ਮਨੀਪੁਰ: ਮੈਤੇਈ, ਕੁਕੀ ਤੇ ਨਾਗਾ ਵਿਧਾਇਕਾਂ ਵੱਲੋਂ ਦਿੱਲੀ ’ਚ ਮੀਟਿੰਗ
ਨਵੀਂ ਦਿੱਲੀ, 15 ਅਕਤੂਬਰ
ਮਨੀਪੁਰ ਵਿੱਚ ਕਰੀਬ 17 ਮਹੀਨੇ ਪਹਿਲਾਂ ਭੜਕੀ ਜਾਤੀ ਹਿੰਸਾ ਤੋਂ ਬਾਅਦ ਦੰਗਾ ਪ੍ਰਭਾਵਿਤ ਸੂਬੇ ਵਿੱਚ ਸ਼ਾਂਤੀ ਦੀ ਬਹਾਲੀ ਦੀ ਕੋਸ਼ਿਸ਼ ਤਹਿਤ ਪਹਿਲੀ ਵਾਰ ਮੈਤੇਈ, ਤੇ ਕੁਕੀ ਭਾਈਚਾਰਿਆਂ ਨਾਲ ਸਬੰਧਤ ਕਰੀਬ 20 ਵਿਧਾਇਕਾਂ ਨੇ ਇੱਥੇ ਅੱਜ ਇਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਭਾਜਪਾ ਵਿਧਾਇਕ ਸੰਬਿਤ ਪਾਤਰਾ ਅਤੇ ਨਾਗਾ ਭਾਈਚਾਰੇ ਦੇ ਤਿੰਨ ਵਿਧਾਇਕ ਵੀ ਸ਼ਾਮਲ ਸਨ। ਦੋ ਘੰਟੇ ਤੋਂ ਵੱਧ ਸਮਾਂ ਚੱਲੀ ਇਸ ਮੀਟਿੰਗ ਵਿੱਚ ਗ੍ਰਹਿ ਮੰਤਰਾਲੇ ਦੇ ਵਾਰਤਾਕਾਰ ਏਕੇ ਮਿਸ਼ਰਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਹਾਲਾਂਕਿ, ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮਨੀਪੁਰ ਦੇ ਮੁੱਖ ਮੰਤਰੀ ਐੱਨ ਬਿਰੇਨ ਸਿੰਘ ਸ਼ਾਮਲ ਨਹੀਂ ਸਨ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਇਹ ਮੀਟਿੰਗ ਗ੍ਰਹਿ ਮੰਤਰਾਲੇ ਵੱਲੋਂ ਮੈਤੇਈ ਤੇ ਕੁਕੀ ਭਾਈਚਾਰਿਆਂ ਵਿਚਾਲੇ ਮਤਭੇਦਾਂ ਨੂੰ ਦੂਰ ਕਰਨ, ਉੱਥੇ ਜਾਰੀ ਸੰਘਰਸ਼ ਦਾ ਦੋਸਤਾਨਾ ਹੱਲ ਲੱਭਣ ਅਤੇ ਮਤਭੇਦਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਤਹਿਤ ਸੱਦੀ ਗਈ ਸੀ। ਇਸ ਦੌਰਾਨ ਕੁਕੀ ਭਾਈਚਾਰੇ ਦੇ ਲੋਕਾਂ ਦੀ ਇੱਛਾ ਮੁਤਾਬਕ, ਭਾਈਚਾਰੇ ਦੇ ਵਿਧਾਇਕਾਂ ਨੇ ਮਨੀਪੁਰ ਵਿੱਚ ਅਨੁਸੂਚਿਤ ਜਨਜਾਤੀ ਦੇ ਲੋਕਾਂ ਲਈ ਵੱਖਰੇ ਪ੍ਰਸ਼ਾਸਨ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਮੰਗ ’ਤੇ ਵੀ ਜ਼ੋਰ ਦਿੱਤਾ। ਇਕ ਬਿਆਨ ਰਾਹੀਂ ਦੱਸਿਆ ਗਿਆ, ‘‘ਮੀਟਿੰਗ ਵਿੱਚ ਸਰਬਸੰਮਤੀ ਨਾਲ ਸਾਰੇ ਫਿਰਕਿਆਂ ਦੇ ਲੋਕਾਂ ਨੂੰ ਹਿੰਸਾ ਦਾ ਰਾਹ ਛੱਡਣ ਦੀ ਅਪੀਲ ਵੀ ਕੀਤੀ ਗਈ।’’ ਆਗੂਆਂ ਨੇ ਇਸ ਮੀਟਿੰਗ ਵਿੱਚ ਆਪੋ- ਆਪਣੇ ਭਾਈਚਾਰਿਆਂ ਦੇ ਮਸਲੇ ਤੇ ਮੁੱਦਿਆਂ ਨੂੰ ਉਭਾਰਿਆ ਪਰ ਕੋਈ ਪੱਕਾ ਹੱਲ ਨਹੀਂ ਨਿਕਲ ਸਕਿਆ। ਐਨਾ ਜ਼ਰੂਰ ਹੈ ਕਿ ਗੱਲਬਾਤ ਅੱਗੇ ਵਧਾਉਣ ਬਾਰੇ ਚਰਚਾ ਜ਼ਰੂਰ ਹੋਈ ਹੈ। ਗ੍ਰਹਿ ਮੰਤਰਾਲੇ ਦਾ ਕਹਿਣਾ ਸੀ, ‘‘ਇਹ ਚਮਤਕਾਰ ਹੋਇਆ ਹੈ ਕਿ ਅਸੀਂ ਵੱਖ ਵੱਖ ਫਿਰਕਿਆਂ ਨੂੰ ਇਕ ਹੀ ਛੱਤ ਹੇਠ ਇਕੱਤਰ ਕਰਨ ’ਚ ਸਫ਼ਲ ਹੋ ਸਕੇ।’’ ਗ੍ਰਹਿ ਮੰਤਰਾਲੇ ਨੇ ਆਸ ਪ੍ਰਗਟਾਈ ਕਿ ਇਕ ਸ਼ਾਂਤਮਈ ਹੱਲ ਕੱਢਣ ਲਈ ਇਹ ਫਿਰਕੇ ਭਵਿੱਖ ਵਿੱਚ ਮੁੜ ਜ਼ਰੂਰ ਮਿਲਣਗੇ। ਸੂਤਰਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਮੈਤੇਈ ਭਾਈਚਾਰੇ ਵੱਲੋਂ ਸੂਬੇ ਦੀ ਵਿਧਾਨ ਸਭਾ ਦੇ ਸਪੀਕਰ ਥੋਕਚੋਮ ਸੱਤਿਆਬ੍ਰਤ ਸਿੰਘ ਅਤੇ ਵਿਧਾਇਕ ਥੌਂਗਮ ਬਸੰਤਕੁਮਾਰ ਸਿੰਘ ਤੇ ਤੌਂਗਬਰਾਮ ਰਬਿੰਦਰੋ ਅਤੇ ਕੁਕੀ ਭਾਈਚਾਰੇ ਵੱਲੋਂ ਲੇਤਪਾਓ ਹਾਓਕਿਪ ਤੇ ਨੇਮਚਾ ਕਿਪਗੇਨ (ਦੋਵੇਂ ਸੂਬੇ ਦੇ ਮੰਤਰੀ) ਸ਼ਾਮਲ ਹੋਏ। ਨਾਗਾ ਭਾਈਚਾਰੇ ਦੀ ਨੁਮਾਇੰਦਗੀ ਵਿਧਾਇਕ ਰਾਮ ਮੁਈਵਾਹ, ਅਵਾਂਗਬੋ ਨਿਊਮਈ ਅਤੇ ਐੱਲ ਦਿਖੋ ਨੇ ਕੀਤੀ। -ਪੀਟੀਆਈ