Manipur: ਰਾਜਪਾਲ ਅਜੈ ਭੱਲਾ ਵੱਲੋਂ ਭਾਰਤ-ਮਿਆਂਮਾਰ ਸਰਹੱਦ ਦਾ ਦੌਰਾ
ਇੰਫਾਲ, 10 ਜਨਵਰੀ
ਮਨੀਪੁਰ ਦੇ ਰਾਜਪਾਲ ਅਜੈ ਕੁਮਾਰ ਭੱਲਾ ਨੇ ਅੱਜ ਭਾਰਤ-ਮਿਆਂਮਾਰ ਸਰਹੱਦ ਉੱਤੇ ਮੋਰੇਹ ਕਸਬੇ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਰਾਜ ਭਵਨ ਨੇ ਇਕ ਬਿਆਨ ਵਿਚ ਕਿਹਾ ਕਿ ਭੱਲਾ ਨੇ ਇੰਟੈਗਰੇਟਿਡ ਚੈੱਕ ਪੋੋਸਟ (ਆਈਸੀਪੀ) ਦੇ ਕੰਮਕਾਜ ਉੱਤੇ ਨਜ਼ਰਸਾਨੀ ਕੀਤੀ ਤੇ ਭਾਰਤੀ ਲੈਂਡ ਪੋਰਟਸ ਅਥਾਰਿਟੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਪੇਸ਼ਕਾਰੀ ਵੀ ਦਿੱਤੀ। ਰਾਜ ਭਵਨ ਨੇ ਕਿਹਾ, ‘‘ਰਾਜਪਾਲ ਨੇ ਭਾਰਤ-ਮਿਆਂਮਾਰ ਫਰੈਂਡਸ਼ਿਪ ਗੇਟ ਨੰ.1 ਤੇ ਨੰ.2 ਦਾ ਦੌਰਾ ਕੀਤਾ। ਉਹ ਮਗਰੋਂ ਗੋਵਾਜਾਂਗ ਪਿੰਡ ਵੀ ਗਏ ਜਿੱਥੇ 25 ਬਾਰਡਰ ਰੋਡਜ਼ ਟਾਸਕ ਫੋਰਸ ਦੇ ਕਮਾਂਡਿੰਗ ਅਧਿਕਾਰੀ ਨੇ ਭਾਰਤ-ਮਿਆਂਮਾਰ ਸਰਹੱਦ ਨਾਲ ਚੱਲ ਰਹੇ ਚਾਰਦੀਵਾਰੀ ਦੇ ਕੰਮ ਬਾਰੇ ਜਾਣਕਾਰੀ ਦਿੱਤੀ।’’ ਭੱਲਾ, ਜੋ ਸਾਬਕਾ ਕੇਂਦਰੀ ਗ੍ਰਹਿ ਸਕੱਤਰ ਵੀ ਹਨ, ਨੇ ਵੱਖ ਵੱਖ ਸਿਵਲ ਸੁਸਾਇਟੀ ਜਥੇਬੰਦੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਉਹ ਮੋਰੇਹ ਕਸਬੇ ਵਿਚ ਵੱਖ ਵੱਖ ਕਾਰੋਬਾਰੀ ਤੇ ਭਾਈਚਾਰਿਆਂ ਦੇ ਮੈਂਬਰਾਂ ਨੂੰ ਵੀ ਮਿਲੇ। ਮੋਰੇਹ ਟੈਨੂਗੋਪਾਲ ਜ਼ਿਲ੍ਹੇ ਵਿਚ ਪੈਂਦਾ ਹੈ, ਜਿੱਥੇ ਕੁੱਕੀ ਭਾਈਚਾਰੇ ਦੇ ਲੋਕ ਬਹੁਗਿਣਤੀ ਵਿਚ ਰਹਿੰਦੇ ਹਨ। -ਪੀਟੀਆਈ