ਮਨੂ ਨੇ ਦੂਜਾ ਤਗ਼ਮਾ ਜਿੱਤ ਕੇ ਰਚਿਆ ਇਤਿਹਾਸ
ਚੈਟੋਰੌਕਸ (ਫਰਾਂਸ), 30 ਜੁਲਾਈ
ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਆਜ਼ਾਦੀ ਤੋਂ ਬਾਅਦ ਇੱਕੋ ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਅੱਜ ਇੱਥੇ ਸਰਬਜੋਤ ਸਿੰਘ ਨਾਲ ਮਿਲ ਕੇ ਪੈਰਿਸ ਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਵਰਗ ਵਿੱਚ ਦੱਖਣੀ ਕੋਰੀਆ ਨੂੰ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਭਾਰਤੀ ਜੋੜੀ ਨੇ ਕੋਰੀਆ ਦੀ ਲੀ ਵੋਨੋਹੋ ਅਤੇ ਓਹ ਯੇਹ ਜਿਨ ਦੀ ਜੋੜੀ ਨੂੰ 16-10 ਨਾਲ ਮਾਤ ਦੇ ਕੇ ਦੇਸ਼ ਨੂੰ ਇਸ ਓਲੰਪਿਕ ’ਚ ਦੂਜਾ ਤਗ਼ਮਾ ਦਿਵਾਇਆ। ਇਸ ਤੋਂ ਪਹਿਲਾਂ ਮਨੂ ਨੇ ਮਹਿਲਾ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ।
ਟੋਕੀਓ ਓਲੰਪਿਕ ’ਚ ਮਨੂ ਆਪਣੀ ਪਿਸਟਲ ’ਚ ਖਰਾਬੀ ਕਾਰਨ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। ਉਸ ਨੇ ਹਾਲੇ 25 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਹਿੱਸਾ ਲੈਣਾ ਹੈ ਅਤੇ ਉਸ ਕੋਲ ਆਪਣਾ ਤੀਜਾ ਤਗ਼ਮਾ ਜਿੱਤਣ ਦਾ ਮੌਕਾ ਵੀ ਹੈ। ਬਰਤਾਨਵੀ ਮੂਲ ਦੇ ਭਾਰਤੀ ਖਿਡਾਰੀ ਨੌਰਮਨ ਪ੍ਰਿਚਰਡ ਨੇ 1900 ਦੀਆਂ ਓਲੰਪਿਕ ਖੇਡਾਂ ਵਿੱਚ 200 ਮੀਟਰ ਸਪ੍ਰਿੰਟ ਅਤੇ 200 ਮੀਟਰ ਅੜਿੱਕਾ ਦੌੜ ਵਿੱਚ ਚਾਂਦੀ ਦੇ ਤਗ਼ਮੇ ਜਿੱਤੇ ਸਨ ਪਰ ਇਹ ਪ੍ਰਾਪਤੀ ਆਜ਼ਾਦੀ ਤੋਂ ਪਹਿਲਾਂ ਹਾਸਲ ਕੀਤੀ ਗਈ ਸੀ।
ਸਰਬਜੋਤ 10 ਮੀਟਰ ਏਅਰ ਪਿਸਟਲ ਵਿਅਕਤੀਗਤ ਵਰਗ ਦੇ ਕੁਆਲੀਫਿਕੇਸ਼ਨ ਗੇੜ ਵਿੱਚ 577 ਦੇ ਸਕੋਰ ਨਾਲ ਨੌਵੇਂ ਸਥਾਨ ’ਤੇ ਰਿਹਾ ਸੀ ਅਤੇ ਫਾਈਨਲ ਵਿੱਚ ਥਾਂ ਨਹੀਂ ਬਣਾ ਸਕਿਆ ਸੀ। ਮਨੂ ਅਤੇ ਸਰਬਜੋਤ ਨੇ ਕੁਆਲੀਫਿਕੇਸ਼ਨ ਗੇੜ ਵਿੱਚ 580 ਦੇ ਸਕੋਰ ਨਾਲ ਕਾਂਸੇ ਦੇ ਤਗ਼ਮੇ ਲਈ ਹੋਣ ਵਾਲੇ ਮੈਚ ਵਿੱਚ ਜਗ੍ਹਾ ਬਣਾਈ ਸੀ। ਮਨੂ ਨੇ ਜਿੱਤ ਤੋਂ ਬਾਅਦ ਕਿਹਾ, ‘‘ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। -ਪੀਟੀਆਈ
ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ ਮਨੂ ਤੇ ਸਰਬਜੋਤ ਨੂੰ ਵਧਾਈ
ਨਵੀਂ ਦਿੱਲੀ:
ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਖਿਡਾਰੀਆਂ ਨੇ ਅੱਜ ਭਾਰਤੀ ਨਿਸ਼ਾਨੇਬਾਜ਼ਾਂ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੂੰ ਪੈਰਿਸ ਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ’ਤੇ ਵਧਾਈ ਦਿੱਤੀ ਹੈ। ਰਾਸ਼ਟਰਪਤੀ ਮੁਰਮੂ ਨੇ ਐਕਸ ’ਤੇ ਕਿਹਾ, ‘‘ਮਨੂ ਭਾਕਰ ਨੇ ਇਤਿਹਾਸ ਰਚ ਦਿੱਤਾ ਹੈ। ਉਹ ਇੱਕ ਹੀ ਓਲੰਪਿਕ ’ਚ ਦੋ ਤਗ਼ਮੇ ਜਿੱਤਣ ਵਾਲੀ ਭਾਰਤ ਦੀ ਪਹਿਲੀ ਨਿਸ਼ਾਨੇਬਾਜ਼ ਬਣ ਗਈ ਹੈ। ਮੈਂ ਉਸ ਨੂੰ ਅਤੇ ਸਰਬਜੋਤ ਸਿੰਘ ਨੂੰ ਭਵਿੱਖ ਵਿੱਚ ਹੋਰ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੰਦੀ ਹਾਂ।’’ ਪ੍ਰਧਾਨ ਮੰਤਰੀ ਮੋਦੀ ਨੇ ਐਕਸ ’ਤੇ ਕਿਹਾ, ‘‘ਸਾਡੇ ਨਿਸ਼ਾਨੇਬਾਜ਼ ਸਾਡਾ ਮਾਣ ਵਧਾਉਂਦੇ ਜਾ ਰਹੇ ਹਨ। ਭਾਰਤ ਬਹੁਤ ਖੁਸ਼ ਹੈ।’’ ਇਸੇ ਤਰ੍ਹਾਂ ਖੇਡ ਮੰਤਰੀ ਮਨਸੁਖ ਮਾਂਡਵੀਆ, ਸਾਬਕਾ ਖੇਡ ਮੰਤਰੀ ਕਿਰਨ ਰਿਜਿਜੂ ਅਤੇ ਰਾਜਵਰਧਨ ਸਿੰਘ ਰਾਠੌਰ, ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੀ ਮੈਂਬਰ ਅਤੇ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ, ਨਿਸ਼ਾਨੇਬਾਜ਼ੀ ਵਿੱਚ ਸੋਨ ਤਗ਼ਮਾ ਜੇਤੂ ਅਭਿਨਵ ਬਿੰਦਰਾ, ਲੰਡਨ ਓਲੰਪਿਕ ’ਚ ਕਾਂਸੇ ਦਾ ਤਗ਼ਮਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ, ਭਾਰਤੀ ਕ੍ਰਿਕਟ ਕੋਚ ਗੌਤਮ ਗੰੰਭੀਰ, ਭਾਰਤੀ ਕ੍ਰਿਕਟ ਬੋਰਡ ਦੇ ਜਨਰਲ ਸਕੱਤਰ ਜੈ ਸ਼ਾਹ ਅਤੇ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਵੀ ਦੋਵਾਂ ਨਿਸ਼ਾਨੇਬਾਜ਼ਾਂ ਨੂੰ ਵਧਾਈ ਦਿੱਤੀ ਹੈ। -ਪੀਟੀਆਈ