ਅੰਬ ਚੂਪਣ ਦੀ ਰੁੱਤ
ਵਰਿੰਦਰ ਸਿੰਘ ਨਿਮਾਣਾ
ਅੰਬ ਪੰਜਾਬ ਹੀ ਨਹੀਂ ਬਲਕਿ ਪੂਰੇ ਭਾਰਤ ’ਚ ਆਪਣੇ ਵਿਲੱਖਣ ਸੁਆਦ ਤੇ ਖੁਸ਼ਬੋ ਨਾਲ ਲੋਕਾਂ ਦੀ ਰੂਹ ਨੂੰ ਤ੍ਰਿਪਤ ਕਰਨ ਕਰਕੇ ਲੋਕਾਂ ਦੇ ਦਿਲਾਂ ’ਤੇ ਰਾਜ਼ ਕਰਨ ਵਾਲਾ ਫ਼ਲ ਹੈ। ਇਸ ਦੇ ਮਹਿਕਦਾਰ ਸੁਭਾਅ ਤੇ ਰੂਹ ਨੂੰ ਟੁੰਬਣ ਵਾਲੇ ਸੁਆਦ ਨੇ ਵੱਖ ਵੱਖ ਸਮਿਆਂ ਦੌਰਾਨ ਜਿੱਥੇ ਬਾਦਸ਼ਾਹਾਂ, ਰਾਜਿਆਂ ਮਹਾਰਾਜਿਆਂ ਨੂੰ ਕਾਇਲ ਕੀਤਾ, ਨਾਲ ਹੀ ਲੇਖਕਾਂ ਤੇ ਕਵੀਆਂ ਨੂੰ ਵੀ ਆਪਣੇ ਗੁਣਾਂ ਦੇ ਖ਼ਜ਼ਾਨੇ ਦੀ ਬਦੌਲਤ ਆਪਣੀ ਸਿਫ਼ਤ ਕਰਨ ਲਈ ਮਜਬੂਰ ਕੀਤਾ ਹੈ। ਇਹ ਗਰਮ ਰੁੱਤ ਦਾ ਫ਼ਲ ਹੈ, ਪਰ ਇਸ ਦੀ ਵਰਤੋਂ ਸਰੀਰ ਨੂੰ ਮਜ਼ਬੂਤੀ ਤੇ ਰੂਹ ਨੂੰ ਵੱਖਰਾ ਆਨੰਦ ਦੇਣ ਦਾ ਸਬੱਬ ਬਣਦੀ ਹੈ।
ਭਾਰਤ ਦੇ ਵੱਖ ਵੱਖ ਇਲਾਕਿਆਂ ’ਚ ਇਸ ਫ਼ਲ ਨਾਲ ਕਈ ਕਹਾਣੀਆਂ ਤੇ ਲੋਕ ਕਥਾਵਾਂ ਪ੍ਰਚੱਲਿਤ ਹਨ। ਭਾਰਤੀ ਲੋਕ ਆਪਣੇ ਬਚਪਨ ਨੂੰ ਯਾਦ ਕਰਨ ਲਈ ਅੰਬਾਂ ਦੇ ਰੁੱਖਾਂ ’ਤੇ ਖੇਡਣ ਅਤੇ ਬਿਗਾਨੇ ਅੰਬ ਚੋਰੀ ਕਰਨ ਦੇ ਦਿਲਚਸਪ ਵੇਰਵਿਆਂ ਨੂੰ ਬੜੀ ਰੌਚਕਤਾ ਨਾਲ ਸੁਣਦੇ ਸੁਣਾਉਂਦੇ ਹਨ।
ਮੈਂਜੀਫਿਰਾ ਇੰਡੀਕਾ ਅੰਬ ਦਾ ਵਿਗਿਆਨਕ ਨਾਂ ਹੈ ਤੇ ਇਹ ਐਨਾਕਾਰਡੀਸੀ ਪਰਿਵਾਰ ਨਾਲ ਸਬੰਧਿਤ ਮੰਨਿਆ ਜਾਂਦਾ ਹੈ। ਇਸ ਦਾ ਮੂਲ ਸਥਾਨ ਭਾਰਤ ਜਾਂ ਦੱਖਣੀ ਏਸ਼ੀਆਈ ਇਲਾਕਾ ਮੰਨਿਆ ਜਾਂਦਾ ਹੈ। ਉਂਜ ਇਸ ਦੇ ਮੂਲ ਸਥਾਨ ਉੱਤਰ ਪੂਰਬੀ ਭਾਰਤ, ਮਿਆਂਮਾਰ ਤੇ ਬੰਗਲਾ ਦੇਸ਼ ਬਾਰੇ ਵੀ ਵੇਰਵੇ ਮਿਲਦੇ ਹਨ ਤੇ ਹੌਲੀ ਹੌਲੀ ਦੱਖਣੀ ਭਾਰਤ ’ਚ ਹੋਣ ਵਾਰੇ ਦੱਸਿਆ ਜਾਂਦਾ ਹੈ। ਅੰਬ ਦੀ ਭਾਰਤ ਨਾਲ ਸਾਂਝ ਸਦੀਆਂ ਪੁਰਾਣੀ ਹੈ। ਆਪਣੀਆਂ ਖੂਬੀਆਂ ਕਰਕੇ ਇਸ ਨੂੰ ਜਸ਼ਨ ਮਨਾਉਣ ਵਾਲਾ ਫ਼ਲ ਵੀ ਮੰਨਿਆ ਗਿਆ ਹੈ।
ਪ੍ਰਾਚੀਨ ਭਾਰਤ ’ਚ ਸ਼ਾਸਕ ਲੋਕ ਅੰਬ ਦੀਆਂ ਵਿਭਿੰਨ ਕਿਸਮਾਂ ਨੂੰ ਆਪਣੇ ਅਮੀਰ ਲੋਕਾਂ ਨੂੰ ਸਨਮਾਨਿਤ ਕਰਨ ਲਈ ਵਰਤਿਆ ਕਰਦੇ ਸਨ। ਇਤਿਹਾਸ ’ਚ ਅੰਬ ਰੱਬ ਨਾਲ ਇਸ਼ਕ ਕਮਾਉਣ ਦਾ ਸਬੱਬ ਮੰਨਿਆ ਗਿਆ ਹੈ। ਬੁੱਧ ਧਰਮ ਵਿੱਚ ਅੰਬ ਵਿਸ਼ਵਾਸ ਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਗਿਆ ਹੈ। ਮੈਗਾਸਥਨਿ ਤੇ ਹਿਊਨਸਾਂਗ ਨੇ ਮੌਰੀਆ ਵੰਸ਼ ਦੇ ਰਾਜਿਆਂ ਵੱਲੋਂ ਆਪਣੇ ਰਾਜ ਦੀ ਖੁਸ਼ਹਾਲੀ ਦਰਸਾਉਣ ਲਈ ਅੰਬਾਂ ਦੇ ਦਰੱਖਤ ਸੜਕਾਂ ਦੇ ਕਨਿਾਰਿਆਂ ’ਤੇ ਲਗਵਾਉਣ ਵਾਰੇ ਲਿਖਿਆ ਹੈ। ਅੰਬ ਨੂੰ ਭਾਰਤ ਦਾ ਰਾਸ਼ਟਰੀ ਫ਼ਲ ਹੋਣ ਦਾ ਮਾਣ ਪ੍ਰਾਪਤ ਹੈ ਤੇ ਇਸ ਨੂੰ ਫ਼ਲਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ। 14ਵੀਂ ਸਦੀ ’ਚ ਅਮੀਰ ਖੁਸਰੋ ਨੇ ਅੰਬ ਨੂੰ ਫ਼ਲਾਂ ਦਾ ਬਾਦਸ਼ਾਹ ਆਖਿਆ। ਮੁਗ਼ਲ ਬਾਦਸ਼ਾਹ ਖਾਸ ਤੌਰ ’ਤੇ ਅੰਬਾਂ ਦੇ ਸ਼ੌਕੀਨ ਸਨ। ਪਹਿਲੇ ਮੁਗ਼ਲ ਸ਼ਾਸਕ ਬਾਬਰ ਵੱਲੋਂ ਮੇਵਾੜ ਦੇ ਰਾਜੇ ਰਾਣਾ ਸੰਗਾ ਦਾ ਸਾਹਮਣਾ ਕਰਨ ਤੋਂ ਪਹਿਲਾਂ ਦੌਲਤ ਖਾਂ ਲੋਧੀ ਵੱਲੋਂ ਉਸ ਨੂੰ ਅੰਬਾਂ ਦੀ ਸੌਗਾਤ ਦਿੱਤੇ ਜਾਣ ’ਤੇ ਮਾਨਸਿਕ ਅਤੇ ਮਨੋਵਿਗਿਆਨਕ ਤੌਰ ’ਤੇ ਤਾਕਤਵਰ ਹੋਣ ਦੇ ਹਵਾਲੇ ਵੀ ਮਿਲਦੇ ਹਨ। ਅਕਬਰ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਅੰਬਾਂ ਦੇ ਰੁੱਖ ਲਗਵਾਏ। ਅਕਬਰ ਨੇ ਬਿਹਾਰ ਦੇ ਦਰਬੰਗਾ ਸ਼ਹਿਰ ’ਚ ਤਕਰੀਬਨ ਸੌ ਵਿੱਘਿਆਂ ’ਚ ਅੰਬਾਂ ਦਾ ਬਾਗ਼ ਲਵਾਇਆ, ਜਿੱਥੇ ਰੁੱਖਾਂ ਦੀ ਗਿਣਤੀ ਲੱਖ ਹੋਣ ਕਰ ਕੇ ਉਸ ਨੂੰ ਲਾਖਾ ਜਾਂ ਲੱਖੀ ਬਾਗ਼ ਦਾ ਨਾਂ ਦਿੱਤਾ ਗਿਆ। ਮੁਗ਼ਲ ਰਾਜਿਆਂ ਦੇ ਅੰਬਾਂ ਦੇ ਨਸ਼ੇੜੀ ਹੋਣ ਦੇ ਵੀ ਹਵਾਲੇ ਮਿਲਦੇ ਹਨ। ਮੁਗ਼ਲ ਰਾਜਿਆਂ ਦੇ ਰਸੋਈਏੇ ਆਮ ਪੰਨਾ, ਅੰਬ ਪਲਾਓ, ਅੰਬ ਮਲਾਜ਼ੀ ਨੂੰ ਸਵਾਦਿਸ਼ਟ ਛੋਹਾਂ ਦੇ ਕੇ ਇਨਾਮ ਸਨਮਾਨ ਵੀ ਜਿੱਤਦੇ ਰਹੇ ਹਨ। ਕਹਿੰਦੇ ਨੇ ਕਿ ਨੂਰ ਜਹਾਂ ਅੰਬ ਤੇ ਗੁਲਾਬ ਦੀਆਂ ਪੱਤੀਆਂ ਨਾਲ ਸ਼ਾਹੀ ਰਸ ਤਿਆਰ ਕਰਕੇ ਇਸ ਦਾ ਸੇਵਨ ਕਰਿਆ ਕਰਦੀ ਸੀ। ਸ਼ੇਰ ਸ਼ਾਹ ਸੂਰੀ ਵੱਲੋਂ ਹਮਾਯੂੰ ਨੂੰ ਜਿੱਤਣ ਸਮੇਂ ਪੀਲੇ ਰੰਗ ਦੇ ਸੁਨਹਿਰੀ ਚੌਸੇ ਅੰਬਾਂ ਦੀ ਦਾਅਵਤ ਦਿੱਤੀ ਗਈ ਸੀ। ਉਰਦੂ ਸ਼ਾਇਰ ਮਿਰਜ਼ਾ ਗਾਲਬਿ ਵੀ ਅੰਬ ਦੇ ਫ਼ਲ ਦਾ ਬੇਹੱਦ ਸ਼ੌਕੀਨ ਦੱਸਿਆ ਜਾਂਦਾ ਹੈ। ਰਾਬਿੰਦਰ ਨਾਥ ਟੈਗੋਰ ਨੇ ਵੀ ਅੰਬਾਂ ’ਤੇ ਕਈ ਕਵਿਤਾਵਾਂ ਲਿਖੀਆਂ।
ਭਾਰਤ ਦੇ ਲੋਕਾਂ ਨਾਲ ਅੰਬ ਦੀ ਇਤਿਹਾਸਕ ਸਾਂਝ ਤੇ ਸਮਾਜਿਕ ਜ਼ਿੰਦਗੀ ’ਚ ਬੇਹੱਦ ਮਹੱਤਤਾ ਹੋਣ ਕਰਕੇ ਇਸ ਦੀ ਸਾਹਿਤ, ਕਲਾ ਤੇ ਸੱਭਿਆਚਾਰ ’ਚ ਵੀ ਬਹੁਤ ਅਹਿਮੀਅਤ ਰਹੀ ਹੈ। ਅੰਬ ਦੇ ਫ਼ਲ ’ਚ ਖਾਸ ਤਰ੍ਹਾਂ ਦਾ ਵਿੰਗ ਕੱਪੜਿਆਂ ਉੱਤੇ ਕਢਾਈ ਤੇ ਹੋਰ ਕਈ ਕਲਾਵਾਂ ’ਚ ਇੱਕ ਮਕਬੂਲ ਡਿਜ਼ਾਇਨ ਵਜੋਂ ਵਰਤਿਆ ਜਾਂਦਾ ਹੈ। ਅੰਬ ਦੇ ਫ਼ਲ ਦਾ ਇਹ ਰੂਪ ਭਾਰਤ ਨੂੰ ਪ੍ਰਭਾਸ਼ਿਤ ਕਰਨ ਲਈ ‘ਆਈਕੋਨ’ ਦੇ ਤੌਰ ’ਤੇ ਪ੍ਰਚੱਲਿਤ ਹੈ। ਸਮਾਜਿਕ ਜ਼ਿੰਦਗੀ ’ਚ ਸ਼ੁਭ ਮੌਕਿਆਂ ’ਤੇ ਅੰਬ ਦੇ ਪੱਤੇ ਘਰਾਂ ਦੇ ਬੂਹਿਆਂ ’ਤੇ ਟੰਗੇ ਜਾਂਦੇ ਹਨ। ਅੰਬ ਅਜਿਹਾ ਫ਼ਲ ਹੈ ਜਿਸ ਦੀ ਖੁਸ਼ਬੋ ਇਸ ਦੇ ਟਾਹਣੀ ਦੇ ਲੱਗਣ ਸਾਰ ਹੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਪੱਕਣ ਤੋਂ ਪਹਿਲਾਂ ਕਈ ਪੜਾਵਾਂ ਦੌਰਾਨ ਲੋਕਾਂ ਦੀ ਖੁਰਾਕ ਦਾ ਹਿੱਸਾ ਬਣਦਾ ਹੈ। ਕੱਚਾ ਅੰਬ ਖਟਮਿੱਠੀ ਚਟਨੀ, ਅਚਾਰ, ਅੰਬਚੂਰ ਤੇ ਅੰਬ ਪਾਪੜ ਲਈ ਵਰਤਿਆ ਜਾਂਦਾ ਹੈ, ਜਦੋਂ ਕਿ ਪੱਕੇ ਅੰਬ ਦੀ ਵਰਤੋਂ ਸਿੱਧੇ ਰੂਪ ’ਚ ਖਾਣ, ਜੂਸ, ਮੁਰੱਬੇ ਤੇ ਸ਼ਰਬਤ ਆਦਿ ਬਣਾਉਣ ਲਈ ਹੁੰਦੀ ਹੈ। ਸੁਆਦ ਪੱਖੋਂ ਬੇਹੱਦ ਉੱਤਮ ਤੇ ਖੁਸ਼ਬੋਦਾਰ ਹੋਣ ਦੇ ਨਾਲ ਇਹ ਫ਼ਲ ਵਿਟਾਮਨਿ ਏ, ਸੀ ਤੇ ਈ ਤੋਂ ਇਲਾਵਾ ਪ੍ਰੋਟੀਨ, ਕੈਲਸ਼ੀਅਮ, ਕਾਰਬੋਹਾਈਡਰੇਟਸ, ਗੁਲੂਕੋਜ਼ ਵਰਗੇ ਖੁਰਾਕੀ ਤੱਤਾਂ ਨਾਲ ਭਰਪੂਰ ਫ਼ਲ ਹੈ। ਅੰਬ ਦੀ ਵਰਤੋਂ ਨਾਲ ਪਾਚਨ ਸ਼ਕਤੀ ਸਹੀ ਰਹਿਣ ਦੇ ਨਾਲ ਨਾਲ ਸਰੀਰ ਅੰਦਰੂਨੀ ਤੇ ਬਾਹਰੀ ਤੌਰ ’ਤੇ ਮਜ਼ਬੂਤ ਰਹਿੰਦਾ ਹੈ। ਇਸ ਦੀ ਵਰਤੋਂ ਹੱਡੀਆਂ ਨੂੰ ਮਜ਼ਬੂਤੀ, ਅੱਖਾਂ ਦੀ ਰੌਸ਼ਨੀ ਨੂੰ ਸ਼ਕਤੀ, ਚਮੜੀ ਸਾਫ਼, ਮਿਹਦੇ ਤੇ ਛਾਤੀ ਦੇ ਕੈਂਸਰ ਤੋਂ ਬਚਾਅ ਅਤੇ ਖੂਨ ਦੇ ਦਬਾਅ ’ਤੇ ਕੰਟਰੋਲ ਰਹਿੰਦਾ ਹੈ। ਅੰਬ ਭਾਵੇਂ ਭਰ ਗਰਮ ਰੁੱਤ ਦਾ ਫ਼ਲ ਹੈ, ਪਰ ਇਹ ਗਰਮੀ ਦੇ ਮਾਰੂ ਅਸਰ ਨੂੰ ਰੋਕਣ ’ਚ ਵੀ ਮਦਦਗਾਰ ਸਾਬਤ ਹੁੰਦਾ ਹੈ।
ਭਾਰਤ ਦੇ ਆਂਧਰਾ ਪ੍ਰਦੇਸ਼, ਕਰਨਾਟਕ, ਪੱਛਮੀ ਬੰਗਾਲ, ਕੇਰਲ, ਬਿਹਾਰ, ਉੱਤਰ ਪ੍ਰਦੇਸ਼, ਪੰਜਾਬ, ਗੁਜਰਾਤ ਤੇ ਮਹਾਰਾਸ਼ਟਰ ਆਦਿ ਸੂਬਿਆਂ ’ਚ ਅੰਬ ਦੀ ਕਾਸ਼ਤ ਵਪਾਰਕ ਨੁਕਤੇ ਤੋਂ ਵੀ ਕੀਤੀ ਜਾਂਦੀ ਹੈ। ਕਰਨਾਟਕ ’ਚ ਤੋਤਾਪਰੀ, ਆਂਧਰਾ ਪ੍ਰਦੇਸ਼ ’ਚ ਬਾਗਨਪਾਲੀ, ਮਹਾਰਾਸ਼ਟਰ ’ਚ ਅਲਫੌਂਸੋ, ਪੱਛਮੀ ਬੰਗਾਲ ’ਚ ਹਿੰਮਸਾਗਰ, ਗੁਜਰਾਤ ’ਚ ਕੇਸਰ, ਉੱਤਰ ਪ੍ਰਦੇਸ ’ਚ ਦੁਸਹਿਰੀ ਤੇ ਲੰਗੜਾ ਤੇ ਹਿਮਾਚਲ ’ਚ ਚੌਸਾ ਕਿਸਮ ਦੇ ਅੰਬਾਂ ਦੀ ਸਫਲ ਕਾਸ਼ਤ ਕੀਤੀ ਜਾਂਦੀ ਹੈ। ਪੰਜਾਬ ’ਚ ਵਪਾਰਕ ਤੌਰ ’ਤੇ ਅੰਬ ਦੀ ਕਾਸ਼ਤ ਨੀਮ ਪਹਾੜੀ ਜ਼ਿਲ੍ਹਿਆਂ ਰੋਪੜ, ਨਵਾਂ ਸ਼ਹਿਰ, ਗੁਰਦਾਸਪੁਰ, ਫਤਿਹਗੜ੍ਹ ਸਾਹਬਿ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ’ਚ ਹੁੰਦੀ ਹੈ। ਪੰਜਾਬ ’ਚ ਸ਼ਿਵਾਲਿਕ ਦੇ ਪੈਰਾਂ ’ਚ ਪੈਂਦੇ ਦੋਆਬੇ ਇਲਾਕੇ ਦਾ ਪਹਾੜੀ, ਨੀਮ ਪਹਾੜੀ ਤੇ ਮੈਦਾਨੀ ਇਲਾਕਾ ਆਪਣੀ ਭੂਗੋਲਿਕ ਤਾਸੀਰ ਕਰਕੇ ਅੰਬਾਂ ਤੇ ਬਾਗ਼ਾਂ ਦੇ ਵਧਣ ਫੁੱਲਣ ਲਈ ਅਨੁਕੂਲ ਰਿਹਾ ਹੈ। ਬਰਸਾਤਾਂ ਦੇ ਦਨਿਾਂ ’ਚ ਪਏ ਮੀਹਾਂ ਤੇ ਪਹਾੜੀ ਖੱਡਾਂ ਦੇ ਪਾਣੀ ਨਾਲ ਸਾਲ ਦੇ ਕਈ ਕਈ ਮਹੀਨੇ ਵਗਦੇ ਚੋਆਂ ਨਾਲ ਪਾਣੀ ਦਾ ਲੋੜੀਂਦਾ ਪੱਧਰ ਬਰਕਰਾਰ ਰਹਿਣਾ ਅੰਬਾਂ ਦੇ ਪੈਦਾ ਹੋਣ ਤੇ ਫ਼ਲ ਦੇਣ ਲਈ ਮਦਦਗਾਰ ਰਿਹਾ ਹੈ।
ਵੰਡ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਇਲਾਕੇ ’ਚ ਮੁਸਲਮਾਨ ਜ਼ੈਲਦਾਰਾਂ ਤੇ ਜਾਗੀਰਦਾਰਾਂ ਨੇ ਆਪਣੀ ਰੂਹ ਦੀ ਤ੍ਰਿਪਤੀ ਲਈ ਬੜੀਆਂ ਰੀਝਾਂ ਨਾਲ ਅੰਬਾਂ ਦੇ ਬਾਗ਼ ਲੁਆਏ ਤੇ ਵਹਿੰਗੀਆਂ ਨਾਲ ਪਾਣੀ ਢੋਆ ਢੋਆ ਕੇ ਇਨ੍ਹਾਂ ਰੁੱਖਾਂ ਨੂੰ ਪਾਲਿਆ। ਰਿਆਸਤਾਂ ਦੇ ਰਾਜਿਆਂ ਨੇ ਇਸ ਇਲਾਕੇ ’ਚ ਆਪਣੀਆਂ ਆਰਾਮਗਾਹਾਂ ਬਣਾਉਣ ਦੇ ਨਾਲ ਨਾਲ ਅੰਬਾਂ ਦੇ ਬਾਗ਼ ਲੁਆਉਣ ਲਈ ਵੀ ਉਚੇਚੀ ਤਵੱਕੋਂ ਦਿੱਤੀ ਤੇ ਇਹ ਸਿਲਸਿਲਾ ਅੰਗਰੇਜ਼ਾਂ ਦੇ ਜ਼ਮਾਨੇ ਵੀ ਬਰਕਰਾਰ ਰਿਹਾ। ਇਹ ਲੋਕ ਸਾਉਣ ਭਾਦੋਂ ਦੇ ਦਨਿਾਂ ਨੂੰ ਮਹਿਮਾਨ ਨਿਵਾਜ਼ੀ ਦੌਰਾਨ ਇਸ ਇਲਾਕੇ ਦੀ ਭੂਗੋਲਿਕ ਸੌਗਾਤ ਅੰਬਾਂ ਨੂੰ ਮਹਿਮਾਨਾਂ ਦੇ ਖਾਣੇ ’ਚ ਜ਼ਰੂਰ ਸ਼ਾਮਲ ਕਰਦੇ ਹਨ।
ਜ਼ਿਮੀਂਦਾਰ ਤੇ ਜ਼ੈਲਦਾਰਾਂ ਦੀ ਰੀਸੇ ਆਮ ਲੋਕਾਂ ’ਚ ਵੀ ਆਪਣੇ ਖੇਤਾਂ ਬੰਨ੍ਹਿਆਂ, ਖੂਹਾਂ ਤੇ ਹੋਰ ਥਾਵਾਂ ’ਤੇ ਅੰਬ ਦਾ ਰੁੱਖ ਲਾਉਣ ਤੇ ਉਸ ਨੂੰ ਪਾਲਣ ਦਾ ਰੁਝਾਨ ਪ੍ਰਚੱਲਿਤ ਹੋਇਆ। ਪੁਰਾਣੇ ਬਜ਼ੁਰਗ ਦੇਸੀ ਅੰਬਾਂ ਦੇ ਸੁਆਦ ਨੂੰ ਹੋਰ ਖੁਸ਼ਬੋਦਾਰ ਬਣਾਉਣ ਲਈ ਅੰਬਾਂ ਦੇ ਨਵੇਂ ਪੌਦੇ ਤਿਆਰ ਕਰਨ ਵੇਲੇ ਅੰਬ ਦੀ ਗਿਟਕ ਨਾਲ ਖੰਡ, ਸੰਧੂਰ ਤੇ ਸੌਂਫ਼ ਦੇ ਮਿਸ਼ਰਣ ਮਿਲਾ ਕੇ ਨਵੀਆਂ ਕਿਸਮਾਂ ਦੇ ਤਜਰਬੇ ਕਰਦੇ ਰਹਿੰਦੇ। ਲੋਕਾਂ ਨੇ ਦੇਸੀ ਫ਼ਲ ਦੇ ਨਾਂ ਵੀ ਇਸ ਦੇ ਸੁਆਦ, ਆਕਾਰ, ਬਣਤਰ ਤੇ ਇਲਾਕੇ ਦੇ ਹਿਸਾਬ ਨਾਲ ਰੱਖੇ ਜਨਿ੍ਹਾਂ ਤੋਂ ਇਸ ਦੇ ਸੁਆਦ ਤੇ ਮਹਿਕ ਦਾ ਅੰਦਾਜ਼ਾ ਲੱਗਦਾ ਸੀ। ਇਨ੍ਹਾਂ ਨਾਵਾਂ ’ਚ ਕੂਕਿਆਂ ਦੀ ਛੱਲੀ, ਬਜਰੌੜ ਦੀ ਬੱਡ, ਹਰਿਆਣੇ ਦੀ ਕੰਘੀ, ਭਾਗੋਵਾਲ ਦੀ ਛੱਲੀ, ਗੋਲਾ, ਤੋਤਾਪਰੀ, ਸਫੈਦਾ, ਆੜੂ, ਸ਼ੇਖ, ਇਨਾਮੀ, ਸੰਧੂਰੀ ਛੱਲੀ, ਸੰਧੂਰੀ, ਲੰਗੜਾ, ਲਾਲਟੈਣ, ਲੱਡੂ, ਗਾਜਰੀ, ਸਿੱਪੀ, ਥਾਣੇਦਾਰ ਆਦਿ ਕਿਸਮਾਂ ਲੋਕਾਂ ’ਚ ਪ੍ਰਚੱਲਿਤ ਸਨ। ਵੰਡ ਤੋਂ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਦਾ ਕਾਫ਼ੀ ਰਕਬਾ ਅੰਬਾਂ ਦੇ ਝੁੰਡਾਂ ਨਾਲ ਭਰਿਆ ਨਜ਼ਰ ਆਉਂਦਾ ਤੇ ਹਾੜ੍ਹ ਸਾਉਣ ਦੇ ਮੌਸਮ ’ਚ ਅੰਬਾਂ ਦੇ ਬਾਗ਼ਾਂ ’ਚ ਵਾਹਵਾ ਰੌਣਕਾਂ ਲੱਗਦੀਆਂ। ਇਸ ਇਲਾਕੇ ਨਾਲ ਸਬੰਧਿਤ ਰਿਸ਼ਤੇਦਾਰ ਸਕੇ ਸਬੰਧੀ ਆਪਣੇ ਜਾਣਕਾਰਾਂ ਕੋਲ ਬਰਸਾਤਾਂ ਦੇ ਦਨਿਾਂ ’ਚ ਦੇਸੀ ਅੰਬਾਂ ਦੀ ਮੌਸਮੀ ਨਿਆਮਤ ਦਾ ਸੁਆਦ ਮਾਣਨ ਲਈ ਉਚੇਚੇ ਤੌਰ ’ਤੇ ਘੁੰਮਣ ਫਿਰਨ ਜ਼ਰੂਰ ਆਇਆ ਕਰਦੇ।
ਅੰਬਾਂ ਦੇ ਬਾਗ਼ਾਂ ਤੋਂ ਕਾਰੋਬਾਰ ਕਰਨ ਆਉਂਦੇ ਵਪਾਰੀ ਤੇ ਅੰਬਾਂ ਦੀ ਰਾਖੀ ਤੇ ਸਾਂਭ ਸੰਭਾਲ ਕਰਨ ਆਏ ਲਿੱਸੇ ਤੇ ਕੰਮਾਂ ਦੇ ਮਾਰੇ ਕਾਮੇ ਦੇਸੀ ਅੰਬ ਚੂਪ ਚੂਪ ਨੌਂ ਬਰ ਨੌਂ ਹੋ ਕੇ ਆਪਣੇ ਘਰਾਂ ਨੂੰ ਪਰਤਦੇ। ਹੁਸ਼ਿਆਰਪੁਰ ਦੇ ਕਈ ਇਲਾਕਿਆਂ ’ਚ ਮੌਜੂਦ ਦੇਸੀ ਅੰਬਾਂ ਦੇ ਟਪਕਣ ਦੇ ਦਨਿਾਂ ’ਚ ਅੰਬਾਂ ਦੀਆਂ ਸ਼ੌਕੀਨ ਰਿਸ਼ਤੇਦਾਰੀਆਂ ਨੂੰ ਇਨ੍ਹਾਂ ਫ਼ਲਾਂ ਦੀ ਸੌਗਾਤ ਭੇਜਣ ਦਾ ਰਿਵਾਜ ਅਜੇ ਵੀ ਪ੍ਰਚੱਲਿਤ ਹੈ। ਇੱਥੇ ਲੋਕ ਵੱਖ ਵੱਖ ਬੂਟਿਆਂ ਦੇ ਵੰਨ ਸੁਵੰਨੇ ਅੰਬਾਂ ਦੇ ਫ਼ਲ ਬਾਲਟੀਆਂ ਦੇ ਪਾਣੀ ਨਾਲ ਠੰਢੇ ਕਰਕੇ ਮੌਸਮੀ ਨਿਆਮਤ ਦਾ ਆਨੰਦ ਮਾਣਦੇ ਹਨ। ਦੂਜੇ ਇਲਾਕਿਆਂ ਤੋਂ ਇੱਧਰ ਆਉਣ ਵਾਲੀਆਂ ਬਰਾਤਾਂ ਤੇ ਸਮਾਜਿਕ ਕਾਰਜਾਂ ਵੇਲੇ ਪਹੁੰਚਦੇ ਸਕੇ ਸਬੰਧੀ ਇਲਾਕੇ ’ਚ ਅੰਬਾਂ ਦੇ ਬਾਗ਼ਾਂ ਦੀਆਂ ਰੌਣਕਾਂ ਦੇਖ ਇਸ ਇਲਾਕੇ ਨੂੰ ‘ਆਹ ਆ ਗਿਆ ਅੰਬਾਂ ਦਾ ਦੇਸ਼...’ ਆਖ ਕੇ ਵੀ ਵਡਿਆਇਆ ਕਰਦੇ। ਪੰਜਾਬੀ ਦੇ ਲੋਕ ਸਾਹਿਤ ’ਚ ‘ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ...’ ਵਰਗੀ ਲੋਕ ਬੋਲੀ ਇਲਾਕੇ ਦੀ ਇਸ ਫ਼ਲ ਨਾਲ ਕੁਦਰਤੀ ਸਾਂਝ ਤੇ ਨੇੜਤਾ ’ਚੋਂ ਪੈਦਾ ਹੋਈ ਜਾਪਦੀ ਹੈ।
ਹੁਸ਼ਿਆਰਪੁਰ ਦੇ ਪਿੰਡ ਬੋਦਲਾਂ ਨਾਲ ਸਬੰਧ ਰੱਖਣ ਵਾਲੇ ਉੱਘੇ ਬਨਸਪਤੀ ਵਿਗਿਆਨੀ, ਸਫਲ ਪ੍ਰਸ਼ਾਸਕ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ, ਸਾਹਿਤ ਤੇ ਕਲਾ ਦੇ ਪ੍ਰਸੰਸਕ ਡਾ. ਮਹਿੰਦਰ ਸਿੰਘ ਰੰਧਾਵਾ ਨੇ ਹੁਸ਼ਿਆਰਪੁਰ ਦੇ ਅੰਬਾਂ ਬਾਰੇ ਬੜਾ ਖੂਬਸੂਰਤ ਲਿਖਿਆ ਹੈ: ‘ਸਾਡੇ ਹੁਸ਼ਿਆਰਪੁਰੀਆਂ ਦੇ ਬਹਿਸ਼ਤ ਵਿੱਚ ਤਾਂ ਮਿੱਠੇ ਅੰਬ ਹੀ ਹਨ ਤੇ ਇਨ੍ਹਾਂ ਨੂੰ ਕਿਹੜੀ ਚੀਜ਼ ਮਾਤ ਕਰ ਸਕਦੀ ਹੈ? ਸਾਡੇ ਮੁਸਲਮਾਨ ਭਰਾਵਾਂ ਨੂੰ ਪਤਾ ਨਹੀਂ ਅਗਲੇ ਜਨਮ ’ਚ ਹੂਰਾਂ ਲੱਭਣ ਕਿ ਨਾ ਲੱਭਣ, ਪਰ ਸਾਡਾ ਬਹਿਸ਼ਤ ਤਾਂ ਸਾਡੇ ਕੋਲ ਹੈ ਤੇ ਹਰ ਤੀਸਰੇ ਸਾਲ ਸਾਵਣ ਭਾਦਰੋਂ ਦਿਆਂ ਮਹੀਨਿਆਂ ਵਿੱਚ ਅਸੀਂ ਇਨ੍ਹਾਂ ਨੂੰ ਮਾਣ ਸਕਦੇ ਹਾਂ। ਕੰਮ ਤੇ ਫਿਕਰਾਂ ਦੇ ਭੰਨੇ ਹੋਏ ਤੇ ਸ਼ਹਿਰਾਂ ਤੋਂ ਅੱਕੇ ਹੋਏ ਕਈ ਆਦਮੀ ਮੈਥੋਂ ਪੁੱਛਦੇ ਹਨ ਕਿ ਸਾਡੀ ਬਿਮਾਰੀ ਦਾ ਕੀ ਇਲਾਜ ਹੈ ਤੇ ਸਾਡੀ ਰੂਹ ਨੂੰ ਸਕੂਨ ਕਿਵੇਂ ਹੋਵੇ? ਇਨ੍ਹਾਂ ਨੂੰ ਮੈਂ ਇਹੋ ਸਲਾਹ ਦਿੰਦਾ ਹਾਂ, ‘‘ਜਾਓ ਹੁਸ਼ਿਆਰਪੁਰ ਦੇ ਬਾਗ਼ਾਂ ’ਚ ਪੰਦਰਾਂ ਦਨਿ ਅੰਬ ਚੂਪੋ ਤੇ ਭੁੱਲ ਜਾਓ ਕਿ ਤੁਸੀਂ ਪੜ੍ਹੇ ਲਿਖੇ ਹੋ...। ਉਹ ਅੰਬਾਂ ਦੇ ਬਾਗ਼ਾਂ ਨੂੰ ਹੁਸ਼ਿਆਰਪੁਰ ਦੇ ਵਸਨੀਕਾਂ ਲਈ ਜਿਸਮਾਨੀ ਖੁਰਾਕ ਦੇ ਨਾਲ ਪੇਂਡੂ ਜਨਤਾ ਨੂੰ ਰੂਹਾਨੀ ਖੁਰਾਕ ਦਾ ਸਾਧਨ ਵੀ ਮੰਨਦੇ ਸਨ। ਉਨ੍ਹਾਂ ਮੁਤਾਬਿਕ ਅੰਬ ਸੱਚਮੁੱਚ ਹੀ ਸਵਰਗ ਦਾ ਫ਼ਲ ਹੈ। ਸਵਾਦ ਵਿੱਚ ਕੋਈ ਹੋਰ ਫ਼ਲ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ।’
ਡਾ. ਮਹਿੰਦਰ ਸਿੰਘ ਰੰਧਾਵਾ ਨੇ ਆਪਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਕਾਰਜਕਾਲ ਦੌਰਾਨ ਆਪਣੇ ਜੱਦੀ ਇਲਾਕੇ ’ਚ ਪਿੰਡ ਗੰਗੀਆਂ ਨੇੜੇ ਦਸੁੂਹਾ ਵਿਖੇ 1972 ਵਿੱਚ ਨਿਵੇਕਲੀ ਕਿਸਮ ਦਾ ‘ਫ਼ਲ ਖੋਜ ਕੇਂਦਰ ਗੰਗੀਆਂ’ ਵੀ ਸਥਾਪਿਤ ਕਰਵਾਇਆ ਸੀ। ਉਨ੍ਹਾਂ ਉਸ ਸਮੇਂ ਹੁਸ਼ਿਆਰਪੁਰ ਤੇ ਪੰਜਾਬ ਦੇ ਹੋਰ ਥਾਵਾਂ ’ਚ ਸਰਵੇ ਕਰਵਾ ਕੇ ਬਹੁਤ ਸਾਰੀਆਂ ਦੇਸੀ ਅੰਬਾਂ ਦੀਆਂ ਸੁਆਦ, ਬਣਤਰ ਤੇ ਆਕਾਰ ਪੱਖੋਂ ਵਧੀਆ ਕਿਸਮਾਂ ਨੂੰ ਇਸ ਕੇਂਦਰ ’ਚ ਸੰਭਾਲਣ ਦਾ ਸਫਲ ਯਤਨ ਕੀਤਾ। ਇਸ ਫ਼ਲ ਖੋਜ ਕੇਂਦਰ ’ਚ ਇਸ ਵੇਲੇ ਕਰੀਬ 23 ਏਕੜ ਰਕਬੇ ’ਤੇ ਅੰਬਾਂ ਦੇ ਰੁੱਖ ਹਨ। ਇੱਥੇ ਅੰਬਾਂ ਦੀਆਂ ਦੇਸੀ ਕਿਸਮਾਂ ਨੂੰ ਯੂਨੀਵਰਸਿਟੀ ਵੱਲੋਂ ਜੀਐੱਨ 1 ਤੋਂ ਜੀਐੱਨ 60 ਤੱਕ ਨਾਂ ਦਿੱਤੇ ਗਏ ਹਨ। ਫ਼ਲ ਖੋਜ ਕੇਂਦਰ ਵਿੱਚ ਕੂਕਿਆਂ ਦੀ ਛੱਲੀ ਨੂੰ ਜੀਐੱਨ 1, ਬਜਰੌਰ ਦੀ ਬੱਡ ਵਾਲਾ ਅੰਬ ਜੀਐੱਨ 4, ਜੀਐੱਨ 5 ਨਾਮ ਦੇ ਵਾਲਾ ਹਰਿਆਣਾ ਦੀ ਕੰਘੀ, ਜੀਐੱਨ 19 ਨਾਮ ਵਾਲਾ ਸੰਧੂਰੀ ਛੱਲੀ, ਜੀਐੱਨ 7 ਨਾਮ ਦਾ ਮੱਲੀਆਂ ਵਾਲੀ ਛੱਲੀ, ਜੀਐੱਨ 1 ਨਾਮੀ ਗੁਰਮੇਲ ਦਾ ਅੰਬ, ਜੀਐੱਨ 2 ਨਾਮੀਂ ਜਹਾਨਖੇਲਾਂ ਵਾਲਾ ਅੰਬ ਦੀਆਂ ਜੁਲਾਈ ਮਹੀਨੇ ਪੱਕਣ ਵਾਲੀਆਂ ਇਲਾਕੇ ਦੀਆਂ ਭੂਗੋਲਿਕ ਸੌਗਾਤਾਂ ਹਨ। ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਨੇੜੇ ਪਿੰਡ ਬਸੀ ਉਮਰ ਖਾਨ ਵਿਖੇ ਕਈ ਦਹਾਕੇ ਪੁਰਾਣੇ 10 ਏਕੜ ਰਕਬੇ ’ਚ 165 ਦੇ ਕਰੀਬ ਅੰਬਾਂ ਦੇ ਦਰੱਖਤ ਅਜੇ ਮੌਜੂਦ ਹਨ ਜਨਿ੍ਹਾਂ ਕਿਸਮਾਂ ’ਚ ਇਨਾਮੀ ਅੰਬ, ਇਨਾਮੀ ਛੱਲੀ, ਸੰਧੂਰੀ ਛੱਲੀ, ਸੌਂਫੀ, ਸੰਧੂਰੀ ਆਦਿ ਕਿਸਮਾਂ ਅੰਬਾਂ ਦੀ ਰੁੱਤੇ ਅੰਬਾਂ ਦੇ ਸ਼ੌਕੀਨਾਂ ਦੀ ਰੂਹ ਤ੍ਰਿਪਤ ਕਰਦੀਆਂ ਹਨ।
ਇਸੇ ਤਰ੍ਹਾਂ ਜ਼ਿਲ੍ਹੇ ਦੇ ਬਲਾਕ ਭੁੰਗਾ ਵਿਖੇ ‘ਕਾਲਾ ਬਾਗ਼’ ਵਿਖੇ ਵੀ ਕਰੀਬ 50 ਏਕੜ ਰਕਬੇ ’ਚ ਅੰਬ ਦੀਆਂ ਗ੍ਰਾਫਟਡ ਕਿਸਮਾਂ ਮੌਜੂਦ ਹਨ, ਜਨਿ੍ਹਾਂ ਨੂੰ ਪੰਜਾਬ ਦੇ ਰਿਆਸਤੀ ਪ੍ਰਬੰਧ ਦੌਰਾਨ ਮਹਾਰਾਜਾ ਕਪੂਰਥਲਾ ਵੱਲੋਂ ਲਗਵਾਇਆ ਗਿਆ ਸੀ। ਗੜ੍ਹਦੀਵਾਲਾ ਕੋਲ ਪਿੰਡ ਡੱਫਰ ਵਿਖੇ ‘ਮਹੰਤਾਂ ਦੇ ਬਾਗ਼’ ਵਿੱਚ ਵੀ ਕਈ ਦਹਾਕੇ ਪੁਰਾਣੇ ਦੇਸੀ ਅੰਬ ਅਜੇ ਮੌਜੂਦ ਵੀ ਹਨ। ਇਨ੍ਹਾਂ ਬਾਗ਼ਾਂ ਤੋਂ ਇਲਾਵਾ ਕੰਢੀ ਦੇ ਵੱਖ ਵੱਖ ਪਿੰਡਾਂ ’ਚ ਅਜੇ ਵੀ ਦੇਸੀ ਅੰਬਾਂ ਦੀਆਂ ਦੁਰਲੱਭ ਜਾਤੀਆਂ ਦੇ ਸੁਆਦ ਨੂੰ ਮਾਣਨ ਲਈ ਲੋਕ ਦੂਰੋਂ ਨੇੜਿਓਂ ਆਉਂਦੇ ਹਨ। ਦੁਸਹਿਰੀ ਅੰਬਾਂ ਦੀਆਂ ਕਿਸਮਾਂ ’ਚ ਹੁਸ਼ਿਆਰਪੁਰ ’ਚ ਦੁਸਹਿਰੀ, ਅਮਰਪਾਲੀ, ਕਿਸ਼ਨਭੋਗ, ਚੌਸਾ, ਸੰਧੂਰੀ, ਨੀਲਮ, ਅਲਫੋਂਸੋ, ਮਲਕਾ, ਰਟੋਲ, ਤੋਤਾਪਰੀ ਆਦਿ ਚੰਗੇ ਨਤੀਜੇ ਦੇ ਰਹੇ ਹਨ। ਬਲਾਕ ਭੁੰਗਾ ’ਚ ਮੌਜੂਦ ਵੱਖ ਵੱਖ ਫ਼ਲਦਾਰ ਨਰਸਰੀਆਂ ਤੋਂ ਹਰ ਸਾਲ ਹਜ਼ਾਰਾਂ ਅੰਬਾਂ ਦੇ ਪੌਦਿਆਂ ਦਾ ਵਿਕਣਾ ਇਹ ਸਾਬਤ ਕਰਦਾ ਹੈ ਕਿ ਅਜੇ ਪੰਜਾਬ ਦੇ ਲੋਕਾਂ ’ਚ ਫ਼ਲਾਂ ਦੇ ਰਾਜੇ ਅੰਬ ਦੇ ਸੁਆਦ ਨੂੰ ਮਾਣਦੇ ਰਹਿਣ ਦੀ ਖਿੱਚ ਬਰਕਰਾਰ ਹੈ। ਹੁਸ਼ਿਆਰਪੁਰ ਦੇ ਪਿੰਡਾਂ ’ਚ ਇੱਕ ਪੌਦੇ ’ਤੇ ਹੀ ਕਈ ਕਿਸਮ ਦੀਆਂ ਕਲਮਾਂ ਲਾ ਕੇ ਇੱਕ ਪੌਦੇ ਤੋਂ ਕਈ ਤਰ੍ਹਾਂ ਦੇ ਫ਼ਲ ਪ੍ਰਾਪਤ ਕਰਨ ਦਾ ਰੁਝਾਨ ਵੀ ਪੈਦਾ ਹੋਇਆ ਹੈ ਜੋ ਅੰਬਾਂ ਦੀਆਂ ਵੱਖ ਵੱਖ ਜਾਤੀਆਂ ਦੀ ਸੰਭਾਲ ਲਈ ਕਾਫ਼ੀ ਲਾਹੇਵੰਦ ਹੈ।
ਦੋਆਬੇ ਦੀ ਅੰਬ ਵਿਰਾਸਤ ਦੀ ਮਹਿਕ ਬਰਕਰਾਰ ਰੱਖਣ ਲਈ ਪੰਜਾਬੀ ਵਿਕਾਸ ਮੰਚ ਹਰਿਆਣਾ ਨਾਂ ਦੀ ਸੰਸਥਾ ਪਿਛਲੇ ਤਿੰਨ ਚਾਰ ਸਾਲਾਂ ਤੋਂ ਅੰਬ ਦੀਆਂ ਦੇਸੀ ਕਿਸਮਾਂ ਦੀ ਖਾਸੀਅਤ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਅੰਬਾਂ ਦੇ ਸ਼ੌਕੀਨਾਂ ਨੂੰ ਆਪਣੀਆਂ ਘਰੇਲੂ ਬਗੀਚੀਆਂ ਤੇ ਪਾਣੀ ਵਾਲੇ ਟਿਊਬਵੈਲਾਂ ਉਤੇ ਅੰਬ ਲਾਉਣ ਤੇ ਇਸ ਦੇ ਮੌਸਮੀ ਸੁਆਦ ਨੂੰ ਮਾਣਨ ਲਈ ਪ੍ਰੇਰਿਤ ਕਰ ਰਹੀ ਹੈ। ਪੰਜਾਬ ’ਚ ਵਾਹੀਯੋਗ ਜ਼ਮੀਨਾਂ ਦੇ ਘਟ ਰਹੇ ਆਕਾਰ, ਖੇਤੀ ਪਿਛੋਕੜ ਪਰਿਵਾਰਾਂ ਦੀ ਕੇਵਲ ਵਪਾਰਕ ਫ਼ਸਲਾਂ ’ਚ ਵਧੀ ਰੁਚੀ, ਪਾਣੀ ਦੇ ਡਿੱਗ ਰਹੇ ਜ਼ਮੀਨੀ ਪੱਧਰ, ਬੰਦਿਆਂ ਦੇ ਕੁਦਰਤ ਤੇ ਬਨਸਪਤੀ ਨਾਲ ਟੁੱਟੇ ਮੋਹ ਕਰਕੇ ਅੰਬ ਵਰਗੇ ਸ਼ਾਹੀ ਫ਼ਲਾਂ ਦੀ ਹੋਂਦ ’ਤੇ ਵੀ ਸੁਆਲੀਆ ਚਿੰਨ੍ਹ ਲੱਗਿਆ ਹੈ। ਲੋਕ ਚਾਹੇ ਪਿੰਡ ’ਚ ਵੱਸਣ ਜਾਂ ਸ਼ਹਿਰ ਥਾਈਂ ਜ਼ਹਿਰਾਂ ਦੀਆਂ ਮਾਰੀਆਂ ਸਬਜ਼ੀਆਂ, ਫ਼ਲ ਤੇ ਅਨਾਜ ਖਾਣ ਦੇ ਆਦੀ ਹੋ ਗਏ ਹਨ। ਭਾਵੇਂ ਕਿ ਅੰਬ ਵਰਗੇ ਫ਼ਲ ਨੂੰ ਆਰਗੈਨਿਕ ਰੂਪ ’ਚ ਹਾਸਲ ਕਰਨਾ ਵੀ ਬੜਾ ਔਖਾ ਕੰਮ ਹੈ, ਪਰ ਆਪਣੀ ਘਰੇਲੂ ਬਗੀਚੀ ’ਚ ਗ੍ਰਾਫਟਿਡ ਕਿਸਮਾਂ ਦੇ ਅੰਬਾਂ ਤੋਂ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਲਈ ਚੋਖੇ ਫ਼ਲ ਦਵਾਈਆਂ ਤੋਂ ਬਨਿਾਂ ਤਿਆਰ ਕੀਤੇ ਜਾ ਸਕਦੇ ਹਨ। ਦੇਸੀ ਕਿਸਮਾਂ ਦੀ ਕਲਮ ਤੋਂ ਤਿਆਰ ਪੌਦੇ ਛੇਤੀ ਫ਼ਲ ਦੇਣ ਦੇ ਯੋਗ ਹੋ ਜਾਂਦੇ ਹਨ। ਇਹ ਪੰਜਾਬ ਦੀ ਧਰਤੀ ਨੂੰ ਹੀ ਕੁਦਰਤ ਦੀ ਬਖ਼ਸ਼ਿਸ਼ ਹੈ ਕਿ ਇੱਥੇ ਹਰ ਮੌਸਮ ਵੱਖਰੀ ਕਿਸਮ ਦੇ ਫ਼ਲ ਤੇ ਸਬਜ਼ੀਆਂ ਉਗਾਉਣ ਦੇ ਸਮਰੱਥ ਹੈ, ਪਰ ਸੱਚਾਈ ਇਹ ਵੀ ਹੈ ਕਿ ਪੰਜਾਬ ਦੇ ਲੋਕਾਂ ਨੇ ਇਸ ਦੀ ਤਾਸੀਰ ਤੇ ਵਿਲੱਖਣਤਾ ਪ੍ਰਤੀ ਬਿਲਕੁਲ ਉਦਾਸੀਨ ਵਤੀਰਾ ਅਖ਼ਤਿਆਰ ਕਰ ਲਿਆ ਹੈ। ਪੰਜਾਬ ਦੀ ਧਰਤ ’ਤੇ ਇਨ੍ਹਾਂ ਮਹਿਕਦੀਆਂ ਖੁਸ਼ਬੋਆਂ ਦੀ ਸਲਾਮਤੀ ’ਚ ਹੀ ਸਾਰੀ ਮਨੁੱਖਤਾ ਦੀ ਭਲਾਈ ਤੇ ਜ਼ਿੰਦਗੀ ਨੂੰ ਮਾਣਨ ਦਾ ਰਾਜ਼ ਲੁਕਿਆ ਹੋਇਆ ਹੈ, ਜਨਿ੍ਹਾਂ ਦੀ ਸਲਾਮਤੀ ਨਾਲ ਹੀ ਪੂਰੀ ਮਨੁੱਖ ਜਾਤੀ ਦਾ ਬਚਾਅ ਹੋ ਸਕਦਾ ਹੈ। ਦੁਆਬੇ ਦੀ ਅੰਬ ਵਿਰਾਸਤ ਦੀ ਕਾਵਿਕ ਵਡਿਆਈ ਨੂੰ ਇਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ :
ਜਦੋਂ ਅੰਬ ਸੰਧੂਰੀ ਪੱਕ ਜਾਣ ਵਿੱਚ ਦੁਆਬੇ ਦੇ,
ਰੱਬ ਆਪ ਬਹਿਸ਼ਤੋਂ ਉਤਰ ਕੇ ਆਇਆ ਲੱਗਦਾ ਏ,
ਅਸੀਂ ਬਰਫ਼ਾਂ ਵਾਲੇ ਦੇਸ਼ ਦੀ ਮਹਿਮਾ ਕਿਉਂ ਕਰੀਏ,
ਸਾਨੂੰ ਜੇਠ ਹਾੜ੍ਹ ਦਾ ਇਹ ਸਰਮਾਇਆ ਲੱਗਦਾ ਏ,
ਸਾਡੀ ਰੂਹ ਵਿੱਚ ਵੱਸਦੀ ਮਹਿਕ ਇਨ੍ਹਾਂ ਖੁਸ਼ਬੋਈਆਂ ਦੀ,
ਮੇਲਾ ਚਾਰ ਦਨਿਾਂ ਦਾ ਰੱਬ ਨੇ ਲਾਇਆ ਲੱਗਦਾ ਹੈ...
ਸੰਪਰਕ: 70877-87700