ਪੁਤਲਾ
ਗ਼ੌਰੀ ਸ਼ੰਕਰ ਰੈਨਾ *
ਬਾਹਰ ਦੀ ਲਾਈਟ ਬੰਦ ਹੋ ਚੁੱਕੀ ਸੀ। ਅੰਦਰ ਦੀਆਂ ਲਾਈਟਾਂ ਵੀ ਬੰਦ ਕੀਤੀਆਂ ਜਾ ਰਹੀਆਂ ਸਨ। ਵਿਨੋਦ ਸਵਿੱਚ ਬੋਰਡ ਤੋਂ ਇੱਕ ਇੱਕ ਲਾਈਟ ਬੰਦ ਕਰਦਾ ਦਿਸ ਰਿਹਾ ਸੀ। ਇੱਕ ਇੱਕ ਬਲਬ ਤੋਂ ਰੋਸ਼ਨੀ ਗ਼ਾਇਬ ਹੁੰਦੀ ਜਾ ਰਹੀ ਸੀ। ਸੋਅਕੇਸ਼ ਵਿੱਚ ਰੋਸ਼ਨੀ ਕਰਨ ਵਾਲੀ ਲਾਈਟ ਅਤੇ ਜ਼ਰੀਦਾਰ, ਬਨਾਰਸੀ ਤੇ ਸਿਲਕ ਦੀਆਂ ਸਾੜੀਆਂ ਦੇ ਸ਼ੈਲਫਾਂ ਉੱਪਰ ਲੱਗੀਆਂ ਲਾਈਟਾਂ ਬੁਝਦੀਆਂ ਜਾ ਰਹੀਆਂ ਸਨ। ਆਦਮਕੱਦ ਸ਼ੀਸ਼ੇ ਦੇ ਕੋਲ ਤੇਜ਼ ਰੋਸ਼ਨੀ ਵਾਲੇ ਕਈ ਬਲਬ ਲਗਾਏ ਗਏ ਸਨ। ਉਹ ਵੀ ਬੰਦ ਹੋ ਗਏ। ਰਾਮ ਕਿਸ਼ਨ ਦਿਨ ਭਰ ਖ਼ੁਦ ਹੀ ਸਾੜੀਆਂ ਪਹਿਨ ਪਹਿਨ ਕੇ ਗਾਹਕਾਂ ਨੂੰ ਦਿਖਾਉਂਦਾ ਸੀ ਜਾਂ ਖਰੀਦਣ ਵਾਲਿਆਂ ਦੇ ਮੋਢਿਆਂ ਉੱਪਰ ਸਾੜੀ ਦਾ ਪੱਲਾ ਸਜਾਉਂਦਿਆਂ ਉਸ ਨੂੰ ਸ਼ੀਸ਼ੇ ਵਿੱਚ ਦੇਖਣ ਲਈ ਆਖਦਾ।
‘‘ਵਾਹ! ਕਿਆ ਜਚ ਰਹੀ ਹੈ ਯੇ ਸਾੜੀ ਆਪ ਪਰ।” ਇਹ ਵਾਕ ਉਸ ਨੇ ਤੋਤੇ ਵਾਂਗ ਰਟ ਲਿਆ ਸੀ। ਵੀਹ ਤੀਹ ਗਾਹਕਾਂ ਨੂੰ ਉਹ ਹਰ ਰੋਜ਼ ਇਹ ਆਖਦਾ ਤੇ ਆਪਣੀ ਵੇਚਣ ਕਲਾ ਦਾ ਪ੍ਰਦਰਸ਼ਨ ਕਰਦਾ। ਹਾਰਿਆ ਥੱਕਿਆ ਹੋਇਆ ਹੁਣ ਉਹ ਵੀ ਆਪਣੇ ਘਰ ਵੱਲ ਚੱਲ ਪਿਆ ਸੀ। ਸਾਰੇ ਸੇਲਜ਼ਮੈਨ ਜਾ ਚੁੱਕੇ ਸਨ, ਪਰ ਵਿਨੋਦ ਹਾਲੇ ਵੀ ਉੱਥੇ ਹੀ ਸੀ। ਸਵਿੱਚ ਬੋਰਡ ਟਿਮਟਿਮਾ ਰਿਹਾ ਸੀ। ਲਾਲਾ ਜੀ ਵੀ ਹਾਲੇ ਇੱਥੇ ਹੀ ਸਨ। ਉਨ੍ਹਾਂ ਦਾ ਵਿਸ਼ਵਾਸਪਾਤਰ ਬਾਬੂ ਲਾਲ ਵੀ ਇੱਥੇ ਹੀ ਸੀ। ਉਸ ਦਾ ਕੰਮ ਸੀ ਲਾਲਾ ਜੀ ਨੂੰ ਹਰ ਦੋ ਘੰਟੇ ਬਾਅਦ ਗਿੱਲੀ ਸੁਪਾਰੀ ਵਾਲਾ ਪਾਨ ਖੁਆਉਣਾ, ਰੋਟੀ ਖੁਆਉਣੀ, ਚਾਹ ਪਿਆਉਣੀ ਤੇ ਰਾਤ ਨੂੰ ਸਾਰੇ ਸ਼ਟਰ ਬੰਦ ਕਰਨ ਤੋਂ ਬਾਅਦ ਸਾਰੇ ਤਾਲੇ ਲਗਾ ਕੇ ਚਾਬੀਆਂ ਦਾ ਗੁੱਛਾ ਉਨ੍ਹਾਂ ਦੇ ਹੱਥ ਵਿੱਚ ਫੜਾਉਣਾ। ਉਦੋਂ ਤੱਕ ਲਾਲਾ ਜੀ ਵੀ ਕਾਰ ਵਿੱਚ ਬਹਿ ਚੁੱਕੇ ਹੁੰਦੇ। ਉਂਝ, ਉਹ ਵੀ ਕਦੇ ਕਦੇ ਡਰਾਈਵਰ ਦੇ ਨਾਲ ਵਾਲੀ ਸੀਟ ਉੱਤੇ ਬਹਿ ਕੇ ਚੌਕ ਵਿੱਚ ਉਤਰ ਜਾਂਦਾ ਤੇ ਉੱਥੋਂ ਰਿਕਸ਼ਾ ਲੈ ਕੇ ਆਪਣੇ ਘਰ ਵੱਲ ਚਲਾ ਜਾਂਦਾ, ਪਰ ਉਹ ਵੀ ਅੱਜ ਇੱਥੇ ਹੀ ਹੈ। ਉਸ ਨੇ ਹੁਣੇ ਹੁਣੇ ਬਿਨਾਂ ਚੀਨੀ ਵਾਲੀ ਚਾਹ ਲਾਲਾ ਜੀ ਦੇ ਸਾਹਮਣੇ ਰੱਖੀ ਹੈ। ਲਾਲਾ ਜੀ ਚਾਹ ਪੀਣਗੇ, ਰਜੌਰੀ ਗਾਰਡਨ ਵਿੱਚ ਆਪਣੀ ਦੂਜੀ ਦੁਕਾਨ ਉੱਤੇ ਬੈਠੇ ਆਪਣੇ ਪੁੱਤਰ ਨਾਲ ਗੱਲ ਕਰਨਗੇ। ਮਾਲ ਦੀ ਡਿਲੀਵਰੀ ਲਈ ਨਿਰਦੇਸ਼ ਦੇਣਗੇ। ਉਦੋਂ ਤੱਕ ਡਰਾਈਵਰ ਲਾਲਾ ਜੀ ਲਈ ਦੁਕਾਨ ਦੇ ਬਾਹਰ ਗੱਡੀ ਲਾਵੇਗਾ।
ਵਿਨੋਦ ਨੂੰ ਯਾਦ ਆਇਆ ਕਿ ਉਸ ਨੂੰ ਵਿੰਡੋ ਡਰੈਸਿੰਗ ਦਾ ਕੰਮ ਸੌਂਪਿਆ ਗਿਆ ਹੈ। ਸ਼ੀਸ਼ਿਆਂ ਵਿੱਚ ਖੜ੍ਹੀ ਮੈਨਕਿਨ ਨੂੰ ਫਿਰ ਸਜਾਉਣਾ ਹੈ। ਫਿਰ ਉਸ ਦੇ ਬਦਨ ਉੱਪਰ ਜ਼ਰੀ ਦੀ ਸਾੜੀ ਪਹਿਨਾਉਣੀ ਹੈ। ਉਸ ਨੂੰ ਦੁਲਹਨ ਵਾਂਗੂੰ ਸਜਾਉਣਾ ਹੈ। ਫਿਰ ਬਾਜ਼ਾਰ ਵਾਲੇ ਪਾਸੇ ਖੁੱਲ੍ਹਣ ਵਾਲੀ ਤਾਕੀ ਵੱਲ ਬਿਠਾਉਣਾ ਹੈ। ਗੂੰਗੀ, ਪਰ ਸੁੰਦਰ। ਮਨ ਲੁਭਾਉਣ ਵਾਲੀ, ਪਰ ਬੇਜਾਨ।
‘‘ਕੱਲ੍ਹ ਨੂੰ ਛੇਤੀ ਆਵੀਂ,’’ ਲਾਲਾ ਜੀ ਆਪਣੀ ਗੱਦੀ ਦੇ ਸਫ਼ੇਦ ਸਿਰਹਾਣੇ ਉੱਤੇ ਟੇਕ ਲਗਾਉਂਦਿਆਂ ਬੋਲੇ।
‘‘ਜੀ, ਆ ਜਾਵਾਂਗਾ।’’ ਵਿਨੋਦ ਨੇ ਜਵਾਬ ਦਿੱਤਾ।
‘‘ਕੱਲ੍ਹ ਕਰੋਲ ਬਾਗ ਜਾਣਾ ਹੈ, ਉੱਥੋਂ ਨਵਾਂ ਪੁਤਲਾ ਲੈ ਕੇ ਆਉਣਾ ਹੈ। ਧੁੱਪ ਵਿੱਚ ਖੜ੍ਹਿਆਂ ਖੜ੍ਹਿਆਂ ਇਹਦਾ ਤਾਂ ਰੰਗ ਉਤਰ ਗਿਆ ਹੈ।’’
ਵਿਨੋਦ ਸੋਚਣ ਲੱਗਾ ਕਿ ਕੀ ਨਕਲੀ ਸਰੀਰ ਉੱਤੇ ਅਸਲੀ ਕੱਪੜੇ ਪਹਿਨਣ ਵਾਲੀ ਮੈਨਕਿਨ ਸੱਚੀਂਮੁੱਚੀਂ ਗਾਹਕਾਂ ਨੂੰ ਆਪਣੇ ਵੱਲ ਖਿੱਚਦੀ ਹੋਵੇਗੀ, ਪਰ ਉਸ ਨੇ ਕੋਈ ਸਵਾਲ ਨਹੀਂ ਕੀਤਾ। ਉਹ ਬੱਸ ਚੁੱਪਚਾਪ ਸੁਣਦਾ ਰਿਹਾ ਕਿਉਂਕਿ ਉਹ ਲਾਲਾ ਜੀ ਦੇ ਤੌਰ ਤਰੀਕਿਆਂ ਨੂੰ ਗ਼ਲਤ ਮੰਨਦਿਆਂ ਵੀ ਉਨ੍ਹਾਂ ਦੀ ਇੱਜ਼ਤ ਕਰਦਾ ਸੀ। ਜੰਮੂ ਤੋਂ ਆਉਣ ਮਗਰੋਂ ਲਾਲਾ ਜੀ ਨੇ ਹੀ ਉਸ ਨੂੰ ਸਹਾਰਾ ਦਿੱਤਾ ਸੀ। ਰਹਿਣ ਲਈ ਕਮਰਾ। ਦੁਕਾਨ ਉੱਤੇ ਕੰਮ। ਪੁਰਾਣੇ ਮੁਣਸ਼ੀ ਦੇ ਬਰਾਬਰ ਤਨਖ਼ਾਹ। ਨਹੀਂ ਤਾਂ ਉਹ ਇੱਡੇ ਵੱਡੇ ਸ਼ਹਿਰ ਵਿੱਚ ਕੀ ਕਰਦਾ। ਉੱਥੇ ਜੰਮੂ ਵਿੱਚ ਜੇਕਰ ਉਸ ਦੀ ਘਰਵਾਲੀ ਪ੍ਰਭਾ ਦਾ ਇਲਾਜ ਹੋ ਜਾਂਦਾ ਤਾਂ ਉਸ ਨੇ ਕਾਹਨੂੰ ਦਿੱਲੀ ਆਉਣਾ ਸੀ। ਉੱਥੇ ਹੀ ਕਿਸੇ ਮੁਹੱਲੇ ਵਿੱਚ ਕਿਰਾਏ ਉੱਤੇ ਰਹਿੰਦਾ ਜਾਂ ਭਰਾ ਨਾਲ ਮੁੱਠੀ ਦੀ ਮਾਈਗਰੈਂਟ ਕਾਲੋਨੀ ਵਿਖੇ, ਪਰ ਘਰਵਾਲੀ ਦੀ ਬਿਮਾਰੀ ਨੇ ਉਸ ਨੂੰ ਕਿੱਥੇ ਕਿੱਥੇ ਨਹੀਂ ਭਟਕਾਇਆ। ਪਹਿਲਾਂ ਜੰਮੂ, ਫਿਰ ਚੰਡੀਗੜ੍ਹ ਤੇ ਹੁਣ ਦਿੱਲੀ ਦੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ। ਹਰ ਦੋ ਮਹੀਨੇ ਬਾਅਦ ਚੈੱਕਅੱਪ। ਬਸ ਗ਼ਨੀਮਤ ਇਹੋ ਕਿ ਉਹ ਜ਼ਿੰਦਾ ਹੈ।
‘‘ਲਾਲਾ ਜੀ, ਮੈਂ ਕੱਲ੍ਹ ਸਵੇਰੇ ਛੇਤੀ ਆ ਜਾਵਾਂਗਾ। ਇੱਥੋਂ ਦਾ ਕੰਮ ਨਿਬੇੜ ਕੇ ਫਿਰ ਕਰੋਲ ਬਾਗ ਚਲਾ ਜਾਵਾਂਗਾ। ਉਂਝ ਵੀ ਉੱਥੇ ਬਾਰ੍ਹਾਂ ਵਜੇ ਤੋਂ ਪਹਿਲਾਂ ਦੁਕਾਨਾਂ ਨਹੀਂ ਖੁੱਲ੍ਹਦੀਆਂ।’’ ਵਿਨੋਦ ਬੋਲਿਆ।
‘‘ਤਾਂ ਫਿਰ ਠੀਕ ਹੈ,’’ ਲਾਲਾ ਜੀ ਨੇ ਬਰੀਫਕੇਸ ਬੰਦ ਕਰਦਿਆਂ ਕਿਹਾ।
ਬਾਬੂ ਲਾਲ ਨੇ ਸਭੋ ਏਅਰਕੰਡੀਸ਼ਨ ਬੰਦ ਕਰ ਦਿੱਤੇ। ਮਾਲਕ ਦੇ ਘਰ ਤੋਂ ਆਏ ਰੋਟੀ ਵਾਲੇ ਭਾਂਡੇ, ਪਾਨ ਦਾ ਡੱਬਾ ਵਗੈਰਾ ਗੱਡੀ ਵਿੱਚ ਰੱਖ ਦਿੱਤੇ। ਲਾਲਾ ਜੀ ਨੇ ਚਾਹ ਦਾ ਖਾਲੀ ਕੱਪ ਇੱਕ ਪਾਸੇ ਧਰ ਦਿੱਤਾ ਤੇ ਬਰੀਫਕੇਸ ਚੁੱਕਿਆ ਤਾਂ ਬਾਬੂ ਲਾਲ ਫੁਰਤੀ ਨਾਲ ਭੱਜ ਕੇ ਉਨ੍ਹਾਂ ਦੀ ਸਫ਼ੇਦ ਚੱਪਲ ਚੁੱਕ ਲਿਆਇਆ। ਲਾਲਾ ਜੀ ਚੱਪਲਾਂ ਪਹਿਨ ਕੇ ਗੱਡੀ ਵਿੱਚ ਆਣ ਬੈਠੇ। ਵਿਨੋਦ ਨੇ ਨਿਯਾਨ ਸਾਈਨ ਵਿੱਚ ਲਿਖੇ ਹੋਏ ‘ਰੂਪਮਤੀ ਸਾੜੀ ਸਟੋਰ’ ਵਾਲੀ ਨੀਲੀ ਹਰੀ ਲਾਈਟ ਵੀ ਬੰਦ ਕਰ ਦਿੱਤੀ। ਸਿਰਫ਼ ਇੱਕ ਛੋਟੀ ਲਾਈਟ ਚਲਦੀ ਰਹਿਣ ਦਿੱਤੀ। ਚੌਕੀਦਾਰ ਲਈ। ਬਾਬੂ ਲਾਲ ਨੇ ਸ਼ਟਰ ਬੰਦ ਕੀਤਾ। ਸ਼ੋਅਰੂਮ ਦਾ ਚੌਕੀਦਾਰ ਇੱਕ ਪਾਸੇ ਖੜ੍ਹ ਗਿਆ। ਲਾਲਾ ਜੀ ਕਾਰ ਵਿੱਚ ਬੈਠੇ ਬੈਠੇ ਪਾਨ ਚਬਾ ਰਹੇ ਸਨ। ਬਾਬੂ ਲਾਲ ਨੇ ਚਾਬੀਆਂ ਦਾ ਗੁੱਛਾ ਉਨ੍ਹਾਂ ਨੂੰ ਸੰਭਾਲ ਦਿੱਤਾ ਤੇ ਡਰਾਈਵਰ ਦੇ ਨਾਲ ਵਾਲੀ ਸੀਟ ਉੱਤੇ ਬਹਿ ਗਿਆ। ਸਕਿਓਰਟੀ ਗਾਰਡ ਨੇ ਲਾਲਾ ਜੀ ਨੂੰ ਸਲਾਮ ਕੀਤਾ। ਵਿਨੋਦ ਨੇ ਹੱਥ ਜੋੜਦਿਆਂ ਨਮਸਕਾਰ ਕੀਤਾ ਤੇ ਲਾਲਾ ਜੀ ਦੀ ਸਕਾਰਪੀਓ ਲਾਜਪਤ ਨਗਰ ਮਾਰਕੀਟ ਤੋਂ ਫੁਰਰ ਹੋ ਗਈ। ਵਿਨੋਦ ਰਿੰਗ ਰੋਡ ਵੱਲ ਨੂੰ ਹੋ ਤੁਰਿਆ।
ਲੰਮਾ ਚੌੜਾ ਰਿੰਗ ਰੋਡ। ਉਂਜ ਤਾਂ ਟਰੈਫਿਕ ਘੱਟ ਸੀ, ਪਰ ਟਰੱਕਾਂ ਦਾ ਆਉਣ-ਜਾਣ ਸ਼ੁਰੂ ਹੋ ਗਿਆ ਸੀ। ਰਾਤ ਭਰ ਚੱਲਣ ਵਾਲੇ ਦੈਂਤ। ਤਿਰਾਹੇ ਉੱਤੇ ਬਣਿਆ ਫਰੂਟ ਬਾਜ਼ਾਰ ਵੀ ਬੰਦ ਹੋਣ ਵਾਲਾ ਸੀ। ਜ਼ਿਆਦਾਤਰ ਦੁਕਾਨਾਂ ਬੰਦ ਸਨ, ਪਰ ਜਿਹੜਾ ਕੋਈ ਦੁਕਾਨਦਾਰ ਬੈਠਾ ਸੀ ਉਹ ਅੱਧੇ ਪੌਣੇ ਭਾਅ ਉੱਤੇ ਕੇਲੇ, ਪਪੀਤੇ ਆਦਿ ਵੇਚ ਕੇ ਘਰ ਜਾਣਾ ਚਾਹੁੰਦਾ ਸੀ। ਵਿਨੋਦ ਵੀ ਆਪਣੇ ਘਰ ਜਾਣਾ ਚਾਹੁੰਦਾ ਸੀ। ਦੂਰ ਇੱਕ ਨੁੱਕਰੇ ਛਾਬੇ ਵਿੱਚ ਪਏ ਸੇਬ ਦੇਖ ਕੇ ਰੁਕ ਗਿਆ। ਸੋਚਿਆ ਕਿਉਂ ਨਾ ਆਪਣੀ ਬਿਮਾਰ ਪਤਨੀ ਲਈ ਕੁਝ ਸੇਬ ਖਰੀਦ ਕੇ ਲੈ ਜਾਵਾਂ। ਉਸ ਨੂੰ ਹਾਰਵਨ ਦੇ ਆਪਣੇ ਵਿਹੜੇ ਵਿੱਚ ਸੇਬਾਂ ਨਾਲ ਲੱਦੇ ਆਪਣੇ ਦਰੱਖ਼ਤ ਯਾਦ ਆ ਗਏ। ਅੰਬਰੀ ਸੇਬ। ਉਦੋਂ ਪ੍ਰਭਾ ਇੱਕ ਵੀ ਸੇਬ ਨਹੀਂ ਖਾਂਦੀ ਸੀ। ਜਦੋਂ ਸੇਬਾਂ ਦਾ ਬਾਗ਼ ਠੇਕੇ ਉੱਤੇ ਦਿੱਤਾ ਜਾਂਦਾ ਤਾਂ ਠੇਕਾਬੰਦੀ ਵਿੱਚ ਠੇਕੇਦਾਰ ਦੋ ਤਿੰਨ ਪੇਟੀਆਂ ਸੇਬ ਤਾਂ ਦੇ ਹੀ ਜਾਂਦਾ। ਉਦੋਂ ਵੀ ਉਹ ਇੱਕ ਸੇਬ ਵੀ ਨਹੀਂ ਚੁੱਕਦੀ ਸੀ।
ਛਾਬੇ ਵਿੱਚੋਂ ਇੱਕ ਸੇਬ ਚੁੱਕਦਿਆਂ ਵਿਨੋਦ ਨੇ ਫ਼ਲਾਂ ਵਾਲੇ ਤੋਂ ਪੁੱਛਿਆ, ‘‘ਕਿਵੇਂ ਦਿੱਤੇ ਹਨ...?’’
‘‘ਸੱਠ ਰੁਪਏ ਵੇਚ ਰਹੇ ਹਾਂ, ਬਾਬੂ ਜੀ ਤੁਸੀਂ ਪੰਜਾਹ ਰੁਪਏ ਦੇ ਦੇਓ।’’
‘‘ਕਸ਼ਮੀਰੀ ਸੇਬ ਹਨ...?’’
‘‘ਹਾਂ ਬਾਬੂ ਜੀ! ਐਨ ਮਿੱਠੇ। ਇਹ ਦੇਖੋ।’’
ਸੇਬ ਨੂੰ ਧਿਆਨ ਨਾਲ ਦੇਖ ਕੇ ਵਿਨੋਦ ਸਮਝ ਗਿਆ ਕਿ ਨਾ ਇਹ ਸੋਪੋਰ ਦਾ ਹੈ ਤੇ ਨਾ ਹਾਰਵਨ ਦਾ।
‘‘ਭਰਾ ਇਹ ਤਾਂ ਹਿਮਾਚਲੀ ਸੇਬ ਹੈ। ਚੱਲ, ਚਾਲੀ ਰੁਪਏ ਲਾ ਲੈ।’’
‘‘ਸੌ ਰੁਪਏ ਵਿੱਚ ਸਾਰੇ ਲੈ ਲਓ।’’ ਫ਼ਲਾਂ ਵਾਲਾ ਬੋਲਿਆ।
‘‘ਨਹੀਂ, ਦੋ ਕਿੱਲੋ ਤੋਂ ਵੱਧ ਨਹੀਂ ਇਹ ਸਾਰੇ। ਚੱਲ ਅੱਸੀ ਰੁਪਏ ਲਗਾ ਲੈ।’’
‘‘ਠੀਕ ਹੈ ਬਾਬੂ ਜੀ, ਲੈ ਜਾਵੋ।’’
ਪੌਲੀਥੀਨ ਦਾ ਥੈਲਾ ਲਈ ਵਿਨੋਦ ਰਿੰਗ ਰੋਡ ਤੋਂ ਅਮਰ ਕਲੋਨੀ ਵੱਲ ਮੁੜ ਗਿਆ। ਦੂਰ ਤੋਂ ਹੀ ਪੁਰਾਣੇ ਦੋ ਮੰਜ਼ਿਲੇ ਮਕਾਨ ਦਿਸ ਰਹੇ ਸਨ। ਉਨ੍ਹਾਂ ਮਕਾਨਾਂ ਵਿੱਚ ਹੀ ਰਹਿਣ ਵਾਲੇ ਇੱਕ ਰਫਿਊਜੀ ਪਰਿਵਾਰ ਦੀ ਛੱਤ ਉੱਤੇ ਬਣੀ ਬਰਸਾਤੀ ਵਿੱਚ ਉਹ ਰਹਿੰਦਾ ਸੀ। ਇੱਕ ਛੋਟਾ ਜਿਹਾ ਕਮਰਾ। ਉਸੇ ਵਿੱਚ ਰਸੋਈ ਅਤੇ ਬਾਹਰ ਛੱਤ ਉੱਪਰ ਹਰਾ ਕਾਈ ਜੰਮਿਆ ਫਰਸ਼। ਪ੍ਰਭਾ ਕੋਲ ਜਦੋਂ ਕੋਈ ਕੰਮ ਨਹੀਂ ਹੁੰਦਾ ਤਾਂ ਉਹ ਇਸੇ ਛੱਤ ਉੱਪਰ ਬੈਠੀ ਬੈਠੀ ਹੀ ਸਮਾਂ ਗੁਜ਼ਾਰਦੀ। ਪੌੜੀਆਂ ਚੜ੍ਹਨ ਤੋਂ ਬਾਅਦ ਵਿਨੋਦ ਨੇ ਬਾਹਰ ਤਾਰ ਉੱਤੇ ਲਟਕਦਾ ਸਵਿੱਚ ਦਬਾਇਆ। ਘੰਟੀ ਵੱਜਣ ਉੱਤੇ ਪ੍ਰਭਾਵ ਨੇ ਦਰਵਾਜ਼ਾ ਖੋਲ੍ਹ ਦਿੱਤਾ।
‘‘ਠੀਕ ਏਂ, ਸਾਰੀਆਂ ਦਵਾਈਆਂ ਸਮੇਂ ਸਿਰ ਲੈਣ ਲਈਆਂ ਸਨ ਨਾ?’’ ਵਿਨੋਦ ਨੇ ਥੈਲਾ ਇੱਕ ਪਾਸੇ ਧਰਦਿਆਂ ਪੁੱਛਿਆ।
‘‘ਹਾਂ! ਰਾਕੇਸ਼ ਨੂੰ ਫੋਨ ਕੀਤਾ ਸੀ...?’’ ਪ੍ਰਭਾ ਨੇ ਵੀ ਪੁੱਛਿਆ।
‘‘ਨਹੀਂ, ਭੁੱਲ ਗਿਆ। ਅੱਜ ਦੁਕਾਨ ਉੱਤੇ ਬਹੁਤ ਕੰਮ ਸੀ। ਕੱਲ੍ਹ ਜ਼ਰੂਰ ਕਰਾਂਗਾ।’’
‘‘ਇਸੇ ਕਰਕੇ ਆਖਦੀ ਸੀ ਕਿ ਇੱਥੇ ਇੱਕ ਫੋਨ ਲਗਵਾ ਦਿਓ।’’
‘‘ਉਸ ਲਈ ਸ਼ਨਾਖ਼ਤੀ ਕਾਰਡ, ਰੈਜ਼ੀਡੈਂਸ ਪਰੂਫ਼ ਤੇ ਹੋਰ ਪਤਾ ਨਹੀਂ ਕੀ ਕੀ ਚਾਹੀਦਾ ਹੈ।’’ ਵਿਨੋਦ ਬੋਲਿਆ।
‘‘ਇੱਕੋ ਇੱਕ ਪੁੱਤਰ ਹੈ। ਉਹ ਵੀ ਇੰਨੀ ਦੂਰ ਪੁਣੇ ਵਿੱਚ ਪੜ੍ਹਾਈ ਕਰ ਰਿਹਾ ਹੈ। ਮਾਪੇ ਉਸ ਦਾ ਹਾਲ ਨਹੀਂ ਪੁੱਛਣਗੇ ਤਾਂ ਹੋਰ ਕੌਣ ਉਸ ਦਾ ਖ਼ਿਆਲ ਰੱਖੇਗਾ...?’’
‘‘ਮੈਂ ਲਾਲਾ ਜੀ ਨੂੰ ਕਿਹਾ ਹੈ। ਉਹ ਮੈਨੂੰ ਇੱਕ ਮੋਬਾਈਲ ਦਿਵਾ ਰਹੇ ਹਨ।’’
‘‘ਪਿਛਲੇ ਦਿਨੀਂ ਵੀ ਮੇਰੀ ਬਿਮਾਰੀ ਦੀ ਵਜ੍ਹਾ ਕਰਕੇ ਤਿੰਨ ਮਹੀਨੇ ਰਹਿ ਕੇ ਗਿਆ ਹੈ, ਆਪਣੀ ਪੜ੍ਹਾਈ ਕਦੋਂ ਪੂਰੀ ਕਰੇਗਾ...?’’
‘‘ਨਹੀਂ, ਸਾਡਾ ਬੇਟਾ ਬਹੁਤ ਹੋਣਹਾਰ ਹੈ। ਇੰਜਨੀਅਰਿੰਗ ਕਰਕੇ ਹੀ ਮੁੜੇਗਾ। ਤੂੰ ਤਾਂ ਆਪਣੀ ਸਿਹਤ ਦਾ ਧਿਆਨ ਰੱਖ ਬਸ।’’
‘‘ਹੱਥ ਮੂੰਹ ਧੋ ਲਵੋ ਮੈਂ ਖਾਣਾ ਪਰੋਸਦੀ ਹਾਂ।’’
‘‘ਤੂੰ ਜ਼ਿਆਦਾ ਦੌੜ-ਭੱਜ ਨਾ ਕਰਿਆ ਕਰ। ਬੜੀ ਮੁਸ਼ਕਿਲ ਨਾਲ ਠੀਕ ਹੋਈ ਏਂ। ਮੈਂ ਖਾਣਾ ਆਪੇ ਖਾ ਲਵਾਂਗਾ। ਹਾਂ, ਕੱਲ੍ਹ ਜ਼ਰਾ ਛੇਤੀ ਜਗਾ ਦੇਵੀਂ। ਦੁਕਾਨ ’ਤੇ ਛੇਤੀ ਪਹੁੰਚਣਾ ਹੈ। ਫਿਰ ਕਰੋਲ ਬਾਗ ਵੀ ਜਾਣਾ ਹੈ।’’
‘‘ਅੱਛਾ! ਮੈਨੂੰ ਵੀ ਕਦੇ ਲੈ ਕੇ ਚੱਲੋ ਨਾ ਕਰੋਲ ਬਾਗ। ਸੁਣਿਆ ਹੈ ਉੱਥੇ ਬਹੁਤ ਵਧੀਆ ਚੀਜ਼ਾਂ ਮਿਲਦੀਆਂ ਹਨ।’’
‘‘ਤੂੰ ਪੂਰੀ ਤਰ੍ਹਾਂ ਠੀਕ ਹੋ ਜਾਵੇਂਗੀ ਤਾਂ ਜ਼ਰੂਰ ਲੈ ਕੇ ਚੱਲਾਂਗਾ।’’
ਵਿਨੋਦ ਨੇ ਪ੍ਰਭਾ ਨੂੰ ਖਾਣਾ ਖਵਾਇਆ। ਸੌਣ ਤੋਂ ਪਹਿਲਾਂ ਸਾਰੀਆਂ ਦਵਾਈਆਂ ਦਿੱਤੀਆਂ। ਫਿਰ ਸਿਰਹਾਣੇ ਟਾਰਚ ਤੇ ਪਾਣੀ ਦੀ ਬੋਤਲ ਰੱਖੀ। ਬਾਹਰ ਦਾ ਦਰਵਾਜ਼ਾ ਬੰਦ ਕਰਕੇ ਆਪ ਵੀ ਸੌਂ ਗਿਆ।
ਕਰੋਲ ਬਾਗ ਵਿੱਚ ਬਹੁਤ ਭੀੜ ਸੀ।
ਅਗਲੇ ਦਿਨ ਜਦੋਂ ਵਿਨੋਦ ਉੱਥੇ ਪਹੁੰਚਿਆ ਤਾਂ ਉਸ ਨੂੰ ਬਹੁਤ ਮੁਸ਼ਕਲ ਨਾਲ ਦੁਕਾਨ ਲੱਭੀ ਜਿਸ ਦਾ ਪਤਾ ਕੱਲ੍ਹ ਲਾਲਾ ਜੀ ਨੇ ਲਿਖ ਕੇ ਦਿੱਤਾ ਸੀ। ਉਸ ਨੂੰ ਗੁੱਸਾ ਆ ਰਿਹਾ ਸੀ ਕਿ ਕਿਉਂ ਉਸ ਨੂੰ ਇਸ ਕੰਮ ਲਈ ਭੇਜਿਆ ਗਿਆ ਹੈ। ਕਿਸੇ ਹੋਰ ਨੂੰ ਵੀ ਤਾਂ ਭੇਜਿਆ ਜਾ ਸਕਦਾ ਸੀ। ਖ਼ੈਰ, ਉਹ ਦੁਕਾਨ ਅੰਦਰ ਗਿਆ। ਸਾਧਾਰਨ ਜਿਹੀ ਦੁਕਾਨ ਸੀ। ਵਿਨੋਦ ਨੇ ਪਰਚੀ ਦਿਖਾਈ ਤਾਂ ਦੁਕਾਨਦਾਰ ਨੇ ਇੱਕ ਅਜੀਬ ਜਿਹਾ ਸਵਾਲ ਪੁੱਛਿਆ, ‘‘ਸਪੈਸੀਫਿਕੇਸ਼ਨ...?’’
ਵਿਨੋਦ ਨੂੰ ਸਮਝ ਨਹੀਂ ਆਇਆ ਕਿ ਕੀ ਜਵਾਬ ਦੇਵੇ। ਹੈਰਾਨਕੁਨ ਖੜ੍ਹਾ ਰਿਹਾ।
‘‘ਕਿਹੋ ਜਿਹੀ? ਕਿਸ ਤਰ੍ਹਾਂ ਦੀ?’’ ਦੁਕਾਨ ਮਾਲਕ ਨੇ ਫੇਰ ਪੁੱਛਿਆ।
‘‘ਉਹੋ ਜਿਹੀ ਜਿਵੇਂ ਦੀ ਪਹਿਲੀ ਸਾਡੇ ਕੋਲ ਹੈ।’’
‘‘ਕਿਹੋ ਜਿਹੀ ਹੈ ਤੁਹਾਡੇ ਕੋਲ...?’’
‘‘ਚੰਗੀ ਹੈ, ਪਰ ਉਸ ਦੇ ਚਿਹਰੇ ਦਾ ਰੰਗ ਉਤਰ ਗਿਆ ਹੈ।’’
‘‘ਤਾਂ ਫੇਰ ਖ਼ੁਦ ਵੇਖ ਕੇ ਆ...।’’
ਦੁਕਾਨ ਦੇ ਮਾਲਕ ਨੇ ਉਸ ਦੇ ਨਾਲ ਇੱਕ ਵਰਕਰ ਨੂੰ ਹੇਠਾਂ ਬੇਸਮੈਂਟ ਵਿੱਚ ਭੇਜਿਆ। ਬੜਾ ਵੱਡਾ ਤਹਿਖਾਨਾ ਸੀ। ਚਾਰੇ ਪਾਸੇ ਮਨੁੱਖੀ ਸਰੀਰਾਂ ਦੇ ਮਾਡਲ। ਵੱਖੋ ਵੱਖ ਤਰ੍ਹਾਂ ਦੇ। ਇੱਕੋ ਵੇਲੇ ਇੰਨੇ ਸਾਰੇ ਮੈਨਕਿਨ ਦੇਖ ਕੇ ਵਿਨੋਦ ਤਾਂ ਘਾਬਰ ਹੀ ਗਿਆ। ਕੁਝ ਗੋਰੇ, ਕੁਝ ਕਾਲੇ। ਇੰਝ ਲੱਗਦਾ ਸੀ ਕਿ ਜੇ ਇਨ੍ਹਾਂ ਵਿੱਚ ਪ੍ਰਾਣ ਫੂਕ ਦਿੱਤੇ ਜਾਣ ਤਾਂ ਹੁਣੇ ਬੋਲ ਉੱਠਣਗੀਆਂ। ਹੱਸ ਪੈਣਗੀਆਂ। ਇਸ ਤਰ੍ਹਾਂ ਤਹਿਖਾਨੇ ਵਿੱਚ ਬੰਦ ਰੱਖਣ ਦਾ ਕਾਰਨ ਪੁੱਛਣਗੀਆਂ। ਇੱਕ ਤਾਂ ਬਿਲਕੁਲ ਨਿਸੁੰਭਮਰਦਨੀ ਵਰਗੀ ਲੱਗ ਰਹੀ ਸੀ। ਜੇਕਰ ਇਹ ਜਿਉਂਦੀ ਹੁੰਦੀ ਤਾਂ ਕੀ ਹੁੰਦਾ। ਦੂਜੀ ਤ੍ਰਿਭੁਵਨ ਜਿਹੀ। ਉਸ ਨੂੰ ਯਾਦ ਆਇਆ ਕਿ ਜਦੋਂ ਹਾਰਵਨ ਦੇ ਭਗਨੇਸ਼ਵਰੀ ਮੰਦਰ ਵਿੱਚ ਦੇਵੀ ਦੀ ਸਥਾਪਨਾ ਹੋਣੀ ਸੀ ਤਾਂ ਜੈਪੁਰ ਤੋਂ ਸ਼ਾਰਦਾ ਸੁੰਦਰੀ ਦੀ ਪ੍ਰਤਿਮਾ ਲਿਆਂਦੀ ਗਈ ਸੀ। ਗੁਲਾਬੀ ਕੱਪੜਿਆਂ ਵਿੱਚ ਲਿਪਟੀ ਬੇਹੱਦ ਸਲੋਨੀ। ਉਦੋਂ ਹੀ ਮੰਦਰ ਦੇ ਕੋਲ ਇੱਕ ਨਾਗ ਪ੍ਰਗਟ ਹੋਇਆ ਸੀ। ਨਾਗ ਨੇ ਪ੍ਰਤਿਮਾ ਦਾ ਚੱਕਰ ਕੱਟਿਆ ਤਾਂ ਕਿਸੇ ਸਾਧਕ ਨੇ ਕਟੋਰੇ ਵਿੱਚ ਦੁੱਧ ਰੱਖਿਆ। ਨਾਗ ਨੇ ਦੁੱਧ ਪੀਤਾ ਤੇ ਗਾਇਬ ਹੋ ਗਿਆ। ਪਿੰਡ ਦੇ ਲੋਕਾਂ ਨੇ ਇਸ ਹੈਰਾਨਕੁਨ ਲੀਲਾ ਦਾ ਕਾਰਨ ਪੁੱਛਿਆ ਤਾਂ ਹਵਨ ਕੁੰਡ ਲਾਗੇ ਬੈਠੇ ਚਿੱਟੀ ਦਾੜ੍ਹੀ ਵਾਲੇ ਸਾਧੂ ਨੇ ਕਿਹਾ, ‘‘ਇਸ ਸ਼ਾਰਦਾ ਪ੍ਰਦੇਸ਼ ਵਿੱਚ ਪੰਜ ਦੇਵੀਆਂ, ਨੌਂ ਸ਼ਕਤੀਆਂ, ਦਸ ਮਹਾਂਵਿਧਾਵਾਂ ਤੇ ਚੌਂਹਠ ਯੋਗਣੀਆਂ ਸ਼ਕਤੀ ਦੇ ਰੂਪ ਵਿੱਚ ਵਾਸ ਕਰਦੀਆਂ ਹਨ। ਇੱਥੇ ਸ਼ਾਰਿਕਾ ਵੀ ਹੈ, ਮਹਾਰਾਜਾ ਵੀ ਤੇ ਮਹਾਂਦੇਵ ਵੀ ਹਨ। ਇਹ ਸ਼ਿਵ ਅਤੇ ਸ਼ਕਤੀ ਦੀ ਪਿਆਰੀ ਥਾਂ ਹੈ। ਇਨ੍ਹਾਂ ਪਰਬਤਾਂ ਵਿੱਚ ਕਿੰਨਰ, ਯਕਸ਼, ਗੰਧਰਵ ਤੇ ਪਿਸ਼ਾਚ ਵਿਚਰਦੇ ਹਨ...।’’
‘‘ਹਾਂ! ਤਾਂ ਕਿਹੜੀ ਪੈਕ ਕਰਨੀ ਹੈ...?’’ ਵਰਕਰ ਨੇ ਪੁੱਛਿਆ।
‘‘ਹੂੰ...?’’
ਵਿਨੋਦ ਤਹਿਖਾਨੇ ਦੀਆਂ ਬੇਜਾਨ ਅਪਸਰਾਵਾਂ ਵਿੱਚ ਵਿਰਕਤ, ਅਣਮੰਨਿਆ ਜਿਹਾ ਖੜ੍ਹਾ ਸੀ।
‘‘ਦੱਸੋ ਭਾਈ ਸਾਹਿਬ...?’’ ਵਰਕਰ ਨੇ ਫੇਰ ਪੁੱਛਿਆ।
‘‘ਸਮਝ ਨਹੀਂ ਆ ਰਹੀ।’’
‘‘ਦੇਖੋ, ਜਿਊਲਰੀ ਸ਼ੋਅਰੂਮ ਲਈ ਇਹ ਕਾਲੀ ਵਾਲੀ ਠੀਕ ਰਹਿੰਦੀ ਹੈ। ਇਹ ਪਲਾਸਟਰ ਆਫ ਪੈਰਿਸ ਦੀ ਹੈ। ਮਹਿੰਗੀ ਹੈ। ਤੁਹਾਨੂੰ ਤਾਂ ਸਾੜੀ ਸਟੋਰ ਵਾਸਤੇ ਚਾਹੀਦੀ ਹੈ ਨਾ?’’
‘‘ਜੀ।’’
‘‘ਤਾਂ ਇਹ ਹਲਕੀ ਵਾਲੀ ਲੈ ਲਵੋ। ਹਲਕੀ ਵੀ ਤੇ ਸਸਤੀ ਵੀ।’’
‘‘ਠੀਕ ਹੈ, ਪਰ ਇੱਥੋਂ ਚੱਲੋ।’’ ਵਿਨੋਦ ਨੇ ਵਰਕਰ ਨੂੰ ਕਿਹਾ।
ਉਸ ਦਾ ਦਮ ਘੁੱਟ ਰਿਹਾ ਸੀ। ਉਸ ਨੂੰ ਲੱਗਿਆ ਕਿ ਇਹ ਸਾਰੀਆਂ ਮੈਨਕਿਨ ਹੁਣੇ ਇੱਕੋ ਵੇਲੇ ਹੱਸ ਜਾਂ ਰੋ ਪੈਣਗੀਆਂ। ਇਨ੍ਹਾਂ ਦੀ ਗੂੰਜ ਬੇਸਮੈਂਟ ਚੀਰਦੀ ਹੋਈ ਆਸਮਾਨ ਤੱਕ ਫੈਲ ਜਾਵੇਗੀ। ਆਸਮਾਨ ਤੋਂ ਬਿਜਲੀ ਡਿੱਗ ਪਵੇਗੀ ਤੇ ਸਭ ਕੁਝ ਤਹਿਸ ਨਹਿਸ ਹੋ ਜਾਵੇਗਾ। ਇਮਾਰਤ ਢਹਿ ਜਾਵੇਗੀ। ਨਿਊਯਾਰਕ ਦੇ ਟਾਵਰਾਂ ਵਾਂਗ। ਸਭ ਉਸ ਦੇ ਹੇਠਾਂ ਦਬ ਜਾਣਗੇ। ਮੈਨਕਿਨ, ਵਰਕਰ, ਮਾਲਕ, ਨੌਕਰ, ਰਾਹਗੀਰ, ਕਾਰ ਵਾਲੇ, ਸਾਈਕਲ ਵਾਲੇ, ਉਹ ਆਪ, ਸਭ। ਉਸ ਦਾ ਸਾਹ ਫੁੱਲਣ ਲੱਗਾ। ਵਰਕਰ ਉਸ ਨੂੰ ਬੇਸਮੈਂਟ ਤੋਂ ਬਾਹਰ ਲੈ ਆਇਆ। ਕੁਰਸੀ ਉੱਤੇ ਬਿਠਾ ਕੇ ਪਾਣੀ ਪਿਆਇਆ।
‘‘ਕੀ ਹੋਇਆ...?’’ ਦੁਕਾਨ ਮਾਲਕ ਨੇ ਪੁੱਛਿਆ।
‘‘ਇਸ ਦੀ ਤਬੀਅਤ ਖਰਾਬ ਹੋ ਰਹੀ ਸੀ, ਇਸੇ ਲਈ ਉੱਪਰ ਲੈ ਆਇਆ।’’
‘‘ਹੇਠਾਂ ਗਰਮੀ ਵੀ ਤਾਂ ਕਿੰਨੀ ਹੈ।’’ ਦੁਕਾਨ ਮਾਲਕ ਬੋਲਿਆ।
‘‘ਭਾਈ ਸਾਹਿਬ ਤੁਸੀਂ ਆਪਣਾ ਬੀ.ਪੀ. ਚੈੱਕ ਕਰਵਾਓ।’’ ਵਰਕਰ ਨੇ ਹਮਦਰਦੀ ਪ੍ਰਗਟਾਉਂਦਿਆਂ ਕਿਹਾ।
‘‘ਹਾਂ, ਹਾਂ।’’ ਵਿਨੋਦ ਨੇ ਖ਼ਾਲੀ ਗਿਲਾਸ ਕਾਊਂਟਰ ਉੱਤੇ ਰੱਖਦਿਆਂ ਕਿਹਾ।
ਦੁਕਾਨ ਮਾਲਕ ਨੇ ਇੱਕ ਮੈਨਕਿਨ ਪੈਕ ਕਰਨ ਲਈ ਕਿਹਾ। ਦੋ ਵਰਕਰ ਬੇਸਮੈਂਟ ਵਿੱਚੋਂ ਸਿਰ ਤੇ ਪੈਰਾਂ ਤੋਂ ਫੜਦੇ ਹੋਏ ਇੱਕ ਮੈਨਕਿਨ ਉੱਪਰ ਲੈ ਆਏ। ਉਸ ਨੂੰ ਹੇਠਾਂ ਫਰਸ਼ ਉੱਤੇ ਲਿਟਾਇਆ। ਪੂਰੇ ਸਰੀਰ ਉੱਪਰ ਪੌਲੀਥੀਨ ਲਪੇਟਿਆ। ਫਿਰ ਇੱਕ ਸਫ਼ੇਦ ਕੱਪੜੇ ਵਿੱਚ ਲਿਟਾਇਆ ਗਿਆ। ਉਂਜ ਹੀ ਜਿਵੇਂ ਉਸ ਦੀ ਮਾਂ ਦੀ ਲਾਸ਼ ਨੂੰ ਕਿਡਨੀ ਖਰਾਬ ਹੋਣ ਤੋਂ ਬਾਅਦ ਮਰ ਜਾਣ ਵੇਲੇ ਸਟਰੈਚਰ ’ਤੇ ਲਿਟਾਇਆ ਗਿਆ ਸੀ। ਬੇਦਾਗ਼ ਸਫ਼ੇਦ ਕੱਪੜਾ।
‘‘ਤੁਸੀਂ ਕਿਵੇਂ ਲੈ ਕੇ ਜਾਓਗੇ ਇਹਨੂੰ...?’’
ਵਰਕਰ ਨੇ ਕੱਪੜਾ ਲਪੇਟਦਿਆਂ ਪੁੱਛਿਆ।
‘‘ਐਂਬੂਲੈਂਸ ਵਿੱਚ।’’
‘‘ਕੀ...?’’
‘‘ਮੇਰਾ ਮਤਲਬ... ਕਿਸੇ ਗੱਡੀ ਵਿੱਚ।’’ ਵਿਨੋਦ ਬੋਲਿਆ।
‘‘ਮਹਿੰਦਰਾ ਵਿੱਚ ਲੋਡ ਕਰਾ ਦਿਓ ਨਾ। ਇਹ ਵੀ ਅੱਗੇ ਡਰਾਈਵਰ ਨਾਲ ਬਹਿ ਜਾਵੇਗਾ।’’ ਦੁਕਾਨ ਮਾਲਕ ਨੇ ਫੌਰਨ ਸਮੱਸਿਆ ਦਾ ਹੱਲ ਦੱਸਦਿਆਂ ਕਿਹਾ।
‘‘ਹਾਂ, ਹਾਂ- ਇਹ ਠੀਕ ਰਹੇਗਾ।’’
‘‘ਭਾਈ ਸਾਹਿਬ, ਲਾਲਾ ਜੀ ਨੂੰ ਕਹਿਣਾ ਕਿ ਟੈਂਪੂ ਦਾ ਕਿਰਾਇਆ ਪਹੁੰਚਦਿਆਂ ਹੀ ਡਰਾਈਵਰ ਨੂੰ ਦੇ ਦੇਣ। ਇਸ ਵਿੱਚ ਉਧਾਰ ਨਹੀਂ ਚੱਲਦਾ।’’
‘‘ਜੀ।’’ ਵਿਨੋਦ ਬੋਲਿਆ।
ਉਸ ਨੇ ਦੇਖਿਆ ਕਿ ਮਾਲ ਢੋਹਣ ਵਾਲਾ ਟੈਂਪੂ ਦੁਕਾਨ ਦੇ ਬਾਹਰ ਆ ਕੇ ਖੜ੍ਹਾ ਹੋ ਗਿਆ ਹੈ। ਮੈਨਕਿਨ ਨੂੰ ਉਸ ਦੇ ਵਿੱਚ ਰੱਖ ਕੇ ਰੱਸੀਆਂ ਨਾਲ ਬੰਨ੍ਹ ਦਿੱਤਾ ਗਿਆ। ਵਰਕਰ ਨੇ ਬਿਲ ਅਤੇ ਬਾਕੀ ਦੇ ਕਾਗਜ਼ ਡਰਾਈਵਰ ਨੂੰ ਦੇ ਦਿੱਤੇ ਤੇ ਵਿਨੋਦ ਨੂੰ ਵੀ ਗੱਡੀ ਵਿੱਚ ਹੀ ਬੈਠਣ ਲਈ ਆਖਿਆ। ਟੈਂਪੂ ਭੀੜ-ਭਾੜ ਵਾਲੇ ਕਰੋਲ ਬਾਗ ਤੋਂ ਨਿਕਲ ਕੇ ਪੂਸਾ ਰੋਡ ਉੱਤੇ ਆਣ ਚੜ੍ਹਿਆ। ਫਿਰ ਰਿੱਜ ਰੋਡ ਤੋਂ ਹੁੰਦਾ ਹੋਇਆ ਲਾਜਪਤ ਨਗਰ ਵੱਲ ਨੂੰ ਚੱਲ ਪਿਆ।
ਲਾਲਾ ਜੀ ਦੀ ਦੁਕਾਨ ਉੱਤੇ ਅੱਜ ਸਵੇਰ ਤੋਂ ਹੀ ਚਹਿਲ ਪਹਿਲ ਸੀ। ਇੱਕ ਐੱਨ.ਆਰ.ਆਈ. ਪਰਿਵਾਰ ਇੰਡੀਆ ਵਿੱਚ ਵਿਆਹ ਕਰਨ ਦੇ ਜੋਸ਼ ਵਿੱਚ ਬੇਸ਼ੁਮਾਰ ਸਾੜੀਆਂ ਖਰੀਦ ਰਿਹਾ ਸੀ। ਰਾਮ ਕਿਸ਼ਨ ਉਨ੍ਹਾਂ ਔਰਤਾਂ ਨੂੰ ਜਿਹੜੀਆਂ ਵਿਦੇਸ਼ ਤੋਂ ਆਈਆਂ ਸਨ ਤਮਾਮ ਕਿਸਮ ਦੀਆਂ ਸਾੜੀਆਂ ਦਿਖਾ ਰਿਹਾ ਸੀ। ਕਾਂਜੀਵਰਮ, ਜ਼ਰਦੋਜ਼ੀ, ਸ਼ਿਫੌਨ ਆਦਿ। ਦੁਕਾਨ ਵਿੱਚ ਸਾੜੀਆਂ ਦੇ ਢੇਰ ਲੱਗੇ ਸਨ।
‘‘ਤਾਂ ਭੈਣੇ, ਇਹ ਵੀ ਰੱਖ ਦੇਵਾਂ? ਬਹੁਤ ਵਧੀਆ ਲੱਗੇਗੀ ਤੁਹਾਡੇ ਉੱਤੇ।’’
‘‘ਨੋ! ਨੋ!’’
‘‘ਤਾਂ ਇਹ ਵਾਲੀ...?’’ ਰਾਮ ਕਿਸ਼ਨ ਨੇ ਫਿਰ ਪੁੱਛਿਆ।
‘‘ਦਿ ਅਦਰ ਵਨ।’’
‘‘ਵਾਹ! ਕਿਆ ਚੁਆਇਸ ਹੈ ਤੁਹਾਡੀ। ਦੇਖੋ, ਇਹ ਦੇਖੋ। ਤੁਸੀਂ ਬੱਸ ਸਲੈਕਟ ਕਰਦੇ ਜਾਓ, ਮੈਂ ਸਾਰੀਆਂ ਉੱਤੇ ਫਾਈਲ ਲਗਵਾ, ਪੈਕ ਕਰਾ ਕੇ ਗ੍ਰੇਟਰ ਕੈਲਾਸ਼ ਤੁਹਾਡੇ ਪਤੇ ਉੱਤੇ ਭਿਜਵਾ ਦੇਵਾਂਗਾ।’’
ਇਸੇ ਵੇਲੇ ਵਿਨੋਦ ਪਹੁੰਚ ਗਿਆ। ਰਾਮ ਕਿਸ਼ਨ ਨੂੰ ਰੁੱਝਿਆ ਦੇਖ ਕੇ ਉਹ ਲਾਲਾ ਜੀ ਵੱਲ ਗਿਆ, ਪਰ ਉਹ ਫੋਨ ਉੱਤੇ ਗੱਲ ਕਰ ਰਹੇ ਸਨ। ਮੁਣਸ਼ੀ ਕਿਸੇ ਗਾਹਕ ਦਾ ਬਿਲ ਬਣਾ ਰਿਹਾ ਸੀ। ਸਭ ਆਪਣੇ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਸਨ। ਮੈਨਕਿਨ ਨੂੰ ਟੈਂਪੂ ਵਿੱਚੋਂ ਉਤਰਾਉਣਾ ਹੈ ਤੇ ਡਰਾਈਵਰ ਨੂੰ ਕਿਰਾਇਆ ਦਿਵਾਉਣਾ ਹੈ। ਵਿਨੋਦ ਸੋਚ ਰਿਹਾ ਸੀ ਕਿ ਕੀ ਕਰੇ। ਉਦੋਂ ਹੀ ਬਾਬੂ ਲਾਲ ਐੱਨ.ਆਰ.ਆਈ. ਗਾਹਕਾਂ ਵਾਸਤੇ ਕੋਲਡ ਡਰਿੰਕਸ ਲੈ ਕੇ ਆਇਆ। ਜਿਉਂ ਹੀ ਉਸ ਨੇ ਗਿਲਾਸ ਮੇਜ਼ਾਂ ਉੱਤੇ ਰੱਖੇ, ਵਿਨੋਦ ਨੇ ਉਸ ਨੂੰ ਆਪਣੇ ਕੋਲ ਸੱਦ ਲਿਆ। ਬਾਬੂ ਲਾਲ ਉਸ ਦੇ ਨਾਲ ਬਾਹਰ ਆਇਆ ਤੇ ਬੜੀ ਸੂਝਬੂਝ ਨਾਲ ਮੈਨਕਿਨ ਨੂੰ ਟੈਂਪੂ ਵਿੱਚੋਂ ਹੇਠਾਂ ਲੁਹਾਇਆ। ਨਾਲ ਵਾਲੇ ਸ਼ੋਅਰੂਮ ਵਿੱਚ ਰੱਖਿਆ ਤੇ ਲਾਲਾ ਜੀ ਤੋਂ ਡਰਾਈਵਰ ਦੇ ਕਿਰਾਏ ਦੇ ਢਾਈ ਸੌ ਰੁਪਏ ਲੈਣ ਵਿੱਚ ਕਾਮਯਾਬ ਰਿਹਾ। ਵਿਨੋਦ ਨੇ ਟੈਂਪੂ ਵਾਲੇ ਦਾ ਕਿਰਾਇਆ ਦੇ ਕੇ ਬਿਲ ਲਿਆ ਤੇ ਦੁਕਾਨ ਦੇ ਅੰਦਰ ਚਲਾ ਗਿਆ। ਮੁਣਸ਼ੀ ਦੇ ਕੋਲ ਪਏ ਸਟੂਲ ਉੱਤੇ ਨਿੱਸਲ ਥੱਕਿਆ ਜਿਹਾ ਬਹਿ ਗਿਆ। ਜਿਗਿਆਸਾ ਤੇ ਚਿੰਤਾ ਤਿਆਗ ਕੇ ਜਿਵੇਂ ਹੁਣੇ ਹੁਣੇ ਐਵਰੈਸਟ ਉੱਤੇ ਝੰਡਾ ਗੱਡ ਕੇ ਆਇਆ ਹੋਵੇ।
ਲਾਲਾ ਜੀ ਨੇ ਫੋਨ ਰੱਖਿਆ ਤੇ ਵਿਨੋਦ ਨੂੰ ਆਪਣੇ ਕੋਲ ਬੁਲਾਇਆ। ਦੇਰ ਹੋਣ ਦਾ ਕਾਰਨ ਪੁੱਛਿਆ ਤੇ ਬਿਲ ਨੂੰ ਧਿਆਨ ਨਾਲ ਦੇਖਿਆ। ਵਿਨੋਦ ਨੇ ਬਿਲ ਨੂੰ ਫੋਲਡਰ ਵਿੱਚ ਲਗਾਇਆ ਤੇ ਸਟੋਰ ਰੂਮ ਵੱਲ ਚਲਾ ਗਿਆ। ਨਵੀਂ ਮੈਨਕਿਨ ਨੂੰ ਸਜਾਉਣ ਤੇ ਸੰਵਾਰਨ। ਬਾਬੂ ਲਾਲ ਤੇ ਵਿਨੋਦ ਦੋਵੇਂ ਮਿਲ ਕੇ ਮੈਨਕਿਨ ਸਜਾਉਣ ਲੱਗੇ। ਨਵੀਂ ਸਾੜੀ ਵਿੱਚ ਸੱਚ-ਮੁੱਚ ਉਹ ਬਹੁਤ ਫੱਬ ਰਹੀ ਸੀ। ਸਲੋਨੀ ਤੇ ਦਿਲ ਮੋਹ ਲੈਣ ਵਾਲੀ। ਹੁਣ ਜੇਕਰ ਉਸ ਨੂੰ ਸ਼ੀਸ਼ੇ ਦੇ ਸ਼ੋਅਕੇਸ ਵਿੱਚ ਰੱਖੀਏ ਤਾਂ ਉਸ ਉੱਤੇ ਕੋਈ ਵੀ ਲੱਟੂ ਹੋ ਸਕਦਾ ਸੀ। ਉਸੇ ਵੇਲੇ ਰਾਮ ਕਿਸ਼ਨ ਸ਼ੋਅਰੂਮ ਵਿੱਚ ਆਇਆ ਤੇ ਪ੍ਰਭਾ ਦੀ ਤਬੀਅਤ ਵਿਗੜ ਜਾਣ ਦੀ ਖ਼ਬਰ ਦੇ ਕੇ ਵਾਪਸ ਐੱਨ.ਆਰ.ਆਈ. ਗਾਹਕਾਂ ਕੋਲ ਚਲਾ ਗਿਆ। ਵਿਨੋਦ ਨੇ ਸਟੋਰ ਰੂਮ ਦਾ ਦਰਵਾਜ਼ਾ ਖੋਲ੍ਹਦਿਆਂ ਦੇਖਿਆ ਤਾਂ ਉਸ ਨੂੰ ਰਾਮ ਕਿਸ਼ਨ ਤੇ ਐੱਨ.ਆਰ.ਆਈ. ਗਾਹਕਾਂ ਤੋਂ ਇਲਾਵਾ ਅਮਰ ਕਲੋਨੀ ਵਾਲਾ ਆਪਣਾ ਗੁਆਂਢੀ ਚੋਪੜਾ ਵੀ ਨਜ਼ਰੀਂ ਪਿਆ। ਉਹ ਸ਼ੀਸ਼ੇ ਦੇ ਸ਼ੋਅਕੇਸ ਕੋਲ ਇੰਤਜ਼ਾਰ ਵਿੱਚ ਖੜ੍ਹਾ ਸੀ। ਵਿਨੋਦ ਨੂੰ ਜਿਵੇਂ ਲਕਵਾ ਮਾਰ ਗਿਆ। ਬਾਬੂ ਲਾਲ ਵੀ ਘਬਰਾ ਗਿਆ।
‘‘ਵਿਨੋਦ ਵੀਰੇ, ਛੱਡੋ ਇਸ ਪੁਤਲੀ ਨੂੰ, ਆਪਣੀ ਪੁਤਲੀ ਦੀ ਫ਼ਿਕਰ ਕਰੋ।’’ ਬਾਬੂ ਲਾਲ ਚਿੰਤਾ ਦੀ ਭਾਵਨਾ ਨਾਲ ਬੋਲਿਆ।
ਵਿਨੋਦ ਉੱਠ ਖੜ੍ਹਾ ਹੋਇਆ। ਦੋਵੇਂ ਬਾਹਰ ਆ ਗਏ। ਬਾਬੂ ਲਾਲ ਨੇ ਲਾਲਾ ਜੀ ਦੇ ਕੰਨ ਵਿੱਚ ਕੁੱਝ ਕਹਿ ਦਿੱਤਾ। ਉਦਾਸੀ ਦੀ ਹਾਲਤ ਵਿੱਚ ਹੀ ਲਾਲਾ ਜੀ ਨੇ ਕੁਝ ਨਿਰਦੇਸ਼ ਦਿੱਤਾ ਤੇ ਬਾਬੂ ਲਾਲ ਤੇ ਵਿਨੋਦ ਨੂੰ ਜਾਣ ਲਈ ਕਹਿ ਦਿੱਤਾ।
ਅਮਰ ਕਲੋਨੀ ਦੇ ਬਰਸਾਤੀ ਨਾਲੇ ਵਾਲੇ ਦੋ ਮੰਜ਼ਿਲੇ ਮਕਾਨ ਹੇਠਾਂ ਅੱਠ ਦਸ ਲੋਕ ਖੜ੍ਹੇ ਸਨ। ਇੱਕ ਗੁਆਂਢੀ ਆਪਣੇ ਮੋਬਾਈਲ ਤੋਂ ਐਂਬੂਲੈਂਸ ਨੂੰ ਫੋਨ ਕਰ ਰਿਹਾ ਸੀ। ਇੱਕ ਕਾਲੀ ਸਕਾਰਪੀਓ ਸਾਹਮਣੇ ਆ ਕੇ ਰੁਕੀ। ਉਸ ਵਿੱਚੋਂ ਬਾਬੂ ਲਾਲ, ਵਿਨੋਦ ਅਤੇ ਚੋਪੜਾ ਉਤਰੇ। ਬਾਬੂ ਲਾਲ ਨੇ ਮੋਬਾਈਲ ਕਰਨ ਵਾਲੇ ਪੜੋਸੀ ਨੂੰ ਐਂਬੂਲੈਂਸ ਰੋਕਣ ਲਈ ਕਿਹਾ। ਦੱਸਿਆ ਕਿ ਉਨ੍ਹਾਂ ਕੋਲ ਲਾਲਾ ਜੀ ਦੀ ਗੱਡੀ ਹੈਗੀ।
ਪ੍ਰਭਾ ਦੇ ਸਾਹ ਚੱਲ ਰਹੇ ਸਨ, ਪਰ ਚਿਹਰੇ ਦਾ ਰੰਗ ਪੀਲਾ ਪੈ ਚੁੱਕਿਆ ਸੀ। ਵਿਨੋਦ ਨੇ ਉਸ ਨੂੰ ਸਿਰ ਵੱਲੋਂ ਤੇ ਬਾਬੂ ਲਾਲ ਨੇ ਪੈਰਾਂ ਵੱਲੋਂ ਫੜ ਕੇ ਉਠਾਇਆ ਤੇ ਹੌਲੀ ਹੌਲੀ ਹੇਠਾਂ ਲੈ ਕੇ ਆਏ। ਗੱਡੀ ਦੀ ਪਿਛਲੀ ਸੀਟ ਉੱਤੇ ਲਿਟਾ ਦਿੱਤਾ। ਇੱਕ ਦੋ ਗੁਆਂਢੀ ਵੀ ਗੱਡੀ ਵਿੱਚ ਬਹਿਣ ਲੱਗੇ ਤਾਂ ਬਾਬੂ ਲਾਲ ਨੇ ਮਨ੍ਹਾਂ ਕਰ ਦਿੱਤਾ।
ਵਿਨੋਦ ਪਿਛਲੀ ਸੀਟ ਉੱਤੇ ਪ੍ਰਭਾ ਦੇ ਕੋਲ ਬੈਠ ਗਿਆ। ਚੋਪੜਾ ਨੇ ਗੱਡੀ ਦਾ ਦਰਵਾਜ਼ਾ ਬੰਦ ਕੀਤਾ ਜਦੋਂ ਬਾਬੂ ਲਾਲ ਅਗਲੀ ਸੀਟ ਉੱਤੇ ਬਹਿ ਗਿਆ। ਡਰਾਈਵਰ ਨੇ ਗੱਡੀ ਸਟਾਰਟ ਕੀਤੀ, ਰੇਸ ਉੱਤੇ ਪੈਰ ਧਰਦਿਆਂ ਹੀ ਗੱਡੀ ਚੱਲ ਪਈ। ਛੇਤੀ ਹੀ ਗੱਡੀ ਮੈਡੀਕਲ ਇੰਸਟੀਚਿਊਟ ਵੱਲ ਨੂੰ ਹੋ ਤੁਰੀ।
ਵਿਨੋਦ ਨੇ ਪ੍ਰਭਾ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਹੋਇਆ ਸੀ। ਬਾਬੂ ਲਾਲ ਨੇ ਪਿੱਛੇ ਵੱਲ ਮੂੰਹ ਘੁੰਮਾ ਕੇ ਕਿਹਾ, ‘‘ਵਿਨੋਦ ਚਿੰਤਾ ਨਾ ਕਰੀਂ, ਸਭ ਠੀਕ ਹੋ ਜਾਵੇਗਾ।’’
‘‘ਨਹੀਂ ਬਾਬੂ ਲਾਲ, ਇਸ ਵਾਰੀਂ ਇਹ ਬਚਦੀ ਨਹੀਂ ਲੱਗਦੀ। ਅੱਜ ਮੈਂ ਪੁਤਲੀਆਂ ਦੇਖ ਕੇ ਆਇਆ ਹਾਂ। ਮੈਂ ਉੱਥੇ ਉਨ੍ਹਾਂ ਦੀਆਂ ਆਵਾਜ਼ਾਂ ਵੀ ਸੁਣੀਆਂ। ਜਿਵੇਂ ਉਹ ਦਰਦ ਨਾਲ ਤੜਪ ਰਹੀਆਂ ਸਨ ਉਂਜ ਹੀ ਇਹ ਵੀ ਤੜਪਦੀ ਹੈ। ਹੁਣ ਇਸ ਹਨੇਰੇ ਤੋਂ ਨਿਕਲਣਾ ਚਾਹੀਦਾ ਹੈ ਇਸ ਨੂੰ। ਇਹ ਉੱਥੇ ਹੀ ਖ਼ੁਸ਼ ਰਹੇਗੀ, ਪੁਤਲੀਆਂ ਦੇ ਦੇਸ਼ ਅੰਦਰ। ਇੱਥੇ ਕਿੰਨੇ ਦੁੱਖ ਸਹਿਣ ਕੀਤੇ ਹਨ ਇਸ ਨੇ। ਪਹਿਲਾਂ ਘਰ ਤੋਂ ਬੇਘਰ ਹੋਈ, ਫਿਰ ਜੰਮੂ ਵਿੱਚ ਇਸ ਦੀ ਲੱਤ ਟੁੱਟ ਗਈ। ਇਸ ਤੋਂ ਬਾਅਦ ਬਾਈਪਾਸ ਸਰਜਰੀ। ਫਿਰ ਟਿਊਮਰ। ਨਰਕ ਦੀ ਪੀੜਾ ਇਸ ਤੋਂ ਕੀ ਵਧ ਕੇ ਹੋਵੇਗੀ...? ਅਸੀਂ ਐਵੇਂ ਹੀ ਇੰਨੇ ਤਾਮ-ਝਾਮ ਤੇ ਇਲਾਜ ਵਿੱਚ ਲੱਗੇ ਰਹਿੰਦੇ ਹਾਂ, ਮਰੇ ਹੋਇਆਂ ਨੂੰ ਜ਼ਿੰਦਾ ਰੱਖਣ ਲਈ।’’
‘‘ਓ ਭਰਾ ਵਿਨੋਦ, ਕਿਉਂ ਪਾਗਲਾਂ ਜਿਹੀ ਗੱਲਾਂ ਕਰਦਾ ਹੈਂ। ਭਾਬੀ ਬਿਲਕੁਲ ਠੀਕ ਹੋ ਜਾਵੇਗੀ।’’
ਵਿਨੋਦ ਨੇ ਇਸ ਵਾਰ ਕੋਈ ਜਵਾਬ ਨਹੀਂ ਦਿੱਤਾ। ਉਹ ਗੱਡੀ ਦੀ ਖਿੜਕੀ ਦੇ ਪਿੱਛੇ ਛੁਟਦੀਆਂ ਇਮਾਰਤਾਂ ਤੇ ਸ਼ੋਅਰੂਮ ਦੇਖਦਾ ਰਿਹਾ। ਉਸ ਨੂੰ ਆਪਣੀ ਮਾਂ (ਕਾਨੀ) ਵੱਲੋਂ ਸੁਣਾਈ ਕਥਾ ਯਾਦ ਆਈ। ਧਰਮਰਾਜ ਦੀ ਕਥਾ। ‘ਚਿੱਤਰ ਗੁਪਤ, ਕਿਹੋ ਜਿਹਾ ਹੋਵੇਗਾ ਉਹ? ਕੀ ਉਹ ਹੁੰਦਾ ਵੀ ਹੈ...? ਕੀ ਉਹ ਨਰਕ ਦੀ ਪੀੜਾ ਨਾਲ ਗ੍ਰਸੇ ਲੋਕਾਂ ਨੂੰ ਸ਼ਾਂਤੀ ਦਿਵਾਉਂਦਾ ਹੋਵੇਗਾ...?’ ਉਹ ਹੋਰ ਪਤਾ ਨਹੀਂ ਕੀ ਕੀ ਸੋਚਦਾ ਰਿਹਾ। ਗੱਡੀ ਦੌੜਦੀ ਰਹੀ...।
* ਸਾਬਕਾ ਡਾਇਰੈਕਟਰ, ਦੂਰਦਰਸ਼ਨ, ਦਿੱਲੀ।
- ਪੰਜਾਬੀ ਰੂਪ: ਗੁਰਮਾਨ ਸੈਣੀ
ਸੰਪਰਕ: 92563-46906