ਮਨੀਪੁਰ: ਕੁੱਕੀ-ਜ਼ੋ ਭਾਈਚਾਰੇ ਵੱਲੋਂ ਵੱਖਰੇ ਪ੍ਰਸ਼ਾਸਨ ਦੀ ਮੰਗ ਲਈ ਰੈਲੀਆਂ
ਚੂਰਾਚਾਂਦਪੁਰ/ਇੰਫਾਲ, 24 ਜੂਨ
ਮਨੀਪੁਰ ਦੇ ਚੂਰਾਚਾਂਦਪੁਰ, ਕਾਂਗਪੋਕਪੀ ਅਤੇ ਤੇਂਗਨੌਪਾਲ ਜ਼ਿਲ੍ਹਿਆਂ ਵਿੱਚ ਕੁੱਕੀ-ਜ਼ੋ ਭਾਈਚਾਰੇ ਦੇ ਹਜ਼ਾਰਾਂ ਲੋਕਾਂ ਨੇ ਹਿੰਸਾ ਪ੍ਰਭਾਵਿਤ ਸੂਬੇ ਵਿੱਚ ਹੱਲ ਅਤੇ ਉਨ੍ਹਾਂ ਲਈ ਵੱਖਰੇ ਪ੍ਰਸ਼ਾਸਨ ਦੀ ਮੰਗ ਸਬੰਧੀ ਅੱਜ ਇੱਥੇ ਰੈਲੀਆਂ ਕੀਤੀਆਂ। ਉਨ੍ਹਾਂ ਗੁਆਂਢੀ ਦੇਸ਼ ਮਿਆਂਮਾਰ ਨਾਲ ਮੁਕਤ ਆਉਣ-ਜਾਣ ਵਿਵਸਥਾ ਨੂੰ ਰੱਦ ਕਰਨ ਦਾ ਵੀ ਵਿਰੋਧ ਕੀਤਾ। ਕੇਂਦਰ ਸਰਕਾਰ ਨੇ ਫਰਵਰੀ ਵਿੱਚ ਉੱਤਰ-ਪੂਰਬ ’ਚ ਪੈਂਦੀ ਇੰਡੋ-ਮੀਆਂਮਾਰ ਸਰਹੱਦ ਦੇ 1600 ਕਿਲੋਮੀਟਰ ਤੋਂ ਵੱਧ ਹਿੱਸੇ ’ਤੇ ਕੰਡਿਆਲੀ ਤਾਰ ਲਗਾਉਣ ਦਾ ਫ਼ੈਸਲਾ ਕੀਤਾ ਸੀ ਅਤੇ ਇਸ ਨਾਲ ਮੁਕਤ ਆਵਾਜਾਈ ਵਿਵਸਥਾ ਨੂੰ ਸਮਾਪਤ ਕਰ ਦਿੱਤਾ ਸੀ। ਪੂਰਬ-ਉੱਤਰ ਦੇ ਚਾਰ ਸੂਬਿਆਂ ਅਰੁਣਾਚਲ ਪ੍ਰਦੇਸ਼, ਮਨੀਪੁਰ, ਮੇਘਾਲਿਆ ਅਤੇ ਨਾਗਾਲੈਂਡ ਦੀ ਹੱਦ ਮਿਆਂਮਾਰ ਨਾਲ ਲੱਗਦੀ ਹੈ।
ਰੈਲੀ ਮਗਰੋਂ ਕੁੱਕੀ-ਜ਼ੋ ਭਾਈਚਾਰੇ ਲਈ ਸਿਆਸੀ ਹੱਲ ਦੀ ਮੰਗ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਂ ਚੂਰਾਚਾਂਦਪੁਰ ਦੇ ਡਿਪਟੀ ਕਮਿਸ਼ਨਰ ਧਰੁਣ ਕੁਮਾਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਸਵਦੇਸ਼ੀ ਕਬਾਇਲੀ ਲੀਡਰਜ਼ ਫੋਰਮ (ਆਈਟੀਐੱਲਐੱਫ) ਵੱਲੋਂ ਕਰਵਾਏ ਗਏ ਇਸ ਮਾਰਚ ਵਿੱਚ ਸ਼ਾਮਲ ਲੋਕਾਂ ਨੇ ‘ਕੋਈ ਸਿਆਸੀ ਹੱਲ ਨਹੀਂ ਤਾਂ ਕੋਈ ਸ਼ਾਂਤੀ ਨਹੀਂ’ ਵਰਗੇ ਨਾਅਰੇ ਲਗਾਏ। ਸਾਇਕੋਟ ਤੋਂ ਭਾਜਪਾ ਵਿਧਾਇਕ ਪਾਓਲੀਨਲਾਲ ਹਾਓਕਿਪ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਥਾਈ ਸ਼ਾਂਤੀ ਲਈ ਸਰਕਾਰ ਨੂੰ ਮੁੱਦਿਆਂ ਦੇ ਹੱਲ ’ਚ ਸਿੱਧੇ ਤੌਰ ’ਤੇ ਸ਼ਾਮਲ ਹੋਣਾ ਚਾਹੀਦਾ ਹੈ। ਕਾਂਗਪੋਕਪੀ ਜ਼ਿਲ੍ਹੇ ਵਿੱਚ ਕਬਾਇਲੀ ਏਕਤਾ ਕਮੇਟੀ ਨੇ ਥਾਮਸ ਗਰਾਊਂਡ ਵਿੱਚ ਇੱਕ ਰੈਲੀ ਕੀਤੀ, ਜਿੱਥੇ ਜ਼ਿਲ੍ਹੇ ਭਰ ਤੋਂ ਆਏ ਲੋਕਾਂ ਨੇ ਕੁੱਕੀ-ਜ਼ੋ ਭਾਈਚਾਰੇ ਲਈ ‘ਸਿਆਸੀ ਹੱਲ’ ਦੀ ਵਕਾਲਤ ਕਰਦਿਆਂ ਬੈਨਰ ਦਿਖਾਏ। -ਪੀਟੀਆਈ