ਮਨੀਪੁਰ ਘਟਨਾ: ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਮੁਜ਼ਾਹਰਾ
ਹਤਿੰਦਰ ਮਹਿਤਾ
ਜਲੰਧਰ, 26 ਜੁਲਾਈ
ਮਨੀਪੁਰ ਘਟਨਾ ਖ਼ਿਲਾਫ਼ ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿੱਤੀਆਂ ਗਈਆਂ ਤਾਂ ਪੂਰੇ ਦੇਸ਼ ਦੀਆਂ ਔਰਤਾਂ ਨੂੰ ਲਾਮਬੰਦ ਕਰ ਕੇ ਆਉਣ ਵਾਲੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਆਗੂ ਅਮਰਜੀਤ ਕੌਰ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਮੰਦਭਾਗੀ ਘਟਨਾ ਲਈ ਸੂਬਾ ਅਤੇ ਕੇਂਦਰ ਸਰਕਾਰ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਜੋ ਸਰਕਾਰ ਔਰਤਾਂ ਦੀ ਰਾਖੀ ਨਹੀਂ ਕਰ ਸਕਦੀ ਉਸ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਔਰਤਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਬਜਾਇ ਉਸ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣ ’ਚ ਅਸਮਰਥ ਹਨ।
ਤਲਵਾੜਾ (ਦੀਪਕ ਠਾਕੁਰ): ਇੱਥੇ ਪੰਜਾਬ ਸੁਬਾਰਡੀਨੇਟ ਸਰਵਿਸਿਸ ਫੈਡਰੇਸ਼ਨ (ਪਸਸਫ਼) ਦੀ ਸਥਾਨਕ ਇਕਾਈ ਵੱਲੋਂ ਮਨੀਪੁਰ ’ਚ ਔਰਤਾਂ ਨਾਲ ਕੀਤੀਆਂ ਘਨਿਾਉਣੀਆਂ ਹਰਕਤਾਂ ਦੇ ਵਿਰੋਧ ’ਚ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਗਿਆ। ਪਸਸਫ਼ ਆਗੂ ਅਤੇ ਪੀਡਬਲਿਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਇਕਾਈ ਤਲਵਾੜਾ ਦੇ ਪ੍ਰਧਾਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਸੂਬਾ ਕਮੇਟੀ ਨੇ ਮਨੀਪੁਰ ’ਚ ਵਿਗੜੇ ਹਾਲਾਤ ਅਤੇ ਔਰਤਾਂ ਨਾਲ ਕੀਤੇ ਜਾ ਰਹੇ ਜਨਿਸੀ ਸ਼ੋਸ਼ਣ ਦੇ ਵਿਰੋਧ ’ਚ 24 ਤੋਂ 30 ਤਾਰੀਕ ਤੱਕ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਉਣ ਦਾ ਫੈਸਲਾ ਕੀਤਾ ਹੈ। ਜਥੇਬੰਦੀ ਮਨੀਪੁਰ ਦੇ ਹਾਲਾਤ ਤੋਂ ਚਿੰਤਤ ਹੈ ਅਤੇ ਸੂਬੇ ਦੀ ਵੱਡੀ ਆਬਾਦੀ ਵੱਲੋਂ ਘੱਟ ਗਿਣਤੀ ਕੂਕੀ ਸਮਾਜ ਦੀਆਂ ਔਰਤਾਂ ਨਾਲ ਕੀਤੇ ਜਾ ਰਹੇ ਬਰਬਰਤਾ ਪੂਰਨ ਰਵੱਇਏ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦੀ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਓਂਕਾਰ ਚੰਦ, ਰਾਜੇਸ਼ ਕੁਮਾਰ, ਸ਼ਾਮ ਸਿੰਘ, ਜਗਦੀਸ਼ ਸਿੰਘ, ਮਿਲਾਪ ਚੰਦ, ਹਰੀਸ਼ ਕੁਮਾਰ, ਦਿਲਦਾਰ ਸਿੰਘ, ਸੁਖ ਰਾਮ, ਰਾਮ ਚੰਦ ਆਦਿ ਹਾਜ਼ਰ ਸਨ।