ਮਨੂ ਭਾਕਰ ਕਰੋੜਾਂ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ: ਮਾਂਡਵੀਆ
ਨਵੀਂ ਦਿੱਲੀ, 8 ਅਗਸਤ
ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਇੱਥੇ ਕਿਹਾ ਕਿ ਪੈਰਿਸ ਓਲੰਪਿਕ ਵਿੱਚ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ (22) ਦੀ ਦੋ ਕਾਂਸੇ ਦੇ ਤਗ਼ਮੇ ਜਿੱਤਣ ਦੀ ਪ੍ਰਾਪਤੀ ਨੌਜਵਾਨਾਂ ਦੀ ਇੱਕ ਪੂਰੀ ਪੀੜ੍ਹੀ ਨੂੰ ਇਸ ਖੇਡ ਨੂੰ ਅਪਣਾਉਣ ਅਤੇ ਸਨਮਾਨ ਹਾਸਲ ਕਰਨ ਲਈ ਪ੍ਰੇਰਿਤ ਕਰੇਗੀ। ਮਨੂ ਇੱਕ ਹੀ ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਆਜ਼ਾਦ ਭਾਰਤ ਦੀ ਪਹਿਲੀ ਖਿਡਾਰਨ ਬਣ ਚੁੱਕੀ ਹੈ। ਉਸ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਅਤੇ ਫਿਰ ਸਰਬਜੋਤ ਸਿੰਘ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਵੀ ਕਾਂਸੇ ਦਾ ਤਗ਼ਮਾ ਜਿੱਤਿਆ। ਮਨੂੁ ਓਲੰਪਿਕ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਨਿਸ਼ਾਨੇਬਾਜ਼ ਵੀ ਬਣੀ। ਮਾਂਡਵੀਆ ਨੇ ਐਕਸ ’ਤੇ ਕਿਹਾ, ‘‘ਪੈਰਿਸ ਓਲੰਪਿਕ 2024 ਵਿੱਚ ਦੋ ਕਾਂਸੇ ਦੇ ਤਗ਼ਮੇ ਜਿੱਤ ਕੇ ਪਰਤੀ ਦੇਸ਼ ਦੀ ਧੀ ਮਨੂ ਭਾਕਰ ਨੂੰ ਅੱਜ ਮਿਲ ਕੇ ਉਸ ਨੂੰ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ।’’ ਉਨ੍ਹਾਂ ਲਿਖਿਆ, ‘‘ਮਨੂ ਭਾਕਰ ਦੀ ਇਹ ਸਫਲਤਾ ਭਾਰਤੀ ਖੇਡ ਜਗਤ ਦੇ ਕਰੋੜਾਂ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ। ਪੂਰੇ ਦੇਸ਼ ਨੂੰ ਉਸ ’ਤੇ ਮਾਣ ਹੈ।’’ ਖੇਡ ਮੰਤਰੀ ਨੇ ਮਨੂ, ਉਸ ਦੇ ਪਿਤਾ ਰਾਮ ਕਿਸ਼ਨ ਅਤੇ ਨਿੱਜੀ ਕੋਚ ਜਸਪਾਲ ਰਾਣਾ ਨਾਲ ਗੱਲਬਾਤ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਮਨੂ ਇਤਿਹਾਸਕ ਉਪਲਬਧੀ ਹਾਸਲ ਕਰਨ ਮਗਰੋਂ ਬੁੱਧਵਾਰ ਨੂੰ ਦੇਸ਼ ਪਰਤੀ, ਜਿੱਥੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸੈਂਕੜੇ ਪ੍ਰਸ਼ੰਸਕ ਲਗਾਤਾਰ ਪੈ ਰਹੇ ਮੀਂਚਹ ਦੇ ਬਾਵਜੂਦ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਉਸ ਦੇ ਸਵਾਗਤ ਲਈ ਖੜ੍ਹੇ ਸਨ। ਉਹ ਐਤਵਾਰ ਨੂੰ ਓਲੰਪਿਕ ਦੇ ਸਮਾਪਨ ਸਮਾਰੋਹ ਵਿੱਚ ਭਾਰਤ ਦੀ ਝੰਡਾਬਰਦਾਰ ਵਜੋਂ ਮੁੜ ਪੈਰਿਸ ਜਾਵੇਗੀ। -ਪੀਟੀਆਈ
ਰਾਜਨਾਥ ਸਿੰਘ ਨੇ ਮਨੂ ਭਾਕਰ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ:
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੈਰਿਸ ਖੇਡਾਂ ਵਿੱਚ ਦੋ ਕਾਂਸੇ ਦੇ ਤਗ਼ਮੇ ਜਿੱਤ ਕੇ ਪਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨਾਲ ਅੱਜ ਇੱਥੇ ਮੁਲਾਕਾਤ ਕੀਤੀ ਅਤੇ ਉਸ ਦੀ ਸ਼ਲਾਘਾ ਕੀਤੀ। ਰਾਜਨਾਥ ਸਿੰਘ ਨੇ ਕਿਹਾ ਕਿ ਹਰ ਭਾਰਤੀ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਉਤਸ਼ਾਹਿਤ ਹੈ। ਉਨ੍ਹਾਂ ਐਕਸ ’ਤੇ ਮਨੂ ਨਾਲ ਮੁਲਾਕਾਤ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ। ਰਾਜਨਾਥ ਸਿੰਘ ਨੇ ਐਕਸ ’ਤੇ ਲਿਖਿਆ, ‘‘ਭਾਰਤ ਦੀ ਸਿਖਰਲੀ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਮਿਲ ਕੇ ਖੁਸ਼ੀ ਹੋਈ, ਜਿਸ ਨੇ ਦੇਸ਼ ਲਈ ਦੋ ਕਾਂਸੇ ਦੇ ਤਗ਼ਮੇ ਜਿੱਤ ਕੇ ਪੈਰਿਸ ਓਲੰਪਿਕ ਵਿੱਚ ਇਤਿਹਾਸ ਰਚ ਦਿੱਤਾ। ਹਰ ਭਾਰਤੀ ਉਸ ਦੇ ਪ੍ਰਦਰਸ਼ਨ ਤੋਂ ਉਤਸ਼ਾਹਿਤ ਹੈ। ਉਸ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ।’’ -ਪੀਟੀਆਈ