For the best experience, open
https://m.punjabitribuneonline.com
on your mobile browser.
Advertisement

ਚੇਤਿਆਂ ਵਿਚ ਵਸੇ ਮਨੋਹਰ ਸਿੰਘ ਗਿੱਲ

08:17 AM Oct 25, 2023 IST
ਚੇਤਿਆਂ ਵਿਚ ਵਸੇ ਮਨੋਹਰ ਸਿੰਘ ਗਿੱਲ
Advertisement

ਅੱਜ ਸ਼ਰਧਾਂਜਲੀ ਸਮਾਗਮ ’ਤੇ

Advertisement

ਨਵਦੀਪ ਸਿੰਘ ਗਿੱਲ

ਕੁਸ਼ਲ ਪ੍ਰਸ਼ਾਸਕ ਅਤੇ ਧੜੱਲੇਦਾਰ ਚੋਣ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਡਾ. ਮਨੋਹਰ ਸਿੰਘ ਗਿੱਲ ਹੁਣ ਸਾਡੇ ਵਿਚਕਾਰ ਨਹੀਂ। ਖੇਤੀ, ਸਾਹਿਤ, ਸਿੱਖਿਆ ਤੇ ਖੇਡ ਪ੍ਰੇਮੀ ਡਾ. ਗਿੱਲ ਪੰਜਾਬ ਤੇ ਪੰਜਾਬੀਅਤ ਨੂੰ ਸਮਰਪਿਤ ਸ਼ਖ਼ਸੀਅਤ ਸਨ। ਆਪਣੇ ਅਸੀਮ ਕਾਰਜਾਂ ਕਰ ਕੇ ਉਹ ਸਦਾ ਚੇਤਿਆਂ ਵਿਚ ਵਸੇ ਰਹਿਣਗੇ। ਤਰਨ ਤਾਰਨ ਜ਼ਿਲੇ ਦੇ ਪਿੰਡ ਅਲਾਦੀਨਪੁਰ ਤੋਂ ਉੱਠ ਕੇ ਵੱਡੇ ਅਹੁਦਿਆਂ ਤੱਕ ਪਹੁੰਚੇ ਮਨੋਹਰ ਸਿੰਘ ਗਿੱਲ ਦੇ ਅੰਦਰ ਆਪਣਾ ਪਿੰਡ ਅਤੇ ਇਲਾਕਾ ਅੰਤਲੇ ਸਾਹਾਂ ਤੱਕ ਰਿਹਾ। ਪੰਜਾਬ ਉਨ੍ਹਾਂ ਦੇ ਦਿਲ ’ਚ ਧੜਕਦਾ ਸੀ। ਉਨ੍ਹਾਂ 1958 ਵਿਚ ਪੰਜਾਬ ਕਾਡਰ ਦੇ ਆਈਏਐੱਸ ਅਧਿਕਾਰੀ ਵਜੋਂ ਸੇਵਾਵਾਂ ਸ਼ੁਰੂ ਕਰ ਕੇ ਪੰਜਾਬ ਤੇ ਭਾਰਤ ਸਰਕਾਰ ਵਿਚ ਉਚ ਅਹੁਦਿਆਂ ਸਣੇ ਚੋਣ ਕਮਿਸ਼ਨਰ, ਮੁੱਖ ਚੋਣ ਕਮਿਸ਼ਨਰ ਅਤੇ ਫਿਰ ਰਾਜ ਸਭਾ ਮੈਂਬਰੀ ਅਤੇ ਕੇਂਦਰੀ ਮੰਤਰੀ ਤੱਕ ਸਫ਼ਰ ਤੈਅ ਕੀਤਾ ਪਰ ਕਿਸੇ ਵੀ ਅਹੁਦੇ ’ਤੇ ਰਹਿੰਦਿਆਂ ਮਾਝੇ ਦੇ ਭਾਊਆਂ ਵਾਲਾ ਸੁਭਾਅ ਨਹੀਂ ਛੱਡਿਆ। ਉਨ੍ਹਾਂ ਨੂੰ ਅੜਬ ਸੁਭਾਅ ਵਾਲਾ ਵੀ ਆਖਿਆ ਜਾਂਦਾ ਰਿਹਾ ਪਰ ਸੱਚੇ, ਇਮਾਨਦਾਰ ਅਤੇ ਪੰਜਾਬ ਦਰਦੀ ਹੋਣ ਕਰ ਕੇ ਉਨ੍ਹਾਂ ਦੀ ਕਹੀ ਕੌੜੀ ਗੱਲ ਵੀ ਮਿੱਠੀ ਲੱਗਦੀ ਸੀ। ਪੰਜਾਬੀ ਅਖਬਾਰ ਤੇ ਪੁਸਤਕਾਂ ਉਨ੍ਹਾਂ ਦੇ ਘਰ ਤੇ ਦਫ਼ਤਰ ਦਾ ਸ਼ਿੰਗਾਰ ਰਹੀਆਂ।
ਡਾ. ਮਹਿੰਦਰ ਸਿੰਘ ਰੰਧਾਵਾ ਦੀ ਵਿਰਾਸਤ ਸਾਂਭਣ ਵਾਲੇ ਮਨੋਹਰ ਸਿੰਘ ਗਿੱਲ ਡਾ. ਰੰਧਾਵਾ ਅਤੇ ਪ੍ਰਤਾਪ ਸਿੰਘ ਕੈਰੋਂ ਨੂੰ ਆਪਣਾ ਆਦਰਸ਼ ਮੰਨਦੇ ਸਨ। ਉਨ੍ਹਾਂ ਆਪਣੇ ਐੱਮਪੀ ਲੈਡ ਫੰਡ ਦਾ ਮੂੰਹ ਹਮੇਸ਼ਾ ਸਿੱਖਿਆ ਸੰਸਥਾਵਾਂ, ਖੇਡ ਮੈਦਾਨਾਂ ਤੇ ਸਾਹਿਤਕ ਸੰਸਥਾਵਾਂ ਵੱਲ ਖੁੱਲ੍ਹਾ ਰੱਖਿਆ। 90 ਫੀਸਦੀ ਤੋਂ ਵੱਧ ਗਰਾਂਟਾਂ ਇਨ੍ਹਾਂ ਨੂੰ ਦਿੱਤੀਆਂ ਅਤੇ ਕੁੜੀਆਂ ਦੇ ਸਕੂਲ ਕਾਲਜ ਪਹਿਲ ਰਹੇ। ਆਪਣੇ ਤਰਨ ਤਾਰਨ ਜ਼ਿਲ੍ਹੇ ਵਿਚ ਤਾਂ ਉਨ੍ਹਾਂ ਸਕੂਲ ਕਾਲਜਾਂ, ਖੇਡ ਸਟੇਡੀਅਮ ਤੇ ਯੂਥ ਹੋਸਟਲ ਲਈ ਖੁੱਲ੍ਹੀਆਂ ਗਰਾਂਟਾਂ ਦਿੱਤੀਆਂ। ਆਪਣੀ ਵਿਦਿਅਕ ਸੰਸਥਾਵਾਂ ਸਰਕਾਰੀ ਕਾਲਜ ਲੁਧਿਆਣਾ ਨੂੰ ਵੀ ਗਰਾਂਟ ਦੇਣਾ ਨਹੀਂ ਭੁੱਲੇ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਿਚ ਸਾਈਂ ਮੀਆਂ ਮੀਰ ਪੁਸਤਕ ਬਾਜ਼ਾਰ ਲਈ ਗਰਾਂਟ ਦਿੱਤੀ। ਸ਼ਹੀਦਾਂ ਦੇ ਬੁੱਤ ਲਗਾਉਣ, ਸ਼ਿਵ ਕੁਮਾਰ ਬਟਾਲਵੀ ਦੀ ਯਾਦਗਾਰ ਬਣਾਉਣਾ ਉਨ੍ਹਾਂ ਦੇ ਹਿੱਸੇ ਆਈਆਂ।
ਮਨੋਹਰ ਸਿੰਘ ਗਿੱਲ ਦਾ ਜਨਮ 14 ਜੂਨ 1936 ਨੂੰ ਕਰਨਲ ਪਰਤਾਪ ਸਿੰਘ ਗਿੱਲ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਗੋਆ ਦੇ ਲੈਫਟੀਨੈਂਟ ਗਵਰਨਰ ਰਹੇ ਜਨਿ੍ਹਾਂ ਦੀਆਂ ਗੱਲਾਂ ਉਹ ਅਕਸਰ ‘ਕਰਨਲ ਸਾਹਿਬ’ ਕਹਿ ਕੇ ਸੁਣਾਉਂਦੇ। ਚੰਗੇ ਗੁਣ ਉਨ੍ਹਾਂ ਨੂੰ ਪਿਤਾ ਤੋਂ ਵਿਰਾਸਤ ਵਿਚ ਮਿਲੇ। ਉਨ੍ਹਾਂ ਨੂੰ ਖੇਡਾਂ ਤੇ ਪੜ੍ਹਾਈ ਨਾਲ ਵਿਦਿਆਰਥੀ ਜੀਵਨ ਤੋਂ ਹੀ ਲਗਾਉ ਰਿਹਾ। ਉਨ੍ਹਾਂ ਆਪਣੇ ਜੱਦੀ ਜ਼ਿਲ੍ਹੇ ਤਰਨ ਤਾਰਨ ਦੇ ਸਕੂਲ ਤੋਂ ਲੈ ਕੇ ਮਸੂਰੀ ਦੇ ਸੇਂਟ ਜੌਰਜ ਸਕੂਲ ਅਤੇ ਲੁਧਿਆਣਾ ਦੇ ਸਰਕਾਰੀ ਕਾਲਜ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੱਕ ਉਚੇਰੀ ਵਿਦਿਆ ਹਾਸਲ ਕੀਤੀ। ਆਪਣੀ ਸਰਵਿਸ ਦੌਰਾਨ ਉਨ੍ਹਾਂ ਇਕ ਸਾਲ ਛੁੱਟੀ ਲੈ ਕੇ ਇੰਗਲੈਂਡ ਦੇ ਕੁਈਨਜ਼ ਕਾਲਜ ਕੈਂਬਰਿਜ ਤੋਂ ਵੀ ਕੋਰਸ ਕੀਤਾ। ਪੰਜਾਬ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਡਾਕਟਰੇਟ ਦੀ ਡਿਗਰੀ ਦਿੱਤੀ। ਉਨ੍ਹਾਂ ਸਹਿਕਾਰੀ ਕਰਜ਼ਾ ਪ੍ਰਬੰਧ ਦੇ ਵਿਕਾਸ ਵਿਚ ਯੋਗਦਾਨ ਵਿਸ਼ੇ ਉੱਪਰ ਖੋਜ ਕਾਰਜ ਕੀਤਾ। ਉਹ ਸਾਂਝੇ ਪੰਜਾਬ ਵਿਚ ਸੇਵਾ ਨਿਭਾਉਂਦਿਆਂ ਲਾਹੌਲ ਸਪਿਤੀ ਦੇ ਡਿਪਟੀ ਕਮਿਸ਼ਨਰ ਵੀ ਰਹੇ। ਲਾਹੌਲ ਸਪਿਤੀ ਰਹਿੰਦਿਆਂ ਉਨ੍ਹਾਂ ਐਵਰੈਸਟ ਸਰ ਕਰਨ ਵਾਲੇ ਤੇਨਜ਼ਿੰਗ ਨੌਰਗੇ ਨਾਲ ਪਰਵਤ-ਆਰੋਹਣ ਦੀ ਸਿਖਲਾਈ ਵੀ ਪ੍ਰਾਪਤ ਕੀਤੀ। ਉਨ੍ਹਾਂ ਪਛੜੇ ਪਹਾੜੀ ਖੇਤਰ ਦਾ ਸਰਵਪੱਖੀ ਵਿਕਾਸ ਕਰਵਾਇਆ। ਉਨ੍ਹਾਂ ਇਸ ਖੇਤਰ ਬਾਰੇ ‘ਹਿਮਾਲੀਅਨ ਵੰਡਰਲੈਂਡ- ਟਰੈਵਲਜ਼ ਇਨ ਲਾਹੌਲ-ਸਪਿਤੀ’ ਅਤੇ ‘ਫੋਕ ਟੇਲਜ਼ ਆਫ ਲਾਹੌਲ’ ਪੁਸਤਕਾਂ ਲਿਖੀਆਂ। ਉਹ ਜਲੰਧਰ ਤੇ ਅੰਬਾਲਾ ਦੇ ਡਿਪਟੀ ਕਮਿਸ਼ਨਰ ਵੀ ਰਹੇ। ਜਿਸ ਵੇਲੇ ਨਵੇਂ ਪੰਜਾਬ ਦਾ ਗਠਨ ਹੋਇਆ, ਉਹ ਜਲੰਧਰ ਦੇ ਡਿਪਟੀ ਕਮਿਸ਼ਨਰ ਸਨ।
ਅਫਸਰਸ਼ਾਹ ਵਜੋਂ ਖੇਤੀਬਾੜੀ ਤੇ ਸਹਿਕਾਰਤਾ ਉਨ੍ਹਾਂ ਦੇ ਦਿਲ ਦੇ ਸਭ ਤੋਂ ਨੇੜੇ ਖੇਤਰ ਸਨ। ਪੰਜਾਬ ਦੇ ਵਿੱਤ ਕਮਿਸ਼ਨਰ ਵਿਕਾਸ ਰਹਿੰਦਿਆਂ ਉਨ੍ਹਾਂ ਖੇਤੀਬਾੜੀ, ਸਹਿਕਾਰਤਾ, ਡੇਅਰੀ, ਮੱਛੀ ਪਾਲਣ, ਭੂ ਸੰਭਾਲ ਅਤੇ ਵਿਕਾਸ ਦੇ ਵਿਭਾਗਾਂ ਨੂੰ ਨਵੀਂ ਦਿਸ਼ਾ ਦਿੱਤੀ। ਬਟਾਲਾ ਵਿਚ ਪੰਜਾਬ ਦੀ ਪਹਿਲੀ ਖੰਡ ਮਿੱਲ ਲਗਾਉਣੀ, ਪੰਜਾਬ ਮੰਡੀਕਰਨ ਬੋਰਡ ਨੂੰ ਮਜ਼ਬੂਤ ਕਰਨਾ, ਕਿਸਾਨਾਂ ਦੀ ਸਿੱਧੀ ਕਮਾਈ ਲਈ ਵਿਚੋਲਿਆਂ ਨੂੰ ਬਾਹਰ ਕਰਨ ਲਈ ਆਪਣੀ ਮੰਡੀ ਸ਼ੁਰੂ ਕਰਨਾ, ਪੇਂਡੂ ਸੜਕੀ ਨੈੱਟਵਰਕ ਮਜ਼ਬੂਤ ਕਰਨਾ, ਫਸਲਾਂ ਲਈ ਮੌਸਮ ਦੀ ਜਾਣਕਾਰੀ ਵਾਲਾ ਰੇਡੀਓ ਪ੍ਰਸਾਰਨ ਸ਼ੁਰੂ ਕਰਵਾਉਣਾ, ਭਵਨ ਨਿਰਮਾਣ ਵਿਚ ਕਿਸਾਨ ਭਵਨ, ਪੰਜਾਬ ਭਵਨ ਅਤੇ ਮੈਗਸੀਪਾ ਜਿਹੀਆਂ ਸੰਸਥਾਵਾਂ ਬਣਾਉਣਾ ਉਨ੍ਹਾਂ ਦੇ ਹਿੱਸੇ ਆਇਆ। ਸ਼ਹੀਦ ਊਧਮ ਸਿੰਘ ਦੀਆਂ ਚਿੱਠੀਆਂ ਭਾਰਤ ਲਿਆਉਣ ਵਿਚ ਉਨ੍ਹਾਂ ਦਾ ਵੱਡਾ ਯੋਗਦਾਨ ਸੀ।
ਡਾ. ਗਿੱਲ ਭਾਰਤ ਸਰਕਾਰ ਵਿਚ ਕੌਮੀ ਸਹਿਕਾਰਤਾ ਵਿਕਾਸ ਨਿਗਮ ਦੇ ਐੱਮਡੀ ਰਹੇ ਅਤੇ ਉਸ ਸਮੇਂ ਦੌਰਾਨ ਹੀ ਕਣਕ ਤੇ ਝੋਨੇ ਦੀਆਂ ਕਿਸਮਾਂ ਪੈਦਾ ਕਰਨ ਵਿਚ ਪੰਜਾਬ ਨੇ ਖੇਤੀ ਸੈਕਟਰ ਵਿਚ ਕ੍ਰਾਂਤੀ ਲਿਆਂਦੀ। ਵਿਸ਼ਵ ਬੈਂਕ ਦੇ ਨਾਈਜੀਰੀਆ ਵਿਚਲੇ ਖੇਤੀਬਾੜੀ ਪ੍ਰੋਗਰਾਮ ਦੇ ਉਹ ਮੈਨੇਜਰ ਰਹੇ। ਕੇਂਦਰ ਵਿਚ ਰਸਾਇਣਾਂ ਤੇ ਪੈਟਰੋ ਕੈਮੀਕਲਜ਼ ਵਿਭਾਗ ਦੇ ਸਕੱਤਰ ਰਹਿੰਦਿਆਂ ਮੁਹਾਲੀ ਵਿਚ ਨਾਈਪਰ ਦੀ ਸਥਾਪਨਾ ਹੋਈ। ਖੇਤੀਬਾੜੀ ਸਕੱਤਰ ਰਹਿੰਦਿਆਂ ਭਾਰਤ ਨੇ ਪਹਿਲੀ ਵਾਰ ਅਨਾਜ ਬਰਾਮਦ ਕਰਨਾ ਸ਼ੁਰੂ ਕੀਤਾ। 1990 ਦੇ ਦਹਾਕੇ ’ਚ ਚੋਣ ਕਮਿਸ਼ਨਰ ਅਤੇ ਫਿਰ ਮੁੱਖ ਚੋਣ ਕਮਿਸ਼ਨਰ ਰਹਿੰਦਿਆਂ ਚੋਣ ਸੁਧਾਰ ਕੀਤੇ। ਵੋਟਰ ਪਛਾਣ ਪੱਤਰ, ਇਲੈਕਟ੍ਰੌਨਿਕ ਮਸ਼ੀਨਾਂ, ਚੋਣ ਪ੍ਰਚਾਰ ਦਾ ਸਮਾਂ ਘੱਟ ਕਰਨਾ ਅਤੇ ਆਦਰਸ਼ ਚੋਣ ਜ਼ਾਬਤਾ ਸਖਤੀ ਨਾਲ ਲਾਗੂ ਕਰਨ ਲਈ ਜਾਣੇ ਜਾਂਦੇ ਡਾ. ਗਿੱਲ ਨੂੰ ਸਖਤ ਅਧਿਕਾਰੀ ਮੰਨਿਆ ਜਾਂਦਾ ਸੀ।
ਰਾਜ ਸਭਾ ਮੈਂਬਰ ਵਜੋਂ 12 ਸਾਲ ਸੇਵਾਵਾਂ ਨਿਭਾਉਣ ਵਾਲੇ ਮਨੋਹਰ ਸਿੰਘ ਗਿੱਲ ਸਵਾ ਤਿੰਨ ਸਾਲ ਕੇਂਦਰੀ ਮੰਤਰੀ ਰਹੇ ਜਨਿ੍ਹਾਂ ਵਿਚੋਂ ਪੌਣੇ ਤਿੰਨ ਸਾਲ ਦੇ ਕਰੀਬ ਖੇਡਾਂ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਹੇ। ਮੰਤਰੀ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਪੇਈਚਿੰਗ ਓਲੰਪਿਕ ਮੌਕੇ ਉਨ੍ਹਾਂ ਨੂੰ ਜਦੋਂ ਮੈਂ ਆਪਣੀ ਪੁਸਤਕ ‘ਮੈਂ ਇਵੇਂ ਵੇਖੀਆਂ ਏਸ਼ਿਆਈ ਖੇਡਾਂ’ ਭੇਂਟ ਕੀਤੀ ਤਾਂ ਉਹ ਚੀਨ ਵਿਚ ਪੰਜਾਬੀ ਪੁਸਤਕ ਦੇਖ ਕੇ ਬਹੁਤ ਖੁਸ਼ ਹੋਏ। ਇਹੋ ਸਮਾਂ ਸੀ ਜਦੋਂ ਭਾਰਤ ਨੇ ਪੇਈਚਿੰਗ ਵਿਚ ਓਲੰਪਿਕ ਖੇਡਾਂ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਅਭਨਿਵ ਬਿੰਦਰਾ ਦੇ ਰੂਪ ਵਿਚ ਪਹਿਲਾ ਵਿਅਕਤੀਗਤ ਸੋਨ ਤਗ਼ਮਾ ਅਤੇ ਸੁਸ਼ੀਲ ਕੁਮਾਰ ਤੇ ਵਿਜੇਂਦਰ ਕੁਮਾਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਭਾਰਤ ਨੇ ਨਵੀਂ ਦਿੱਲੀ ਵਿਚ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕੀਤੀ। ਖੇਡ ਐਵਾਰਡਾਂ ਵਿਚ ਪਾਰਦਰਸ਼ਤਾ ਤੇ ਸਹੀ ਚੋਣ ਲਈ ਮਾਹਿਰਾਂ ਦੀਆਂ ਚੋਣ ਕਮੇਟੀਆਂ, ਸ਼ਿਲਾਰੂ (ਹਿਮਾਚਲ ਪ੍ਰਦੇਸ਼) ਵਿਚ ਹਾਕੀ ਐਸਟਰੋਟਰਫ ਵਿਛਾ ਕੇ ਖਿਡਾਰੀਆਂ ਨੂੰ ਤਿਆਰੀ ਲਈ ਸਮੁੰਦਰੀ ਤਲ ਤੋਂ ਵੱਧ ਉਚਾਈ ਵਾਲੇ ਮੈਦਾਨ ਸਥਾਪਤ ਕਰਨਾ ਦਾ ਮੁੱਢ ਬੱਝਿਆ। ਤਰਨ ਤਾਰਨ ਜ਼ਿਲ੍ਹੇ ਨੂੰ ਯੂਥ ਹੋਸਟਲ ਸਮੇਤ ਬਿਹਤਰ ਖੇਡ ਢਾਂਚਾ ਦਿੱਤਾ।
2010 ਵਿਚ ਮੈਨੂੰ ਭਾਰਤ-ਚੀਨ ਯੂਥ ਐਕਸਚੇਂਜ ਪ੍ਰੋਗਰਾਮ ਤਹਿਤ ਚੀਨ ਦੇ ਦੌਰੇ ’ਤੇ ਗਏ 100 ਮੈਂਬਰੀ ਯੂਥ ਡੈਲੀਗੇਸ਼ਨ ਦਾ ਹਿੱਸਾ ਬਣਨ ਦਾ ਸਬਬ ਬਣਿਆ। ਉਸ ਵੇਲੇ ਉਨ੍ਹਾਂ ‘ਦਿ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਨੂੰ ਪੱਤਰ ਲਿਖ ਕੇ ‘ਦਿ ਟ੍ਰਿਬਿਊਨ’ ਅਤੇ ‘ਪੰਜਾਬੀ ਟ੍ਰਿਬਿਊਨ’ ਦਾ ਇਕ ਇਕ ਨੁਮਾਇੰਦਾ ਭੇਜਣ ਲਈ ਕਿਹਾ ਸੀ। ਤਰਨ ਤਾਰਨ ਦੇ ਨੌਜਵਾਨਾਂ ਸਮੇਤ ਛੇ ਪੰਜਾਬੀ ਡੈਲੀਗੇਸ਼ਨ ਦਾ ਹਿੱਸਾ ਸਨ। ਸ਼ੰਘਾਈ (ਚੀਨ) ਵਿਚ ਜਦੋਂ ਸਾਰੇ ਸੂਬਿਆਂ ਦੇ ਨੌਜਵਾਨਾਂ ਨੇ ਆਪੋ-ਆਪਣੇ ਸੂਬੇ ਦਾ ਰਵਾਇਤੀ ਪਹਿਰਾਵਾ ਪਹਨਿਿਆ ਤਾਂ ਮੇਰੇ ਸਮੇਤ ਦੂਜੇ ਪੰਜਾਬੀ ਨੌਜਵਾਨਾਂ ਵੱਲੋਂ ਕੁੜਤਾ-ਚਾਦਰਾ, ਤੁਰਲੇ ਵਾਲੀ ਪੱਗ ਬੰਨ੍ਹੀਂ ਦੇਖ ਕੇ ਡਾ. ਗਿੱਲ ਗਦਗਦ ਹੋ ਗਏ। ਉਨ੍ਹਾਂ ਦੇ ਰਾਜ ਸਭਾ ਮੈਂਬਰ ਹੁੰਦਿਆਂ 2005 ਵਿਚ ਜਲੰਧਰੋਂ ਰਿਪੋਰਟਿੰਗ ਕਰਦਿਆਂ ਅਥਲੀਟ ਮਨਜੀਤ ਕੌਰ ਦੀ ਵਿਦੇਸ਼ ਤਿਆਰੀ ਲਈ ਸਪਾਂਸਰਸ਼ਿਪ ਦਾ ਮੁੱਦਾ ਉਠਾਇਆ ਤਾਂ ਉਨ੍ਹਾਂ ਤੁਰੰਤ ਆਪਣੇ ਕੋਲੋਂ 2 ਲੱਖ ਰੁਪਏ ਦਿੱਤੇ।
ਕੇਂਦਰੀ ਮੰਤਰੀ ਰਹਿੰਦਿਆਂ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਮਦਰ ਟੈਰੇਸਾ ਕਰਸੈਂਟ ਰੋਡ ਸਥਿਤ 12 ਨੰਬਰ ਕੋਠੀ ਸੀ ਜਿਸ ਨੂੰ ਦਿੱਲੀ ਹਲਕਿਆਂ ਵਿਚ ਅਭਾਗੀ ਮੰਨਿਆ ਜਾਂਦਾ ਸੀ ਪਰ ਡਾ. ਗਿੱਲ ਨੇ ਕਦੇ ਵੀ ਅਜਿਹਾ ਵਹਿਮ ਨਹੀਂ ਕੀਤਾ। ਸੰਨ 2000 ਵਿਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਦੂਜੇ ਸਰਵਉੱਚ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ।

ਸੰਪਰਕ: 97800-36216

Advertisement
Author Image

sukhwinder singh

View all posts

Advertisement
Advertisement
×