ਮਾਮੀ ਜੀ
“ਮਾਮੀ ਜੀ! ਕਿਤੇ ਚੰਡੀਗੜ੍ਹ ਸਾਡੇ ਕੋਲ ਵੀ ਗੇੜਾ ਮਾਰ ਜਾਇਆ ਕਰੋ। ਤੁਹਾਡਾ ਤਾਂ ਸਾਨੂੰ ਮਿਲਣ ਨੂੰ ਚਿੱਤ ਈ ਨਹੀਂ ਕਰਦਾ। ਵੇਖੋ ਤਾਂ, ਅਸੀਂ ਫਿਰ ਵੀ ਟਾਈਮ ਕੱਢ ਕੇ ਤੁਹਾਨੂੰ ਮਿਲਣ ਆ ਈ ਜਾਈਦੈ।” ਰਾਜਬੰਤ ਨੇ ਆਪਣੀ ਮਾਮੀ ਦੇ ਘਰ ਵੜਦਿਆਂ ਹੀ ਹਾਸਾ ਬਿਖੇਰਦਿਆਂ ਉੱਚੀ ਦੇਣੀ ਆਖਿਆ। ਆਪਣੇ ਆਪ ਨੂੰ ਮਾਮੀ ਜੀ ਆਖਿਆ ਸੁਣ ਕੇ ਬਚਿੰਤ ਕੌਰ ਖ਼ੁਸ਼ੀ ਵਿੱਚ ਫੁੱਲੀ ਨਹੀਂ ਸੀ ਸਮਾ ਰਹੀ। ਉਸ ਨੂੰ ਆਪਣੀ ਭਾਣਜ-ਨੂੰਹ ਪਿਆਰੀ ਤੇ ਸੁੱਘੜ-ਸਿਆਣੀ ਬਹੂ ਲੱਗ ਰਹੀ ਸੀ। ਉਹ ਉਸ ਦੇ ਕੋਲ ਹੋ ਕੇ ਇਉਂ ਤੇਹ ਕਰ ਰਹੀ ਸੀ, ਜਿਵੇਂ ਰਾਜਬੰਤ ਦੇ ਸਲੀਕੇ ਅਤੇ ਦਰਸਾਈ ਅਪਣੱਤ ਨੇ ਬਚਿੰਤ ਕੌਰ ਨੂੰ ਕੀਲ ਕੇ ਰੱਖ ਦਿੱਤਾ ਹੋਵੇ। ਆਪਣੀ ਮਾਮੀ ਨੂੰ ਸੁੱਖ-ਸਾਂਦ ਪੁੱਛਣ ਤੋਂ ਬਾਅਦ ਗੁਰਪ੍ਰੀਤ ਲਾਗੇ ਹੀ ਕੁਰਸੀ ’ਤੇ ਬੈਠ ਗਿਆ। ਉਹ ਚੁੱਪ-ਚਾਪ ਬੈਠਾ ਉਨ੍ਹਾਂ ਦੋਵਾਂ ਦੀ ਗੁਫ਼ਤਗੂ ਸੁਣ ਰਿਹਾ ਸੀ ਅਤੇ ਨਿੰਮਾ-ਨਿੰਮਾ ਮੁਸਕਰਾਈ ਵੀ ਜਾ ਰਿਹਾ ਸੀ। “ਵਹੁਟੀਏ! ਕੀ ਦੱਸਾਂ ਤੈਨੂੰ, ਘਰ ਦੇ ਕੱਖ-ਕੰਡੇ ਦਾ ਕੰਮ ਈ ਨਹੀਂ ਮੁੱਕਦਾ। ਦੋ ਤਿੰਨ ਡੰਗਰ ਰੱਖੇ ਆ, ਬਸ ਇਹੀ ਨ੍ਹੀਂ ਕਿਸੇ ਪਾਸੇ ਨਿਕਲਣ ਦਿੰਦੇ। ਥੋਨੂੰ ਮਿਲਣ ਨੂੰ ਤਾਂ ਮੇਰਾ ਵੀ ਬਹੁਤ ਜੀਅ ਕਰਦਾ ਰਹਿੰਦਾ, ਪਰ ਪੇਸ਼ ਈ ਨਹੀਂ ਜਾਂਦੀ।” ਇਨ੍ਹਾਂ ਖ਼ੁਸ਼ੀ ਭਰੇ ਪਲਾਂ ਤੋਂ ਫੁਰਸਤ ਕੱਢ ਕੇ ਬਚਿੰਤ ਕੌਰ ਨੇ ਵੀ ਆਪਣੀ ਭਾਣਜ-ਨੂੰਹ ਦੇ ਮੋਹ ਦਾ ਜੁਆਬ ਮੋਹ ਦਰਸਾ ਕੇ ਹੀ ਦਿੱਤਾ।
“ਮਾਮੀ ਜੀ! ਇਹ ਤਾਂ ਬਹਾਨੇ ਨੇ। ਜੇ ਤੁਹਾਡਾ ਮਿਲਣ ਨੂੰ ਦਿਲ ਕਰਦਾ ਹੋਵੇ ਤਾਂ ਬੰਦਾ ਟਾਈਮ ਕੱਢ ਈ ਲੈਂਦੈ।” ਰਾਜਬੰਤ ਹੱਸਦੀ ਹੋਈ ਬੋਲੀ।
“ਵਹੁਟੀਏ, ਮੈਂ ਝੂਠ ਨ੍ਹੀਂ ਆਂਹਦੀ। ਮੈਨੂੰ ਤਾਂ ਸੱਚਮੁੱਚ ਈ ਟੈਮ ਨ੍ਹੀਂ ਲੱਗਦਾ। ਸੁਲੱਖਣ ਤਾਂ ਮੈਂ ਕੀ ਵਿਆਹਿਆ, ਉਹ ਵੀ ਆਪਣੀ ਵਹੁਟੀ ਦਾ ਈ ਹੋ ਗਿਆ। ਉਨ੍ਹਾਂ ਦੋਹਾਂ ਦੇ ਤਾਂ ਸ਼ਹਿਰ ਦੇ ਗੇੜੇ ਈ ਨਹੀਂ ਮੁੱਕਦੇ। ਘਰ ਦੇ ਕੰਮ ਨੂੰ ਤਾਂ ਹੱਥ ਈ ਨ੍ਹੀਂ ਲਾਉਂਦੇ।”
“ਮਾਮੀ ਜੀ! ਅੱਜਕੱਲ੍ਹ ਦੇ ਮੁੰਡੇ-ਕੁੜੀਆਂ ਇਵੇਂ ਈ ਕਰਦੇ ਨੇ। ਇਨ੍ਹਾਂ ਦੇ ਸ਼ੌਕ ਵੀ ਅਵੱਲੇ ਈ ਨੇ। ਜਿਵੇਂ ਉਹ ਕਰਦੇ ਨੇ, ਕਰ ਲੈਣ ਦਿਓ। ਬਹੁਤੀ ਸਿਰਦਰਦੀ ਨਹੀਂ ਲਈ ਦੀ। ਜਿਵੇਂ ਦਾ ਜ਼ਮਾਨਾ ਹੋਵੇ, ਉਵੇਂ ਦੇ ਬਣ ਜਾਈਦੈ। ਜਦੋਂ ਸਿਰ ’ਤੇ ਜੁਆਕਾਂ ਦੀ ਜ਼ਿੰਮੇਵਾਰੀ ਪੈਣੀ ਆਂ, ਫਿਰ ਉਨ੍ਹਾਂ ਆਪੇ ਸਮਝ ਜਾਣੈ। ਤੁਸੀਂ ਆਪਣਾ ਖ਼ੂਨ ਕਿਉਂ ਸਾੜਦੇ ਹੋ।”
“ਰਾਜਬੰਤ! ਐਦਾਂ ਈ ਸੋਚ ਕੇ ਟੈਮ ਪਾਸ ਹੁੰਦਾ। ਹੁਣ ਹੋਰ ਕਰਨਾ ਵੀ ਕੀ ਆ। ਸੜ ਭੁੱਜ ਕੇ ਕਿਹੜਾ ਕੁਝ ਸੰਵਰ ਜਾਣਾ। ਉਨ੍ਹਾਂ ਨੇ ਕਰਨੀ ਤਾਂ ਆਪਣੀ ਮਰਜ਼ੀ ਈ ਆ। ਸਾਨੂੰ ਅਨਪੜ੍ਹਾਂ ਨੂੰ ਤਾਂ ਅੱਜਕੱਲ੍ਹ ਦੇ ਜੁਆਕ ਮੂਰਖ ਈ ਸਮਝਦੇ ਆ।”
“ਮਾਮੀ ਜੀ! ਤੁਸੀਂ ਇਨ੍ਹਾਂ ਗੱਲਾਂ ਨੂੰ ਛੱਡੋ। ਆਪਣੀ ਸਿਹਤ ਦਾ ਖ਼ਿਆਲ ਰੱਖਿਆ ਕਰੋ। ਸਭ ਕੁਝ ਸਿਹਤ ਨਾਲ ਈ ਆ। ਚਿੰਤਾ ਕਰ ਕੇ ਕੁਝ ਨ੍ਹੀਂ ਸੌਰਦਾ। ਬੁੱਢੀ ਉਮਰੇ ਐਵੇਂ ਕੋਈ ਰੋਗ ਲੁਆ ਬੈਠੋਗੇ।” ਰਾਜਬੰਤ ਨੇ ਬਚਿੰਤ ਕੌਰ ਦੀ ਸਿਹਤ ਦਾ ਇਵੇਂ ਵਾਸਤਾ ਪਾਇਆ, ਜਿਵੇਂ ਉਸ ਨੂੰ ਆਪਣੀ ਮਾਮੀ ਦੀ ਸਿਹਤ ਦੀ ਬਹੁਤ ਚਿੰਤਾ ਹੋਵੇ। ਬਚਿੰਤ ਕੌਰ, ਰਾਜਬੰਤ ਦੇ ਮੂੰਹੋਂ ਆਪਣੀ ਸਿਹਤ ਦੀ ਚਿੰਤਾ ਬਾਰੇ ਸੁਣ ਕੇ ਕਮਲੀ ਹੋਈ ਪਈ ਸੀ। ਰਾਜਬੰਤ ਦੀਆਂ ਮਿੱਠੀਆਂ-ਮਿੱਠੀਆਂ ਅਪਣੱਤ ਭਰੀਆਂ ਗੱਲਾਂ ਨੇ ਬਚਿੰਤ ਕੌਰ ਨੂੰ ਮੋਹ ਸੁੱਟਿਆ ਸੀ। ਉਹ ਵੀ ਆਪਣੇ ਭਾਣਜੇ ਅਤੇ ਭਾਣਜ-ਨੂੰਹ ਦੀ ਟਹਿਲ-ਸੇਵਾ ਕਰਨ ਵਿੱਚ ਕੋਈ ਕਸਰ ਨਹੀਂ ਸੀ ਛੱਡ ਰਹੀ। ਗਰਮ-ਗਰਮ ਦੁੱਧ ਦੇ ਨਾਲ ਉਹ ਦੁਕਾਨ ਤੋਂ ਮਹਿੰਗੇ ਬਿਸਕੁਟਾਂ ਦਾ ਇੱਕ ਪੈਕਟ ਵੀ ਝੱਟ ਹੀ ਖ਼ਰੀਦ ਲਿਆਈ ਸੀ। ਉਹ ਚਾਅ ਵਿੱਚ ਨੱਠੀ-ਨੱਠੀ ਗੱਲਾਂ ਵੀ ਕਰੀ ਜਾ ਰਹੀ ਸੀ ਤੇ ਉਨ੍ਹਾਂ ਦੀ ਖ਼ਿਦਮਤ ਵੀ। ਬਚਿੰਤ ਕੌਰ ਦਾ ਪੱਬ ਧਰਤ ’ਤੇ ਨਹੀਂ ਸੀ ਲੱਗ ਰਿਹਾ। ਅੱਜ ਉਸ ਨੂੰ ਇਉਂ ਜਾਪ ਰਿਹਾ ਸੀ, ਜਿਵੇਂ ਇਸ ਧਰਤੀ ’ਤੇ ਉਸ ਦੀ ਭਾਣਜ-ਨੂੰਹ ਵਰਗੀ ਕੋਈ ਹੋਰ ਨੂੰਹ ਨਾ ਹੋਵੇ। ਉਹ ਰਾਜਬੰਤ ਨਾਲ ਆਪਣਾ ਦਿਲ ਫੋਲ ਗੱਲਾਂ ਕਰ ਰਹੀ ਸੀ।
“ਪੁੱਤ ਗੁਰਪ੍ਰੀਤ, ਇਸ ਵਾਰ ਤਾਂ ਤੂੰ ਦੋ-ਤਿੰਨ ਸਾਲ ਬਾਅਦ ਆਪਣੇਂ ਨਾਨਕੀਂ ਗੇੜਾ ਮਾਰਿਆ ਹੋਣਾਂ। ਮੇਰੇ ਖਿਆਲ ’ਚ ਸੁਲੱਖਣ ਦੇ ਵਿਆਹ ਤੋਂ ਬਾਅਦ ਤਾਂ ਤੂੰ ਕਦੇ ਆਇਆ ਈ ਨਹੀਂ।” ਫਿਰ ਬਚਿੰਤ ਕੌਰ ਨੇ ਆਪਣੇ ਭਾਣਜੇ ਨਾਲ ਗੱਲ ਛੇੜੀ।
“ਮਾਮੀ ਜੀ, ਪ੍ਰੋਗਰਾਮ ਤਾਂ ਕਈ ਵਾਰ ਬਣਾਇਆ, ਪਰ ਟਾਈਮ ਈ ਨ੍ਹੀਂ ਲੱਗਿਆ। ਇਸ ਵਾਰ ਵੀ ਬਸ ਤੁਹਾਡੇ ਈ ਆ ਹੋਇਆ। ਕਿਸੇ ਹੋਰ ਪਾਸੇ ਨ੍ਹੀਂ ਜਾ ਹੋਇਆ।” ਗੁਰਪ੍ਰੀਤ ਨੇ ਜਵਾਬ ਦਿੱਤਾ।
“ਮਾਮੀ ਜੀ, ਅਸੀਂ ਸੋਚਿਐ, ਜੇ ਮਾਮੀ ਜੀ ਨੂੰ ਨਾ ਮਿਲੇ ਤਾਂ ਉਨ੍ਹਾਂ ਨੇ ਤਾਂ ਸਾਡੇ ਨਾਲ ਨਾਰਾਜ਼ ਹੋ ਜਾਣੈ। ਬਾਕੀ ਰਿਸ਼ਤੇਦਾਰਾਂ ਦੇ ਤਾਂ ਬਾਅਦ ਵਿੱਚ ਵੀ ਜਾ ਹੋਜੂ।” ਕੋਲ ਬੈਠੀ ਰਾਜਬੰਤ ਝੱਟ ਬੋਲੀ। ਚਾਹ ਪੀਂਦੇ ਹੋਏ ਬਚਿੰਤ ਕੌਰ ਨੇ ਉਨ੍ਹਾਂ ਦੋਵਾਂ ਨਾਲ ਖ਼ੂਬ ਗੱਲਾਂ ਕੀਤੀਆਂ।
“ਮਾਮੀ ਜੀ, ਹੁਣ ਸਾਨੂੰ ਇਜਾਜ਼ਤ ਦਿਓ।” ਘੰਟਾ ਕੁ ਭਰ ਬੈਠਣ ਤੋਂ ਬਾਅਦ ਰਾਜਬੰਤ ਨੇ ਆਪਣੀ ਮਾਮੀ ਤੋਂ ਵਾਪਸ ਜਾਣ ਲਈ ਇਜਾਜ਼ਤ ਮੰਗੀ।
“ਨਾ ਪੁੱਤ ਨਾ, ਅੱਜ ਨ੍ਹੀਂ ਥੋਨੂੰ ਮੈਂ ਜਾਣ ਦੇਣਾ। ਐਨੀ ਦੇਰ ਬਾਅਦ ਤੁਸੀਂ ਨਾਨਕੀਂ ਆਏ ਐਂ। ਅੱਜ ਰਾਤ ਰੁਕ ਕੇ ਜਾਇਓ।” ਬਚਿੰਤ ਕੌਰ ਆਪਣੀ ਭਾਣਜ-ਨੂੰਹ ਦੀ ਗੱਲ ਸੁਣ ਕੇ ਝੱਬਦੇ ਬੋਲੀ।
“ਮਾਮੀ ਜੀ, ਅੱਜ ਤਾਂ ਬੱਚੇ ’ਕੱਲੇ ਈ ਨੇ ਚੰਡੀਗੜ੍ਹ। ਅਸੀਂ ਰਾਤ ਜਾ ਕੇ ਉਨ੍ਹਾਂ ਕੋਲ ਪਹੁੰਚਣੈਂ। ਅਸੀਂ ਫੇਰ ਕਦੇ ਬੱਚਿਆਂ ਨੂੰ ਨਾਲ ਲੈ ਕੇ ਆਵਾਂਗੇ। ਫਿਰ ਤੁਹਾਡੇ ਕੋਲ ਰਾਤ ਰਹਾਂਗੇ।” ਰਾਜਬੰਤ ਨੇ ਆਖਿਆ। ਇਹ ਸੁਣ ਕੇ ਬਚਿੰਤ ਕੌਰ ਦਾ ਖ਼ੁਸ਼ ਚਿਹਰਾ ਇਕਦਮ ਮਸੋਸਿਆ ਗਿਆ। ਉਨ੍ਹਾਂ ਨੂੰ ਵਿਦਾ ਕਰਨ ਲੱਗੀ ਉਹ ਇਉਂ ਤੜਫੀ ਸੀ, ਜਿਵੇਂ ਪਾਣੀ ਨੂੰ ਮੱਛੀ ਤਾਂਘ ਰਹੀ ਹੋਵੇ। ਤੁਰਨ ਲੱਗਿਆਂ ਰਾਜਬੰਤ ਨੇ ਮਾਮੀ ਨੂੰ ਚੰਡੀਗੜ੍ਹ ਆਉਣ ਲਈ ਸਰਸਰੀ ਜਿਹਾ ਆਖ ਦਿੱਤਾ ਤਾਂ ਬਚਿੰਤ ਕੌਰ ਉਸ ’ਤੇ ਬਲਿਹਾਰ ਹੋਈ ਜਾ ਰਹੀ ਸੀ।
“ਬਚਿੰਤ ਕੌਰੇ! ਅੱਜ ਕਾਰ ਵਾਲੇ ਥੋਡੇ ਘਰ ਕੌਣ ਪ੍ਰਾਹੁਣੇ ਆਏ ਸੀ। ਮੇਰੀ ਤਾਂ ਪਛਾਣ ਵਿੱਚ ਨ੍ਹੀਂ ਆਏ। ਊਂ ਕੋਈ ਸ਼ਹਿਰੀਏ ਲੱਗਦੇ ਸੀ।” ਇੱਕ ਗੁਆਂਢਣ ਨੇ ਬਚਿੰਤ ਕੌਰ ਨੂੰ ਪੁੱਛਿਆ।
“ਕੁਸ਼ੱਲਿਆ, ਇਹ ਤਾਂ ਮੇਰਾ ਭਾਣਜਾ ਤੇ ਭਾਣਜ-ਨੂੰਹ ਸੀ। ਇਹ ਚੰਡੀਗੜ੍ਹ ਈ ਰਹਿੰਦੇ ਆ। ਭਾਣਜਾ ਮੇਰਾ ਕਾਲਜ ਵਿੱਚ ਪ੍ਰੋਫ਼ੈਸਰ ਲੱਗਾ ਹੋਇਆ ਤੇ ਨੂੰਹ ਸਰਕਾਰੀ ਸਕੂਲ ’ਚ ਪੜ੍ਹਾਉਂਦੀ ਆ।” ਬਚਿੰਤ ਕੌਰ ਉਸ ਨੂੰ ਦੱਸ ਰਹੀ ਸੀ।
“ਮੈਂ ਵੀ ਕਹਾਂ ਕਿ ਇਹ ਤਾਂ ਕੋਈ ਪੜ੍ਹੇ ਲਿਖੇ ਬੰਦੇ ਜਾਪਦੇ ਆ। ਸ਼ਹਿਰੀਆਂ ਦਾ ਤਾਂ ਬੋਲ-ਚਾਲ ਦਾ ਸਲੀਕਾ ਈ ਹੋਰ ਹੁੰਦੈ। ਸਾਡੇ ਅਰਗੇ ਦੇਸੀ ਬੰਦਿਆਂ ’ਚ ਤਾਂ ਇਹ ਦੂਰੋਂ ਈ ਪਛਾਣੇ ਜਾਂਦੇ ਆ।” ਕੁਸ਼ੱਲਿਆ ਵੀ ਆਪਣਾ ਲਾਇਆ ਅਨੁਮਾਨ ਦਰੁਸਤ ਦੱਸ ਰਹੀ ਸੀ।
“ਭੈਣੇ ਮੇਰੀ ਭਾਣਜ-ਨੂੰਹ ਦੀਆਂ ਕਿਆ ਰੀਸਾਂ। ਮਾਮੀ ਜੀ, ਮਾਮੀ ਜੀ ਕਰਦੀ ਦੇ ਬੁੱਲ੍ਹ ਸੁੱਕਦੇ ਆ। ਕਿੰਨਾ ਮੋਹ ਕਰਦੀ ਆ ਮੈਨੂੰ। ਆਂਹਦੀ ਸੀ ਕਿ ਮਾਮੀ ਜੀ, ਕਦੇ ਚੰਡੀਗੜ੍ਹ ਸਾਡੇ ਕੋਲ ਵੀ ਗੇੜਾ ਮਾਰ ਜਾਇਓ। ਇੱਦਾਂ ਕੌਣ ਕਹਿੰਦਾ ਅੱਜਕੱਲ੍ਹ। ਅੱਜਕੱਲ੍ਹ ਦੀਆਂ ਪੜ੍ਹੀਆਂ ਲਿਖੀਆਂ ਬਹੂਆਂ ਤਾਂ ਸਾਡੇ ਅਰਗੇ ਅਨਪੜ੍ਹਾਂ ਨਾਲ ਗੱਲ ਕਰ ਕੇ ਈ ਰਾਜ਼ੀ ਨ੍ਹੀਂ। ਪਹਿਲਾਂ ਤੂੰ ਮੇਰੀ ਨੂੰਹ ਈ ਵੇਖ ਲੈ। ਆਖਣ ਨੂੰ ਪੜ੍ਹੀ ਲਿਖੀ ਆ। ਸਿੱਧੇ ਮੂੰਹ ਗੱਲ ਈ ਨ੍ਹੀਂ ਕਰਦੀ। ‘ਬੁੱਢੀਏ’ ਕਹਿ ਕੇ ਬੁਲਾਉਂਦੀ ਆ। ਜੇ ਕੋਈ ਮੱਤ ਦੀ ਗੱਲ ਵੀ ਦੱਸੋ ਤਾਂ ਝੱਟ ਆਖਦੀ ਆ, ਬੁੱਢੀਏ! ਤੈਨੂੰ ਕੀ ਪਤਾ ਅੱਜਕੱਲ੍ਹ ਦੇ ਜ਼ਮਾਨੇ ਦਾ। ਮੂੰਹ ਖੋਲ੍ਹਣ ਈ ਨ੍ਹੀਂ ਦਿੰਦੀ। ਭੈਣੇਂ, ਕੀ ਦੱਸੀਏ, ਦਿਨ ਤਾਂ ਕੱਟਣੇ ਈ ਆਂ। ਮੁੰਡੇ ਨੂੰ ਨਾਲ ਲੈ ਕੇ ਸਵੇਰ ਦੀ ਸ਼ਹਿਰ ਗਈਓ ਆ। ਅਜੇ ਤੱਕ ਮੁੜ ਕੇ ਨ੍ਹੀਂ ਆਏ। ਪ੍ਰਾਹੁਣੇ ਵੀ ਘਰੋਂ ਆ ਕੇ ਮੁੜ ਗਏ ਆ।” ਬਚਿੰਤ ਕੌਰ ਗੱਲ ਕਰਦਿਆਂ ਅੱਜ ਕੁਝ ਵਧੇਰੇ ਹੀ ਭਾਵੁਕ ਹੋ ਗਈ ਸੀ, ਜਿਵੇਂ ਰਾਜਬੰਤ ਸਾਹਮਣੇ ਉਸ ਨੂੰ ਆਪਣੀ ਨੂੰਹ ਨਖਿੱਧ ਲੱਗ ਰਹੀ ਹੋਵੇ।
“ਬਸ ਕਰ ਭੈਣੇਂ, ਸਾਰੇ ਘਰੋ-ਘਰੀ ਇਹੋ ਹਾਲ ਆ। ਮੇਰੀ ਦੀ ਗੱਲ ਸੁਣ ਲੈ। ਪਹਿਲਾਂ ਤਾਂ ਸਵੇਰ ਨੂੰ ਉੱਠਦੀ ਈ ਦਸ ਵਜੇ ਆ। ਜੇ ਆਖੋ ਤਾਂ ਅੱਗਿਓਂ ਸੌ-ਸੌ ਗੱਲਾਂ ਬਣਾਉਂਦੀ ਆ। ਸਵੇਰ ਦੀ ਚਾਹ ਵੀ ਮੈਂ ਈ ਬਣਾ ਕੇ ਪਿਲਾਉਂਦੀ ਆਂ। ਸਾਡੀ ਸੇਵਾ ਤਾਂ ਉਹਨੇ ਕੀ ਕਰਨੀ ਆ, ਉਲਟਾ ਸਾਤੋਂ ਈ ਸੇਵਾ ਕਰਾਉਂਦੀ ਆ।” ਕੁਸ਼ੱਲਿਆ ਨੇ ਆਪਣੀ ਵਿਥਿਆ ਸੁਣਾਈ।
“ਕੁਸ਼ੱਲਿਆ, ਮੇਰੀ ਨੂੰਹ ਤਾਂ ਬੜੀ ਸਿਆਣੀ ਆਂ। ਮੈਨੂੰ ਤਾਂ ਕੁੜੀ-ਨੂੰਹ ਵਿੱਚ ਕੋਈ ਫ਼ਰਕ ਈ ਨਹੀਂ ਜਾਪਦੈ। ਸਵੇਰੇ ਦਫ਼ਤਰ ਜਾਣ ਤੋਂ ਪਹਿਲਾਂ ਘਰ ਦਾ ਸਾਰਾ ਕੰਮ ਆਪੇ ਨਬਿੇੜ ਕੇ ਜਾਂਦੀ ਆ। ਓਹਦੇ ਸਿਰ ’ਤੇ ਮੈਨੂੰ ਨ੍ਹੀਂ ਕੋਈ ਫ਼ਿਕਰ।” ਪੰਡਤਾਂ ਦੀ ਸ਼ਾਰਧਾ ਨੇ ਆਉਂਦਿਆਂ ਹੀ ਆਪਣੀ ਨੂੰਹ ਦੀ ਸਿਫ਼ਤ ਕੀਤੀ।
“ਕੁੜੇ ਸ਼ਾਰਧਾ, ਬਹੂ ਤਾਂ ਤੇਰੀ ਵੀ ਚੰਗੀ ਆ ਪੜ੍ਹੀ-ਲਿਖੀ। ਪਰ ਮੇਰੀ ਭਾਣਜ-ਨੂੰਹ ਨਾਲੋਂ ਥੱਲੇ ਈ ਹੋਣੀਂ ਆ। ਜਦ ਕਦੇ ਆਊਗੀ, ਤੈਨੂੰ ਮੈਂ ਦਿਖਾਊਂਗੀ। ਉਹਦੀਆਂ ਗੱਲਾਂ ਸੁਣ-ਸੁਣ ਬੰਦੇ ਦਾ ਜੀਅ ਨ੍ਹੀਂ ਭਰਦਾ।” ਬਚਿੰਤ ਕੌਰ ਨੂੰ ਸਾਰੇ ਪਿੰਡ ਵਿੱਚ ਆਪਣੀ ਭਾਣਜ-ਨੂੰਹ ਦੇ ਮੇਚ ਦੀ ਕੋਈ ਬਹੂ ਨਹੀਂ ਸੀ ਜਾਪ ਰਹੀ। ਤਿੰਨੋਂ ਗੁਆਂਢਣਾਂ ’ਕੱਠੀਆਂ ਲੰਮਾਂ ਸਮਾਂ ਆਪੋ-ਆਪਣੇ ਦੁੱਖ-ਸੁੱਖ ਸਾਂਝੇ ਕਰਦੀਆਂ ਰਹੀਆਂ। ਬਚਿੰਤ ਕੌਰ ਘਰ ਜਾ ਕੇ ਵੀ ਸੁਲੱਖਣ ਤੇ ਆਪਣੀ ਬਹੂ ਸਾਹਮਣੇ ਰਾਜਬੰਤ ਦਾ ਨਾਂ ਹੀ ਜਪੀ ਜਾ ਰਹੀ ਸੀ।
“ਬੁੱਢੀ ਦੇ ਦਿਮਾਗ਼ ਨੂੰ ਪਤਾ ਨ੍ਹੀਂ ਕੀ ਹੋ ਗਿਐ। ਅੱਜ ਤਾਂ ਰਾਜਬੰਤ-ਰਾਜਬੰਤ ਈ ਕਰੀ ਜਾਂਦੀ ਆ। ਉਹਦੀਆਂ ਗੱਲਾਂ ਕਰ-ਕਰ ਜਾਣ-ਬੁੱਝ ਕੇ ਮੈਨੂੰ ਸਾੜਦੀ ਆ। ਮੇਰਾ ਨਾਂ ਲੈਂਦੀ ਨੂੰ ਤਾਂ ਇਹਨੂੰ ਸੱਪ ਸੁੰਘ ਜਾਂਦੈ। ਇਹਨੂੰ ਕੋਈ ਪੁੱਛੇ, ਮੈਂ ਨ੍ਹੀਂ ਤੇਰੀ ਨੂੰਹ। ਅਸਲੀ ਨੂੰਹ ਤਾਂ ਮੈਂ ਹੀ ਆਂ ਤੇਰੀ। ਬਾਕੀ ਤਾਂ ਸਭ ਰਵਾਇਤੀ ਜਿਹੇ ਰਿਸ਼ਤੇ ਹੁੰਦੇ ਆ।” ਰਾਜਬੰਤ ਦੀਆਂ ਸਿਫ਼ਤਾਂ ਸੁਣ ਕੇ ਅੱਕੀ ਹੋਈ ਬਚਿੰਤ ਕੌਰ ਦੀ ਨੂੰਹ ਨੇ ਆਪਣੇ ਘਰਵਾਲੇ ਨੂੰ ਆਖਿਆ।
“ਅਮਨਦੀਪ, ਬਜ਼ੁਰਗਾਂ ਦੀਆਂ ਗੱਲਾਂ ਦਾ ਬਹੁਤਾ ਰੰਜ ਨ੍ਹੀਂ ਕਰੀਦਾ। ਇਨ੍ਹਾਂ ਨੂੰ ਥੋੜ੍ਹਾ ਜਿਹਾ ਖ਼ੁਸ਼ ਹੋ ਕੇ ਬੁਲਾ ਲਓ, ਓਨੇ ’ਚ ਹੀ ਫੁੱਲ ਜਾਂਦੇ ਨੇ। ਸ਼ਹਿਰੀਆਂ ਵਿੱਚ ਇਹੋ ਗੁਣ ਹੁੰਦੈ। ਗੁਰਪ੍ਰੀਤ ਨੂੰ ਤਾਂ ਮੈਂ ਚੰਗੀ ਤਰ੍ਹਾਂ ਜਾਣਦੈਂ। ਬੀ.ਏ. ਉਹਨੇ ਸਾਡੇ ਪਿੰਡ ਰਹਿ ਕੇ ਈ ਕੀਤੀ ਸੀ। ਹੁਣ ਸ਼ਹਿਰ ਵਿੱਚ ਰਹਿਣ ਕਰਕੇ ਥੋੜ੍ਹਾ ਜਿਹਾ ਮੀਸਣਾ ਬਣ ਗਿਐ। ਤੂੰ ਵੀ ਇਵੇਂ ਦੇ ਤਰੀਕੇ ਵਰਤ ਲਿਆ ਕਰ। ਮੰਮੀ ਜੀ ਆਖਣ ਨਾਲ ਤੇਰਾ ਕੀ ਘੱਟ ਜਾਣੈਂ। ਚੰਗੀ ਤਰ੍ਹਾਂ ਬੋਲਣਾ ਵੀ ਤਾਂ ਇੱਕ ਕਲਾ ਈ ਹੁੰਦੀ ਐ।” ਸੁਲੱਖਣ ਨੇ ਆਪਣੀ ਘਰਵਾਲੀ ਨੂੰ ਸਮਝਾਉਂਦਿਆਂ ਆਖਿਆ।
“ਸੁਲੱਖਣ! ਆਈਂ ਜ਼ਰਾ ਮੇਰੀ ਗੱਲ ਸੁਣੀਂ।” ਨਾਲ ਦੇ ਕਮਰੇ ’ਚ ਬੈਠੀ ਬਚਿੰਤ ਕੌਰ ਨੇ ਆਪਣੇ ਪੁੱਤ ਨੂੰ ਉੱਚੀ ਆਵਾਜ਼ ਮਾਰ ਕੇ ਆਪਣੇ ਕੋਲ ਬੁਲਾਇਆ। ਉਹ ਸੁਲੱਖਣ ਨੂੰ ਚੰਡੀਗੜ੍ਹ ਜਾਣ ਬਾਰੇ ਪੁੱਛਣ ਲਈ ਬੜੀ ਉਤਾਵਲੀ ਹੋਈ ਪਈ ਸੀ।
“ਕਾਕਾ! ਅੱਜ ਚੰਡੀਗੜ੍ਹ ਤੋਂ ਗੁਰਪ੍ਰੀਤ ਤੇ ਰਾਜਬੰਤ ਆਏ ਸਨ। ਥੋਨੂੰ ਮਿਲਣ ਨੂੰ ਉਡੀਕਦੇ ਰਹੇ, ਪਰ ਤੁਸੀਂ ਸ਼ਹਿਰ ਈ ਨ੍ਹੇਰਾ ਕਰ ਲਿਆ। ਰਾਜਬੰਤ ਮੈਨੂੰ ਚੰਡੀਗੜ੍ਹ ਆਉਣ ਲਈ ਕਈ ਵਾਰ ਆਖ ਕੇ ਗਈ ਆ। ਜਦੋਂ ਅਗਲਾ ਐਨਾ ਮੋਹ ਕਰਦਾ ਹੋਵੇ ਤਾਂ ਮਾਣ-ਤਾਣ ਤੇ ਰੱਖਣਾ ਈ ਚਾਹੀਦਾ। ਹੋਰ ਜੱਗ ਵਿੱਚ ਹੈ ਵੀ ਕੀ? ਜੇ ਮੈਂ ਪੰਜ-ਸੱਤ ਦਿਨ ਚੰਡੀਗੜ੍ਹ ਰਹਿ ਵੀ ਆਵਾਂ ਤਾਂ ਇਹਦੇ ਵਿੱਚ ਹਰਜ਼ ਵੀ ਕੀ ਆ।” ਬਚਿੰਤ ਕੌਰ ਆਪਣੇ ਪੁੱਤ ਨੂੰ ਚਾਈਂ-ਚਾਈਂ ਦੱਸ ਰਹੀ ਸੀ।
“ਮਾਤਾ ਜੀ, ਮੈਂ ਤੁਹਾਨੂੰ ਕਦੋਂ ਰੋਕਦੈਂ। ਜਦੋਂ ਤੁਹਾਡਾ ਚਿੱਤ ਕਰੇ ਜਾ ਆਇਓ।” ਸੁਲੱਖਣ ਨੇ ਵੀ ਆਪਣੀ ਮਾਤਾ ਜੀ ਦੀ ਆਖੀ ਗੱਲ ਦੀ ਝੱਟ ਹਾਮੀ ਭਰ ਦਿੱਤੀ।
“ਪੁੱਤ! ਖਾਲੀ ਹੱਥ ਥੋੜ੍ਹੇ ਜਾ ਹੋਣਾ। ਮੈਂ ਸੋਚਦੀ ਆਂ ਕਿ ਉਨ੍ਹਾਂ ਲਈ ਪਿੰਨੀਆਂ ਬਣਾ ਕੇ ਲੈ ਜਾਵਾਂ। ਤੂੰ ਐਦਾਂ ਕਰੀਂ, ਕੱਲ੍ਹ ਨੂੰ ਸ਼ਹਿਰ ਤੋਂ ਤਿਲ ਤੇ ਸੀਹਲ ਲਿਆ ਦੇਵੀਂ। ਸ਼ਹਿਰੀਏ ਪਿੰਨੀਆਂ ਬੜੇ ਖ਼ੁਸ਼ ਹੋ ਕੇ ਖਾਂਦੇ ਆ।”
“ਮਾਤਾ ਜੀ, ਜਿਵੇਂ ਤੁਸੀਂ ਆਖਦੇ ਓ, ਮੈਂ ਕਰ ਦੇਵਾਂਗਾ।”
“ਪੁੱਤ! ਦੇਸੀ ਘਿਓ ਤੇ ਗੁੜ ਤਾਂ ਘਰ ਈ ਹੈਗੇ ਆ। ਬਦਾਮ, ਕਾਜੂ, ਸੌਗੀ ਥੋੜ੍ਹੀ-ਥੋੜ੍ਹੀ ਸ਼ਹਿਰੋਂ ਲੈ ਆਵੀਂ। ਆਹ ਨਿੱਕ-ਸੁੱਕ ਜਿਹਾ ਪਾ ਕੇ ਚੀਜ਼ ਸੁਆਦ ਬਣ ਜਾਂਦੀ ਆ।” ਬਚਿੰਤ ਕੌਰ ਖ਼ੁਸ਼ੀ ਵਿੱਚ ਰਮਤੀ ਹੋਈ ਆਪਣੇ ਪੁੱਤ ਨੂੰ ਸਾਮਾਨ ਲਿਆਉਣ ਬਾਰੇ ਸਮਝਾ ਰਹੀ ਸੀ।
ਸੁਲੱਖਣ ਦੂਸਰੇ-ਤੀਸਰੇ ਦਿਨ ਹੀ ਆਪਣੀ ਮਾਂ ਦਾ ਆਖਿਆ ਸਾਰਾ ਸਾਮਾਨ ਸ਼ਹਿਰੋਂ ਲੈ ਆਇਆ। ਬਚਿੰਤ ਕੌਰ ਨੇ ਰਾਤ ਨੂੰ ਪਿੰਨੀਆਂ ਬਣਾ ਕੇ ਦੋ ਅੱਡ-ਅੱਡ ਡੱਬੇ ਭਰ ਲਏ। ਇੱਕ ਡੱਬੇ ਵਿੱਚ ਉਸ ਨੇ ਤਿਲਾਂ ਦੀਆਂ ਪਿੰਨੀਆਂ ਪਾ ਲਈਆਂ ਤੇ ਦੂਜੇ ਵਿੱਚ ਸੀਹਲ ਦੀਆਂ। ਅਗਲੇ ਦਿਨ ਸਵਖਤੇ ਹੀ ਸੁਲੱਖਣ ਆਪਣੀ ਮਾਤਾ ਨੂੰ ਸਕੂਟਰ ਉੱਤੇ ਨੇੜੇ ਦੇ ਬੱਸ ਅੱਡੇ ਤੋਂ ਚੰਡੀਗੜ੍ਹ ਜਾਣ ਵਾਲੀ ਬੱਸ ਚੜ੍ਹਾ ਆਇਆ। ਤਿੰਨ ਕੁ ਘੰਟੇ ਬਾਅਦ ਬਚਿੰਤ ਕੌਰ ਚੰਡੀਗੜ੍ਹ ਪਹੁੰਚ ਗਈ। ਚੰਡੀਗੜ੍ਹ ਪਹੁੰਚ ਕੇ ਉਸ ਨੇ ਵਾਹੋ-ਦਾਹੀ ਰਿਕਸ਼ਾ ਫੜਿਆ ਤੇ ਸਵੇਰੇ ਦਸ ਕੁ ਵਜੇ ਆਪਣੇ ਭਾਣਜੇ ਦੀ ਕੋਠੀ ਜਾ ਅੱਪੜੀ।
“ਮਾਮੀ ਜੀ! ਪੈਰੀਂ ਪੈਨੀਂ ਆਂ।” ਰਿਕਸ਼ੇ ਤੋਂ ਉਤਰ ਕੇ ਕੋਠੀ ਦੇ ਬਾਹਰ ਡੌਰ-ਭੌਰ ਹੋਈ ਖੜ੍ਹੀ ਬਚਿੰਤ ਕੌਰ ਇਹ ਅਚਾਨਕ ਆਈ ਆਵਾਜ਼ ਸੁਣ ਕੇ ਖ਼ੁਸ਼ ਹੋ ਗਈ। ਬਚਿੰਤ ਕੌਰ ਨੂੰ ਕਿਚਨ ਦੀ ਖਿੜਕੀ ਵਿੱਚੋਂ ਵੇਖ ਕੇ ਰਾਜਬੰਤ ਨੇ ਹੱਸਦਿਆਂ ਉੱਚੀ ਦੇਣੀ ਆਖਿਆ।
“ਜਿਉਂਦੇ ਰਹੋ, ਪੁੱਤ ਜਿਉਂਦੇ ਰਹੋ।” ਬਨਿ ਵੇਖੇ ਹੀ ਬਚਿੰਤ ਕੌਰ ਨੇ ਵੀ ਜਤਾਏ ਇਸ ਇੱਜ਼ਤ-ਮਾਣ ਦਾ ਜੁਆਬ ਅਸੀਸ ਦੇ ਕੇ ਹੀ ਦਿੱਤਾ।
“ਵਾਹ ਬਈ ਵਾਹ! ਆਹ ਤੇ ਮਾਮੀ ਜੀ ਖ਼ਾਸਾ ਕੁਝ ਚੁੱਕ ਲਿਆਏ। ਮਾਮੀ ਜੀ! ਭਲਾ ਤੁਹਾਨੂੰ ਐਨਾ ਭਾਰ ਚੁੱਕਣ ਦੀ ਕੀ ਲੋੜ ਪਈ ਸੀ।” ਪਿੱਛੇ ਖੜ੍ਹੀ ਰਾਜਬੰਤ ਨੇ ਕਿਹਾ।
“ਪੁੱਤ! ਇਹ ਕਾਹਦਾ ਭਾਰ ਆ। ਇਹ ਤਾਂ ਮੈਂ ਥੋਡੇ ਲਈ ਪਿੰਨੀਆਂ ਬਣਾ ਕੇ ਲਿਆਈ ਆਂ। ਇੱਕ ਡੱਬੇ ਵਿੱਚ ਤਿਲਾਂ ਦੀਆਂ ਪਿੰਨੀਆਂ ਤੇ ਦੂਜੇ ਵਿੱਚ ਸੀਹਲ ਦੀਆਂ। ਮੈਂ ਆਪਣੇ ਨਿਆਣਿਆਂ ਦੇ ਘਰ ਖ਼ਾਲੀ ਹੱਥ ਥੋੜ੍ਹੇ ਆਉਣਾ ਸੀ। ਪੁੱਤ! ਇਹ ਦੇਸੀ ਘਿਓ ਦੀਆਂ ਪਿੰਨੀਆਂ ਨੇ।’’
“ਮਾਮੀ ਜੀ! ਮੈਂ ਤਾਂ ਹੈਰਾਨ ਆਂ। ਤੁਸੀਂ ਸਾਡਾ ਘਰ ਲੱਭ ਕਿਵੇਂ ਲਿਐ। ਚੰਡੀਗੜ੍ਹ ਆ ਕੇ ਤਾਂ ਪੜ੍ਹੇ ਲਿਖੇ ਬੰਦਿਆਂ ਦੀ ਮੱਤ ਮਾਰੀ ਜਾਂਦੀ ਆ, ਪਰ ਤੁਸੀਂ ਤਾਂ ਕਮਾਲ ਈ ਕਰ ਦਿੱਤੀ।” ਆਪਣੀ ਮਾਮੀ ਨੂੰ ਗੇਟ ਵਿੱਚ ਖੜ੍ਹੀ ਵੇਖ ਕੇ ਘਰ ਤੋਂ ਬਾਹਰ ਨਿਕਲਿਆ ਗੁਰਪ੍ਰੀਤ ਵੀ ਹੈਰਾਨੀ ਵਿੱਚ ਬੋਲਿਆ।
“ਭਾਣਜਿਆ, ਸੁਲੱਖਣ ਨੇ ਥੋਡੀ ਕੋਠੀ ਦਾ ਪਤਾ ਮੈਨੂੰ ਇੱਕ ਕਾਗਜ਼ ’ਤੇ ਲਿਖ ਕੇ ਦੇ ਦਿੱਤਾ ਸੀ। ਓਹੀ ਮੈਂ ਰਿਕਸ਼ੇ ਵਾਲੇ ਨੂੰ ਫੜਾ ਤਾ। ਉਹ ਸਿੱਧਾ ਈ ਥੋਡੀ ਕੋਠੀ ਲੈ ਕੇ ਆ ਗਿਆ।”
“ਭਾਣਜਿਆ! ਜਿੱਦਣ ਤੁਸੀਂ ਸਾਡੇ ਪਿੰਡ ਗਏ ਸੀ, ਮੈਨੂੰ ਤਾਂ ਉੱਦਣ ਦੀ ਈ ਬੜੀ ਖ਼ੁਸ਼ੀ ਚੜ੍ਹੀ ਪਈ ਆ। ਮੇਰਾ ਮਨ ਤਾਂ ਉਦੋਂ ਦਾ ਈ ਚੰਡੀਗੜ੍ਹ ਆਉਣ ਨੂੰ ਕਾਹਲਾ ਪਿਆ ਹੋਇਆ ਸੀ। ਮੈਂ ਤਾਂ ਸਾਰੇ ਆਂਢ-ਗੁਆਂਢ ਵੀ ਚੰਡੀਗੜ੍ਹ ਜਾਣ ਬਾਰੇ ਦੱਸ ਕੇ ਆਈ ਆਂ। ਮੈਂ ਸੋਚਿਆ ਕਿ ਜੇ ਮੈਂ ਨਾ ਗਈ ਤਾਂ ਕਿਤੇ ਮੇਰੀ ਭਾਣਜ-ਨੂੰਹ ਮੂੰਹ ਮੋਟਾ ਈ ਨਾ ਕਰ ਲਵੇ। ਅਗਲੀ ਨੇ ਐਨੇ ਚਾਅ ਨਾਲ ਮੈਨੂੰ ਸੱਦਿਆ।” ਬਚਿੰਤ ਕੌਰ ਦੇ ਅੰਦਰਲੀ ਖ਼ੁਸ਼ੀ ਬਦੋ-ਬਦੀ ਬਾਹਰ ਉੱਛਲ ਰਹੀ ਸੀ।
“ਆਹ ਵੇਖੋ ਜੀ, ਮਾਮੀ ਜੀ, ਕਿੰਨੀਆਂ ਸੁਆਦ ਪਿੰਨੀਆਂ ਬਣਾ ਕੇ ਲਿਆਏ ਨੇ।” ਡੱਬੇ ਵਿੱਚੋਂ ਇੱਕ ਪਿੰਨੀ ਦਾ ਸੁਆਦ ਚਖਦੀ ਹੋਈ ਰਾਜਬੰਤ ਬੋਲੀ।
“ਵਾਹ! ਇਹ ਤੇ ਪਿੰਨੀਆਂ ਵੀ ਗੁੜ ਦੀਆਂ ਨੇ। ਕਾਜੂ ਤੇ ਬਦਾਮਾਂ ਵਾਲੀਆਂ। ਵਾਹ! ਮਾਮੀ ਜੀ, ਕੀ ਕਹਿਣੇ ਤੁਹਾਡੇ।” ਗੁਰਪ੍ਰੀਤ ਵੀ ਇੱਕ ਪਿੰਨੀ ਦਾ ਸੁਆਦ ਚੱਖਦਾ ਹੋਇਆ ਬੋਲਿਆ।
“ਮਾਮੀ ਜੀ! ਸੱਚ ਦੱਸਿਓ ਇਹ ਤੁਸੀਂ ਆਪ ਬਣਾਈਆਂ ਨੇ ਜਾਂ ਸ਼ਹਿਰ ਤੋਂ ਖ਼ਰੀਦੀਆਂ ਨੇ।” ਰਾਜਬੰਤ ਖਸਿਆਣਾ ਜਿਹਾ ਹੱਸਦੀ ਹੋਈ ਆਪਣੀ ਮਾਮੀ ਦੀ ਵਡਿਆਈ ਕਰੀ ਜਾ ਰਹੀ ਸੀ।
“ਵਹੁਟੀਏ! ਮੈਨੂੰ ਤੇਰੀ ਸਹੁੰ ਲੱਗੇ, ਇਹ ਤਾਂ ਕੱਲ੍ਹ ਰਾਤ ਮੈਂ ਆਪ ਈ ਬਣਾਈਆਂ। ਇੱਦਾਂ ਦੀਆਂ ਪਿੰਨੀਆਂ ਦੁਕਾਨਾਂ ’ਤੇ ਕਿੱਥੋਂ ਮਿਲਦੀਆਂ ਐਂ ਭਲਾ।” ਬਚਿੰਤ ਕੌਰ ਗੱਲਾਂ ਕਰਦੀ ਫੁੱਲੀ ਨਹੀਂ ਸੀ ਸਮਾ ਰਹੀ। ਜਿਉਂ ਜਿਉਂ ਬਚਿੰਤ ਕੌਰ ਖ਼ੁਸ਼ ਹੋਈ ਜਾ ਰਹੀ ਸੀ, ਰਾਜਬੰਤ ਪਿੰਨੀਆਂ ਦੇ ਹੋਰ ਗੁਣ ਗਾਈ ਜਾ ਰਹੀ ਸੀ।
“ਮਾਮੀ ਜੀ! ਇਵੇਂ ਦੀਆਂ ਪਿੰਨੀਆਂ ਬਣਾਉਣ ਦਾ ਫਾਰਮੂਲਾ ਸਾਨੂੰ ਵੀ ਸਮਝਾ ਦਿਓ।” ਰਾਜਬੰਤ ਨੇ ਆਪਣੇ ਹਾਸੇ ਨੂੰ ਜ਼ਿਹਨ ’ਚ ਸਮੇਟਦਿਆਂ ਗੰਭੀਰ ਲਹਿਜੇ ਵਿੱਚ ਆਖਿਆ।
“ਰਾਜਬੰਤ! ਫਾਰਮੂਲਾ ਕਾਹਦਾ, ਇਹ ਤਾਂ ਬੰਦੇ ਦੇ ਹੱਥ ਜਸ ਹੁੰਦੈ। ਜੇ ਤੈਨੂੰ ਮੇਰੀਆਂ ਬਣਾਈਆਂ ਪਿੰਨੀਆਂ ਐਨੀਆਂ ਈ ਸੁਆਦ ਲੱਗਦੀਆਂ, ਤਾਂ ਮੈਂ ਹਰ ਸਾਲ ਚੰਡੀਗੜ੍ਹ ਆ ਕੇ ਥੋਡੇ ਲਈ ਪਿੰਨੀਆਂ ਬਣਾ ਦਿਆ ਕਰੂੰਗੀ। ਮੈਂ ਆਪਣੀ ਭਾਣਜ-ਨੂੰਹ ਲਈ ਐਨਾ ਕੰਮ ਵੀ ਨ੍ਹੀਂ ਕਰ ਸਕਦੀ। ਨਾਲੇ ਬਹਾਨੇ ਨਾਲ ਥੋਨੂੰ ਮਿਲ ਜਾਇਆ ਕਰੂੰਗੀ।” ਬਚਿੰਤ ਕੌਰ ਹੁੱਬ ਕੇ ਬੋਲੀ।
“ਮਾਮੀ ਜੀ! ਅਸੀਂ ਤੁਹਾਨੂੰ ਐਨੀ ਤਕਲੀਫ਼ ਥੋੜ੍ਹੇ ਦੇਣੀ ਆਂ। ਸਿਆਣੀ ਉਮਰ ਵਿੱਚ ਐਡੀ ਦੂਰ ਤੋਂ ਆਉਣਾ ਕਿਹੜਾ ਸੌਖਾ ਹੁੰਦੈ।”
“ਨਹੀਂ ਰਾਜਬੰਤ! ਤਕਲੀਫ਼ ਕਾਹਦੀ? ਭਲਾ ਆਪਣੇ ਬੱਚਿਆਂ ਨੂੰ ਮਿਲਣ ਆਉਣ ਦੀ ਵੀ ਕੋਈ ਤਕਲੀਫ਼ ਹੁੰਦੀ ਆ। ਨਾਲੇ ਤੇਰਾ ਉਲਾਂਭਾ ਲਹਿ ਜਾਇਆ ਕਰੂਗਾ ਕਿ ਮਾਮੀ ਜੀ ਸਾਨੂੰ ਮਿਲਣ ਨ੍ਹੀਂ ਆਉਂਦੇ।”
“ਨਾ, ਮਾਮੀ ਜੀ ਨਾ! ਸਾਡੇ ’ਤੇ ਐਨਾ ਭਾਰ ਨਾ ਚਾੜ੍ਹੋ। ਐਵੇਂ ਆਉਂਦੇ-ਜਾਂਦੇ ਬੱਸਾਂ ਵਿੱਚ ਤੁਹਾਡੇ ਕੋਈ ਸੱਟ ਲੱਗ ਜਾਵੇ, ਫਿਰ ਅਸੀਂ ਆਪਣੇ ਮਾਮੀ ਜੀ ਕਿੱਥੋਂ ਲੱਭਣੇ ਆਂ। ਇਵੇਂ ਨ੍ਹੀਂ ਕਰਨਾ। ਅਸੀਂ ਕੱਚੀਆਂ ਪਿੱਲੀਆਂ ਪਿੰਨੀਆਂ ਆਪ ਈ ਬਣਾ ਲਿਆ ਕਰਾਂਗੇ। ਅਸੀਂ ਬਜ਼ੁਰਗਾਂ ਦੀ ਸੇਵਾ ਕਰਨੀ ਆ ਕਿ ਉਨ੍ਹਾਂ ਨੂੰ ਮੁਸੀਬਤਾਂ ਵਿੱਚ ਪਾਉਣੈ।”
“ਵਹੁਟੀਏ! ਤੂੰ ਕਿੱਦਾਂ ਦੀਆਂ ਗੱਲਾਂ ਕਰਦੀ ਐਂ। ਤੂੰ ਮੇਰਾ ਐਨਾ ਤੇਹ ਕਰਦੀ ਆਂ, ਕਿਆ ਮੈਂ ਥੋਡੇ ਲਈ ਐਨਾ ਵੀ ਕਸ਼ਟ ਨ੍ਹੀਂ ਝੱਲ ਸਕਦੀ। ਜਿਉਂਦੀ ਵਸਦੀ ਰਹੇ ਮੇਰੀ ਭਾਣਜ-ਨੂੰਹ।”
ਬਚਿੰਤ ਕੌਰ ਅੱਜ ਚੰਡੀਗੜ੍ਹ ਆ ਕੇ ਬਾਹਲੀ ਖ਼ੁਸ਼ ਸੀ। ਉਹ ਰਾਜਬੰਤ ਦੀ ਹਰ ਗੱਲ ਦਾ ਜੁਆਬ ਠਾਹ ਦੇਣੀ ਕੱਢ ਮਾਰਦੀ। ਦੋ-ਤਿੰਨ ਘੰਟੇ ਤਾਂ ਗੱਲਾਂ-ਬਾਤਾਂ ਕਰਦਿਆਂ ਉਵੇਂ ਹੀ ਲੰਘ ਗਏ ਸਨ। ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਵੀ ਬਚਿੰਤ ਕੌਰ ਦੀਆਂ ਗੱਲਾਂ ਦੀ ਲੜੀ ਪਹਿਲਾਂ ਵਾਂਗ ਹੀ ਜਾਰੀ ਸੀ। ਚੰਡੀਗੜ੍ਹ ਆਉਣ ਦੇ ਚਾਅ ਕਾਰਨ ਉਸ ਨੂੰ ਦੁਪਹਿਰ ਦੀ ਨੀਂਦਰ ਵੀ ਨਹੀਂ ਸੀ ਪੈ ਰਹੀ। ਦੁਪਹਿਰ ਢਲ਼ ਗਈ ਸੀ ਤੇ ਸ਼ਾਮ ਦੀ ਚਾਹ ਦਾ ਵੇਲਾ ਹੋ ਗਿਆ ਸੀ।
“ਆਹ ਜ਼ਰਾ, ਮਾਮੀ ਜੀ ਨੂੰ ਬੱਸ ਅੱਡੇ ਬੱਸ ਤਾਂ ਚੜ੍ਹਾ ਆਓ। ਵੇਲੇ ਸਿਰ ਘਰ ਤਾਂ ਅੱਪੜ ਜਾਣਗੇ। ਐਵੇਂ ਨਾ ਵਿਚਾਰੇ ਰਾਤ-ਬਰਾਤੇ ਰਸਤੇ ਵਿੱਚ ਹੀ ਖੱਜਲ-ਖੁਆਰ ਹੁੰਦੇ ਫਿਰਨ।” ਚਾਹ ਪੀਣ ਤੋਂ ਬਾਅਦ ਰਾਜਬੰਤ ਨੇ ਗੁਰਪ੍ਰੀਤ ਨੂੰ ਉੱਚੀ ਆਵਾਜ਼ ਮਾਰ ਕੇ ਆਖਿਆ।
“ਵਹੁਟੀਏ! ਮੈਂ ਅੱਜ ਨ੍ਹੀਂ ਵਾਪਸ ਮੁੜਨਾ। ਮੈਂ ਤਾਂ ਹੁਣ ਥੋਡੇ ਕੋਲ ਪੰਜ-ਸੱਤ ਦਿਨ ਰੁਕ ਕੇ ਈ ਜਾਉਂਗੀ। ਰੋਜ਼-ਰੋਜ਼ ਕਿਹੜਾ ਇੱਥੇ ਨੂੰ ਆ ਹੁੰਦਾ। ਮੈਂ ਤਾਂ ਸਾਰੇ ਆਂਢ-ਗੁਆਂਢ ਵੀ ਇਹੋ ਦੱਸ ਕੇ ਆਈ ਆਂ ਕਿ ਭਾਈ ਮੈਂ ਤਾਂ ਅੱਜ ਆਪਣੀ ਭਾਣਜ-ਨੂੰਹ ਕੋਲ ਚੰਡੀਗੜ੍ਹ ਰਹਿਣ ਚੱਲੀ ਆਂ।” ਰਾਜਬੰਤ ਦੀ ਆਵਾਜ਼ ਸੁਣ ਕੇ ਬਚਿੰਤ ਕੌਰ ਝੱਟ ਬੋਲੀ।
“ਮਾਮੀ ਜੀ! ਤੁਸੀਂ ਤਾਂ ਬਹੁਤ ਵੱਡੀ ਗਲਤੀ ਕਰ ਗਏ। ਚੰਡੀਗੜ੍ਹ ਆਉਣ ਤੋਂ ਪਹਿਲਾਂ ਫੋਨ ਤਾਂ ਕਰ ਲੈਂਦੇ। ਅਸੀਂ ਤਾਂ ਅੱਜ ਛੁੱਟੀਆਂ ਕੱਟਣ ਬੱਚਿਆਂ ਨੂੰ ਲੈ ਕੇ ਸ਼ਿਮਲੇ ਚੱਲੇ ਆਂ। ਅਸੀਂ ’ਤੇ ਟਰੇਨ ਦੀਆਂ ਸੀਟਾਂ ਵੀ ਬੁੱਕ ਕਰਾਈਆਂ ਹੋਈਆਂ ਨੇ। ਰਾਤ ਨੂੰ ਗਿਆਰਾਂ ਵਜੇ ਟਰੇਨ ਫੜਨੀ ਆਂ।” ਬਚਿੰਤ ਕੌਰ ਦੀ ਗੱਲ ਸੁਣ ਕੇ ਰਾਜਬੰਤ ਨੇ ਤੁਰੰਤ ਆਖਿਆ।
“ਅੱਛਾ! ਤੁਸੀਂ ਅੱਜ ਸ਼ਿਮਲੇ ਚੱਲੇ ਓ। ਇਹਦੇ ਵਿੱਚ ਕਿਹੜੀ ਚਿੰਤਾ ਵਾਲੀ ਗੱਲ ਆ। ਫਿਰ ਤਾਂ ਮੈਂ ਵੀ ਥੋਡੇ ਨਾਲ ਈ ਘੁੰਮ-ਫਿਰ ਆਉਂਗੀ। ਵਹੁਟੀਏ, ਨਾਲੇ ਤੇਰਾ ਚਿੱਤ ਲੱਗਿਆ ਰਹੂਗਾ। ਥੋਡੇ ਆਸਰੇ ਠੰਢੀ ਹਵਾ ਦੇ ਚਾਰ ਬੁੱਲ੍ਹੇ ਮੈਂ ਵੀ ਲੈ ਆਉਂਗੀ।” ਨਵੀਂ ਉਤਪੰਨ ਹੋਈ ਸਮੱਸਿਆ ਦਾ ਹੱਲ ਬਚਿੰਤ ਕੌਰ ਨੇ ਖ਼ੁਦ ਹੀ ਲੱਭ ਲਿਆ ਸੀ।
“ਮਾਮੀ ਜੀ! ਜੇ ਤੁਹਾਡੇ ਆਉਣ ਬਾਰੇ ਪਹਿਲਾਂ ਪਤਾ ਹੁੰਦਾ ਤਾਂ ਇਵੇਂ ਹੀ ਕਰ ਲੈਂਦੇ, ਪਰ ਅਸੀਂ ਤਾਂ ਹੁਣ ਸੀਟਾਂ ਹੀ ਚਾਰ ਬੁੱਕ ਕਰਾਈਆਂ ਨੇ। ਹੁਣ ’ਤੇ ਹੋਰ ਸੀਟ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।” ਰਾਜਬੰਤ ਦਾ ਦਿੱਤਾ ਸਪੱਸ਼ਟੀਕਰਨ ਸੁਣ ਕੇ ਬਚਿੰਤ ਕੌਰ ਸੋਚਾਂ ਵਿੱਚ ਡੁੱਬ ਗਈ। ਉਸ ਦਾ ਸਾਰਾ ਉਤਸ਼ਾਹ ਕਿਧਰੇ ਅਲੋਪ ਹੋ ਗਿਆ। ਉਸ ਨੂੰ ਇਸ ਨਵੀਂ ਪੈਦਾ ਹੋਈ ਉਲਝਣ ਦਾ ਹੱਲ ਅਸੰਭਵ ਜਾਪ ਰਿਹਾ ਸੀ। ਉਹ ਖੰਭ ਕੁਤਰੇ ਹੋਏ ਪੰਛੀ ਵਾਂਗ ਦੁਬਕ ਕੇ ਬੈਠ ਗਈ। ਉਸ ਦਾ ਹਸੂੰ-ਹਸੂੰ ਕਰਦਾ ਚਿਹਰਾ ਇਕਦਮ ਮੁਰਝਾ ਗਿਆ। ਚਾਣਚੱਕ ਉਪਜੇ ਇਸ ਹਾਲਾਤ ਸਾਹਮਣੇ ਬਚਿੰਤ ਕੌਰ ਦੇ ਹੱਥ ਖੜ੍ਹੇ ਹੋ ਗਏ।
“ਵੇ ਕਾਕਾ ਗੁਰਪ੍ਰੀਤ! ਫਿਰ ਤਾਂ ਮੈਨੂੰ ਛੇਤੀ-ਛੇਤੀ ਬੱਸ ਚੜ੍ਹਾ ਆ। ਮੈਂ ਨ੍ਹੇਰਾ ਕਾਹਨੂੰ ਕਰਨਾ ਐਂ। ਮੈਂ ਕਦੇ ਫੇਰ ਪੰਜ-ਸੱਤ ਦਿਨ ਆ ਕੇ ਰਹਿ ਜਾਉਂਗੀ। ਅੱਜ ਪਿੰਡ ਜਾ ਕੇ ਦੱਸ ਦਊਂ ਭਈ ਚੰਡੀਗੜ੍ਹ ਵਾਲੇ ਤਾਂ ਪਹਿਲਾਂ ਈ ਸ਼ਿਮਲੇ ਨੂੰ ਤੁਰਿਓ ਸੀ।” ਬਚਿੰਤ ਕੌਰ ਦੱਬੀ ਜਈ ਆਵਾਜ਼ ਵਿੱਚ ਬੋਲੀ। ਨ੍ਹੇਰਾ ਹੋ ਜਾਣ ਦੇ ਡਰ ਕਾਰਨ ਬਚਿੰਤ ਕੌਰ ਕਾਹਲੀ-ਕਾਹਲੀ ਕੁਰਸੀ ਤੋਂ ਉੱਠੀ ਤੇ ਪਹਿਲਾਂ ਹੀ ਸਟਾਰਟ ਕੀਤੀ ਹੋਈ ਕਾਰ ਵਿੱਚ ਜਾ ਬੈਠੀ।
“ਵੇਖੋ ਨਾ! ਪੇਂਡੂ ਲੋਕ ਵੀ ਨਿਰੇ ਬੁੱਧੂ ਹੁੰਦੇ ਨੇ। ਇਨ੍ਹਾਂ ਨੂੰ ਸਾਡੀਆਂ ਮਜਬੂਰੀਆਂ ਦਾ ਕੀ ਪਤੈ। ਬੱਚਿਆਂ ਨੇ ਪੜ੍ਹਨਾ ਹੁੰਦੈ। ਸਾਡੀ ਆਪਣੀ ਪ੍ਰਾਈਵੇਟ ਲਾਈਫ ਏ। ਅੱਜਕੱਲ੍ਹ ਦੇ ਯੁੱਗ ਵਿੱਚ ਮਹਿਮਾਨਾਂ ਨੂੰ ਰਾਤ ਰੱਖਣਾ ਕਿੰਨਾ ਮੁਸ਼ਕਿਲ ਏ। ਇੱਕ-ਅੱਧ ਦਿਨ ਤਾਂ ਮੰਨਿਆ, ਮਾਮੀ ਤਾਂ ਸਾਡੇ ਕੋਲ ਹਫ਼ਤੇ ਭਰ ਦਾ ਟੂਰ ਪ੍ਰੋਗਰਾਮ ਬਣਾ ਕੇ ਰਹਿਣ ਲਈ ਆ ਗਈ। ਇਨ੍ਹਾਂ ਲੋਕਾਂ ਨੂੰ ਤਾਂ ਫਾਰਮੈਲਟੀ ਦਾ ਵੀ ਭੋਰਾ ਨਹੀਂ ਪਤਾ। ਜੋ ਕੋਈ ਬੰਦਾ ਆਉਣ ਲਈ ਆਖ ਹੀ ਦਿੰਦਾ ਏ ਤਾਂ ਸੱਚੀ-ਮੁੱਚੀ ਥੋੜ੍ਹੇ ਤੁਰ ਪਈਦੈ। ਵੇਖਿਐ! ਮੇਰਾ ਸ਼ਿਮਲੇ ਜਾਣ ਦਾ ਟੈਕਟ ਕਿੰਨਾ ਸੂਤ ਬੈਠਿਐ।” ਆਪਣੀ ਮਾਮੀ ਨੂੰ ਬੱਸ ਚੜ੍ਹਾ ਕੇ ਪਰਤੇ ਗੁਰਪ੍ਰੀਤ ਨੂੰ ਰਾਜਬੰਤ ਆਖ ਰਹੀ ਸੀ।
“ਪੁੱਤ ਚਿੰਤਾ ਨਾ ਕਰਿਓ। ਮੈਂ ਠੀਕ-ਠਾਕ ਪਿੰਡ ਅੱਪੜ ਗਈ ਆਂ।” ਰਾਤ ਨੌਂ ਕੁ ਵਜੇ ਪਿੰਡ ਪਹੁੰਚ ਕੇ ਬਚਿੰਤ ਕੌਰ ਨੇ ਸਭ ਤੋਂ ਪਹਿਲਾਂ ਐੱਸ.ਟੀ.ਡੀ. ਤੋਂ ਚੰਡੀਗੜ੍ਹ ਨੂੰ ਫੋਨ ਕੀਤਾ।
ਸੰਪਰਕ: 61431696030