For the best experience, open
https://m.punjabitribuneonline.com
on your mobile browser.
Advertisement

ਟੀਮ ਮੋਦੀ ਦਾ ਨਕਸ਼ਾ

06:26 AM Jun 11, 2024 IST
ਟੀਮ ਮੋਦੀ ਦਾ ਨਕਸ਼ਾ
Advertisement

ਆਪਣੇ ਕਾਰਜਕਾਲ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਕੀਕੀ ਕੁਲੀਸ਼ਨ ਸਰਕਾਰ ਦੀ ਕਮਾਂਡ ਸੰਭਾਲੀ ਹੈ ਜਿਸ ਤਹਿਤ ਉਨ੍ਹਾਂ ਆਪਣਾ 72 ਮੈਂਬਰੀ ਮੰਤਰੀ ਮੰਡਲ ਬਣਾ ਲਿਆ ਹੈ। ਇਹ ਵੱਡਾ ਮੰਤਰੀ ਮੰਡਲ ਕਈ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ ਜਿਨ੍ਹਾਂ ਵਿੱਚ ਤਜਰਬਾ, ਉਮਰ, ਜਾਤੀ ਜੋੜ, ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਕੌਮੀ ਜਮਹੂਰੀ ਮੁਹਾਜ਼ (ਐੱਨਡੀਏ) ਵਿੱਚ ਸ਼ਾਮਿਲ ਦੂਜੇ ਭਿਆਲਾਂ ਦੀ ਨੁਮਾਇੰਦਗੀ ਜਿਹੇ ਕਾਰਕ ਸ਼ਾਮਿਲ ਹਨ। ਮੰਤਰੀ ਮੰਡਲ ਵਿੱਚ 30 ਕੈਬਨਿਟ ਮੰਤਰੀ ਹਨ ਜਿਨ੍ਹਾਂ ਵਿੱਚੋਂ ਚਾਰ ਇਕੱਲੇ ਬਿਹਾਰ ਤੋਂ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਭਾਜਪਾ ਦੇ ਤਿੰਨ ਅਹਿਮ ਭਿਆਲ ਬਿਹਾਰ ਤੋਂ ਹਨ ਜਿਨ੍ਹਾਂ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ), ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦਾ ਹਿੰਦੁਸਤਾਨੀ ਅਵਾਮ ਮੋਰਚਾ (ਸੈਕੁਲਰ) ਅਤੇ ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਸ਼ਾਮਿਲ ਹਨ। ਕੁਲੀਸ਼ਨ ਦੇ ਦੋ ਪ੍ਰਮੁੱਖ ਭਿਆਲ ਦੱਖਣੀ ਸੂਬਿਆਂ ਤੋਂ ਹਨ ਜਿਨ੍ਹਾਂ ਵਿੱਚ ਆਂਧਰਾ ਪ੍ਰਦੇਸ਼ ਤੋਂ ਐੱਨ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸਮ ਪਾਰਟੀ ਅਤੇ ਕਰਨਾਟਕਾ ਤੋਂ ਐੱਚਡੀ ਕੁਮਾਰਸਵਾਮੀ ਦੀ ਪਾਰਟੀ ਜਨਤਾ ਦਲ (ਸੈਕੁਲਰ), ਦੋਵਾਂ ਨੂੰ ਕੈਬਨਿਟ ਵਿੱਚ ਇੱਕ-ਇੱਕ ਸੀਟ ਮਿਲੀ ਹੈ।
ਮੰਤਰੀ ਮੰਡਲ ਵਿੱਚ ਪਹਿਲੀ ਵਾਰ ਥਾਂ ਪਾਉਣ ਵਾਲਿਆਂ ਵਿੱਚ ਤਿੰਨ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ (ਮੱਧ ਪ੍ਰਦੇਸ਼), ਮਨੋਹਰ ਲਾਲ ਖੱਟਰ (ਹਰਿਆਣਾ) ਅਤੇ ਐੱਚਡੀ ਕੁਮਾਰਸਵਾਮੀ (ਕਰਨਾਟਕਾ) ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਕੇਰਲਾ ਤੋਂ ਪਹਿਲੀ ਵਾਰ ਲੋਕ ਸਭਾ ਲਈ ਚੁਣੇ ਗਏ ਭਾਜਪਾ ਦੇ ਸੁਰੇਸ਼ ਗੋਪੀ ਵੀ ਪਹਿਲੀ ਵਾਰ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਏ ਹਨ। 40 ਤੋਂ ਵੱਧ ਮੰਤਰੀ ਹੋਰਨਾਂ ਪੱਛੜੇ ਵਰਗਾਂ (ਓਬੀਸੀਜ਼), ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਨਾਲ ਸਬੰਧਿਤ ਹਨ। ਇਹ ਤੱਥ ਇਸ ਪੱਖੋਂ ਅਹਿਮ ਜਾਪਦਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਸੱਤਾਧਾਰੀ ਭਾਜਪਾ ਨੂੰ ਭਾਰੀ ਝਟਕਾ ਵੱਜਿਆ ਹੈ ਜਿੱਥੇ ਸਮਾਜਵਾਦੀ ਪਾਰਟੀ ਨੇ ਪਛੜੇ, ਦਲਿਤ ਅਤੇ ਘੱਟਗਿਣਤੀ ਵਰਗਾਂ (ਪੀਡੀਏ) ਤੱਕ ਪਹੁੰਚ ਬਣਾ ਕੇ ਚੋਣਾਂ ਵਿੱਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਮਹਾਰਾਸ਼ਟਰ ਤੇ ਹਰਿਆਣਾ ਜਿੱਥੇ ਇਸੇ ਸਾਲ ਚੋਣਾਂ ਹਨ, ਨੂੰ ਵੀ ਮੰਤਰੀ ਮੰਡਲ ਵਿੱਚ ਜਿ਼ਕਰਯੋਗ ਥਾਂ ਮਿਲੀ ਹੈ।
ਪੰਜਾਬ ਵਿਚ ਲੁਧਿਆਣਾ ਤੋਂ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਵਜੋਂ ਕੈਬਨਿਟ ਵਿੱਚ ਥਾਂ ਮਿਲਣ ਦਾ ਮਤਲਬ ਹੈ ਕਿ ਹਾਲੀਆ ਲੋਕ ਸਭਾ ਚੋਣਾਂ ’ਚ ਬੇਹੱਦ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਭਾਜਪਾ ਪੰਜਾਬ ਵਿੱਚ ਆਪਣੇ ਉਭਾਰ ਲਈ ਗੰਭੀਰ ਜਾਪਦੀ ਹੈ। ਪਾਰਟੀ ਨੇ ਸੂਬੇ ਵਿੱਚ ਸਾਰੀਆਂ 13 ਸੀਟਾਂ ਉੱਤੇ ਚੋਣ ਲੜੀ ਪਰ ਇੱਕ ਵੀ ਸੀਟ ਉੱਤੇ ਜਿੱਤ ਨਸੀਬ ਨਹੀਂ ਹੋ ਸਕੀ, ਬਿੱਟੂ ਵੀ ਲੁਧਿਆਣਾ ਹਲਕੇ ਤੋਂ ਹਾਰ ਗਏ। ਉਂਝ, ਪਾਰਟੀ ਦੀ ਵੋਟ ਫ਼ੀਸਦ ਵਿੱਚ ਚੋਖਾ ਵਾਧਾ ਰਿਕਾਰਡ ਹੋਇਆ ਹੈ। ਜਿਸ ਢੰਗ ਨਾਲ ਦੂਜੀਆਂ ਪਾਰਟੀਆਂ ਦੇ ਆਗੂ ਪਾਰਟੀ ਅੰਦਰ ਲਿਆਦੇ ਗਏ ਅਤੇ ਉਨ੍ਹ ਨੂੰ ਚੋਣ ਮੈਦਾਨ ਵਿੱਚ ਵੀ ਉਤਾਰਿਆ ਗਿਆ, ਉਸ ਤੋਂ ਜਾਪਦਾ ਹੈ ਕਿ ਪਾਰਟੀ ਪੰਜਾਬ ਵਿਚ ਪੈਰ ਪਸਾਰਨ ਵੱਲ ਖਾਸ ਤਵੱਜੋ ਦੇ ਰਹੀ ਹੈ। ਇਉਂ ਹੁਣ ਸਪੱਸ਼ਟ ਹੈ ਕਿ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਇਸ ਮੁਕਾਬਲਤਨ ਨੌਜਵਾਨ ਆਗੂ (ਰਵਨੀਤ ਸਿੰਘ ਬਿੱਟੂ) ਨੂੰ ਪਾਰਟੀ ਵੱਲੋਂ ਤਿਆਰ ਕਰਨਾ ਚਾਹੁੰਦੀ ਹੈ। ਸਭ ਕੁਝ ਮਿਲਾ ਕੇ ਦੇਖਿਆ ਜਾਵੇ ਤਾਂ ਭਾਜਪਾ ਨੇ ਨਾਜ਼ੁਕ ਤਵਾਜ਼ਨ ਬਿਠਾਉਣ ਦੀ ਕੋਸ਼ਿਸ਼ ਕੀਤੀ ਹੈ।

Advertisement

Advertisement
Author Image

joginder kumar

View all posts

Advertisement
Advertisement
×