ਵਿਆਹੁਤਾ ਜਨਿਸੀ ਸ਼ੋਸ਼ਣ ਮਾਮਲਾ: ਅਰਜ਼ੀਆਂ ’ਤੇ ਤਿੰਨ ਜੱਜਾਂ ਦਾ ਬੈਂਚ ਕਰੇਗਾ ਸੁਣਵਾਈ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਿਆਹੁਤਾ ਜਨਿਸੀ ਸ਼ੋਸ਼ਣ ਦੇ ਅਪਰਾਧੀਕਰਨ ਨਲ ਸਬੰਧਤ ਪਟੀਸ਼ਨਾਂ ’ਤੇ ਤਿੰਨ ਜੱਜਾਂ ’ਤੇ ਆਧਾਰਿਤ ਬੈਂਚ ਸੁਣਵਾਈ ਕਰੇਗਾ। ਸੀਨੀਅਰ ਵਕੀਲ ਇੰਦਰਾ ਜੈਸਿੰਘ ਨੇ ਜਦੋਂ ਮਾਮਲੇ ਨੂੰ ਫੌਰੀ ਸੂਚੀਬੱਧ ਕਰਨ ਦਾ ਜ਼ਿਕਰ ਕੀਤਾ ਤਾਂ ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਨੇ ਕਿਹਾ ਕਿ ਸੰਵਿਧਾਨਕ ਬੈਂਚ ਵੱਲੋਂ ਕੁਝ ਸੂਚੀਬੱਧ ਪਟੀਸ਼ਨਾਂ ’ਤੇ ਸੁਣਵਾਈ ਪੂਰੀ ਕਰਨ ਮਗਰੋਂ ਅਦਾਲਤ ਦਾ ਤਿੰਨ ਜੱਜਾਂ ’ਤੇ ਆਧਾਰਿਤ ਬੈਂਚ ਇਸ ਮਾਮਲੇ ’ਤੇ ਵਿਚਾਰ ਕਰੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਹੱਲ ਕੱਢਣਾ ਪਵੇਗਾ। ਸੀਨੀਅਰ ਵਕੀਲ ਨੇ ਕਿਹਾ ਕਿ ਉਨ੍ਹਾਂ ਦਾ ਕੇਸ ਬਾਲ ਜਨਿਸੀ ਸ਼ੋਸ਼ਣ ਨਾਲ ਸਬੰਧਤ ਹੈ। ਚੀਫ਼ ਜਸਟਿਸ ਦੀ ਅਗਵਾਈ ਹੇਠਲਾ ਪੰਜ ਜੱਜਾਂ ’ਤੇ ਆਧਾਰਿਤ ਸੰਵਿਧਾਨਕ ਬੈਂਚ ਮੋਟਰ ਵਹੀਕਲ ਐਕਟ ਤਹਿਤ ਵੱਖ ਵੱਖ ਤਰ੍ਹਾਂ ਦੇ ਵਾਹਨਾਂ ਲਈ ਡਰਾਈਵਿੰਗ ਲਾਇਸੈਂਸ ਦੇਣ ਦੇ ਨਿਯਮਾਂ ਨਾਲ ਸਬੰਧਤ ਅਰਜ਼ੀਆਂ ’ਤੇ ਸੁਣਵਾਈ ਕਰ ਰਿਹਾ ਹੈ। ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਮਨਸੂਖ ਕਰਨ ਨਾਲ ਸਬੰਧਤ ਅਰਜ਼ੀਆਂ ’ਤੇ ਵੀ ਸੁਣਵਾਈ ਤੈਅ ਹੈ। -ਪੀਟੀਆਈ