ਮੰਡੀ ‘ਪਹਿਲ’ ਲੋਕਾਂ ਦਾ ਖਿੱਚ ਦਾ ਕੇਂਦਰ ਬਣੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 12 ਜੂਨ
ਕਿਸਾਨਾਂ ਅਤੇ ਸੈਲਫ ਹੈਲਪ ਗਰੁੱਪਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਸਦਕਾ ਹਰ ਐਤਵਾਰ ਸ਼ਹਿਰ ਦੇ ਸਿਟੀ ਪਾਰਕ ਨਜ਼ਦੀਕ ਲਗਾਈ ਜਾਂਦੀ ਔਰਗੈਨਿਕ ਪ੍ਰੋਡਕਟਾਂ ਦੀ ‘ਪਹਿਲ’ ਮੰਡੀ ਲੋਕਾਂ ‘ਚ ਖਿੱਚ ਦਾ ਕੇਂਦਰ ਬਣਦੀ ਜਾ ਰਹੀ ਹੈ। ਔਰਗੈਨਿਕ ਫਾਰਮਿੰਗ ਸੁਸਾਇਟੀ ਸੰਗਰੂਰ ਦੇ ਪ੍ਰਧਾਨ ਡਾ. ਏਐੱਸ ਮਾਨ ਨੇ ਦੱਸਿਆ ਕਿ ਸ਼ਹਿਰ ‘ਚ 2 ਅਕਤੂਬਰ 2022 ਨੂੰ ‘ਪਹਿਲ’ ਮੰਡੀ ਚਲ ਰਹੀ ਹੈ। ਹਰ ਐਤਵਾਰ ਬਾਅਦ ਦੁਪਹਿਰ ਸਿਟੀ ਪਾਰਕ ਸੰਗਰੂਰ ਦੇ ਬਾਹਰ ਇਹ ਮੰਡੀ ਲੱਗਦੀ ਹੈ ਜਿਸ ਵਿਚ ਔਰਗੈਨਿਕ ਖੇਤੀ ਕਰਨ ਵਾਲੇ ਕਿਸਾਨ ਅਤੇ ਸੈਲਫ ਹੈਲਪ ਗਰੁੱਪ ਖੁਦ ਤਿਆਰ ਕੀਤੇ ਆਪੋ ਆਪਣੇ ਪ੍ਰਾਡਕਟ ਲੈ ਕੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਮੰਡੀ ਵਿੱਚ ਜਿੱਥੇ ਔਰਗੈਨਿਕ ਉਤਪਾਦਾਂ ਦੀ ਵਿਕਰੀ ਹੋਣ ਕਾਰਨ ਕਿਸਾਨ ਅਤੇ ਸੈਲਫ ਹੈਲਪ ਗਰੁੱਪ ਖੁਸ਼ ਹਨ ਉਥੇ ਸ਼ਹਿਰ ਦੇ ਲੋਕਾਂ ਨੂੰ ਵੀ ਸੰਤੁਸ਼ਟੀ ਹੈ ਕਿ ਉਹਨ੍ਹਾਂ ਨੂੰ ਸ਼ੁੱਧ ਔਰਗੈਨਿਕ ਪਦਾਰਥ ਮਿਲ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਧੂਰੀ ਵਿੱਚ ਵੀ ਹਰ ਸ਼ੁੱਕਰਵਾਰ ਬਾਅਦ ਦੁਪਹਿਰ ਮਿਊਂਸਪਲ ਕਮੇਟੀ ਪਾਰਕ ਕੋਲ ਵੀ ਅਜਿਹੀ ਮੰਡੀ ਲੱਗਣੀ ਸ਼ੁਰੂ ਹੋ ਗਈ ਹੈ।