ਮਾਨਸਾ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋ ਹੋਰ ਬਾਇਓਮਾਸ ਪਲਾਂਟ ਲਾਉਣ ਦੀ ਯੋਜਨਾ
ਜੋਗਿੰਦਰ ਸਿੰਘ ਮਾਨ
ਮਾਨਸਾ, 1 ਜੁਲਾਈ
ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਟੀ.ਬੈਨਿਥ ਨੇ ਕਿਹਾ ਕਿ ਪਰਾਲੀ ਦੀਆਂ ਗੱਠਾਂ ਦੀ ਖ਼ਪਤ ਲਈ ਜ਼ਿਲ੍ਹੇ ਅੰਦਰ 3 ਬਾਇਓ ਮਾਸ ਪਲਾਂਟ ਸਥਾਪਤ ਕੀਤੇ ਗਏ ਹਨ। ਉਹ ਅੱਜ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਵਿਖੇ ਬੇਲਰ ਚਾਲਕਾਂ ਨੂੰ ਇੱਕ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਵਧੀਕ ਡਿਪਟੀ ਕਮਿਸ਼ਨਰ ਨੇ ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਬੇਲਰ ਚਾਲਕਾਂ ਨੂੰ ਜ਼ਿਲ੍ਹੇ ਵਿਚ ਵੱਧ ਤੋਂ ਵੱਧ ਬੇਲਰ ਚਲਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਬੇਲਰ ਚਾਲਕ ਪਿੰਡਾਂ ਵਿਚ ਪਰਾਲੀ ਦੀਆਂ ਗੱਠਾਂ ਬਣਾ ਕੇ ਵੇਚਣ ਲਈ ਬਾਇਓ ਮਾਸ ਇੰਡਸਟਰੀਜ਼ ਨਾਲ ਰਾਬਤਾ ਕਰਨ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਵਿਚ ਮਾਲ ਵਿਭਾਗ ਦੇ ਅਧਿਕਾਰੀਆਂ, ਸਬੰਧਤ ਸਰਪੰਚ ਅਤੇ ਨੰਬਰਦਾਰ ਸਹਿਯੋਗ ਕਰਨਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਕੇ ਬੇਲਰ ਦੀ ਵਰਤੋਂ ਕਰਕੇ ਪਰਾਲੀ ਦੀਆਂ ਗੱਠਾਂ ਬਣਾਉਣ ਨੂੰ ਤਰਜੀਹ ਦੇਣ।ਐਸ.ਡੀ.ਓ. ਪ੍ਰਦੂਸ਼ਣ ਕੰਟਰੋਲ ਬੋਰਡ, ਇੰਜ. ਹਰਸਿਮਰਨ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 3 ਬਾਇਓ ਮਾਸ ਪਲਾਂਟ ਸਥਾਪਤ ਹਨ ਅਤੇ 2 ਹੋਰ ਪਲਾਂਟ ਲਗਾਏ ਜਾ ਰਹੇ ਹਨ, ਜੋ ਕਿ ਪਰਾਲੀ ਦੀਆਂ ਗੱਠਾਂ ਦੀ ਖ਼ਪਤ ਕਰਨਗੇ, ਜਿਨ੍ਹਾਂ ਦੀ ਇੱਕ ਸੀਜ਼ਨ ਦੌਰਾਨ ਕੁੱਲ ਪਰਾਲੀ ਖਪਤ ਕਰਨ ਦੀ ਸਮਰੱਥਾ ਤਕਰੀਬਨ ਇੱਕ ਲੱਖ,70 ਹਜ਼ਾਰ ਟਨ ਹੋਵੇਗੀ,ਜਿਸ ਨਾਲ ਬੇਲਰ ਚਾਲਕਾਂ ਲਈ ਵਧੀਆ ਮੌਕੇ ਪੈਦਾ ਹੋਣਗੇ। ਇਸੇ ਦੌਰਾਨ ਮਾਨਸਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਸਤਪਾਲ ਸਿੰਘ ਰਾਏਕੋਟੀ ਨੇ ਬੇਲਰ ਚਾਲਕਾਂ ਨੂੰ ਵਾਤਾਵਰਣ ਨੂੰ ਸਾਫ਼ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ।