For the best experience, open
https://m.punjabitribuneonline.com
on your mobile browser.
Advertisement

ਜੁੱਗ ਜੁੱਗ ਜੀਓ...

06:18 AM Nov 02, 2024 IST
ਜੁੱਗ ਜੁੱਗ ਜੀਓ
Advertisement

ਸਵਰਨ ਸਿੰਘ ਭੰਗੂ

Advertisement

ਵਾਹ! ਰਾਣਾ ਜੀ ... ਆਪ ਚਲੇ ਗਏ... ਚੰਗਾ ਨਹੀਂ ਕੀਤਾ ਪਿਆਰਿਆ, 32 ਸਾਲ ਦੀ ਭਰ ਜਵਾਨੀ ਵਿੱਚ ਹੀ ਖ਼ੁਦ ਨੂੰ ਨਿਪਟਾ ਲਿਆ। ਇਹ ਜਾਣਦਿਆਂ ਹੋਇਆਂ ਵੀ ਕਿ ਮੇਰੇ ਇਹ ਗ਼ਿਲੇ ਸ਼ਿਕਵੇ ਜਾਂ ਸਮਝੌਤੀਆਂ ਨਾ ਹੀ ਤੇਰੇ ਕੋਲ ਪਹੁੰਚਣੀਆਂ ਹਨ ਅਤੇ ਨਾ ਹੀ ਉਨ੍ਹਾਂ ਕੋਲ ਜਿਨ੍ਹਾਂ ਨੇ ਤੇਰੇ ਵਾਂਗ ਆਪਣੀ ਉਮਰ ਦੇ ਕੁਦਰਤੀ ਵਰ੍ਹੇ ਖੋਹ ਲਏ ਹਨ।...
ਜਦੋਂ ਵੀ ਮੈਂ ਇਹ ਅਹਿਸਾਸ ਕਰਾਉਂਦਾ ਰਿਹਾ ਸਾਂ ਕਿ ਇਹ ਜੀਵਨ ਕੀਮਤੀ ਹੈ, ਅਸੀਂ ਕੁਦਰਤ ਦੇ ਕਰੋੜਾਂ ਵਰ੍ਹਿਆਂ ਦੇ ਸਹਿਜ ਵਿਕਾਸ ਦਾ ਫਲ਼ ਹਾਂ; ਮਨੁੱਖ ਹੀ ਤਾਂ ਹੈ ਜਿਸ ਦੇ ਸਿਰ ਵਿੱਚ ਬਾਕੀ ਪ੍ਰਾਣੀਆਂ ਦੇ ਮੁਕਾਬਲੇ ਸੁਪਰ ਕੰਪਿਊਟਰ ਨੁਮਾ ਦਿਮਾਗ਼ ਹੈ; ਜਦੋਂ ਇਸ ਨੂੰ ਸਿੱਖਿਆ ਤੇ ਸਮਝ ਦੀ ਜਾਗ ਲੱਗ ਜਾਂਦੀ ਹੈ ਤਾਂ ਇਹ ਸਵਰਗ ਸਿਰਜ ਸਕਦਾ ਹੈ ਅਤੇ ਜਦੋਂ ਮਨੁੱਖੀ ਸਮੂਹ, ਸਿਆਣੀ ਸ਼ਕਤੀ ਵਿੱਚ ਬਦਲ ਜਾਂਦਾ ਹੈ ਤਾਂ ਇਹ ਦੂਸਰਿਆਂ ਲਈ ਵੀ ਸਵਰਗ ਸਿਰਜਣ ਦੇ ਕਾਬਲ ਬਣ ਜਾਂਦਾ ਹੈ ਤਾਂ ਤੂੰ ਇਹ ਸਭ ਕਿੰਨਾ ਬੀਬਾ ਰਾਣਾ ਬਣ ਕੇ ਸੁਣਦਾ ਸੈਂ। ਤੂੰ ਮੇਰੀ ਉਹ ਗੱਲ ਵੀ ਨਹੀਂ ਸਮਝੀ ਕਿ ਮਨੁੱਖ ਭਾਵੇਂ ਆਪਣੇ ਆਪ ਵਿੱਚ ਇਕੱਲਾ ਹੁੰਦਾ ਪਰ ਉਹ ਆਪਣੇ ਨਜ਼ਦੀਕੀ ਰਿਸ਼ਤਿਆਂ ਲਈ ‘ਪੂਰੀ ਦੁਨੀਆ’ ਹੁੰਦਾ ਹੈ।
ਜਦੋਂ ਜੂਨ ਮਹੀਨੇ ਤੂੰ ਮ੍ਰਿਤਕ ਦੇਹ ਬਣਿਆ ਪਿਆ ਸੀ ਤਾਂ ਤੇਰੇ ਭਾਣਜਿਆਂ, ਭੈਣਾਂ, ਮਾਪਿਆਂ ਅਤੇ ਹੋਰ ਸਕੇ-ਸਬੰਧੀਆਂ ਦੇ ਵਿਰਲਾਪ ਨਾਲ ਧਰਤੀ ਪਾਟ-ਪਾਟ ਜਾਂਦੀ ਸੀ। ਤੂੰ ਮੇਰੀ ਕਦਰ ਕਰਨ ਵਾਲਿਆਂ ਵਿੱਚੋਂ ਸੀ, ਮੇਰਾ ਮਾਣ ਸੀ; ਮੇਰਾ ਹੀ ਕਿਉਂ, ਹਰੇਕ ਦਾ ਦੁੱਖ ਵੰਡਾਉਣ ਵਾਲਿਆ, ਤੇਰੇ ’ਤੇ ਤਾਂ ਪਿੰਡ ਦੇ ਲੋਕ ਵੀ ਮਾਣ ਕਰਦੇ ਸਨ। ਉਸ ਦਿਨ ਪਿੰਡ ਦੀ ਫਿਰਨੀ ’ਤੇ ਖੜ੍ਹ ਕੇ ਤੇਰੇ ਅਤੇ ਤੇਰੇ ਸਾਥੀਆਂ ਦੇ ਆਕਾਸ਼ ਗੂੰਜਾਊ ਨਾਅਰੇ ਸੁਣੇ ਸਨ ਜਦੋਂ ਤੂੰ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਦਿੱਲੀ ਤੋਂ ਕਿਸਾਨ ਕਾਫ਼ਲੇ ਨਾਲ ਮੁੜਿਆ ਸੀ। ਤੂੰ ਚੇਤਨਾ ਕਲਾ ਮੰਚ ਚਮਕੌਰ ਸਾਹਿਬ ਦਾ ਮੰਝਿਆ ਹੋਇਆ ਕਲਾਕਾਰ ਸੀ। ਕੱਦ ਦਾ ਭਾਵੇਂ ਮਧਰਾ ਪਰ ਜਦੋਂ ਤੇਰੀ ਕਲਾਕਾਰੀ ਨਾਲ ਦਮਦਾਰ ਬੋਲ ਜੁੜ ਜਾਂਦੇ ਸਨ ਤਾਂ ਤੂੰ ਭਰਵੀਂ ਦਾਦ ਲੈ ਲੈਂਦਾ। ਨਾਟਕ ‘ਕਿਵ ਕੂੜੈ ਤੁਟੈ ਪਾਲਿ’ ਨੂੰ ਤੇਰੇ ਜਿਹਾ ‘ਮਰਾਸੀ’ ਨਹੀਂ ਮਿਲਣਾ ਅਤੇ ਨਾ ਹੀ ‘ਛਿਪਣ ਤੋਂ ਪਹਿਲਾਂ’ ਵਿਚਲਾ ਸਿਪਾਹੀ।
ਤੇਰੇ ਇਨ੍ਹਾਂ ਗੁਣਾਂ ਨੇ ਹੀ ਤੇਰੇ ਲਈ ਵੱਡੇ ਪਰਦੇ ਵੱਲ ਰਾਹ ਖੋਲ੍ਹ ਦਿੱਤਾ ਸੀ। ਤੂੰ ਭਗਤ ਪੂਰਨ ਸਿੰਘ ਦੇ ਜੀਵਨ ’ਤੇ ਬਣੀ ਫਿਲਮ ‘ਇਹ ਜਨਮ ਤੁਮ੍ਹਾਰੇ ਲੇਖੇ’ ਦਾ ਅਪੰਗ ਪਿਆਰਾ ਸਿੰਘ ਬਣਿਆ ਸੀ; ਕਈ ਹੋਰ ਫਿਲਮਾਂ ਦਾ ਕਿਰਦਾਰ ਵੀ। ਸੱਚਮੁੱਚ ਤੂੰ ਪੰਜਾਬੀ ਫਿਲਮ ਸਨਅਤ ਲਈ ਸੰਭਾਵਨਾਵਾਂ ਭਰਿਆ ਕਲਾਕਾਰ ਸੀ। ਕਦੇ-ਕਦੇ ਤੇਰੀ ਚੱਕਵੀਂ ਗੱਲ ਨੋਟ ਹੁੰਦੀ, ਪਤਾ ਲੱਗਣ ’ਤੇ ਮੈਂ ਵਰਜਦਾ, ਤੂੰ ਕੰਨ ਫੜ ਲੈਂਦਾ। ਤੂੰ ਮੇਰੇ ਪਿੰਡ ਦਾ ਸੀ, ਕਦੇ-ਕਦੇ ਵਧਵੇਂ ਮਾਣ ਦੀ ਪਾਡੀ ਵੀ ਮਾਰਦਾ ਰਿਹਾ ਸੀ ਕਿ ਬੱਸ ਅਸੀਂ 2 ਹੀ ਹੀਰੇ ਜੰਮੇ ਹਾਂ ਪਿੰਡ ਵਿੱਚ। ਕਦੇ-ਕਦੇ ਤੂੰ ਕਿਸੇ ਪ੍ਰੇਸ਼ਾਨੀ ਦੀ ਪੰਡ ਚੁੱਕੀ ਤੁਰਿਆ ਆਉਂਦਾ ਅਤੇ ਮੇਰੀ ਅਨੁਭਵੀ ਤਾਕੀਦ ਤੋਂ ਬਾਅਦ “ਬੱਸ, ਐਨੀ ਕੁ ਈ ਗੱਲ ਸੀ ਬਾਈ” ਕਹਿੰਦਿਆਂ ਹੌਲਾ ਫੁੱਲ ਹੋ ਪਰਤਦਾ ਸੀ।
...ਉਸ ਦਿਨ ਵੀ ਆ ਜਾਂਦਾ, ਤੈਨੂੰ ਜ਼ਿੰਦਗੀ ਨਾਲ ਬਗਲਗੀਰ ਹੁੰਦਿਆਂ ਦੇਖ ਸਕਦਾ। ਤੇਰੇ ਜਾਣ ਬਾਅਦ ਹੀ ਪਤਾ ਲੱਗਿਆ ਕਿ ਤੂੰ ਦਾਰੂ ਦਾ ਗ਼ੁਲਾਮ ਹੋ ਗਿਆ ਸੈਂ, ਘਰ ਵਿੱਚ ਕੋਈ ਗਿਲਾ ਸਿ਼ਕਵਾ ਹੋਇਆ ਤਾਂ ਤੂੰ ਮੋਟਰ ’ਤੇ ਪਈ ਕੀਟਨਾਸ਼ਕ ਲੰਘਾ ਲਈ। ਮੈਨੂੰ ਅਤੇ ਤੇਰੇ ਹੋਰ ਸੰਗੀ ਸਾਥੀਆਂ ਨੂੰ ਤਾਂ ਅਗਲੇ ਦਿਨ ਸਵੇਰੇ ਪਤਾ ਲੱਗਾ ਕਿ ‘ਰਾਣਾ ਨੋ ਮੋਰ’...। ਜਦੋਂ ਤੇਰੇ ਇਸ ਤਰ੍ਹਾਂ ਜਾਣ ਦਾ ਪਤਾ ਲੱਗਾ, ਮਨ ਵਿੱਚ ਤੇਰੇ ਪ੍ਰਤੀ ਰੋਸ ਵੀ ਉੱਭਰਿਆ ਪਰ ਹੁਣ ਇਹ ਰੋਸ ਲਾਹੀਏ ਤਾਂ ਲਾਹੀਏ ਕਿਸ ’ਤੇ।
ਤੇਰੇ ਜਾਣ ਤੋਂ ਬਾਅਦ ਲੱਗਭੱਗ 20 ਸਾਲ ਪਹਿਲਾਂ ਵਾਪਰੀ ਘਟਨਾ ਵਾਰ-ਵਾਰ ਯਾਦ ਆਉਂਦੀ ਹੈ। ਉਸ ਦਿਨ ਬਾਅਦ ਦੁਪਹਿਰ ਜਦੋਂ ਮੈਂ ਸਕੂਲ ਤੋਂ ਘਰ ਜਾਣ ਲਈ ਪੱਕੀ ਸੜਕ ’ਤੇ ਚੜ੍ਹਨ ਲੱਗਾ ਤਾਂ ਸਾਹਮਣੇ ਲੱਗਭੱਗ 200 ਫੁੱਟ ਚੌੜੀ ਸਰਹਿੰਦ ਨਹਿਰ ਦੇ ਪਿੰਡ ਧੌਲਰਾਂ ਵਾਲੇ ਪੁਲ ਦੀ ਲਹਿੰਦੇ ਵੱਲ ਦੀ ਰੋਕ ’ਤੇ, ਦਰਮਿਆਨ ਵਿੱਚ ਹਰੇ ਰੰਗ ਦੀ ਪੱਗ ਲਾਹ ਕੇ ਰੱਖੀ ਪਈ ਸੀ। ਰੁਕ ਕੇ ਦੇਖਿਆ ਤਾਂ ਪਤਾ ਲੱਗਾ ਕਿ ਹੁਣੇ-ਹੁਣੇ ਬੰਦੇ ਨੇ ਪੱਗ ਪਟੜੀ ’ਤੇ ਰੱਖ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ। ਬੰਦਾ ਚੌੜੀ ਨਹਿਰ ਦੇ ਵਿਚਕਾਰ ਬਚਣ ਲਈ ਹੱਥ ਮਾਰ ਰਿਹਾ ਸੀ। ਨਹਿਰ ਦੁਆਲੇ ਸਾਰੇ ਬੇਵੱਸ ਨਾਲੋ-ਨਾਲ ਚੱਲ ਰਹੇ ਸਨ। ਕੋਈ ਬੋਲਿਆ ਸੀ- “ਨਹਿਰ ਦੇ ਬੇਲਦਾਰ ਤੈਰਾਕ ਵੀ ਹੁੰਦੇ, 5 ਵੱਜ ਗਏ, ਛੁੱਟੀ ਦਾ ਸਮਾਂ ਹੋ ਗਿਆ, ਉਹ ਆਉਂਦੇ ਹੀ ਹੋਣਗੇ।” ਮੈਂ ਮੋਟਰ ਸਾਈਕਲ ਦੱਸੀ ਥਾਂ ਵੱਲ ਦੁੜਾਇਆ।
ਅਜੇ 2 ਕਿਲੋਮੀਟਰ ਹੀ ਗਿਆ ਹੋਵਾਂਗਾ ਕਿ ਸਾਈਕਲਾਂ ’ਤੇ ਮੁੜਦੇ ਬੇਲਦਾਰ ਮਿਲ ਗਏ। ਮਸਲਾ ਦੱਸਿਆ ਤਾਂ ਉਨ੍ਹਾਂ ਵਿੱਚੋਂ ਇੱਕ ਮੇਰੇ ਨਾਲ ਬੈਠ ਗਿਆ। ਮੈਂ ਦੂਰੋਂ ਹੀ ਉਹਨੂੰ ਨਹਿਰ ਦੇ ਵਿਚਕਾਰ ਹੇਠ ਉੱਤੇ ਹੁੰਦਾ ਮਨੁੱਖੀ ਸਿਰ ਦਿਖਾ ਦਿੱਤਾ। ਇੱਕ ਥਾਂ ਉਹਨੇ ਮੈਨੂੰ ਰੋਕਿਆ ਅਤੇ ਨਹਿਰ ਵਿੱਚ ਛਾਲ ਮਾਰ ਦਿੱਤੀ। ਉਹ ਉਸ ਸਿਰ ਵੱਲ ਤਿਰਛੇ ਦਾਅ ਵਧਦਾ ਗਿਆ ਅਤੇ ਉਸ ਨੂੰ ਸਿਰ ਦੇ ਵਾਲਾਂ ਤੋਂ ਫੜਨ ਵਿੱਚ ਕਾਮਯਾਬ ਹੋ ਗਿਆ ਤੇ ਉਹਨੂੰ ਕੰਢੇ ’ਤੇ ਲੈ ਆਇਆ। ਅਸੀਂ ਅਜੇ ਨੇੜੇ ਹੋ ਹੀ ਰਹੇ ਸਾਂ ਕਿ ਬਚਾਉਣ ਵਾਲੇ ਨੇ ਉਸ ਸ਼ਖ਼ਸ ਦੇ ਲਫੇੜੇ ਲਾਉਣੇ ਅਤੇ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅਸੀਂ ਉਹਨੂੰ ਵਰਜਿਆ- “ਤੂੰ ਹੀ ਇਹਨੂੰ ਬਚਾਇਆ ਹੈ, ਹੁਣ ਮਾਰਦਾ ਕਿਉਂ ਏਂ?” ਉਹਨੇ ਇੱਕ ਹੋਰ ਹੂਰਾ ਉਛਾਲਦਿਆਂ ਕਿਹਾ ਕਿ ਇਹਨੇ ਤਾਂ ਸਾਡਾ ਘਰ ਤਬਾਹ ਕਰ ਦੇਣਾ ਸੀ, ਇਹ... ਮੇਰਾ ਭਾਈ ਹੈ।
ਉਫ਼! ਬੰਦਾ ਬਚ ਗਿਆ ਸੀ... ਕਹਾਣੀ ਦਾ ਸੁਖਦ ਅੰਤ ਹੋ ਗਿਆ ਸੀ। ਮਰਨਾ ਚਾਹੁਣ ਵਾਲਾ ਬਚ ਵੀ ਗਿਆ ਸੀ ਤੇ ਸਬਬ ਵਸ, ਉਹਦੇ (ਜੀਵਨ ਦਾਤੇ) ਸਕੇ ਭਰਾ ਨੇ ਗੁੱਸਾ ਵੀ ਲਾਹ ਲਿਆ ਸੀ।
ਕਾਸ਼! ਅਜਿਹਾ ਹੋ ਜਾਂਦਾ। ਤੂੰ ਬਚ ਵੀ ਜਾਂਦਾ, ਅਸੀਂ ਗੁੱਸਾ ਵੀ ਲਾਹ ਲੈਂਦੇ। ਅਖ਼ੀਰ ’ਚ ਇਹੋ ਕਹਿੰਦਾ ਹਾਂ... ਧਰਤੀ ’ਤੇ ਵਸਦੇ ਰਾਣਿਓਂ, ਜ਼ਿੰਦਗੀ ਦੀ ਅੱਖ ’ਚ ਅੱਖ ਪਾਉਣੀ ਸਿੱਖੋ, ਜ਼ਿੰਦਗੀ ਜਿਊਣ ਦਾ ਹੁਨਰ ਸਿੱਖੋ, ਆਪਣੇ ਰਿਸ਼ਤਿਆਂ ਤੋਂ ਉਹ ਦੁਨੀਆ ਨਾ ਖੋਹਵੋ ... ਜਿਹੜੀ ਸਿਰਫ ਤੇ ਸਿਰਫ ਤੁਹਾਡੀ ਹੋਂਦ ਕਾਰਨ ਹੀ ਹੱਸ ਰਹੀ ਹੈ ਤੇ ਵਸ ਰਹੀ ਹੈ।
ਸੰਪਰਕ: 94174-69290

Advertisement

Advertisement
Author Image

joginder kumar

View all posts

Advertisement