Manmohan Singh: ਲਾਮਿਸਾਲ ਬੌਧਿਕਤਾ ਤੇ ਬੇਮਿਸਾਲ ਹਲੀਮੀ ਦੇ ਮਾਲਕ ਸਨ ਡਾ. ਮਨਮੋਹਨ ਸਿੰਘ
ਐੱਨਐੱਨ ਵੋਹਰਾ
ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ
ਡਾ. ਮਨਮੋਹਨ ਸਿੰਘ ਦਾ ਅਤਿ ਦੁਖਦਾਈ ਵਿਛੋੜਾ ਅਜਿਹੀ ਸਿਆਸੀ ਲੀਡਰਸ਼ਿਪ ਦੀ ਖਾਸ ਪ੍ਰਜਾਤੀ ਦੇ ਅੰਤ ਨੂੰ ਦਰਸਾਉਂਦਾ ਹੈ, ਜਿਹੜੀ ਲਾਸਾਨੀ ਬੌਧਿਕ ਸਮਰੱਥਾ, ਇਮਾਨਦਾਰੀ, ਪਾਰਦਰਸ਼ਤਾ ਅਤੇ ਬੇਮਿਸਾਲ ਨਿਮਰਤਾ ਨਾਲ ਲਬਰੇਜ਼ ਸੀ। ਬਹੁਤ ਘੱਟ ਬੋਲਦੀ ਇਸ ਵਿਲੱਖਣ ਸ਼ਖ਼ਸੀਅਤ ਨੇ ਸਭ ਨੂੰ ਸੁਣਿਆ, ਉੱਚਿਆਂ ਨੂੰ ਵੀ ਤੇ ਨੀਵਿਆਂ ਨੂੰ ਵੀ ਅਤੇ ਸਭ ਤੋਂ ਪੇਚੀਦਾ ਮਸਲਿਆਂ ਨੂੰ ਆਪਣੇ ਫੈਸਲਿਆਂ ਨਾਲ ਹੱਲ ਕੀਤਾ, ਜੋ ਦੇਸ਼ ਹਿੱਤ ਵਿੱਚ ਸਭ ਤੋਂ ਚੰਗੇ ਸਾਬਤ ਹੋਏ।
ਡਾ. ਮਨਮੋਹਨ ਸਿੰਘ ਦੇ ਭਾਰਤ ਪਰਤਣ ਤੋਂ ਕਈ ਸਾਲਾਂ ਬਾਅਦ, ਮੈਨੂੰ ਅਰਥ ਸ਼ਾਸਤਰ ਦੇ ਇੱਕ ਬਹੁਤ ਹੀ ਉੱਘੇ ਪ੍ਰੋਫੈਸਰ ਨੂੰ ਉਸਤਾਦ ਬਣਾਉਣ ਦਾ ਸੁਭਾਗ ਪ੍ਰਾਪਤ ਹੋਇਆ, ਜਿਨ੍ਹਾਂ ਨਾਲ ਡਾ. ਮਨਮੋਹਨ ਸਿੰਘ ਨੇ ਆਕਸਫੋਰਡ ਯੂਨੀਵਰਸਿਟੀ ਵਿੱਚ ਡਾਕਟਰੇਟ ਕੀਤੀ ਸੀ। ਡਾ. ਲਿਟਲ ਅਤੇ ਉਨ੍ਹਾਂ ਦੀ ਜੀਵਨ ਸਾਥਣ ਕਦੇ ਵੀ ਇਹ ਆਖਦੇ ਨਹੀਂ ਥੱਕਦੇ ਸਨ ਕਿ ਡਾ. ਮਨਮੋਹਨ ਸਿੰਘ ਇੱਕ ਬੇਹੱਦ ਸ਼ਾਨਦਾਰ ਅਰਥਸ਼ਾਸਤਰੀ ਸਨ, ਜੋ ਉਸ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਵਾਲੇ ਸਭ ਤੋਂ ਵਧੀਆ ਵਿਦਵਾਨਾਂ ’ਚੋਂ ਇੱਕ ਸਨ। ਉਨ੍ਹਾਂ ਦਾ ਕੈਂਬਰਿਜ ਯੂਨੀਵਰਸਿਟੀ ਵਿੱਚ ਵੱਡਾ ਰੁਤਬਾ ਸੀ।
ਮੇਰੇ ਸਿਵਲ ਸੇਵਾਵਾਂ ਦੇ ਕਰੀਅਰ ਦੌਰਾਨ ਮੈਨੂੰ ਡਾ. ਮਨਮੋਹਨ ਸਿੰਘ ਨਾਲ ਉਦੋਂ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਜਦੋਂ ਉਹ ਦੇਸ਼ ਦੇ ਵਿੱਤ ਮੰਤਰੀ ਸਨ ਅਤੇ ਇਹ ਦੇਸ਼ ਲਈ ਸਭ ਤੋਂ ਮੁਸ਼ਕਲ ਦੌਰ ਸੀ, ਕਿਉਂਕਿ ਉਸ ਸਮੇਂ ਦੇਸ਼ ਨੂੰ ਆਪਣਾ ਸੋਨਾ ਤੱਕ ਗਹਿਣੇ ਰੱਖਣ ਲਈ ਮਜਬੂਰ ਹੋਣਾ ਪਿਆ ਸੀ। ਮੈਂ ਰੱਖਿਆ ਤੇ ਗ੍ਰਹਿ ਸਕੱਤਰ ਵਜੋਂ ਵੀ ਸੇਵਾ ਕੀਤੀ ਅਤੇ ਮੈਨੂੰ ਆਪਣੇ ਇਨ੍ਹਾਂ ਵਿਭਾਗਾਂ ਵਾਸਤੇ ਵਿੱਤੀ ਰਾਹਤ ਦੀ ਮੰਗ ਕਰਨ ਲਈ ਤਰਲੇ ਲੈਂਦਿਆਂ ਅਕਸਰ ਰੋਜ਼ਾਨਾ ਹੀ ਉਨ੍ਹਾਂ ਦੇ ਦਫ਼ਤਰ ਜਾਣਾ ਪੈਂਦਾ ਸੀ।
ਡਾ. ਮਨਮੋਹਨ ਸਿੰਘ ਨੂੰ ਦੇਸ਼ ਦੇ ਹਿੱਤਾਂ ਪ੍ਰਤੀ ਡੂੰਘੀ ਵਚਨਬੱਧਤਾ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। 1990ਵਿਆਂ ਦੀ ਸ਼ੁਰੂਆਤ ਵਿਚ ਤਤਕਾਲੀ ਪ੍ਰਧਾਨ ਮੰਤਰੀ ਪੀਵੀ ਨਰਸਿਮ੍ਹਾ ਰਾਓ ਦੀ ਅਗਵਾਈ ਅਧੀਨ ਭਾਰਤ ਦੇ ਆਰਥਿਕ ਸੁਧਾਰਾਂ ਦੇ ਪਿਤਾਮਾ ਵਜੋਂ ਅਤੇ ਪ੍ਰਧਾਨ ਮੰਤਰੀ ਵਜੋਂ ਭਾਰਤ ਦੀ ਉੱਦਮੀ ਭਾਵਨਾ ਨੂੰ ਹੁਲਾਰਾ ਦੇਣ ਦੀ ਡਾ. ਮਨਮੋਹਨ ਸਿੰਘ ਦੀ ਕੋਸ਼ਿਸ਼- ਅਖੌਤੀ ‘ਜਨੂੰਨੀ ਰੂਹ’- ਹੀ ਉਹ ਕਮਾਲ ਸੀ, ਜਿਸ ਸਦਕਾ ਭਾਰਤ 2008 ਦੇ ਆਲਮੀ ਸੰਕਟ ਦੇ ਮਾੜੇ ਪ੍ਰਭਾਵ ਤੋਂ ਬਚਿਆ ਰਿਹਾ। ਉਨ੍ਹਾਂ ਨੇ ਆਪਣੀ ਹੀ ਪਾਰਟੀ ਦੇ ਵਿਰੋਧ ਦੇ ਬਾਵਜੂਦ ਅਮਰੀਕਾ ਨਾਲ ਗ਼ੈਰ-ਫ਼ੌਜੀ ਪਰਮਾਣੂ ਕਰਾਰ ਉੱਤੇ ਦਸਤਖ਼ਤ ਕੀਤੇ, ਜਿਸ ਸਦਕਾ ਭਾਰਤ ਨੇ ਕੌਮਾਂਤਰੀ ਪੱਧਰ ’ਤੇ ਇਕ ਜ਼ਿੰਮੇਵਾਰ ਤਾਕਤ ਵਜੋਂ ਸਭ ਦਾ ਧਿਆਨ ਖਿੱਚਿਆ।
ਭਾਰਤ ਦੇ ਗੁਆਂਢੀ ਮੁਲਕਾਂ ਨਾਲ ਰਿਸ਼ਤਿਆਂ ਨੂੰ ਸੁਧਾਰਨ ਲਈ ਉਨ੍ਹਾਂ ਦਾ ਸਮਰਪਣ ਬੇਮਿਸਾਲ ਸੀ; 2008 ਦੇ ਮੁੰਬਈ ਹਮਲੇ ਦੇ ਬਾਵਜੂਦ ਲੋਕਾਂ ਦੇ ਇਕ ਦੂਜੇ ਨਾਲ ਖਾਸ ਕਰਕੇ ਭਾਰਤ ਤੇ ਪਾਕਿਸਤਾਨ ਦੇ ਸਬੰਧ ਬਿਹਤਰ ਹੋਏ। ਉਨ੍ਹਾਂ ਮੁੰਬਈ ਹਮਲੇ ਲਈ ਪਾਕਿਸਤਾਨ ਦੀ ਫੌਜੀ ਵਿਵਸਥਾ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਉਣ ਵਿਚ ਵੀ ਕੋਈ ਝਿਜਕ ਨਾ ਦਿਖਾਈ। ਮੈਨੂੰ ਡਾ. ਸਿੰਘ ਨਾਲ ਕੰਮ ਕਰਨ ਦਾ ਉਦੋਂ ਮੁੜ ਸੁਭਾਗ ਪ੍ਰਾਪਤ ਹੋਇਆ ਜਦੋਂ ਉਹ ਪ੍ਰਧਾਨ ਮੰਤਰੀ ਸਨ ਅਤੇ ਮੈਨੂੰ ਜੰਮੂ-ਕਸ਼ਮੀਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ। ਡਾ. ਮਨਮੋਹਨ ਸਿੰਘ ਪਹਿਲਾਂ ਇੱਕ ਸਿਵਲ ਸੇਵਕ ਵਜੋਂ ਅਤੇ ਮਗਰੋਂ ਇੱਕ ਕੇਂਦਰੀ ਮੰਤਰੀ ਤੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਆਪਣੇ ਲੰਬੇ ਅਤੇ ਵਿਲੱਖਣ ਕਰੀਅਰ ਦੌਰਾਨ ਕਿਸੇ ਵੀ ਤਰ੍ਹਾਂ ਦੇ ਪ੍ਰਚਾਰ ਦੀ ਤਵੱਕੋ ਕੀਤੇ ਬਗੈਰ ਹਮੇਸ਼ਾ ਨੈਤਿਕ ਮਾਰਗ ਉਤੇ ਚੱਲਣ ਲਈ ਚੱਟਾਨ ਵਾਂਗ ਡਟੇ ਰਹੇ। ਭਾਵੇਂ ਇਸ ਲਈ ਉਨ੍ਹਾਂ ਨੂੰ ਉਸੇ ਸਿਆਸੀ ਪਾਰਟੀ ਵਿਚ ਹੀ ਮੁਸ਼ਕਲ ਦਾ ਸਾਹਮਣਾ ਕਿਉਂ ਨਾ ਕਰਨਾ ਪਿਆ ਹੋਵੇ, ਜਿਸ ਦੀ ਉਹ ਖ਼ੁਦ ਨੁਮਾਇੰਦਗੀ ਕਰਦੇ ਸਨ। ਡਾ. ਮਨਮੋਹਨ ਸਿੰਘ ਕਈ ਦਹਾਕਿਆਂ ਤੱਕ ਹਮੇਸ਼ਾ ਸਤਿਕਾਰ ਨਾਲ ਯਾਦ ਕੀਤੇ ਜਾਂਦੇ ਰਹਿਣਗੇ।
ਮੇਰੀ ਪਤਨੀ ਅਤੇ ਮੈਂ ਇਸ ਅਥਾਹ ਦੁੱਖ ਦੀ ਘੜੀ ਵਿਚ ਸ੍ਰੀਮਤੀ ਗੁਰਸ਼ਰਨ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਦੁਆ ਕਰਦੇ ਹਾਂ ਕਿ ਰੱਬ ਉਨ੍ਹਾਂ ਨੂੰ ਇਸ ਅਸਹਿ ਘਾਟੇ ਨੂੰ ਸਹਿਣ ਦਾ ਬਲ ਬਖ਼ਸ਼ੇ।