ਭਾਜਪਾ ਦੇ ਕਈ ਵਰਕਰ ‘ਆਪ’ ਵਿੱਚ ਸ਼ਾਮਲ
ਨਵੀਂ ਦਿੱਲੀ, 8 ਜਨਵਰੀ
ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਦਾਅਵਾ ਕੀਤਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਪੰਡਤ ਸਮੂਹ ਦੇ ਕੁੱਝ ਮੈਂਬਰ ਉਨ੍ਹਾਂ ਦੀ ਪਾਰਟੀ ਦੀ ‘ਸਨਾਤਨ ਸੇਵਾ ਸਮਿਤੀ’ ਵਿੱਚ ਸ਼ਾਮਲ ਹੋ ਗਏ ਹਨ। ਸਾਬਕਾ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਭਾਜਪਾ ਦੇ ਪੰਡਤ ਸਮੂਹ ਨੂੰ ਛੱਡਣ ਵਾਲਿਆਂ ਵਿੱਚ ਵਿਜੈ ਸ਼ਰਮਾ, ਜਤਿੰਦਰ ਸ਼ਰਮਾ, ਬ਼੍ਰਿਜੇਸ਼ ਸ਼ਰਮਾ, ਮਨੀਸ਼ ਗੁਪਤਾ, ਦੁਸ਼ਯੰਤ ਸ਼ਰਮਾ ਅਤੇ ਉਦੈਕਾਂਤ ਝਾਅ ਸ਼ਾਮਲ ਹਨ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ, ਸੰਜੈ ਸਿੰਘ ਅਤੇ ਸੌਰਭ ਭਾਰਦਵਾਜ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਜੇ ਉਨ੍ਹਾਂ ਦਾ ਪਾਰਟੀ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ‘ਪੁਜਾਰੀ ਗ੍ਰੰਥੀ ਸਨਮਾਨ ਯੋਜਨਾ’ ਲਾਗੂ ਕਰੇਗੀ। ਉਨ੍ਹਾਂ ਮੰਦਰਾਂ ਦੇ ਪੁਜਾਰੀਆਂ ਅਤੇ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ ਹਰ ਮਹੀਨੇ 18,000 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਨਵੇਂ ਮੈਂਬਰਾਂ ਦਾ ਸਵਾਗਤ ਕਰਨ ਮਗਰੋਂ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਸਿੱਖਿਆ ਅਤੇ ਸਿਹਤ ਕ੍ਰਾਂਤੀ ਸ਼ੁਰੂ ਕੀਤੀ ਅਤੇ ਹੁਣ ਅਸੀਂ ਆਪਣੇ ਪੁਰੋਹਿਤਾਂ ਲਈ ਵੀ ਇਹ ਕ੍ਰਾਂਤੀ ਸ਼ੁਰੂ ਕਰ ਰਹੇ ਹਾਂ। ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਭਾਜਪਾ ਦੇ ਉਲਟ ਆਪਣੇ ਸਾਰੇ ਵਾਅਦੇ ਪੂਰੇ ਕਰਦੀ ਹੈ। ਉਨ੍ਹਾਂ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਨਮਾਨ ਕੀਤਾ ਅਤੇ ਯੋਗ ਅਹੁਦੇ ਦੇਣ ਦਾ ਵਾਅਦਾ ਕੀਤਾ। -ਪੀਟੀਆਈ