For the best experience, open
https://m.punjabitribuneonline.com
on your mobile browser.
Advertisement

ਹੱਤਿਆ ਦੇ ਰੋਸ ਵਜੋਂ ਬੰਦ ਰਹੇ ਬਾਜ਼ਾਰ

09:56 PM Jun 29, 2023 IST
ਹੱਤਿਆ ਦੇ ਰੋਸ ਵਜੋਂ ਬੰਦ ਰਹੇ ਬਾਜ਼ਾਰ
Advertisement

ਸੰਜੀਵ ਹਾਂਡਾ

Advertisement

ਫ਼ਿਰੋਜ਼ਪੁਰ, 24 ਜੂਨ

ਕਸਬਾ ਤਲਵੰਡੀ ਭਾਈ ‘ਚ ਆੜ੍ਹਤ ਦੀ ਦੁਕਾਨ ‘ਤੇ ਬੈਠੇ ਇੱਕ ਵਿਅਕਤੀ ਦਾ ਕਤਲ ਕੀਤੇ ਜਾਣ ਦੇ ਰੋਸ ਵਜੋਂ ਅੱਜ ਕਸਬੇ ਦੇ ਬਾਜ਼ਾਰ ਬੰਦ ਰਹੇ। ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਰੋਸ ਮਾਰਚ ਕੀਤਾ ਅਤੇ ਫ਼ਰੀਦਕੋਟ ਮਾਰਗ ‘ਤੇ ਜਾਮ ਲਾ ਕੇ ਕਾਤਲਾਂ ਦੀ ਛੇਤੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਦੁਕਾਨਦਾਰਾਂ ਨੇ ਕਿਹਾ ਕਿ ਕੱਲ੍ਹ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿਚ ਕੈਦ ਹੋਣ ਦੇ ਬਾਵਜੂਦ ਪੁਲੀਸ ਦੇ ਹੱਥ ਹਾਲੇ ਖਾਲੀ ਹਨ।

ਐੱਸਜੀਪੀਸੀ ਮੈਂਬਰ ਸਤਪਾਲ ਸਿੰਘ, ਨਗਰ ਕੌਂਸਲ ਪ੍ਰਧਾਨ ਤਰਸੇਮ ਸਿੰਘ ਮੱਲ੍ਹਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅੰਮ੍ਰਿਤ ਲਾਲ ਛਾਬੜਾ, ਸਵਰਨਕਾਰ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸਿੰਘ ਚੌਹਾਨ ਅਤੇ ਕੀਟਨਾਸ਼ਕ ਯੂਨੀਅਨ ਦੇ ਪ੍ਰਧਾਨ ਤਰਸੇਮ ਬੱਤਾ ਅਤੇ ਰੋਸ ਮਾਰਚ ਵਿਚ ਸ਼ਾਮਲ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਇਲਾਕੇ ਅੰਦਰ ਹੋ ਰਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪੁਲੀਸ ਦੇ ਉੱਚ ਅਧਿਕਾਰੀਆਂ ਕੋਲੋਂ ਬਾਜ਼ਾਰ ਵਿੱਚ ਚੌਕੀ ਸਥਾਪਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਵਾਰਦਾਤ ਨੂੰ 24 ਘੰਟੇ ਬੀਤ ਚੁੱਕੇ ਹਨ ਪਰ ਕਾਤਲਾਂ ਦਾ ਹਾਲੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ।

ਜ਼ਿਕਰਯੋਗ ਹੈ ਕਿ ਕੱਲ੍ਹ ਇੱਕ ਆੜ੍ਹਤੀ ਦੀ ਦੁਕਾਨ ‘ਤੇ ਬੈਠੇ ਪ੍ਰੇਮ ਕੁਮਾਰ ਗੁਲਾਟੀ (57) ਨਾਮ ਦੇ ਵਿਅਕਤੀ ਦਾ ਕਤਲ ਹੋ ਗਿਆ ਸੀ। ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਆੜ੍ਹਤੀਆ ਅੰਮ੍ਰਿਤ ਲਾਲ ਛਾਬੜਾ ਰੋਟੀ ਖਾਣ ਲਈ ਘਰ ਗਿਆ ਹੋਇਆ ਸੀ। ਅੰਮ੍ਰਿਤ ਲਾਲ ਛਾਬੜਾ ਇਸ ਇਲਾਕੇ ਦਾ ਵੱਡਾ ਕਾਰੋਬਾਰੀ ਹੈ। ਮੰਨਿਆ ਜਾ ਰਿਹਾ ਹੈ ਕਿ ਕਤਲ ਕਰਨ ਵਾਲੇ ਨੌਜਵਾਨ ਅੰਮ੍ਰਿਤ ਲਾਲ ‘ਤੇ ਹਮਲਾ ਕਰਨ ਲਈ ਆਏ ਸਨ ਪਰ ਭੁਲੇਖੇ ਵਿਚ ਉਨ੍ਹਾਂ ਨੇ ਪ੍ਰੇਮ ਕੁਮਾਰ ਨੂੰ ਗੋਲੀਆਂ ਮਾਰ ਦਿੱਤੀਆਂ। ਪੁਲੀਸ ਵੱਲੋਂ ਇਸ ਮਾਮਲੇ ਵਿਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਬਣਾਈਆਂ: ਐੱਸਐੱਸਪੀ

ਐੱਸਐੱਸਪੀ ਭੁਪਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਈ ਵੱਖ ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡੀਐੱਸਪੀ ਪਲਵਿੰਦਰ ਸਿੰਘ ਸੰਧੂ ਨੇ ਪ੍ਰਦਰਸ਼ਨਕਾਰੀਆਂ ਨੂੰ ਯਕੀਨ ਦਿਵਾਇਆ ਕਿ ਬਾਜ਼ਾਰ ਅੰਦਰ ਬਣਿਆ ਪੁਰਾਣਾ ਥਾਣਾ ਮੁੜ ਖੋਲ੍ਹ ਕੇ ਉਥੇ ਕੁਝ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਜਾਣਗੇ।

Advertisement
Tags :
Advertisement
Advertisement
×