For the best experience, open
https://m.punjabitribuneonline.com
on your mobile browser.
Advertisement

ਮਨੀਪੁਰ: ਵਿਰੋਧੀ ਮੈਂਬਰਾਂ ਵੱਲੋਂ ਸੰਸਦੀ ਕਮੇਟੀ ਦੀ ਮੀਟਿੰਗ ’ਚੋਂ ਵਾਕਆੳੂਟ

06:54 AM Jul 07, 2023 IST
ਮਨੀਪੁਰ  ਵਿਰੋਧੀ ਮੈਂਬਰਾਂ ਵੱਲੋਂ ਸੰਸਦੀ ਕਮੇਟੀ ਦੀ ਮੀਟਿੰਗ ’ਚੋਂ ਵਾਕਆੳੂਟ
Advertisement

ਨਵੀਂ ਦਿੱਲੀ, 6 ਜੁਲਾਈ
ਘਰੇਲੂ ਮਾਮਲਿਅਾਂ ਬਾਰੇ ਸਥਾਈ ਸੰਸਦੀ ਕਮੇਟੀ ’ਚੋਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਉਸ ਸਮੇਂ ਵਾਕਆੳੂਟ ਕਰ ਦਿੱਤਾ ਜਦੋਂ ਕਮੇਟੀ ਦੇ ਮੁਖੀ ਨੇ ਮਨੀਪੁਰ ਦੇ ਹਾਲਾਤ ਬਾਰੇ ਵਿਚਾਰ ਵਟਾਂਦਰੇ ਦੀ ਉਨ੍ਹਾਂ ਦੀ ਮੰਗ ਨੂੰ ਨਕਾਰ ਦਿੱਤਾ। ਸੂਤਰਾਂ ਨੇ ਕਿਹਾ ਕਿ ਤਾਮਿਲ ਨਾਡੂ, ਤਿਲੰਗਾਨਾ ਅਤੇ ਆਂਧਰਾ ਪ੍ਰਦੇਸ਼ ’ਚ ਜੇਲ੍ਹ ਸੁਧਾਰ ਬਾਰੇ ਵਿਚਾਰ ਵਟਾਂਦਰੇ ਲਈ ਸੱਦੀ ਗਈ ਮੀਟਿੰਗ ਦੌਰਾਨ ਟੀਐੱਮਸੀ ਦੇ ਡੈਰੇਕ ਓ’ਬ੍ਰਾਇਨ ਅਤੇ ਕਾਂਗਰਸ ਦੇ ਦਿਗਵਿਜੈ ਸਿੰਘ ਤੇ ਪ੍ਰਦੀਪ ਭੱਟਾਚਾਰੀਆ ਨੇ ਕਮੇਟੀ ਦੇ ਚੇਅਰਮੈਨ ਬ੍ਰਿਜਲਾਲ ਨੂੰ ਸਾਂਝਾ ਪੱਤਰ ਸੌਂਪਦਿਆਂ ਕਿਹਾ ਕਿ ਕਮੇਟੀ ਮੈਂਬਰ ਹੋਣ ਦੇ ਨਾਤੇ ਉਹ ਮਨੀਪੁਰ ਦੇ ਹਾਲਾਤ ਨੂੰ ਅਣਗੌਲਿਆ ਨਹੀਂ ਕਰ ਸਕਦੇ ਹਨ। ਪੱਤਰ ’ਚ ਤਿੰਨੋਂ ਸੰਸਦ ਮੈਂਬਰਾਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਨੈਤਿਕ ਅਤੇ ਸੰਵਿਧਾਨਕ ਜ਼ਿੰਮੇਵਾਰੀ ਬਣਦੀ ਹੈ ਕਿ ਮਨੀਪੁਰ ਦੇ ਹਾਲਾਤ ਬਾਰੇ ਫੌਰੀ ਅਤੇ ਪੂਰੀ ਇਮਾਨਦਾਰੀ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ। ਕਮੇਟੀ ਦੇ ਚੇਅਰਮੈਨ ਨੂੰ ਉਨ੍ਹਾਂ ਕਿਹਾ,‘‘ਤੁਸੀਂ ਸੀਨੀਅਰ ਪੁਲੀਸ ਅਧਿਕਾਰੀ ਰਹੇ ਹੋਣ ਕਾਰਨ ਮਨੀਪੁਰ ਦੇ ਹਾਲਾਤ ਦੀ ਗੰਭੀਰਤਾ ਨੂੰ ਸਮਝਦੇ ਹੋ। ਮਨੀਪੁਰ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਅਤੇ ਹਿੰਸਾ ਖ਼ਤਮ ਕਰਨ ਦੀ ਲੋੜ ਹੈ। ਅਸੀਂ ਚੁਣੇ ਹੋਏ ਨੁਮਾਇੰਦੇ ਹੋਣ ਕਾਰਨ ਇਸ ਮੁੱਦੇ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ ਹਾਂ।’’ ਕੁਝ ਮੈਂਬਰਾਂ ਨੇ ਚੇਅਰਮੈਨ ਨੂੰ ਪਿਛਲੇ ਮਹੀਨੇ ਪੱਤਰ ਲਿਖ ਕੇ ਮਨੀਪੁਰ ਬਾਰੇ ਚਰਚਾ ਕਰਨ ਲਈ ਕਮੇਟੀ ਦੀ ਫੌਰੀ ਮੀਟਿੰਗ ਸੱਦਣ ਦੀ ਮੰਗ ਕੀਤੀ ਸੀ ਜਿਸ ਨੂੰ ਮੰਨਿਆ ਨਹੀਂ ਗਿਆ ਸੀ। ‘ਤੁਸੀਂ ਸਾਨੂੰ ਦੱਸਿਆ ਕਿ ਇਸ ਮੁੱਦੇ ਨੂੰ ਜੁਲਾਈ ’ਚ ਨਹੀਂ ਚੁੱਕਿਆ ਜਾ ਸਕਦਾ ਹੈ। ਮੀਟਿੰਗ ਦਾ ਏਜੰਡਾ ਤੈਅ ਕਰਨਾ ਤੁਹਾਡਾ ਅਧਿਕਾਰ ਹੈ। ਅਸੀਂ ਕੌਮੀ ਮਹੱਤਤਾ ਦੇ ਮੁੱਦੇ ’ਤੇ ਵਿਚਾਰ ਵਟਾਂਦਰੇ ਦੀ ਜ਼ਿੰਮੇਵਾਰੀ ਤੋਂ ਭੱਜਣ ਖ਼ਿਲਾਫ਼ ਇਕਜੁੱਟ ਹਾਂ ਅਤੇ ਇਸ ਕਾਰਨ ਅਸੀਂ ਮੀਟਿੰਗ ’ਚੋਂ ਵਾਕਆੳੂਟ ਕਰਨਾ ਜ਼ਰੂਰੀ ਸਮਝਿਆ ਹੈ।’ ਸੂਤਰਾਂ ਨੇ ਕਿਹਾ ਕਿ ਤਿੰਨੋਂ ਸੰਸਦ ਮੈਂਬਰਾਂ ਵੱਲੋਂ ੲਿਸ ਮਹੀਨੇ ਹੋਣ ਵਾਲੀਆਂ ਦੋ ਹੋਰ ਮੀਟਿੰਗਾਂ ’ਚੋਂ ਵੀ ਗ਼ੈਰਹਾਜ਼ਰ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਬਾਹਰ ਜਾਂਦੇ ਹੋਏ ਭਾਜਪਾ ਦੇ ਸੰਸਦ ਮੈਂਬਰ ਬਿਪਲਬ ਦੇਬ ਨੂੰ ਵਾਕਆੳੂਟ ਕਰਨ ਲਈ ਕਿਹਾ ਕਿਉਂਕਿ ਉਹ ਵੀ ਉੱਤਰ-ਪੂਰਬ ਤੋਂ ਆਉਂਦਾ ਹੈ। ਇਸ ਤੋਂ ਪਹਿਲਾਂ ਵੀ ਡੈਰੇਕ ਅਤੇ ਦਿਗਵਿਜੈ ਸਿੰਘ ਨੇ ਬ੍ਰਿਜਲਾਲ ਨੂੰ ਪੱਤਰ ਲਿਖ ਕੇ ਮਨੀਪੁਰ ਦੇ ਹਾਲਾਤ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਸੱਦਣ ਦੀ ਮੰਗ ਕੀਤੀ ਸੀ। ਚੇਅਰਮੈਨ ਨੇ ਦੋਵੇਂ ਸੰਸਦ ਮੈਂਬਰਾਂ ਨੂੰ ਵੱਖੋ ਵੱਖਰੇ ਤੌਰ ’ਤੇ ਕਿਹਾ ਸੀ ਕਿ ਜੁਲਾਈ ’ਚ ਜੇਲ੍ਹ ਸੁਧਾਰਾਂ ਬਾਰੇ ਤਿੰਨ ਮੀਟਿੰਗਾਂ ਹੋਣੀਆਂ ਤੈਅ ਹਨ ਜਿਸ ਕਰਕੇ ਉਹ ਮਨੀਪੁਰ ਦੇ ਹਾਲਾਤ ਬਾਰੇ ਫੌਰੀ ਮੀਟਿੰਗ ਨਹੀਂ ਕਰ ਸਕਣਗੇ। ਮੀਟਿੰਗ ’ਚ ਚੇਅਰਮੈਨ ਸਮੇਤ ਸੱਤ ਮੈਂਬਰਾਂ ਨੇ ਹਾਜ਼ਰੀ ਭਰੀ। -ਪੀਟੀਆਈ

Advertisement

ਬੰਦੂਕਧਾਰੀਅਾਂ ਵੱਲੋਂ ਅੌਰਤ ਦੀ ਗੋਲੀਆਂ ਮਾਰ ਕੇ ਹੱਤਿਆ

ਇੰਫਾਲ: ਮਨੀਪੁਰ ’ਚ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਇੰਫਾਲ ਪੱਛਮੀ ਜ਼ਿਲ੍ਹੇ ’ਚ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਸਕੂਲ ਦੇ ਬਾਹਰ ਕੀਤੀ ਗਈ ਗੋਲੀਬਾਰੀ ’ਚ ਇਕ ਮਹਿਲਾ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਕਾਂਗਪੋਕਪੀ ਜ਼ਿਲ੍ਹੇ ’ਚ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ। ਮਹਿਲਾ ਦੀ ਹੱਤਿਆ ਲਾਮਫੇਲ ਪੁਲੀਸ ਸਟੇਸ਼ਨ ਹੇਠ ਪੈਂਦੇ ਕਵਾਕੇਇਥੇਲ ਮਯਾਈ ਕੋਇਬੀ ’ਚ ਹੋਈ ਜਿਥੇ ਦੋ ਮਹੀਨਿਆਂ ਮਗਰੋਂ ਬੁੱਧਵਾਰ ਨੂੰ ਹੀ ਪਹਿਲੀ ਤੋਂ ਅੱਠਵੀਂ ਕਲਾਸਾਂ ਤੱਕ ਦੇ ਸਕੂਲ ਖੁੱਲ੍ਹੇ ਸਨ। ਅਧਿਕਾਰੀਆਂ ਨੇ ਕਿਹਾ ਕਿ ਮਹਿਲਾ ਸਕੂਲ ਨੇੜੇ ਕਿਸੇ ਕੰਮ ਲਈ ਗਈ ਸੀ ਪਰ ਉਸ ਦਾ ਵਿਦਿਅਕ ਅਦਾਰੇ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਸੂਤਰਾਂ ਨੇ ਕਿਹਾ ਕਿ ਸੁਰੱਖਿਆ ਬਲਾਂ ਵੱਲੋਂ ਝੜਪਾਂ ਰੋਕਣ ਤੋਂ ਕੁਝ ਘੰਟਿਆਂ ਬਾਅਦ ਕਾਂਗਪੋਕਪੀ ਜ਼ਿਲ੍ਹੇ ਦੇ ਪਿੰਡ ਫੇਲੇਂਗ ’ਚ ਵੀਰਵਾਰ ਤੜਕੇ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਨੇੜਲੇ ਇਲਾਕਿਆਂ ਦੇ ਹਥਿਆਰਬੰਦ ਗੁੱਟ ਉਥੇ ਇਕੱਠੇ ਹੋ ਗਏ ਜਿਸ ਕਾਰਨ ਤਣਾਅ ਫੈਲ ਗਿਆ। ਕਰੀਬ 1000-1500 ਮਹਿਲਾਵਾਂ ਨੇ ਸੜਕਾਂ ਜਾਮ ਕਰ ਦਿੱਤੀਆਂ ਤਾਂ ਜੋ ਵਾਧੂ ਸੁਰੱਖਿਆ ਬਲਾਂ ਨੂੰ ਇਲਾਕੇ ’ਚ ਪਹੁੰਚਣ ਤੋਂ ਰੋਕਿਆ ਜਾ ਸਕੇ। ਅਸਾਮ ਰਾਈਫ਼ਲਜ਼ ਦੀ ਤਾਇਨਾਤੀ ਮਗਰੋਂ ਇਲਾਕੇ ’ਚ ਹਾਲਾਤ ਕੰਟਰੋਲ ਹੇਠ ਲਿਆਦੇ ਗਏ। ਚੂਰਾਚਾਂਦਪੁਰ ’ਚ ਵੱਡੀ ਗਿਣਤੀ ਕੁਕੀ ਭਾਈਚਾਰੇ ਦੇ ਲੋਕਾਂ ਨੇ ਬੁੱਧਵਾਰ ਨੂੰ ਵੱਡੇ ਪੱਧਰ ’ਤੇ ਪ੍ਰਦਰਸ਼ਨ ਕੀਤਾ। ਕਰੀਬ ਚਾਰ ਹਜ਼ਾਰ ਲੋਕਾਂ ਨੇ ਰੈਲੀ ’ਚ ਸ਼ਮੂਲੀਅਤ ਕੀਤੀ ਜਿਨ੍ਹਾਂ ਮੂੰਹ ਲਪੇਟੇ ਹੋਏ ਸਨ। ਰੈਲੀ ਦੌਰਾਨ ਕੋਈ ਵੀ ਮੰਦਭਾਗੀ ਘਟਨਾ ਨਹੀਂ ਵਾਪਰੀ। ਉਧਰ ਇੰਡਿਜਨਸ ਟ੍ਰਾਈਬਲ ਲੀਡਰਜ਼ ਫੋਰਮ ਨੇ ਮਹਿਲਾ ਦੀ ਹੱਤਿਆ ਮਗਰੋਂ ਮਨੀਪੁਰ ’ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਮਹਿਲਾ ਦੀ ਪਛਾਣ ਡੋਨਾਗਾਇਚਿੰਗ ਵਜੋਂ ਦੱਸੀ ਹੈ ਜੋ ਮਾਨਸਿਕ ਤੌਰ ’ਤੇ ਬਿਮਾਰ ਸੀ ਅਤੇ ਲੋਕਾਂ ਤੋਂ ਭੀਖ ਮੰਗ ਕੇ ਗੁਜ਼ਾਰਾ ਕਰਦੀ ਸੀ। -ਪੀਟੀਆਈ

ਇੰਟਰਨੈੱਟ ਬੰਦ ਹੋਣ ਖ਼ਿਲਾਫ਼ ਅਰਜ਼ੀ ਸੁਪਰੀਮ ਕੋਰਟ ’ਚ ਖਾਰਜ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮਨੀਪੁਰ ’ਚ ਇੰਟਰਨੈੱਟ ਬੰਦ ਕੀਤੇ ਜਾਣ ਖ਼ਿਲਾਫ਼ ਦੋ ਵਿਅਕਤੀਆਂ ਵੱਲੋਂ ਪਾਈ ਗਈ ਅਰਜ਼ੀ ’ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਉਂਜ ਸਿਖਰਲੀ ਅਦਾਲਤ ਨੇ ਅਰਜ਼ੀਕਾਰਾਂ ਨੂੰ ਹਾਈ ਕੋਰਟ ਕੋਲ ਪਹੁੰਚ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਪੀ ਐੱਸ ਨਰਸਿਮਹਾ ਤੇ ਮਨੋਜ ਮਿਸ਼ਰਾ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਮਨੀਪੁਰ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਪਹਿਲਾਂ ਹੀ ਮਾਹਿਰਾਂ ਦੀ ਕਮੇਟੀ ਬਣਾ ਕੇ ਇੰਟਰਨੈੱਟ ਬਹਾਲ ਕਰਨ ਦੀ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ। ਸੁਪਰੀਮ ਕੋਰਟ ’ਚ ਚੋਂਗਥਾਮ ਵਿਕਟਰ ਸਿੰਘ ਅਤੇ ਮਯੇਂਗਬਾਮ ਜੇਮਸ ਵੱਲੋਂ ਅਰਜ਼ੀ ਦਾਖ਼ਲ ਕੀਤੀ ਗਈ ਸੀ। -ਪੀਟੀਆਈ

Advertisement
Tags :
Author Image

joginder kumar

View all posts

Advertisement
Advertisement
×