ਮਨਪ੍ਰੀਤ ਬਾਦਲ ਕਾਨੂੰਨੀ ਸੁਰੱਖਿਆ ਮੰਗਣ ਦੀ ਥਾਂ ਸੱਚ ਦਾ ਸਾਹਮਣਾ ਕਰਨ: ਮਾਨ
10:07 PM Sep 25, 2023 IST
ਆਤਿਸ਼ ਗੁਪਤਾ
Advertisement
ਚੰਡੀਗੜ੍ਹ, 25 ਸਤੰਬਰ
ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਸਣੇ ਹੋਰਨਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮਨਪ੍ਰੀਤ ਬਾਦਲ ’ਤੇ ਤਨਜ਼ ਕੱਸਦਿਆਂ ਅੱਜ ਕਿਹਾ ਕਿ ਲੋਕਾਂ ਨੂੰ ਇਮਾਨਦਾਰੀ ਦਾ ਪਾਠ ਪੜ੍ਹਾਉਣ ਵਾਲੇ ਹੁਣ ਕਾਨੂੰਨ ਦੇ ਸ਼ਿਕੰਜੇ ਤੋਂ ਬਚਣ ਲਈ ਅੱਕੀ ਪਲਾਹੀਂ ਹੱਥ ਮਾਰ ਰਹੇ ਹਨ। ਸ੍ਰੀ ਮਾਨ ਨੇ ਕਿਹਾ ਕਿ ਸੱਚ ਬੋਲਣ ਤੇ ਸੱਚ ’ਤੇ ਪਹਿਰਾ ਦੇਣ ਵਿੱਚ ਬਹੁਤ ਫਰਕ ਹੁੰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ‘‘ਪਹਿਲਾਂ ਇਹ ਲੀਡਰ ਅਕਸਰ ਕਿਹਾ ਕਰਦੇ ਸਨ ਕਿ ਉਸ ਖ਼ਿਲਾਫ਼, ਜੋ ਵੀ ਕਾਰਵਾਈ ਹੋਵੇਗੀ, ਉਹ ਉਸ ਦਾ ਸਾਹਮਣਾ ਕਰੇਗਾ। ਹੁਣ ਕਾਨੂੰਨੀ ਕਾਰਵਾਈ ਦੇ ਡਰ ਤੋਂ ਇਹ ਨੇਤਾ ਗ੍ਰਿਫ਼ਤਾਰ ਹੋਣ ਦੇ ਖਦਸ਼ੇ ਜ਼ਾਹਰ ਕਰ ਕੇ ਕਾਨੂੰਨੀ ਸੁਰੱਖਿਆ ਮੰਗ ਰਹੇ ਹਨ।’’ ਸ੍ਰੀ ਮਾਨ ਨੇ ਕਿਹਾ ਕਿ ਸਾਬਕਾ ਵਿੱਤ ਮੰਤਰੀ ਨੂੰ ਇਮਾਨਦਾਰੀ ਤੇ ਸਾਦਗੀ ਦੇ ਵੱਡੇ ਦਾਅਵੇ ਕਰਨ ਦੀ ਬਜਾਏ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ।
Advertisement
Advertisement