ਮਨੀਪੁਰ: ਹਮਲਿਆਂ ਦੇ ਵਿਰੋਧ ’ਚ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ
ਇੰਫਾਲ, 9 ਸਤੰਬਰ
ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਝੰਬੇ ਮਨੀਪੁਰ ’ਚ ਅੱਜ ਹਜ਼ਾਰਾਂ ਵਿਦਿਆਰਥੀਆਂ ਨੇ ਸਕੱਤਰੇਤ ਅਤੇ ਰਾਜ ਭਵਨ ਅੱਗੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਹਮਲਿਆਂ ਦੇ ਸਾਜ਼ਿਸ਼ਘਾੜਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਸੂਬੇ ਦੀ ਇਲਾਕਾਈ ਤੇ ਪ੍ਰਸ਼ਾਸਕੀ ਅਖੰਡਤਾ ਦੀ ਰਾਖੀ ਕੀਤੀ ਜਾਵੇ। ਪਿਛਲੇ ਕੁਝ ਦਿਨਾਂ ’ਚ ਹੋਏ ਇਨ੍ਹਾਂ ਹਮਲਿਆਂ ’ਚ ਅੱਠ ਵਿਅਕਤੀ ਹਲਾਕ ਅਤੇ 12 ਹੋਰ ਜ਼ਖ਼ਮੀ ਹੋ ਗਏ ਸਨ। ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ‘ਮਨੀਪੁਰ ਜ਼ਿੰਦਾਬਾਦ’, ‘ਸਾਰੇ ਅਯੋਗ ਵਿਧਾਇਕ ਅਸਤੀਫ਼ੇ ਦੇਣ’ ਅਤੇ ‘ਸੂਬਾ ਸਰਕਾਰ ਨੂੰ ਸਾਂਝੀ ਕਮਾਂਡ ਦਿਓ’ ਆਦਿ ਨਾਅਰੇ ਲਗਾ ਰਹੇ ਸਨ। ਉਨ੍ਹਾਂ ਹਾਲਾਤ ਨਾਲ ਸਿੱਝਣ ’ਚ ਅਧਿਕਾਰੀਆਂ ਵੱਲੋਂ ਨਿਭਾਈ ਭੂਮਿਕਾ ’ਤੇ ਰੋਸ ਪ੍ਰਗਟਾਇਆ। ਬਾਅਦ ’ਚ ਵਿਦਿਆਰਥੀਆਂ ਨੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਅਤੇ ਰਾਜਪਾਲ ਐੱਲ. ਅਚਾਰਿਆ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਵਿਦਿਆਰਥੀਆਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਉਨ੍ਹਾਂ ਡੀਜੀਪੀ ਅਤੇ ਸੁਰੱਖਿਆ ਸਲਾਹਕਾਰ ਨੂੰ ਹਟਾਉਣ ਸਮੇਤ ਛੇ ਮੰਗਾਂ ਰੱਖੀਆਂ ਹਨ। ਮੁੱਖ ਮੰਤਰੀ ਨੇ ਵੀ ਅਚਾਰਿਆ ਨਾਲ ਐਤਵਾਰ ਨੂੰ ਮੀਟਿੰਗ ਕਰਕੇ ਸਾਂਝੀ ਕਮਾਂਡ ਸੂਬਾ ਸਰਕਾਰ ਹਵਾਲੇ ਕਰਨ ਦੀ ਮੰਗ ਕੀਤੀ ਸੀ। ਕਾਲਜ ਵਿਦਿਆਰਥੀ ਐੱਮ. ਸਨਾਥੋਈ ਚਾਨੂ ਨੇ ਕਿਹਾ ਕਿ ਉਹ ਬਿਨ੍ਹਾਂ ਕਿਸੇ ਅੜਿੱਕੇ ਦੇ ਪੜ੍ਹਨਾ ਚਾਹੁੰਦੇ ਹਨ ਅਤੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਛੇਤੀ ਹਾਲਾਤ ਸੁਖਾਵੇਂ ਬਣਾਏ ਜਾਣ। ਅਜਿਹੇ ਪ੍ਰਦਰਸ਼ਨ ਥੋਊਬੂ ਅਤੇ ਕਾਕਚਿੰਗ ਜ਼ਿਲ੍ਹਿਆਂ ’ਚ ਵੀ ਦੇਖਣ ਨੂੰ ਮਿਲੇ ਹਨ। -ਪੀਟੀਆਈ
ਮੋਦੀ ਦੀ ਮਨੀਪੁਰ ’ਚ ਨਾਕਾਮੀ ਮੁਆਫ਼ੀ ਯੋਗ ਨਹੀਂ: ਕਾਂਗਰਸ
ਨਵੀਂ ਦਿੱਲੀ:
ਮਨੀਪੁਰ ’ਚ ਵਧ ਰਹੀ ਹਿੰਸਾ ਦਰਮਿਆਨ ਕਾਂਗਰਸ ਨੇ ਅੱਜ ਮੰਗ ਕੀਤੀ ਕਿ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੂੰ ਤੁਰੰਤ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ ਅਤੇ ਉਥੋਂ ਦੇ ਹਾਲਾਤ ਲਈ ਕੇਂਦਰ ਸਰਕਾਰ ਪੂਰੀ ਜ਼ਿੰਮੇਵਾਰੀ ਲਏ। ਵਿਰੋਧੀ ਧਿਰ ਨੇ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਦੀ ਅਗਵਾਈ ਹੇਠਲਾ ਕਮਿਸ਼ਨ ਜਾਂਚ ’ਚ ਤੇਜ਼ੀ ਲਿਆਏ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨੀਪੁਰ ’ਚ ਨਾਕਾਮੀ ਮੁਆਫ਼ੀ ਯੋਗ ਨਹੀਂ ਹੈ। ਉਨ੍ਹਾਂ ‘ਐਕਸ’ ’ਤੇ ਕਿਹਾ ਕਿ ਪ੍ਰਧਾਨ ਮੰਤਰੀ ਵਾਂਗ ਗ੍ਰਹਿ ਮੰਤਰੀ ਨੇ ਵੀ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਤੋਂ ਹੱਥ ਖੜ੍ਹੇ ਕਰ ਲਏ ਹਨ। -ਪੀਟੀਆਈ