ਬੀਬੀਐੱਮਬੀ ਨੂੰ ਤੁਰੰਤ ਭੰਗ ਕਰਨ ਦੀ ਮੰਗ
ਖੇਤਰੀ ਪ੍ਰਤੀਨਿਧ
ਪਟਿਆਲਾ, 11 ਮਈ
ਬੀਬੀਐੱਮਬੀ ਭੰਗ ਕਰਨ ਦੀ ਮੰਗ ਲਈ ‘ਲੋਕ ਰਾਜ ਪੰਜਾਬ’ ਵੱਲੋਂ ਅੱਜ ਇਥੇ ਪੁੱਡਾ ਗਰਾਊਂਡ ਵਿੱਚ ਰੋਸ ਵਿਖਾਵਾ ਕੀਤਾ ਗਿਆ, ਜਿਸ ਦੀ ਅਗਵਾਈ ਕਰਦਿਆਂ ਸੰਸਥਾ ਦੇ ਪ੍ਰਧਾਨ ਡਾ. ਮਨਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਬੀਬੀਐੱਮਬੀ ਨੂੰ ਭੰਗ ਕਰਵਾ ਕੇ ਨਦੀਆਂ ਅਤੇ ਡੈਮਾਂ ਦਾ ਕੰਟਰੋਲ ਪੰਜਾਬ ਨੂੰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ 5 ਮਈ ਦੇ ਪੰਜਾਬ ਵਿਧਾਨ ਸਭਾ ਵਿਚ ਪਾਸ ਕੀਤੇ ਗਏ ਮਤਿਆਂ ਨੂੰ ਪਿੱਛਾਂਹਖਿੱਚੂ ਅਤੇ ਆਤਮਘਾਤੀ ਕਹਿ ਕੇ ਨਿੰਦਿਆ। ਉਨ੍ਹਾਂ ਤਰਕ ਦਿੱਤਾ ਕਿ ਇਹ ਮਤੇ ਪੰਜਾਬ ਦੇ ਰਿਪੇਰੀਅਨ ਅਧਿਕਾਰਾਂ ਨਾਲ ਸਮਝੌਤਾ ਕਰਦੇ ਹਨ। ਇਸ ਮੌਕੇ ਲੋਕ-ਰਾਜ ਪੰਜਾਬ ਨੇ ਲੋਕਾਂ ਨੂੰ ਪੰਜਾਬ ਦੇ ਹੱਕਾਂ ਲਈ ਖ਼ੁਦ ਲੜਨ ਲਈ ਇੱਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਉਂਕਿ ਵਿਧਾਨ ਸਭਾ ਦੇ ਮੈਂਬਰ ਪੰਜਾਬ ਦੀ ਜੀਵਨ ਰੇਖਾ ਦਰਿਆਈ ਪਾਣੀ ਦੀ ਰੱਖਿਆ ਕਰਨ ਦੇ ਫਰਜ਼ ਪ੍ਰਤੀ ਅਸਫਲ ਰਹੇ ਹਨ। ਡਾ. ਰੰਧਾਵਾ ਨੇ ਕਿਹਾ ਕਿ ਅੰਤਰਰਾਸ਼ਟਰੀ ਰਿਪੇਰੀਅਨ ਸਿਧਾਂਤ ਵਿਰੁੱਧ, ਕੇਂਦਰ ਨੇ ਪੰਜਾਬ ਦੇ ਦਰਿਆਵਾਂ ਅਤੇ ਡੈਮਾਂ ਦਾ ਕੰਟਰੋਲ, ਗੈਰ-ਰਿਪੇਰੀਅਨ ਰਾਜਾਂ ਨੂੰ ਦਿੱਤਾ ਹੋਇਆ ਹੈ। ਡੈਮਾਂ ਦਾ ਬੇਅਸੂਲ ਕਾਰਜ ਪ੍ਰਬੰਧ, ਅਪਰਾਧਿਕ ਲਾਪਰਵਾਹੀ ਵਾਲਾ ਸਾਬਤ ਹੋਇਆ ਹੈ, ਜਿਸ ਨੇ ਇੱਕ ਰਿਪੇਰੀਅਨ ਰਾਜ ਨੂੰ ਵਾਰ ਵਾਰ ਤਬਾਹਕੁਨ ਹੜ੍ਹਾਂ ਦੀ ਮਾਰ ਝਲਾਉਣ ਤੋਂ ਇਲਾਵਾ ਅਗਲੇ ਦਹਾਕੇ ਤੱਕ ਹੀ ਬੰਜਰ ਜ਼ਮੀਨ ਬਣਨ ਕੰਢੇ ਪਹੁੰਚਾ ਦਿੱਤਾ ਹੈ।