ਮਨਮੋਹਨ ਸਿੰਘ ਨੇ ਚੰਡੀਗੜ੍ਹ ਨੂੰ ਫੰਡਾਂ ਦੀ ਘਾਟ ਨਾ ਹੋਣ ਦਿੱਤੀ: ਚਾਵਲਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਦਸਬੰਰ
ਚੰਡੀਗੜ੍ਹ ਦੇ ਸਾਬਕਾ ਮੇਅਰ ਤੇ ਸੀਨੀਅਰ ਸਿਆਸੀ ਆਗੂ ਸੁਭਾਸ਼ ਚਾਵਲਾ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਚੰਡੀਗੜ੍ਹ ਨੂੰ ਕਦੇ ਵੀ ਫੰਡਾਂ ਦੀ ਘਾਟ ਨਹੀਂ ਹੋਣ ਦਿੱਤੀ। ਉਨ੍ਹਾਂ ਕਿਹਾ ਕਿ 2004 ਤੋਂ 2014 ਤੱਕ ਡਾ. ਮਨਮੋਹਨ ਸਿੰਘ ਨੇ ਪੰਜਾਬ ਯੂਨੀਵਰਸਿਟੀ, ਪੀਜੀਆਈ ਤੇ ਸ਼ਹਿਰ ਦੇ ਹੋਰਨਾਂ ਸੰਸਥਾਨਾਂ ਲਈ ਵੀ ਫੰਡਾਂ ਦਾ ਪੂਰਾ ਪ੍ਰਬੰਧ ਕੀਤਾ। ਸ੍ਰੀ ਚਾਵਲਾ ਨੇ ਕਿਹਾ ਕਿ ਚੰਡੀਗੜ੍ਹ ਆਈਟੀ ਪਾਰਕ ਤੇ ਧਨਾਸ ਵਿੱਚ ਸਮਾਲ ਹਾਊਸਿੰਗ ਫਲੈਟ ਪ੍ਰਾਜੈਕਟ ਵੀ ਡਾ. ਮਨਮੋਹਨ ਸਿੰਘ ਦੀ ਦੇਣ ਹੈ, ਜਿਸ ਨੂੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਚੰਡੀਗੜ੍ਹ ਨੂੰ ਵਿਕਾਸ ਦੇ ਰਾਹ ਵਿੱਚ ਰਫ਼ਤਾਰ ਮਿਲੀ ਸੀ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਕਾਫ਼ੀ ਦੇਰ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਰਹੇ। ਇਸ ਦੌਰਾਨ ਹੋਰ ਵੀ ਕਈ ਆਗੂਆਂ ਨੇ ਸਾਬਕਾ ਪ੍ਰਧਾਲ ਮੰਤਰੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਡਾ. ਮਨਮੋਹਨ ਸਿੰਘ ਦਾ ਰਾਜਘਾਟ ’ਤੇ ਸਸਕਾਰ ਨਾ ਕਰਨਾ ਗਲਤ: ਬਡਹੇੜੀ
ਚੰਡੀਗੜ੍ਹ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਤੇ ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਤੇ ਦੁਨੀਆਂ ਨੇ ਇਕ ਉੱਘੇ ਅਰਥਸ਼ਾਸਤਰੀ ਨੂੰ ਗਵਾ ਦਿੱਤਾ ਹੈ, ਜਿਸ ਦਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਬਡਹੇੜੀ ਨੇ ਡਾ. ਮਨਮੋਹਨ ਸਿੰਘ ਦਾ ਸਸਕਾਰ ਰਾਜਘਾਟ ’ਤੇ ਨਾ ਕੀਤੇ ਜਾਣ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ, ਜਿਨ੍ਹਾਂ ਨੇ ਦੇਸ਼ ਨੂੰ ਆਰਥਿਕ ਸੰਕਟ ਵਿੱਚੋਂ ਕੱਢਿਆ ਤੇ ਦੇਸ਼ ਦੀ ਆਰਥਿਕਤਾ ਨੂੰ ਨਵੀਂ ਦਿਸ਼ਾ ਦਿੱਤੀ ਸੀ। ਉਨ੍ਹਾਂ ਮੰਗ ਕੀਤੀ ਕਿ ਡਾ. ਮਨਮੋਹਨ ਸਿੰਘ ਨੂੰ ਭਾਰਤ ਰਤਨ ਐਵਾਰਡ ਦੇ ਨਾਲ ਬਣਦਾ ਸਤਕਾਰ ਦਿੱਤਾ ਜਾਵੇ। ਉਨ੍ਹਾਂ ਆਖਿਆ ਕਿ ਡਾ. ਮਨਮੋਹਨ ਸਿੰਘ ਦੀ ਚੰਡੀਗੜ੍ਹ ਸ਼ਹਿਰ ਨੂੰ ਕਾਫੀ ਦੇਣ ਹੈ। ਉਨ੍ਹਾਂ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।