ਨਾਜਾਇਜ਼ ਖਣਨ ਖ਼ਿਲਾਫ਼ ਡਟੀ ਰਾਮਪੁਰ ਪੁਰਖਾਲੀ ਦੀ ਨਵੀਂ ਚੁਣੀ ਪੰਚਾਇਤ
ਜਗਮੋਹਨ ਸਿੰਘ
ਰੂਪਨਗਰ, 20 ਅਕਤੂਬਰ
ਪੁਲੀਸ ਚੌਕੀ ਪੁਰਖਾਲੀ ਅਧੀਨ ਪੈਂਦੇ ਪਿੰਡ ਰਾਮਪੁਰ ਪੁਰਖਾਲੀ ਦੀ ਨਵੀਂ ਚੁਣੀ ਪੰਚਾਇਤ ਅਤੇ ਹੋਰ ਪਿੰਡ ਵਾਸੀਆਂ ਨੇ ਸ਼ਾਮਲਾਤ ਜ਼ਮੀਨ ਵਿੱਚ ਹੋ ਰਹੀ ਡੀ-ਸਿਲਟਿੰਗ ’ਤੇ ਇਤਰਾਜ਼ ਜ਼ਾਹਰ ਕਰਦਿਆਂ ਡੀ-ਸਿਲਟਿੰਗ ਦਾ ਕੰਮ ਤੁਰੰਤ ਰੋਕਣ ਦੀ ਮੰਗ ਕੀਤੀ ਹੈ। ਪਿੰਡ ਦੇ ਨਵੇਂ ਚੁਣੇ ਸਰਪੰਚ ਰਣਜੋਧ ਸਿੰਘ ਦੀ ਅਗਵਾਈ ਵਿੱਚ ਨਦੀ ਦਾ ਮੌਕਾ ਦਿਖਾਉਂਦਿਆਂ ਪਿੰਡ ਵਾਸੀਆਂ ਰਣਧੀਰ ਸਿੰਘ, ਸੰਜੀਵ ਕੁਮਾਰ ਸੋਨੂੰ, ਪੰਚ ਤਰਲੋਚਨ ਸਿੰਘ, ਸਤਨਾਮ ਸਿੰਘ, ਸਰਬਜੀਤ ਸਿੰਘ ਤੇ ਰਕਿੰਦਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਡੀ-ਸਿਲਟਿੰਗ ਦੇ ਨਾਮ ’ਤੇ ਕਥਿਤ ਨਾਜਾਇਜ਼ ਖਣਨ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਕੰਪਨੀ ਦੇ ਕਰਮਚਾਰੀਆਂ ਜਾਂ ਖਣਨ ਵਿਭਾਗ ਵੱਲੋਂ ਇਹ ਨਹੀਂ ਦੱਸਿਆ ਜਾ ਰਿਹਾ ਕਿ ਉਨ੍ਹਾਂ ਦੇ ਪਿੰਡ ਵਿੱਚੋਂ ਕਿੰਨੇ ਰਕਬੇ ਵਿੱਚੋਂ ਕਿੰਨਾ ਖਣਨ ਕੀਤਾ ਜਾਣਾ ਹੈ ਅਤੇ ਕਿੰਨੀ ਸਮੱਗਰੀ ਪੁੱਟੀ ਜਾਣੀ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕੰਪਨੀ ਵੱਲੋਂ ਉਨ੍ਹਾਂ ਦੇ ਪਿੰਡ ਤੋਂ ਖੇਤਾਂ ਵੱਲ ਨੂੰ ਜਾਣ ਵਾਲਾ ਰਾਹ ਪੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਰਾਹ ਪੁੱਟੇ ਜਾਣ ਉਪਰੰਤ ਲੋਕਾਂ ਨੂੰ ਆਪਣੇ ਖੇਤਾਂ ਵਿੱਚੋਂ ਪਸ਼ੂਆਂ ਲਈ ਚਾਰਾ ਲਿਆਉਣਾ ਤੇ ਗੰਨੇ ਦੀਆਂ ਭਰੀਆਂ ਟਰਾਲੀਆਂ ਕੱਢਣੀਆਂ ਔਖੀਆਂ ਹੋ ਜਾਣਗੀਆਂ। ਉਨ੍ਹਾਂ ਇਤਰਾਜ਼ ਕੀਤਾ ਕਿ ਕੰਪਨੀ ਵੱਲੋਂ ਬਿਨਾਂ ਨਿਸ਼ਾਨਦੇਹੀ ਕੀਤਿਆਂ ਹੀ ਡੀ-ਸਿਲਟਿੰਗ ਕੀਤੀ ਜਾ ਰਹੀ ਹੈ ਤੇ ਹਾਲੇ ਤੱਕ ਪੰਚਾਇਤ ਨੂੰ ਨਿਯਮਾਂ ਅਨੁਸਾਰ ਬਣਦੇ ਮਾਲਖਾਨੇ ਦੀ ਅਦਾਇਗੀ ਵੀ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਡੀ-ਸਿਲਟਿੰਗ ਦੇ ਨਾਮ ’ਤੇ ਕਥਿਤ ਨਾਜਾਇਜ਼ ਖਣਨ ਦਾ ਕੰਮ ਤੁਰੰਤ ਰੋਕਿਆ ਜਾਵੇ।
ਨਿਯਮਾਂ ਅਨੁਸਾਰ ਕੀਤਾ ਜਾ ਰਿਹੈ ਕੰਮ: ਗੁਰਦੀਪ ਸਿੰਘ
ਸੀਗਲ ਕੰਪਨੀ ਦੇ ਪ੍ਰਤੀਨਿਧੀ ਗੁਰਦੀਪ ਸਿੰਘ ਨੇ ਪਿੰਡ ਵਾਸੀਆਂ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕੰਪਨੀ ਵੱਲੋਂ ਸਾਰਾ ਕੰਮ ਲੋੜੀਂਦੀਆਂ ਮਨਜ਼ੂਰੀਆਂ ਹਾਸਲ ਕਰਨ ਉਪਰੰਤ ਨਿਯਮਾਂ ਅਨੁਸਾਰ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪਿੰਡ ਵਾਸੀਆਂ ਨੂੰ ਰਾਹ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
ਮਾਲਖਾਨੇ ਦੀ ਅਦਾਇਗੀ ਜਲਦੀ ਕੀਤੀ ਜਾਵੇਗੀ: ਜੇਈ
ਜਲ ਸਰੋਤ-ਕਮ-ਖਣਨ ਵਿਭਾਗ ਰੂਪਨਗਰ ਦੇ ਜੇਈ ਰਕਸ਼ਿਤ ਚੌਧਰੀ ਨੇ ਕਿਹਾ ਕਿ ਡੀ-ਸਿਲਟਿੰਗ ਦਾ ਸਾਰਾ ਕੰਮ ਕਾਨੂੰਨੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਪੰਚਾਇਤਾਂ ਅਤੇ ਜ਼ਮੀਨ ਮਾਲਕਾਂ ਨੂੰ ਨਿਯਮਾਂ ਮੁਤਾਬਕ ਮਾਲਖਾਨੇ ਦੀ ਅਦਾਇਗੀ ਜਲਦੀ ਹੀ ਕੀਤੀ ਜਾ ਰਹੀ ਹੈ।