ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨੁੱਖ ਅਤੇ ਕੁਦਰਤ

08:01 AM Aug 25, 2023 IST

ਵਿਜੇ ਬੰਬੇਲੀ

ਮਨੁੱਖੀ ਇਤਿਹਾਸ ਜੰਗਾਂ, ਜਿੱਤਾਂ ਅਤੇ ਵੰਸ਼ਾਂ ਦਾ ਇਤਿਹਾਸ ਹੀ ਨਹੀਂ, ਮਨੁੱਖ ਦੀ ਕੁਦਰਤੀ ਰਹੱਸਾਂ ਨੂੰ ਸਮਝਣ ਦੀ ਤਾਂਘ ਅਤੇ ਇਸ ਦੀ ਸੁਚੱਜੀ ਵਰਤੋਂ ਦਾ ਇਤਿਹਾਸ ਵੀ ਹੈ। ਮਨੁੱਖ ਨੇ ਇਹ ਸਫ਼ਰ ਲੰਮੇ ਸਮੇਂ ਵਿਚ ਤੈਅ ਕੀਤਾ ਹੈ। ਮਨੁੱਖ ਅਤੇ ਸਮੁੱਚੀ ਜ਼ਿੰਦਗੀ ਲਈ ਅਨੁਕੂਲ ਹਾਲਾਤ ਪੈਦਾ ਕਰਨ ਲਈ ਮਨੁੱਖ ਦਾ ਨਿਸ਼ਾਨਾ ਸਮਝ ਵੀ ਆਉਂਦਾ ਹੈ ਪਰ ਕੁਦਰਤ ਦੇ ਭੇਤ ਲੱਭਦਾ ਲੱਭਦਾ ਬੰਦਾ ਆਪਣੇ ਨਿੱਜੀ ਹਿਤਾਂ ਕਾਰਨ ਕੁਦਰਤੀ ਨਿਯਮਾਂ ਦੀਆਂ ਧੱਜੀਆਂ ਉਡਾਉਣ ਲੱਗਾ। ਉਹ ਭੁੱਲ ਹੀ ਗਿਆ ਕਿ ‘ਧਰਤੀ ਉੱਤੇ, ਧਰਤੀ ਵਿਚ ਅਤੇ ਖਲਾਅ ਵਿਚ ਮੌਜੂਦ ਹਰ ਸ਼ੈਅ ਕਰ ਕੇ ਹੀ ਮਨੁੱਖ ਦੀ ਹੋਂਦ ਹੈ’।
ਮਨੁੱਖ ਕੁਦਰਤ ਦੀ ਬਿਹਤਰੀਨ ਪੈਦਾਵਾਰ ਹੈ। ਕੁਦਰਤ ਨੇ ਮਨੁੱਖ ਨੂੰ ਅਣਗਿਣਤ ਨਿਆਮਤਾਂ ਬਖਸ਼ੀਆਂ ਹਨ। ਬੁਨਿਆਦੀ ਲੋੜਾਂ ਦੀ ਪੂਰਤੀ ਲਈ ਮਨੁੱਖ ਕੁਦਰਤੀ ਸਰੋਤਾਂ ਦੀ ਵਰਤੋਂ ਕਰਦਾ ਹੈ। ਵਿਗਿਆਨ ਨੇ ਮਨੁੱਖ ਨੂੰ ਇਸ ਯੋਗ ਬਣਾ ਦਿੱਤਾ ਹੈ ਕਿ ਉਹ ਸਮੁੱਚ ਬਾਰੇ ਸੋਚ ਸਕਦਾ ਹੈ ਪਰ ਵਿਗਿਆਨ ਦੀ ਸੁਚੱਜੀ ਅਤੇ ਲੋਕ ਹਿੱਤੂ ਵਰਤੋਂ ਕਰਨ ਦੀ ਬਜਾਇ ਇਸ ਦੀ ਦੁਰਵਰਤੋਂ, ਧਨ ਇਕੱਠਾ ਕਰਨ ਅਤੇ ਸੱਤਾ ਦੀ ਲਾਲਸਾ ਨੇ ਕੁਦਰਤੀ ਸਮਤੋਲ ਸਮੇਤ ਮਨੁੱਖੀ ਹੋਂਦ ਲਈ ਹੀ ਖ਼ਤਰੇ ਖੜ੍ਹੇ ਕਰ ਦਿੱਤੇ ਹਨ।
ਅੱਜ ਮਨੁੱਖ ਦਾ ਇਕੋ-ਇਕ ਨਿਸ਼ਾਨਾ ਕੁਦਰਤ ਉੱਪਰ ਆਪਣਾ ਨਿਜ਼ਾਮ ਸਥਾਪਿਤ ਕਰਨਾ ਬਣ ਗਿਆ ਹੈ। ਇਸ ਦੇ ‘ਆਧੁਨਿਕ’ ਤੌਰ-ਤਰੀਕਿਆਂ ਨੇ ਕੁਦਰਤੀ ਸੰਸਾਰ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਹੈ। ਕੁਦਰਤੀ ਸੋਮਿਆਂ ਦੀ ਦੁਰਵਰਤੋਂ ਅਤੇ ਇਸ ਦੀ ਮੁੜ-ਭਰਪਾਈ ਨਾ ਹੋਣ ਕਾਰਨ ਕਈ ਕਿਸਮ ਦੇ ਸੰਕਟ ਸਾਹਮਣੇ ਆ ਰਹੇ ਹਨ। ਜੰਗਲ ਰੁੱਸ ਗਏ ਹਨ। ਵਰਖਾ ਗੜਬੜਾ ਗਈ ਹੈ। ਪਾਣੀ ਪਤਾਲ ਜਾ ਵੜਿਆ ਹੈ। ਪਹਾੜ ਗਰਕ ਰਹੇ ਹਨ। ਰੇਗਿਸਤਾਨ ਨੇ ਮਨੁੱਖ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਕੁਦਰਤ ਨੇ ਮਨੁੱਖ ਨੂੰ ਬੜਾ ਕੁਝ ਲਾਹੇਵੰਦਾ ਦਿੱਤਾ ਸੀ/ਹੈ, ਜਿਵੇਂ ਉਹ ਮਨੁੱਖ ਉਤੇ ਸਭ ਕੁਝ ਨਿਛਾਵਰ ਕਰਨ ਉਤੇ ਤੁਲੀ ਹੋਈ ਹੋਵੇ ਪਰ ਕੁਦਰਤ, ਪਹਾੜਾਂ ਅਤੇ ਜੰਗਲਾਂ ਵਿਚ ਆਪ-ਹੁਦਰੀ ਦਖ਼ਲਅੰਦਾਜ਼ੀ ਨਾਲ ਕੁਦਰਤ ਸਦਾ ਹੀ ਬੇਕਿਰਕ ਰੂਪ ’ਚ ਸਾਹਮਣੇ ਆਉਂਦੀ ਹੈ। ਨਦੀਆਂ ਦੇ ਸਿਰਜਕ ਬਰਫੀਲੇ ਪਹਾੜ ਅਤੇ ਗਲੇਸ਼ੀਅਰ ਹਨ ਜਾਂ ਫਿਰ ਜੰਗਲ। ਕੀ ਤੁਹਾਨੂੰ ਪਤਾ ਕਿ ‘ਮਾਰੂਥਲ ਦੀ ਨਿੱਕੀ ਨਿੱਕੀ ਘਾਹ ਜਾਂ ਕੰਡਿਆਲੀ ਬਨਸਪਤੀ ਵੀ 179 ਤੋਂ 543 ਮਿਲੀਗ੍ਰਾਮ ਨਮੀ ਇਕ ਦਿਨ ਵਿਚ ਛੱਡਦੀ ਹੈ ਜਿਹੜੀ ਥਾਰ ਦੀ ਖੁਸ਼ਕ ਫਿਜ਼ਾ ਨੂੰ ਸਿੱਲ੍ਹਾ ਕਰਨ ਵਿਚ ਸਿਫ਼ਤੀ ਰੋਲ ਨਿਭਾਉਂਦੀ ਹੈ’।
ਰੁੱਖ ਮਿੱਟੀ ਅਤੇ ਆਕਸੀਜਨ ਸਿਰਜਣ ਵਾਲੇ ਕਾਰਖਾਨੇ ਹਨ। ਇਹ ਵਰਖਾ ਪ੍ਰੇਰਕ ਅਤੇ ਨਦੀਆਂ ਦੇ ਜਨਮ ਦਾਤੇ ਹਨ। ਜੰਗਲਾਂ ਦਾ ਇਕ ਵਰਗ ਕਿਲੋਮੀਟਰ ਰਕਬਾ 50 ਹਜ਼ਾਰ ਘਣਮੀਟਰ ਪਾਣੀ ਅਤੇ ਲੱਖਾਂ ਟਨ ਮਿੱਟੀ ਸੰਭਾਲ ਲੈਂਦਾ ਹੈ। ਇਹ ਪਹਾੜਾਂ ਨੂੰ ਜਕੜ ਕੇ ਰੱਖਦੇ ਹਨ, ਮਿੱਟੀ ਰੁੜ੍ਹਨ ਨਹੀਂ ਦਿੰਦੇ। ਮੁੱਕਦੀ ਗੱਲ, ਇਹ ਔੜ ਅਤੇ ਹੜ੍ਹ, ਦੋਵਾਂ ਹਾਲਾਤ ਵਿਚ ਹੀ ਵਰਦਾਨ ਹਨ। ਜੇ ਮਿੱਟੀ ਅਤੇ ਪਾਣੀ ਹੈ, ਤਦ ਹੀ ਬਨਸਪਤੀ (ਜੰਗਲ) ਹੈ। ਜੰਗਲ ਵਰਖਾ ਦੇ ਸਾਖਸ਼ੀ ਹਨ, ਵਰਖਾ ਪਾਣੀ ਦਾ ਮੁੱਢਲਾ ਸੋਮਾ ਹੈ। ਪਾਣੀ ਸਾਡੀ ਸਮਾਜਿਕ, ਸਿਆਸੀ ਤੇ ਆਰਥਿਕ ਸ਼ਕਤੀ ਹੈ।
ਸੰਸਾਰ ਦੀ ਸਮਾਜਿਕ, ਆਰਥਿਕ, ਸੱਭਿਅਚਾਰਕ ਅਤੇ ਵਾਤਾਵਰਨ ਖੇਤਰ ਦੀ ਪਹਿਲੀ ਅਤੇ ਅਤਿ ਜ਼ਰੂਰੀ ਸ਼ਕਤੀ ਪਾਣੀ ਨੂੰ ਮਨੁੱਖ ਹੁਣ ਪਤਾਲਾਂ ’ਚੋਂ ਵੀ ਖਿੱਚ-ਧੂਹ ਲਿਆਉਣ ਲਈ ਚਾਂਭਲਿਆ ਫਿਰਦਾ ਹੈ। ਪਾਣੀ ਅਤੇ ਖਣਿਜਾਂ ਦੀ ਧਰਤੀ ਹੇਠੋਂ ਅੰਧਾਧੁੰਦ ਖਿਚਾਈ-ਪੁਟਾਈ ਨਾਲ ਨਾ ਸਿਰਫ਼ ਜਲ ਸੰਕਟ ਉਪਜਿਆ ਸਗੋਂ ਇਹਨਾਂ ਦੀ ਮੁੜ-ਭਰਪਾਈ ਦੀ ਅਣਹੋਂਦ ਨਾਲ ਧਰਤੀ ਹੇਠ ਪੈਦਾ ਹੋਏ ਖਲਾਅ ਨਾਲ ਕਈ ਖਿੱਤਿਆ ਵਿਚ ਧਰਤੀ ਦੇ ਗਰਕਣ ਦੀਆਂ ਅਲਾਮਤਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਕੀ ਪਤਾ- ‘ਜ਼ਮੀਨ ਦੋਜ਼ ਵਿਰਲਾਂ ਵਿਚਲਾ ਪਾਣੀ ਜੈੱਕ ਦੀ ਭੂਮਿਕਾ ਵੀ ਨਿਭਾਉਂਦਾ ਹੈ’। ਕੁਦਰਤ ਨੂੰ ਟਿੱਚ ਜਾਨਣ ਵਾਲਾ ਵਤੀਰਾ ਤਾ-ਆਲਮ ਨੂੰ ਨਵੀਆਂ ਦੁਸ਼ਵਾਰੀਆਂ ਵੱਲ ਧੱਕ ਰਿਹਾ ਹੈ।
ਮਨੁੱਖੀ ਸਭਿਅਤਾ ਦੇ ਜਿਸ ਵਰਤਮਾਨ ਪੜਾਅ ਵਿਚ ਮਨੁੱਖ ਜਾਤੀ ਲੰਘ ਰਹੀ ਹੈ, ਉਸ ਦੇ ਮੱਦੇਨਜ਼ਰ ਕੁਦਰਤ ਨਾਲ ਮਨੁੱਖੀ ਰਿਸ਼ਤੇ ਦੇ ਮੁੜ ਮੁਲਾਂਕਣ ਦੀ ਅਹਿਮ ਲੋੜ ਹੈ। ਸਾਡੀਆਂ ਸਮਾਜੀ ਤੇ ਆਰਥਿਕ ਚਿੰਤਾਵਾਂ ਵਿਚ ਜਿੰਨਾ ਵਾਧਾ ਹੋਇਆ ਹੈ ਜਾਂ ਹੋ ਰਿਹਾ ਹੈ, ਉਸ ਦਾ ਮੂਲ ਆਧਾਰ ਮੌਜੂਦਾ ਸਿਸਟਮ, ਮਨੁੱਖੀ ਲਾਲਚ ਅਤੇ ਉਸ ਤਹਿਤ ਕੁਦਰਤ ਦਾ ਉਜਾੜਾ ਹੈ; ਅਰਥਾਤ, ਜੇ ਅਸੀਂ ਚਲੰਤ ਰਾਜ ਪ੍ਰਬੰਧਾਂ ਕਾਰਨ ਉਪਜਿਆ ਸੰਤਾਪ ਅਤੇ ਕੁਦਰਤ ਦੀ ਵੇਦਨਾ ਸਮਝ-ਸੁਣ ਲਈਏ ਤਾਂ ਅਸੀਂ ਭਵਿੱਖ ਦੀਆਂ ਦੁਸ਼ਵਾਰੀਆਂ ਬੁੱਝ ਅਤੇ ਹੱਲ ਕਰ ਲਵਾਂਗੇ।
ਸਾਨੂੰ ਉਸ ਸੰਸਾਰਕ ਨਿਜ਼ਾਮ ਨੂੰ ਵੀ ਨਾਕਾਰਨਾ ਪਵੇਗਾ ਜਿਹੜਾ ਭਾਈਚਾਰਕ ਅਤੇ ਕੁਦਰਤੀ ਸਹਿਹੋਂਦ ਨੂੰ ਵਿਸਾਰ ਕੇ ਪਦਾਰਥਕ ਸਹੂਲਤਾਂ ਅਤੇ ਮੁਨਾਫਿਆਂ ਮਗਰ ਹਰਫਲਿਆਂ ਫਿਰਦਾ ਹੈ। ਅਫਸੋਸ! ਜਾਨਵਰਾਂ ਦੇ ਮੁਕਾਬਲੇ ਕੁਝ ਵਧਵੇਂ ਗੁਣਾਂ ਵਾਲਾ ਬੰਦਾ ਮੁੱਢ ਤੋਂ ਹੀ ਆਪਣੇ-ਆਪ ਨੂੰ ਇਸ ਧਰਤੀ ਅਤੇ ਬ੍ਰਹਿਮੰਡ ਦਾ ਸਰਦਾਰ ਸਮਝਦਾ ਆਇਆ ਹੈ। ਆਧੁਨਿਕ ਪੁਨਰ-ਜਾਗ੍ਰਿਤੀ ਨੇ ਵੀ ਇਸੇ ਮਨੁੱਖੀ ਸੋਚ ਨੂੰ ਦ੍ਰਿੜਾਇਆ ਹੈ ਕਿ ਸਾਰਾ ਬ੍ਰਹਿਮੰਡ ਹੀ ਮਨੁੱਖ ਦੀ ਸਰਦਾਰੀ ਲਈ ਪੈਦਾ ਕੀਤਾ ਗਿਆ ਹੈ। ਸਾਡੇ ਕਈ ਧਾਰਮਿਕ ਪ੍ਰਚਾਰਕਾਂ ਨੇ ਵੀ ਇਸ ਨਾਲ ਮਿਲਦੀ-ਜੁਲਦੀ ਸਿੱਖਿਆ ਮਨੁੱਖ ਨੂੰ ਦਿੱਤੀ ਹੈ। ਉਪਰੋਕਤ ਧਾਰਨਾ ਹੀ ਪੁਆੜੇ ਦੀ ਜੜ੍ਹ ਹੈ।
ਭਾਰਤੀ ਦਰਸ਼ਨ ‘ਸਾਨੂੰ ਕੁਦਰਤ ਦੀ ਰਾਖੀ ਅਤੇ ਇਸ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੰਦਾ ਹੈ। ਸਾਡੇ ਮੇਲੇ-ਮੁਸਾਹਬੇ ਜਲ ਕੁੰਡਾਂ-ਨਦੀਆਂ ਕੰਢੇ ਜੁੜਦੇ ਹਨ। ਅਸੀਂ ਕੰਜਕਾਂ ਪੂਜਦੇ ਹਾਂ। ਸਾਡਾ ਸੱਭਿਆਚਾਰ ਭੌਣਾਂ-ਜਨੌਰਾਂ ਨੂੰ ਚੋਗਾ ਪਾਉਂਦਾ ਹੈ। ਰੁੱਖਾਂ ਨੂੰ ਮੌਲੀਆਂ ਬੰਨ੍ਹਦਾ ਹੈ। ਦਰਿਆਵਾਂ, ਖੂਹਾਂ ਤੇ ਟੋਭਿਆਂ ’ਤੇ ਦੀਵੇ ਜਗਾਉਂਦਾ ਹੈ।’ ਅਸੀਂ ਹੀ ਇਹਨਾਂ ਦੇ ਅਸਲ ਭਾਵਾਂ ਨੂੰ ਭੁੱਲ ਗਏ ਹਾਂ। ਸਾਡਾ ਕੁਦਰਤੀ ਸੰਸਾਰ ਆਕਾਸ਼, ਪਤਾਲ ਅਤੇ ਧਰਤੀ ਹੇਠਲੇ ਤੇ ਧਰਤ ਉਤਲੇ, ਸਾਰੇ ਦੇ ਸਾਰੇ ਜੀਵਾਂ, ਜੰਗਲਾਂ-ਪਹਾੜਾਂ, ਜਲ ਵਹਿਣਾਂ, ਜਲ ਕੁੰਡਾਂ ਬਿਨਾ ਅਧੂਰਾ ਹੈ। ਇਹ ਸਲਾਮਤ ਨਾ ਰਹੇ ਤਾਂ ਮਾਰੇ ਜਾਵਾਂਗੇ।
ਸਭ ਕੁਦਰਤੀ ਸੋਮੇ ਮਨੁੱਖ ਜਿੰਨੇ ਹੀ ਮਹੱਤਵਪੂਰਨ ਹਨ ਸਗੋਂ ਮਨੁੱਖੀ ਹੋਂਦ ਲਈ ਮਨੁੱਖ ਤੋਂ ਵੀ ਕਿਤੇ ਜ਼ਿਆਦਾ ਮਹੱਤਵਪੂਰਨ। ਜ਼ਿੰਦਾ ਰਹਿਣ ਲਈ ਛੋਟੀ ਤੋਂ ਛੋਟੀ ਬਨਸਪਤੀ ਅਤੇ ਸੂਖ਼ਮ ਜੀਵਾਂ ਤੱਕ ਸਭ ਦਾ ਕੁਦਰਤੀ ਸਮਤੋਲ ਰਹਿਣਾ ਬੇਹੱਦ ਜ਼ਰੂਰੀ ਹੈ। ਹੁਣ ਮਨੁੱਖਵਾਦ ਦੇ ਸੰਕਲਪ ਨੂੰ ਕੁਦਰਤਵਾਦ ਦੇ ਸੰਕਲਪ ਵਿਚ ਬਦਲਣ ਦੀ ਲੋੜ ਹੈ। ਇਹ ਸੰਕਲਪ ਸਾਡੀ ਰਹਿਤਲ ਵਿਚ ਪਹਿਲਾਂ ਹੀ ਸੀ, ਅਸੀਂ ਹੀ ਇਸ ਨੂੰ ਪੜ੍ਹਨ, ਸੁਣਨ, ਬੁੱਝਣ ਅਤੇ ਅਮਲ ਕਰਨ ਤੋਂ ਇਨਕਾਰੀ ਹੋ ਗਏ ਹਾਂ।... ਮੁੱਕਦੀ ਗੱਲ; ਸਾਡੀਆਂ, ਖਾਸ ਕਰ ਕੇ ਨਿਜ਼ਾਮ ਦੀਆਂ, ਆਪ-ਹੁਦਰੀਆਂ ਕਾਰਨ ਕੁਦਰਤ ਸਾਡੇ ’ਤੇ ਮੋੜਵਾਂ ਵਾਰ ਕਰਨ ਲੱਗ ਪਈ ਹੈ। ਜੇ ਅਸੀਂ ਨਾ ਸੰਭਲੇ ਤਾਂ ਹੋਰ ਅੱਧੀ ਸਦੀ ਤੱਕ ਬੜਾ ਕੁਝ ਤਹਿਸ-ਨਹਿਸ ਹੋ ਜਾਵੇਗਾ। ਆਓ! ‘ਬਿਰਖਾਂ ਦੀ ਗੱਲ ਕਰੀਏ, ਦਰਿਆਵਾਂ ਦੀ ਬਾਂਹ ਫੜੀਏ ਅਤੇ ਧਰਤੀ ਦਾ ਅਦਬ ਕਰੀਏ।’
ਸੰਪਰਕ: 94634-39075

Advertisement

Advertisement