ਮਾਨਸਾ: ਖ਼ਰੀਦ ਪ੍ਰਬੰਧਾਂ ਤੋਂ ਅੱਕੇ ਕਿਸਾਨ ਸ਼ੈਲਰ ਮਾਲਕਾਂ ਨੂੰ ਸਿੱਧਾ ਝੋਨਾ ਵੇਚਣ ਲੱਗੇ
ਜੋਗਿੰਦਰ ਸਿੰਘ ਮਾਨ
ਮਾਨਸਾ, 4 ਨਵੰਬਰ
ਅਨਾਜ ਮੰਡੀਆਂ ਵਿੱਚ ਝੋਨਾ ਵਿਕਣ ਲਈ ਕਈ-ਕਈ ਦਿਨਾਂ ਤੋਂ ਇੰਤਜ਼ਾਰ ਕਰ ਰਹੇ ਕਿਸਾਨ ਹੁਣ ਮਜਬੂਰੀਵੱਸ ਆਪਣਾ ਝੋਨਾ ਸ਼ੈਲਰ ਮਾਲਕਾਂ ਨੂੰ ਸਿੱਧਾ ਵੇਚਣ ਲਈ ਮਜਬੂਰ ਹੋ ਗਏ ਹਨ। ਸ਼ੈਲਰਾਂ ਵਿੱਚ ਸਿੱਧਾ ਜਾਣ ਲੱਗਿਆ ਝੋਨਾ ਸਰਕਾਰੀ ਅਧਿਕਾਰੀਆਂ ਲਈ ਸਿਰਦਰਦੀ ਬਣਨ ਲੱਗਿਆ ਹੈ, ਪਰ ਅਜੇ ਤੱਕ ਸ਼ੈਲਰ ਵਿੱਚ ਸਿੱਧੀ ਜਾਂਦੀ ਕਿਸੇ ਟਰਾਲੀ ਨੂੰ ਅਫ਼ਸਰਾਂ ਵੱਲੋਂ ਫੜਿਆ ਨਹੀਂ ਗਿਆ ਹੈ। ਦਿਲਚਸਪ ਗੱਲ ਹੈ ਕਿ ਮਾਲਵਾ ਖੇਤਰ ਦੇ ਬਹੁਤੇ ਆੜ੍ਹਤੀਆਂ ਦੇ ਆਪਣੇ ਸ਼ੈਲਰ ਲਾਏ ਹੋਏ ਹਨ, ਜਿਸ ਕਰਕੇ ਇਹ ਗੋਰਖ ਧੰਦਾ ਤੇਜ਼ੀ ਨਾਲ ਵਧਣ ਲੱਗਿਆ ਹੈ। ਉੱਧਰ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੀ ਇਸ ਗਿੱਟ-ਮਿੱਟ ਖਿਲਾਫ਼ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਸਮੇਤ ਹੋਰ ਕਿਸਾਨ ਧਿਰਾਂ ਵੱਲੋਂ ਖਰੀਦ ਕੇਂਦਰਾਂ ਵਿੱਚ ਜਾ ਕੇ ਹਰ-ਰੋਜ਼ ਸਖ਼ਤ ਨਿਗਰਾਨੀ ਕੀਤੀ ਜਾਣ ਲੱਗੀ ਹੈ। ਖਰੀਦ ਕੇਂਦਰਾਂ ਵਿੱਚ ਜਾ ਕੇ ਹਾਸਲ ਕੀਤੀ ਜਾਣਕਾਰੀ ਅਨੁਸਾਰ ਝੋਨੇ ਦੀ ਵਿਕਰੀ ਠੀਕ ਨਾ ਹੋਣ ਕਾਰਨ ਪਿਛਲੇ ਇੱਕ ਹਫ਼ਤੇ ਤੋਂ ਇਸ ਖੇਤਰ ਦੇ ਕਿਸਾਨਾਂ ਵੱਲੋਂ ਸਿੱਧਾ ਸ਼ੈਲਰਾਂ ਵਿੱਚ ਲਿਜਾ ਕੇ ਝੋਨਾ ਵੇਚਣਾ ਸ਼ੁਰੂ ਕਰ ਦਿੱਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਸ਼ੈਲਰਾਂ ਵਿੱਚ ਸਿੱਧਾ ਝੋਨਾ ਜਾਣ ਪਿੱਛੇ ਖਰੀਦ ਏਜੰਸੀਆਂ ਦੇ ਕੁਝ ਇੰਸਪੈਕਟਰ ਵੀ ਜੁੜੇ ਹੋਏ ਹਨ, ਉਹ ਅਨਾਜ ਮੰਡੀ ਵਿੱਚੋਂ ਸ਼ੈਲਰ ਵਿੱਚ ਝੋਨਾ ਭੇਜਣ ਦਾ ਕਿਰਾਇਆ ਲੈਣ ਲੱਗੇ ਹਨ ਜਦੋਂਕਿ ਸ਼ੈਲਰ ਵਾਲੇ ਝੋਨੇ ਦੀ ਖਰੀਦ ਨੂੰ ਸਰਕਾਰੀ ਕਾਗਜਾਂ ਵਿੱਚ ਦਿਖਾ ਕੇ ਉਸਦੀ ਬਣਦੀ ਮਾਰਕੀਟ ਫ਼ੀਸ, ਕਮੇਟੀ ਨੂੰ ਦੇ ਦਿੰਦੇ ਹਨ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਸ਼ੈਲਰਾਂ ਵਿਚ ਜਾਂਦੇ ਇਸ ਝੋਨੇ ਨੂੰ ਬੜਾ ਗੰਭੀਰ ਲੈਂਦਿਆਂ ਕਿਹਾ ਕਿ ਮੰਡੀਆਂ ਵਿੱਚ ਨਾ ਵਿਕਦਾ ਝੋਨਾ ਸ਼ੈਲਰਾਂ ਵਿੱਚ ਜਾ ਕੇ ਕਿਵੇਂ ‘ਦੁੱਧ ਧੋਤਾ’ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਖਰੀਦ ਏਜੰਸੀਆਂ ਦੀ ਨਿਰੀ ਨਾਲਾਇਕੀ ਹੈ।
ਦੁਖੀ ਮਨ ਨਾਲ ਸ਼ੈਲਰਾਂ ਵਾਲੇ ਪਾਸੇ ਜਾਣ ਲਈ ਮਜਬੂਰ
ਸ਼ੈਲਰਾਂ ਵਿੱਚ ਝੋਨਾ ਵੇਚਣ ਵਾਲੇ ਕਈ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਉਹ ਖਰੀਦ ਕੇਂਦਰਾਂ ਵਿੱਚ ਝੋਨਾ ਲੈ ਕੇ ਆਏ ਸਨ, ਪਰ ਜਦੋਂ ਕਿਸੇ ਨੇ ਉਨ੍ਹਾਂ ਦੀ ਗੱਲ ਹੀ ਨਹੀਂ ਸੁਣੀ ਤਾਂ ਉਹ ਦੁਖੀ ਹੋਏ ਸ਼ੈਲਰਾਂ ਵਾਲੇ ਪਾਸੇ ਚੱਲ ਪਏ। ਉਨ੍ਹਾਂ ਕਿਸਾਨਾਂ ਦਾ ਕਹਿਣਾ ਕਿ ਸ਼ੈਲਰਾਂ ਵਿੱਚ ਜਾਣ ਸਾਰ ਟਰਾਲੀ ਧਰਮ ਕੰਡੇ ’ਤੇ ਤੁਲਕੇ ਤੁਰੰਤ ਵਿਹਲੀ ਹੋ ਜਾਂਦੀ ਹੈ ਅਤੇ ਕਿਸਾਨ ਤੁਰੰਤ ਘਰ ਨੂੰ ਚਲਾ ਜਾਂਦਾ ਹੈ।