤਨੀ ਸ਼ਮਿੰਦਰ ਸਿੰਘ ਦੀ ਹੋਈ ਮੌਤ ਨੂੰ ਲੜਕੀ ਦੇ ਪੇਕਾ ਪਰਿਵਾਰ ਨੇ ਕਤਲ ਕਰਾਰ ਦਿੰਦਿਆਂ ਲੜਕੀ ਦੇ ਸਹੁਰਾ ਪਰਿਵਾਰ ‘ਤੇ ਗੰਭੀਰ ਦੋਸ਼ ਲਗਾਏ ਹਨ। ਇਸ ਸਬੰਧੀ ਅੱਜ ਮ੍ਰਿਤਕ ਲੜਕੀ ਗਗਨਦੀਪ ਕੌਰ ਦੇ ਮਮੇਰੇ ਭਰਾ ਲਖਵੀਰ ਸਿੰਘ ਵਾਸੀ ਮੋਗਾ ਨੇ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਡੋਡ ਤੋਂ ਉਸ ਦੀ ਭੂਆ ਦੀ ਲੜਕੀ ਗਗਨਦੀਪ ਕੌਰ ਦਾ ਵਿਆਹ ਸਾਲ 2014 ਵਿਚ ਪਿੰਡ ਕੋਟਭਾਈ ਦੇ ਸ਼ਮਿੰਦਰ ਸਿੰਘ ਪੁੱਤਰ ਅੰਗਰੇਜ਼ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਸ਼ਮਿੰਦਰ ਸਿੰਘ ਨਸ਼ਿਆਂ ਦਾ ਆਦੀ ਹੋਣ ਕਰਕੇ ਸ਼ੁਰੂ ਤੋਂ ਹੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਵੇਰੇ ਸੱਤ ਵਜੇ ਦੱਸਿਆ ਗਿਆ ਕਿ ਤੁਹਾਡੀ ਲੜਕੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਅਤੇ ਸਾਡੇ ਸਿਵਲ ਹਸਪਤਾਲ ਪਹੁੰਚਦਿਆਂ ਹੀ ਸਹੁਰਾ ਪਰਿਵਾਰ ਇੱਥੋਂ ਗਾਇਬ ਹੋ ਗਿਆ। ਜਦ ਇਸ ਸਬੰਧੀ ਡਾਕਟਰ ਦੀਪਕ ਰਾਏ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 25-26 ਦੀ ਰਾਤ ਨੂੰ ਗੰਭੀਰ ਹਾਲਤ ਵਿਚ ਉਕਤ ਲੜਕੀ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਲਿਆਂਦਾ ਗਿਆ ਸੀ, ਪਰ ਉਸ ਵਕਤ ਡਿਊਟੀ ’ਤੇ ਹਾਜ਼ਰ ਡਾਕਟਰ ਨਿਤੇਸ਼ ਵਲੋਂ ਜਾਂਚ ਉਪਰੰਤ ਲੜਕੀ ਨੂੰ ਮ੍ਰਿਤਕ ਘੋਸ਼ਤ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਹੁਣ ਪੁਲੀਸ ਕੇਸ ਹੋਣ ਕਰਕੇ ਡਾਕਟਰਾਂ ਦਾ ਇਕ ਪੈਨਲ ਬਣਾਇਆ ਗਿਆ ਹੈ, ਜਿਸ ਵਲੋਂ ਮ੍ਰਿਤਕ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਦੂਜੇ ਪਾਸੇ ਥਾਣਾ ਕੋਟਭਾਈ ਪੁਲੀਸ ਨੇ ਮ੍ਰਿਤਕ ਗਗਨਦੀਪ ਕੌਰ ਦੇ ਭਰਾ ਤੇਜਾ ਸਿੰਘ ਦੇ ਬਿਆਨਾਂ ‘ਤੇ ਮ੍ਰਿਤਕ ਗਗਨਦੀਪ ਕੌਰ ਦੇ ਪਤੀ ਸ਼ਮਿੰਦਰ ਸਿੰਘ, ਸਹੁਰਾ ਅੰਗਰੇਜ ਸਿੰਘ ਅਤੇ ਸੱਸ ਵਿਰੁੱਧ ਕੇਸ ਦਰਜ ਕਰ ਲਿਆ ਹੈ।