ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੁਕਾਈ ਨਾ ਹੋਣ ਕਾਰਨ ਝੋਨੇ ਤੇ ਬੋਰੀਆਂ ਨਾਲ ਭਰੀਆਂ ਮੰਡੀਆਂ

07:11 AM Oct 21, 2024 IST
ਚੁਕਾਈ ਨਾ ਹੋਣ ਕਾਰਨ ਝੋਨੇ ਦੀਆਂ ਬੋਰੀਆਂ ਨਾਲ ਨੱਕੋ-ਨੱਕ ਭਰੀ ਬਨੂੜ ਦੀ ਮੰਡੀ।

ਕਰਮਜੀਤ ਸਿੰਘ ਚਿੱਲਾ
ਬਨੂੜ, 20 ਅਕਤੂਬਰ
ਸਥਾਨਕ ਮੰਡੀ ਵਿੱਚ ਹਰ ਪਾਸੇ ਝੋਨੇ ਦੀਆਂ ਬੋਰੀਆਂ ਹੀ ਬੋਰੀਆਂ ਨਜ਼ਰ ਆ ਰਹੀਆਂ ਹਨ। ਮੰਡੀ ਵਿੱਚ ਸਵਾ ਚਾਰ ਲੱਖ ਦੇ ਕਰੀਬ ਝੋਨੇ ਦੀਆਂ ਬੋਰੀਆਂ ਚੁਕਾਈ ਦਾ ਇੰਤਜ਼ਾਰ ਕਰ ਰਹੀਆਂ ਹਨ। ਮੰਡੀ ਵਿੱਚ ਝੋਨਾ ਲੈ ਕੇ ਆ ਰਹੇ ਕਿਸਾਨਾਂ ਨੂੰ ਝੋਨਾ ਸੁੱਟਣ ਲਈ ਦਿੱਕਤ ਆ ਰਹੀ ਹੈ। ਆੜ੍ਹਤੀਆਂ ਦੇ ਫੜ ਝੋਨੇ ਦੀਆਂ ਬੋਰੀਆਂ ਦੇ ਵੱਡੇ-ਵੱਡੇ ਉੱਚੇ ਢੇਰਾਂ ਨੇ ਘੇਰ ਲਏ ਹਨ। ਆੜ੍ਹਤੀਆਂ ਵੱਲੋਂ ਝੋਨਾ ਸੁੱਟਣ ਲਈ ਥਾਂ ਨਾ ਹੋਣ ਕਾਰਨ ਅੱਜ ਝੋਨੇ ਦੀ ਖ਼ਰੀਦ ਵੀ ਨਹੀਂ ਕੀਤੀ ਗਈ।
ਜਾਣਕਾਰੀ ਅਨੁਸਾਰ ਸ਼ੈੱਲਰਾਂ ਦੀ ਹੜਤਾਲ ਕਾਰਨ ਮੰਡੀ ਵਿੱਚ ਚੁਕਾਈ ਆਰੰਭ ਹੀ ਨਹੀਂ ਹੋ ਸਕੀ। ਪਨਗਰੇਨ ਵੱਲੋਂ ਖ਼ਰੀਦੀ ਝੋਨੇ ਦੀ ਸਾਰੀ ਫ਼ਸਲ ਮੰਡੀ ਵਿੱਚ ਹੀ ਪਈ ਹੈ। ਸਿਰਫ਼ ਮਾਰਕਫੈੱਡ ਵੱਲੋਂ 7931 ਕੁਵਿੰਟਲ ਝੋਨੇ ਦੀ ਚੁਕਾਈ ਹੀ ਕੀਤੀ ਗਈ ਹੈ। ਬਨੂੜ ਮੰਡੀ ਵਿੱਚ ਪਨਗਰੇਨ ਅਤੇ ਮਾਰਕਫੈੱਡ ਵੱਲੋਂ ਹੁਣ ਤੱਕ 1,40,941 ਕੁਇੰਟਲ ਝੋਨਾ ਖ਼ਰੀਦਿਆ ਜਾ ਚੁੱਕਾ ਹੈ। ਇਸ ਵਿੱਚੋਂ ਸਿਰਫ਼ 7931 ਕੁਵਿੰਟਲ ਝੋਨੇ ਦੀ ਹੀ ਚੁਕਾਈ ਹੋਈ ਹੈ।
ਇਸੇ ਤਰ੍ਹਾਂ ਮਾਰਕੀਟ ਕਮੇਟੀ ਬਨੂੜ ਅਧੀਨ ਆਉਂਦੀ ਮਾਣਕਪੁਰ, ਗੱਜੂ ਖੇੜਾ, ਖੇੜੀ ਗੁਰਨਾ ਅਤੇ ਜਲਾਲਪੁਰ ਵਿੱਚ ਕਰੀਬ ਸਵਾ ਪੰਜ ਲੱਖ ਬੋਰੀਆਂ ਦੀ ਚੁਕਾਈ ਬਾਕੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਕ ਟਰਾਲੀ ਝੋਨਾ ਵੇਚਣ ਲਈ ਸੁੱਕਾ ਝੋਨਾ ਹੋਣ ਦੇ ਬਾਵਜੂਦ ਤਿੰਨ-ਤਿੰਨ ਰਾਤਾਂ ਮੰਡੀ ਵਿਚ ਬੈਠਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਖ਼ਰੀਦ ਸ਼ੁਰੂ ਨਾ ਹੋਈ ਤਾਂ ਕਿਸਾਨਾਂ ਵੱਲੋਂ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ।

Advertisement

ਖ਼ਰੀਦ ਦੀ ਸੁਸਤ ਰਫ਼ਤਾਰ ਕਾਰਨ ਕਿਸਾਨ ਤੇ ਆੜ੍ਹਤੀ ਪ੍ਰੇਸ਼ਾਨ

ਖਮਾਣੋਂ (ਜਗਜੀਤ ਕੁਮਾਰ): ਦਾਣਾ ਮੰਡੀ ਖਮਾਣੋਂ ਵਿਖੇ ਝੋਨੇ ਦੀ ਖ਼ਰੀਦ ਸੁਸਤ ਰਫ਼ਤਾਰ ਨਾਲ ਚੱਲ ਰਹੀ ਹੈ। ਇਸ ਕਾਰਨ ਆੜ੍ਹਤੀ ਤੇ ਕਿਸਾਨ ਪ੍ਰੇਸ਼ਾਨ ਹਨ। ਇੱਥੇ ਦਾਣਾ ਮੰਡੀ ਵਿਚ ਝੋਨੇ ਦੇ ਅੰਬਾਰ ਲੱਗਣੇ ਸ਼ੁਰੂ ਹੋ ਚੁੱਕੇ ਹਨ। ਜਾਣਕਾਰੀ ਅਨੁਸਾਰ ਝੋਨੇ ਵਿਚ ਨਮੀ ਦੀ ਮਾਤਰਾ ਨੂੰ ਲੈ ਕੇ ਸ਼ੈੱਲਰਾਂ ਵਿੱਚੋਂ ਝੋਨਾ ਵਾਪਸ ਦਾਣਾ ਮੰਡੀ ਵਿੱਚ ਆ ਰਿਹਾ ਹੈ। ਇਲਾਕੇ ਦੇ ਕਿਸਾਨ ਆਗੂਆਂ ਸਰਬਜੀਤ ਸਿੰਘ ਅਮਰਾਲਾ, ਕਸ਼ਮੀਰਾ ਸਿੰਘ ਜਟਾਣਾ ਉੱਚਾ, ਕਰਨੈਲ ਸਿੰਘ ਜਟਾਣਾ ਨੀਵਾਂ ਆਦਿ ਨੇ ਦੱਸਿਆ ਕਿ ਜਿਸ ਤਰ੍ਹਾਂ ਝੋਨੇ ਦੀ ਬੇਕਦਰੀ ਹੋ ਰਹੀ ਹੈ ਇਸ ਤਰ੍ਹਾਂ ਦੀ ਬੇਕਦਰੀ ਹੁਣ ਤੱਕ ਕਿਸੇ ਵੀ ਸਰਕਾਰ ਦੇ ਸਮੇਂ ਵਿੱਚ ਨਹੀਂ ਹੋਈ। ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸਾਰੇ ਪ੍ਰਬੰਧ ਪਹਿਲਾਂ ਮੁਕੰਮਲ ਕਰਨੇ ਚਾਹੀਦੇ ਸਨ। ਚੁਕਾਈ ਸਬੰਧੀ ਟਰੱਕ ਯੂਨੀਅਨ ਖਮਾਣੋਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਟਰੱਕਾਂ ਦੀ ਕੋਈ ਘਾਟ ਨਹੀਂ ਅਤੇ ਸਬੰਧਤ ਵਿਭਾਗ ਵੱਲੋਂ ਲੋੜ ਅਨੁਸਾਰ ਮੰਗੇ ਟਰੱਕ ਮੰਡੀਆਂ ਵਿਚ ਭੇਜੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਖ਼ਰੀਦੇ ਹੋਏ ਝੋਨੇ ਨਾਲ ਦਾਣਾ ਮੰਡੀਆਂ ਦੇ ਫੜ ਭਰ ਚੁੱਕੇ ਹਨ ਤੇ ਦਾਣਾ ਮੰਡੀ ਖਮਾਣੋਂ ਵਿੱਚ ਝੋਨਾ ਸੁੱਟਣ ਨੂੰ ਵੀ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵਰਤਾਰੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਕਿਸਾਨ ਆਗੂਆਂ ਨੇ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਝੋਨੇ ਦੀ ਖ਼ਰੀਦ ਸਹੀ ਢੰਗ ਨਾਲ ਸ਼ੁਰੂ ਨਾ ਕਰਵਾਈ ਗਈ ਤੇ ਮੰਡੀਆਂ ਵਿੱਚੋਂ ਝੋਨੇ ਦੀਆਂ ਭਰੀਆਂ ਬੋਰੀਆਂ ਨੂੰ ਜਲਦੀ ਨਾ ਚੁਕਵਾਇਆ ਗਿਆ ਤਾਂ ਸੰਘਰਸ਼ ਆਰੰਭਿਆ ਜਾਵੇਗਾ।

Advertisement
Advertisement