For the best experience, open
https://m.punjabitribuneonline.com
on your mobile browser.
Advertisement

ਮੜਕ

07:52 AM Feb 08, 2024 IST
ਮੜਕ
Advertisement

ਰਾਮ ਸਵਰਨ ਲੱਖੇਵਾਲੀ

ਜੀਵਨ ਰਾਹ ਸਿੱਧ ਪੱਧਰਾ ਕਦੇ ਨਹੀਂ ਮਿਲਦਾ। ਹਰ ਕਦਮ, ਮੋੜ ’ਤੇ ਦੁਸ਼ਵਾਰੀਆਂ ਨਾਲ ਸਾਹਮਣਾ ਹੁੰਦਾ। ਲੋੜਾਂ, ਮਜਬੂਰੀਆਂ ਦਾ ਕਲਾਵਾ ਰੁਕਾਵਟ ਬਣਦਾ। ਮੌਸਮ ਰਾਹ ਵਿੱਚ ਆ ਖੜ੍ਹਦੇ। ਧੁੰਦ ਦਾ ਚੁਫੇਰੇ ਪਸਰਿਆ ਗਲਾਫ਼ ਰਾਹੋਂ ਭਟਕਾਉਂਦਾ। ਨਾ ਹਵਾ ਦੀ ਸਰ ਸਰਸਰਾਹਟ, ਨਾ ਰੁੱਖਾਂ ਦਾ ਸਾਥ। ਪੰਛੀਆਂ ਦੀ ਚਹਿਕ ਗੁਆਚ ਜਾਂਦੀ। ਚੰਨ ਤਾਰੇ ਰਾਹ ਨਾ ਰੁਸ਼ਨਾਉਂਦੇ। ਠੰਢ ਸਿਦਕ ਦੀ ਪ੍ਰੀਖਿਆ ਲੈਂਦੀ। ਪਹੁ ਫੁਟਾਲਾ ਗਾੜ੍ਹੀ ਧੁੰਦ ਦੀ ਦੀਵਾਰ ਪਿੱਛੇ ਅਟਕ ਗਿਆ ਪ੍ਰਤੀਤ ਹੁੰਦਾ।
ਸਿਦਕਵਾਨ ਰਾਹੀ ਔਖ ਸੌਖ ਝੱਲਦੇ ਤੁਰਦੇ ਰਹਿੰਦੇ। ਹਾਲਾਤ ਨਾਲ ਨਜਿੱਠਦੇ। ਕਦਮਾਂ ਦੀ ਰਫਤਾਰ ਮੱਠੀ ਜ਼ਰੂਰ ਹੁੰਦੀ ਪਰ ਰੁਕਦੀ ਨਹੀਂ। ਸੜਕਾਂ ’ਤੇ ਪਸਰੀ ਚੁੱਪ। ਦੋਵੇਂ ਪਾਸੇ ਠੰਢ, ਧੁੰਦ ਤੇ ਕੋਰੇ ਦੀ ਗ੍ਰਿਫ਼ਤ ਵਿੱਚ ਸਿਰ ਉਠਾਈ ਖੜ੍ਹੇ ਰੁੱਖ। ਧੁੰਦ ਨੂੰ ਚੀਰਦੇ ਧੀਮੀ ਚਾਲ ਤੁਰਦੇ ਵਾਹਨ। ਆਉਂਦੇ ਜਾਂਦੇ ਹੋਰ ਵਾਹਨਾਂ ਨੂੰ ਸਾਵਧਾਨੀ ਨਾਲ ਰਾਹ ਦਿੰਦੇ। ਚਾਲਕ ਬਾਜ਼ ਵਾਂਗ ਨਜ਼ਰਾਂ ਟਿਕਾਈ ਤੁਰਦੇ ਜਾਂਦੇ। ਮੰਜ਼ਿਲ ਵੱਲ ਸਿਦਕਦਿਲੀ ਨਾਲ ਵਧਣਾ ਨਵੇਂ ਰਾਹ ਵੀ ਬਣਾਉਂਦਾ ਤੇ ਖੋਲ੍ਹਦਾ ਵੀ।
ਖੇਤਾਂ ਦੇ ਪੁੱਤ ਕਿਰਤੀ ਕਾਮੇ ਸਵਖਤੇ ਉਠਦੇ। ਦਿਲ ਦਿਮਾਗ ਜਗਾਉਂਦਾ- ‘ਉੱਠ ਬਈ, ਆਪਣੀ ਮੰਜਿ਼ਲ ਉਡੀਕਦੀ। ਝੱਖੜ ਦਾ ਕਹਿਰ ਹੋਵੇ, ਚਾਹੇ ਮੀਂਹ ਦਾ, ਆਪਾਂ ਤਾਂ ਔਕੜਾਂ ਨੂੰ ਸਿੱਧੇ ਮੱਥੇ ਟੱਕਰਨਾ ਹੁੰਦਾ। ਘਰ ਬੈਠਿਆਂ ਆਪਣੀ ਜਿ਼ੰਦਗ਼ੀ ਦਾ ਪਹੀਆ ਨਹੀਂ ਤੁਰਨਾ।’ ਘਰਾਂ ਦੇ ਚੁੱਲ੍ਹੇ ਤਪਦੇ। ਗਰਮ ਚਾਹ ਦਿਲ ਜਾਨ ਨੂੰ ਮਾਂ ਦੀ ਗੋਦ ਜਿਹਾ ਨਿੱਘ ਦਿੰਦੀ। ਸਿਰੜ ਦੇ ਸੇਕ ਨਾਲ ਉਹ ਖੇਤਾਂ ਦਾ ਰਾਹ ਫੜਦੇ। ਖਾਲਿਆਂ ਦੇ ਨੱਕੇ ਖੋਲ੍ਹਦੇ। ਠੰਢਾ ਸੀਤ ਪਾਣੀ ਉਨ੍ਹਾਂ ਦੇ ਹੱਥਾਂ ਪੈਰਾਂ ਦਾ ਸਿਦਕ ਪਰਖਦਾ। ਕਣਕ ਦੇ ਖੇਤਾਂ ਵਿੱਚ ਪਿਆ ਕੋਰਾ ਉਨ੍ਹਾਂ ਦੀ ਕਰਨੀ ਤੋਂ ਸਦਕੇ ਜਾਂਦਾ, ‘ਧੰਨ ਹੋ ਅੰਨ ਦਾਤਿਓ! ਹਰ ਔਕੜ ਝੱਲ ਕੇ ਕਿਰਤ ਨਾਲ਼ ਵਫਾ ਨਿਭਾਉਂਦੇ। ਸਾਨੂੰ ਪਾਲਦੇ ਪੋਸਦੇ। ਸਾਡੇ ਮੌਲਣ ਲਈ ਖਾਦ, ਪਾਣੀ ਪਾਉਂਦੇ। ਧਰਤੀ ਮਾਂ ਦੀਆਂ ਸੱਧਰਾਂ ਨੂੰ ਜੁਆਨ ਕਰਦੇ। ਧੀਆਂ ਪੁੱਤਰਾਂ ਦੇ ਸੁਫ਼ਨਿਆਂ ਵਿੱਚ ਰੰਗ ਭਰਦੇ। ਜਿਊਣ ਦੀਆਂ ਆਸਾਂ ਨੂੰ ਬੁਲੰਦ ਰਖਦੇ।’
ਰੋਜ਼ ਕਮਾ ਕੇ ਖਾਣ ਵਾਲੇ ਕੜਕਦੀ ਠੰਢ ਝੱਲਦੇ। ਸਵੇਰੇ ਵਰਕਸ਼ਾਪ, ਫੈਕਟਰੀਆਂ ਵਿੱਚ ਹੁੰਦੇ। ਸ਼ਹਿਰ, ਬਾਜ਼ਾਰ ਦੇ ਚੌਕਾਂ ’ਚ ਮਜ਼ਦੂਰੀ ਲਈ ਖੜ੍ਹਦੇ। ਅੱਖਾਂ ’ਚ ਜਿਊਣ ਦੀ ਆਸ। ਮਨਾਂ ਵਿੱਚ ਬਾਲਾਂ ਦੇ ਭਵਿੱਖ ਦੀ ਚਿੰਤਾ। ਦਿਨ ਭਰ ਵਰਕਸ਼ਾਪਾਂ ਵਿੱਚ ਲੋਹਾ ਕੱਟਦੇ। ਮਸ਼ੀਨਾਂ ਚਲਾਉਂਦੇ। ਗੱਡੀਆਂ ਵਿੱਚ ਸਮਾਨ ਲੱਦਦੇ ਉਤਾਰਦੇ। ਉਸਾਰੀ ਦਾ ਕੰਮ ਕਰਦੇ, ਪੈੜਾਂ ਬੰਨ੍ਹਦੇ। ਗਾਰਾ ਬਣਾਉਂਦੇ, ਸੀਮਿੰਟ ਰਲਾਉਂਦੇ। ਸਿਰਾਂ ’ਤੇ ਭਰੇ ਬੱਠਲ ਚੁੱਕਦੇ। ਮਿਹਨਤ ਮੁਸ਼ੱਕਤ ਦੇ ਤਪ ਨਾਲ ਠੰਢ ਨੂੰ ਮਾਤ ਦਿੰਦੇ। ਸਖ਼ਤ ਜਾਨ ਦੇ ਬੋਲ ਸੁਣਦੇ- ‘ਮਜ਼ਦੂਰੀ ਹੀ ਕਿਉਂ ਨਾ ਹੋਵੇ ਜਿਨ੍ਹਾਂ ਦੇ ਕਦਮਾਂ ਵਿੱਚ ਰਵਾਨੀ ਤੇ ਹੌਸਲਿਆਂ ਵਿੱਚ ਬੁਲੰਦੀ ਹੋਵੇ, ਰਾਹ ਰਸਤੇ ਦੀਆਂ ਔਕੜਾਂ ਉਨ੍ਹਾਂ ਦਾ ਰਾਹ ਨਹੀਂ ਰੋਕ ਸਕਦੀਆਂ।’
ਮਾਘ ਦੀ ਸੀਤ ਲਹਿਰ ਰੰਗ ਮੰਚ ਦੇ ਬੁਲੰਦ ਜਜ਼ਬਿਆਂ ਸਾਹਵੇਂ ਉਸ ਦੇ ਰੰਗ ਵਿੱਚ ਰੰਗੀ ਜਾਂਦੀ। ਕਲਾ ਨਾਲ਼ ਜਿ਼ੰਦਗੀ ਦੇ ਨਕਸ਼ ਸੰਵਾਰਨ। ਸੁਖਾਵੇਂ ਸਮਾਜ ਦੇ ਰਾਹ ਚੇਤਨਾ ਦਾ ਚਾਨਣ ਪਸਾਰਨ। ਜੁਆਨੀ ਨੂੰ ਵਿਰਾਸਤ ਨਾਲ ਜੋੜਨ। ਭਟਕ ਰਿਹਾਂ ਨੂੰ ਠੀਕ ਰਸਤੇ ਪਾਉਣ। ਹੱਕ ਸੱਚ ਲਈ ਰੰਗ ਮੰਚ ਸਾਂਝ ਦੀ ਕੰਧ ਉਸਾਰਦਾ। ਧਾਰਮਿਕ ਮੇਲਿਆਂ ਵਿੱਚ ਵੀ ਚੇਤਨਾ ਦੀ ਬਾਤ ਪਾਉਂਦਾ। ਮੰਚ ਤੋਂ ਦੁੱਲੇ ਭੱਟੀ ਦੀ ਜੀਵਨ ਗਾਥਾ ਦਾ ਵਖਿਆਨ ਹੁੰਦਾ। ਕਲਾਕਾਰਾਂ ਦੇ ਵਾਰਤਾਲਾਪ ਸੀਨਿਆਂ ਵਿੱਚ ਜੋਸ਼ ਭਰਦੇ। ਬੁਲੰਦ ਬੋਲ ਫਿਜ਼ਾ ਵਿੱਚ ਗੂੰਜਦੇ। ਦੁੱਲੇ ਦੇ ਕੁਰਬਾਨ ਹੋਣ ਮਗਰੋਂ ਵੀ ਮਾਂ ਲੱਧੀ ਸਿਦਕ ਸੱਤਵੇਂ ਅਸਮਾਨ ਤੇ ਹੁੰਦਾ। ਸਾਂਦਲ ਬਾਰ ਦੇ ਲੋਕਾਂ ਨਾਲ ਨਗਾਰੇ ਦੀ ਧਮਕ ਨਾਲ ਅਹਿਦ ਕਰਦੀ। ਦੁੱਲਾ ਮੋਇਆ ਨਹੀਂ। ਬਾਰ ਦੇ ਲੋਕਾਂ ਅੰਦਰ ਸਮੋ ਗਿਆ ਹੈ। ਨਾ ਹੀ ਅਜੇ ਜੰਗ ਮੁੱਕੀ ਹੈ। ਜੰਗ ਜਾਰੀ ਰਹੇਗੀ। ਦਰਸ਼ਕਾਂ ਨਾਲ਼ ਭਰਿਆ ਪੰਡਾਲ ਖੜ੍ਹਾ ਹੁੰਦਾ। ਦੁੱਲੇ ਦੀ ਵਿਰਾਸਤ ਨੂੰ ਤੋਰਦੀ ਨਾਟ ਕਲਾ ਦਾ ਤਾੜੀਆਂ ਦੀ ਗੂੰਜ ਸਨਮਾਨ ਕਰਦੀ।
ਮੂੰਹ ਹਨੇਰੇ ਥੱਕੇ ਟੁੱਟੇ ਮਿਹਨਕਸ਼ ਕੰਮਾਂ ਤੋਂ ਪਰਤਦੇ। ਦਰਾਂ ਤੋਂ ਲੰਘਦਿਆਂ ਪਰਿਵਾਰ ਸੁਖ ਦਾ ਸਾਹ ਲੈਂਦਾ। ਚੌਕੇ ਵਿੱਚ ਚੁੱਲ੍ਹੇ ਮੂਹਰੇ ਬੈਠ ਅੱਗ ਸੇਕਦੇ ਬਾਲਾਂ ਦੇ ਚਿਹਰਿਆਂ ਤੇ ਖੁਸ਼ੀ ਦੀ ਝਲਕ ਦਿਸਦੀ। ਦਸਾਂ ਨਹੁੰਆਂ ਦੀ ਕਿਰਤ ਕਰ ਕੇ ਮੁੜੇ ਬਾਪ ’ਤੇ ਰਸ਼ਕ ਹੁੰਦਾ। ਸੁਆਣੀ ਸਾਰਿਆਂ ਨੂੰ ਰੁੱਖੀ ਮਿੱਸੀ ਰੋਟੀ ਪਰੋਸਦੀ। ਚੌਕੇ ਦੀ ਕੱਚੀ ਕੰਧੋਲੀ ਉੱਪਰੋਂ ਆਉਂਦੀ ਸੀਤ ਹਵਾ ਤਪਦੇ ਚੁੱਲ੍ਹੇ ਦੇ ਸੇਕ ਤੋਂ ਮਾਤ ਖਾਂਦੀ। ਇੱਕੋ ਇੱਕ ਸੁਆਤ ਦਾ ਜਗਦਾ ਬਲਬ ਸਰਕਾਰੀ ਸਕੂਲ ਵਿੱਚ ਪੜ੍ਹਦੇ ਬਾਲਾਂ ਨੂੰ ਰੌਸ਼ਨੀ ਵੰਡਦਾ। ਉਹ ਰਜ਼ਾਈ ਵਿੱਚ ਬੈਠ ਸਕੂਲ ਦਾ ਕੰਮ ਪੂਰਾ ਕਰਨ ਲਈ ਅਹੁਲਦੇ। ਹੱਥ ਮੂੰਹ ਧੋ ਆਪਣਾ ਮੰਜਾ ਮੱਲਦਾ ਕਿਰਤੀ ਪੈਂਦਿਆਂ ਹੀ ਨੀਂਦ ਦੀ ਗੋਦ ਵਿੱਚ ਜਾ ਬਹਿੰਦਾ।
ਕੰਮ ਕਾਰ ਤੋਂ ਵਿਹਲੀ ਹੋ ਮਾਂ ਠੰਢ ਤੋਂ ਬਚਾਅ ਲਈ ਸੁਆਤ ਦਾ ਪੱਲਾ ਹੇਠਾਂ ਛੱਡਦੀ। ਪੜ੍ਹ ਰਹੇ ਬੱਚਿਆਂ ਵੱਲ ਆਸ ਭਰੀਆਂ ਨਜ਼ਰਾਂ ਨਾਲ ਵਿੰਹਦੀ। ਪੇਕੇ ਪਿੰਡ ਤੇ ਸਕੂਲ ਦੀ ਯਾਦ ਆਉਂਦੀ। ਬਾਪ, ਦਾਦੇ ਨੇ ਮਿਹਨਤ ਨਾਲ ਕਿਵੇਂ ਨਾ ਕਿਵੇਂ ਘਰ ਤੋਰਿਆ ਪਰ ਘਰ ਪਰਿਵਾਰ ਨੂੰ ਪੈਰਾਂ ਸਿਰ ਨਾ ਕਰ ਸਕੇ। ਮਾਂ ਦੀ ਬਿਮਾਰੀ ਕਰ ਕੇ 7ਵੀਂ ਤੋਂ ਪੜ੍ਹਾਈ ਛੁੱਟੀ। ਕਈ ਸਾਲਾਂ ਮਗਰੋਂ ਇਲਾਜ ਖੁਣੋਂ ਮਾਂ ਵਿਛੜੀ। ਬਾਪ ਨੇ ਕਰਜ਼ਾ ਚੁੱਕ ਹੱਥ ਪੀਲੇ ਕਰ ਫਰਜ਼ ਨਿਭਾ ਦਿੱਤਾ। ਪੇਕੇ ਪਿੰਡ ਵਾਲੀ ਹਾਲਤ ਸਹੁਰੇ ਘਰ ਮਿਲੀ। ਚੰਗੇ ਦਿਨਾਂ ਦੀ ਆਸ ਅਜੇ ਨੇੜੇ ਨਹੀਂ ਦਿਸਦੀ।
ਨਜ਼ਰਾਂ ਕਾਲਜ ਪੜ੍ਹਦੇ ਆਪਣੇ ਮੁੰਡੇ ਵੱਲੋਂ ਨਵੇਂ ਸਾਲ ਮੌਕੇ ਲਿਆਂਦੇ ਕੈਲੰਡਰ ’ਤੇ ਪੈਂਦੀਆਂ। ਭਗਤ ਸਿੰਘ ਤੇ ਸਵਿੱਤਰੀ ਬਾਈ ਫੂਲੇ ਦਾ ਕੈਲੰਡਰ ਉਸ ਨੂੰ ਚਾਨਣ ਦੀ ਕਿਰਨ ਜਾਪਦਾ। ਸੁਆਤ ਦਾ ਬਲਬ ਬੁਝਦਿਆਂ ਹੀ ਸੋਚਾਂ ਦੀ ਤੰਦ ਜਗਦੀ। ਧਰਮਸ਼ਾਲਾ ਵਿੱਚ ਜੁੜੇ ਮਜ਼ਦੂਰਾਂ ਦੇ ਇਕੱਠ ਵਿੱਚ ਪਾਲੀ ਪ੍ਰਧਾਨ ਦੇ ਬੋਲ ਉਸ ਨੂੰ ਕੈਲੰਡਰ ਦੇ ਚਾਨਣ ਦਾ ਰੂਪ ਜਾਪਦੇ, ‘ਆਪਣੇ ਕੋਲ ਚੰਗੇਰੀ ਜ਼ਿੰਦਗੀ ਦਾ ਇੱਕੋ ਰਾਹ ਐ... ਬੱਚਿਆਂ ਦੇ ਮਨਾਂ ਅੰਦਰ ਗਿਆਨ ਤੇ ਚੇਤਨਾ ਦੇ ਦੀਪ ਜਗਾਉਣਾ। ਮਿਹਨਤ ਮੁਸ਼ੱਕਤ ਕਰਦਿਆਂ ਸਿਰ ਜੋੜ ਕੇ ਤੁਰਨਾ। ਇਕੱਠ ਦੇ ਜ਼ੋਰ ਹੱਕਾਂ ਹਿਤਾਂ ਲਈ ਸੰਘਰਸ਼ਾਂ ਦੇ ਪਿੜ ਮੱਲਣਾ।’
ਕੰਡਿਆਂ ’ਤੇ ਤੁਰਦੇ, ਸਿਦਕ ਸਬਰ ਨਾਲ ਔਕੜਾਂ ਝੱਲਦੇ, ਬੁਲੰਦ ਆਸ ਤੇ ਸਵੈਮਾਣ ਭਰੇ ਸਾਵੇਂ ਸਮਾਜ ਦੀ ਬੁਲੰਦ ਤਾਂਘ ਸੰਗ ਵਿਚਰਦੇ, ਚੇਤਨਾ ਤੇ ਸੰਘਰਸ਼ਾਂ ਦੇ ਸਫ਼ਰ ਵੱਲ ਵਧਦੇ ਜਗਦੇ ਪਾਤਰ ਮੈਨੂੰ ਜ਼ਿੰਦਗੀ ਦੀ ਮੜ੍ਹਕ ਜਾਪਦੇ ਜਿਸ ਵਿੱਚ ਜਿਊਣ ਦਾ ਮਕਸਦ ਸਮੋਇਆ ਹੈ।

Advertisement

ਸੰਪਰਕ: 95010-06626

Advertisement
Author Image

sukhwinder singh

View all posts

Advertisement
Advertisement
×