For the best experience, open
https://m.punjabitribuneonline.com
on your mobile browser.
Advertisement

ਮਮਤਾ ਨੇ ਵਿਚਾਲੇ ਛੱਡੀ ਨੀਤੀ ਆਯੋਗ ਦੀ ਮੀਟਿੰਗ

07:40 AM Jul 28, 2024 IST
ਮਮਤਾ ਨੇ ਵਿਚਾਲੇ ਛੱਡੀ ਨੀਤੀ ਆਯੋਗ ਦੀ ਮੀਟਿੰਗ
ਨੀਤੀ ਆਯੋਗ ਦੀ ਮੀਟਿੰਗ ’ਚ ਸ਼ਾਮਲ ਮਮਤਾ ਬੈਨਰਜੀ, ਪੁਸ਼ਕਰ ਧਾਮੀ, ਯੋਗੀ ਆਦਿੱਤਿਆਨਾਥ (ਸਾਰੇ ਮੁੱਖ ਮੰਤਰੀ) ਅਤੇ ਹੋਰ ਆਗੂ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 27 ਜੁਲਾਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਨੀਤੀ ਆਯੋਗ ਦੀ ਮੀਟਿੰਗ ਨੂੰ ਵਿਚਾਲੇ ਹੀ ਛੱਡ ਕੇ ਬਾਹਰ ਆ ਗਈ। ਮਮਤਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਭਾਸ਼ਣ ਦੇ ਅੱਧ-ਵਿਚਾਲੇ ਹੀ ਰੋਕ ਦਿੱਤਾ ਗਿਆ ਜਦਕਿ ਉਹ ਮੀਟਿੰਗ ’ਚ ਵਿਰੋਧੀ ਧਿਰ ਵੱਲੋਂ ਇਕਲੌਤੀ ਨੁਮਾਇੰਦਾ ਸੀ। ਉਂਜ ਸਰਕਾਰ ਨੇ ਮਮਤਾ ਦੇ ਦਾਅਵੇ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੂੰ ਭਾਸ਼ਣ ਲਈ ਦਿੱਤਾ ਗਿਆ ਸਮਾਂ ਖ਼ਤਮ ਹੋ ਗਿਆ ਸੀ। ਨੀਤੀ ਆਯੋਗ ਦੀ ਮੀਟਿੰਗ ’ਚ ‘ਇੰਡੀਆ’ ਗੱਠਜੋੜ ਦੇ ਮੁੱਖ ਮੰਤਰੀਆਂ ਐੱਮਕੇ ਸਟਾਲਿਨ (ਤਾਮਿਲਨਾਡੂ), ਪਿਨਰਾਈ ਵਿਜਯਨ (ਕੇਰਲ), ਭਗਵੰਤ ਸਿੰਘ ਮਾਨ (ਪੰਜਾਬ), ਸਿਧਾਰਮੱਈਆ (ਕਰਨਾਟਕ), ਸੁਖਵਿੰਦਰ ਸਿੰਘ ਸੁੱਖੂ (ਹਿਮਾਚਲ ਪ੍ਰਦੇਸ਼), ਰੇਵੰਤ ਰੈੱਡੀ (ਤਿਲੰਗਾਨਾ) ਅਤੇ ਹੇਮੰਤ ਸੋਰੇਨ (ਝਾਰਖੰਡ) ਨੇ ਹਿੱਸਾ ਨਹੀਂ ਲਿਆ। ਵਿਰੋਧੀ ਧਿਰਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਸੂਬਿਆਂ ਨੂੰ ਬਜਟ ’ਚ ਅਣਗੌਲਿਆ ਕੀਤਾ ਗਿਆ ਹੈ।
ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਕਿਹਾ ਕਿ ਜਦੋਂ ਉਹ ਮੀਟਿੰਗ ਨੂੰ ਸੰਬੋਧਨ ਕਰ ਰਹੀ ਸੀ ਤਾਂ ਪੰਜ ਮਿੰਟ ਬਾਅਦ ਹੀ ਉਸ ਦਾ ਮਾਈਕਰੋਫੋਨ ਬੰਦ ਕਰ ਦਿੱਤਾ ਗਿਆ ਜਦਕਿ ਹੋਰ ਮੁੱਖ ਮੰਤਰੀਆਂ ਨੂੰ ਲੰਮੇ ਸਮੇਂ ਲਈ ਬੋਲਣ ਦੀ ਇਜਾਜ਼ਤ ਦਿੱਤੀ ਗਈ ਸੀ। ਮੀਟਿੰਗ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਇਹ ਅਪਮਾਨਜਨਕ ਹੈ। ਮੈਂ ਅੱਗੇ ਤੋਂ ਕਿਸੇ ਵੀ ਮੀਟਿੰਗ ’ਚ ਸ਼ਾਮਲ ਨਹੀਂ ਹੋਵਾਂਗੀ। ਮੈਂ ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਆਈ ਹਾਂ। ਚੰਦਰਬਾਬੂ ਨਾਇਡੂ (ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ) ਨੂੰ ਬੋਲਣ ਲਈ 20 ਮਿੰਟ ਦਿੱਤੇ ਗਏ। ਅਸਾਮ, ਗੋਆ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ 10 ਤੋਂ 12 ਮਿੰਟ ਤੱਕ ਬੋਲੇ। ਮੈਨੂੰ ਸਿਰਫ਼ ਪੰਜ ਮਿੰਟ ਬਾਅਦ ਹੀ ਬੋਲਣ ਤੋਂ ਰੋਕ ਦਿੱਤਾ ਗਿਆ।’’ ਉਨ੍ਹਾਂ ਕਿਹਾ ਕਿ ਇਹ ਠੀਕ ਨਹੀਂ ਹੈ ਕਿਉਂਕਿ ਉਹ ਵਿਰੋਧੀ ਧਿਰ ਤੋਂ ਇਕੱਲੀ ਆਗੂ ਸੀ ਜੋ ਮੀਟਿੰਗ ’ਚ ਹਾਜ਼ਰ ਹੋਈ ਸੀ। ‘ਮੈਂ ਮੀਟਿੰਗ ’ਚ ਇਸ ਕਰਕੇ ਹਾਜ਼ਰੀ ਭਰੀ ਸੀ ਤਾਂ ਜੋ ਸਹਿਕਾਰੀ ਸੰਘਵਾਦ ਮਜ਼ਬੂਤ ਹੋ ਸਕੇ।’ ਉਂਜ ਪੀਆਈਬੀ ਫੈਕਟਚੈੱਕ ਨੇ ‘ਐਕਸ’ ’ਤੇ ਪੋਸਟ ’ਚ ਕਿਹਾ ਕਿ ਇਹ ਆਖਣਾ ‘ਗੁੰਮਰਾਹਕੁਨ’ ਹੈ ਕਿ ਮਮਤਾ ਬੈਨਰਜੀ ਦਾ ਮਾਈਕਰੋਫੋਨ ਬੰਦ ਕਰ ਦਿੱਤਾ ਗਿਆ ਸੀ। ਇਸ ’ਚ ਕਿਹਾ ਗਿਆ ਕਿ ਘੜੀ ’ਚ ਦਰਸਾਇਆ ਗਿਆ ਹੈ ਕਿ ਉਨ੍ਹਾਂ ਦੇ ਬੋਲਣ ਦਾ ਸਮਾਂ ਖ਼ਤਮ ਹੋ ਗਿਆ ਹੈ। ਸੂਤਰਾਂ ਨੇ ਕਿਹਾ ਕਿ ਵਰਣਮਾਲਾ ਮੁਤਾਬਕ ਮਮਤਾ ਬੈਨਰਜੀ ਦੇ ਬੋਲਣ ਦੀ ਵਾਰੀ ਦੁਪਹਿਰ ਦੇ ਭੋਜਨ ਤੋਂ ਬਾਅਦ ਆਉਣੀ ਸੀ ਪਰ ਪੱਛਮੀ ਬੰਗਾਲ ਸਰਕਾਰ ਦੇ ਅਧਿਕਾਰੀ ਦੀ ਬੇਨਤੀ ’ਤੇ ਉਨ੍ਹਾਂ ਨੂੰ ਸੱਤਵੇਂ ਨੰਬਰ ’ਤੇ ਬੋਲਣ ਦਾ ਮੌਕਾ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਕੋਲਕਾਤਾ ਛੇਤੀ ਪਰਤਣਾ ਸੀ।


ਨੀਤੀ ਆਯੋਗ ਦੀ ਮੀਿਟੰਗ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੀ ਹੋਈ ਮਮਤਾ ਬੈਨਰਜੀ। -ਫੋਟੋ: ਪੀਟੀਆਈ

ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਮੀਟਿੰਗ ਦੌਰਾਨ ਇਸ ਗੱਲ ਦਾ ਜ਼ਿਕਰ ਕੀਤਾ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਸਿਆਸੀ-ਪੱਖਪਾਤੀ ਬਜਟ ਪੇਸ਼ ਕੀਤਾ ਹੈ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਹੋਰ ਸੂਬਿਆਂ ਨਾਲ ਬਜਟ ’ਚ ਵਿਤਕਰਾ ਕਿਉਂ ਕੀਤਾ ਗਿਆ। ਟੀਐੱਮਸੀ ਸੁਪਰੀਮੋ ਨੇ ਕਿਹਾ, ‘‘ਕੇਂਦਰ ਵੱਖ ਵੱਖ ਸੂਬਿਆਂ ਵੱਲ ਢੁੱਕਵਾਂ ਧਿਆਨ ਨਹੀਂ ਦੇ ਰਿਹਾ ਹੈ। ਕੁਝ ਸੂਬਿਆਂ ਵੱਲ ਵਿਸ਼ੇਸ਼ ਧਿਆਨ ਦੇਣ ’ਤੇ ਮੈਨੂੰ ਕੋਈ ਸਮੱਸਿਆ ਨਹੀਂ ਹੈ ਪਰ ਮੈਂ ਪੁੱਛਿਆ ਸੀ ਕਿ ਉਹ ਹੋਰ ਸੂਬਿਆਂ ਨਾਲ ਵਿਤਕਰਾ ਕਿਉਂ ਕਰ ਰਹੇ ਹਨ। ਇਸ ਦੀ ਨਜ਼ਰਸਾਨੀ ਕੀਤੀ ਜਾਣੀ ਚਾਹੀਦੀ ਹੈ। ਮੈਂ ਸਾਰੇ ਸੂਬਿਆਂ ਲਈ ਗੱਲ ਕਰ ਰਹੀ ਹਾਂ। ਮੈਂ ਇਹ ਗੱਲ ਵੀ ਆਖੀ ਕਿ ਅਸੀਂ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਹਾਂ ਜਦਕਿ ਉਹ ਤਾਂ ਸਿਰਫ਼ ਸੇਧਾਂ ਹੀ ਦੇ ਰਹੇ ਹਨ।’’
ਮਮਤਾ ਨੇ ਕਿਹਾ ਕਿ ਨੀਤੀ ਆਯੋਗ ਕੋਲ ਕੋਈ ਵਿੱਤੀ ਤਾਕਤਾਂ ਨਹੀਂ ਹਨ ਅਤੇ ਜਾਂ ਤਾਂ ਉਸ ਨੂੰ ਉਹ ਤਾਕਤਾਂ ਦਿੱਤੀਆਂ ਜਾਣ ਜਾਂ ਫਿਰ ਪਲਾਨਿੰਗ ਕਮਿਸ਼ਨ ਬਹਾਲ ਕੀਤਾ ਜਾਣਾ ਚਾਹੀਦਾ ਹੈ। ‘ਮੈਂ ਇਹ ਵੀ ਕਿਹਾ ਕਿ ਮਗਨਰੇਗਾ ਅਤੇ ਆਵਾਸ ਯੋਜਨਾ ਦੇ ਪੱਛਮੀ ਬੰਗਾਲ ਲਈ ਤਿੰਨ ਸਾਲਾਂ ਤੋਂ ਫੰਡ ਕਿਉਂ ਰੋਕੇ ਗਏ ਹਨ। ਜੇ ਉਹ ਆਪਣੀ ਪਾਰਟੀ ਅਤੇ ਹੋਰਾਂ ਵਿਚਕਾਰ ਇੰਜ ਵਿਤਕਰਾ ਕਰਨਗੇ ਤਾਂ ਫਿਰ ਦੇਸ਼ ਕਿਵੇਂ ਚੱਲੇਗਾ। ਜਦੋਂ ਉਹ ਸੱਤਾ ’ਚ ਹਨ ਤਾਂ ਉਨ੍ਹਾਂ ਨੂੰ ਸਾਰਿਆਂ ਦਾ ਧਿਆਨ ਰਖਣਾ ਚਾਹੀਦਾ ਹੈ।’ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਪੱਛਮੀ ਬੰਗਾਲ ਦੀ ਆਪਣੀ ਹਮਰੁਤਬਾ ਦੀ ਹਮਾਇਤ ’ਤੇ ਆਉਂਦਿਆਂ ‘ਐਕਸ’ ’ਤੇ ਸਵਾਲ ਕੀਤੇ, ‘‘ਕੀ ਇਹ ਸਹਿਕਾਰੀ ਸੰਘਵਾਦ ਹੈ। ਕੀ ਮੁੱਖ ਮੰਤਰੀ ਨਾਲ ਅਜਿਹਾ ਵਤੀਰਾ ਆਪਣਾਉਣਾ ਸਹੀ ਹੈ? ਕੇਂਦਰ ਦੀ ਭਾਜਪਾ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਵਿਰੋਧੀ ਧਿਰਾਂ ਸਾਡੇ ਲੋਕਤੰਤਰ ਦਾ ਅਟੁੱਟ ਹਿੱਸਾ ਹਨ ਅਤੇ ਉਨ੍ਹਾਂ ਨੂੰ ਚੁੱਪ ਕਰਾਉਣ ਲਈ ਦੁਸ਼ਮਣਾਂ ਵਾਂਗ ਵਿਹਾਰ ਨਹੀਂ ਅਪਣਾਉਣਾ ਚਾਹੀਦਾ ਹੈ।’’ ਸਟਾਲਿਨ ਨੇ ਕਿਹਾ ਕਿ ਸਹਿਕਾਰੀ ਸੰਘਵਾਦ ’ਚ ਸਾਰੀਆਂ ਧਿਰਾਂ ਨਾਲ ਵਾਰਤਾ ਅਤੇ ਸਨਮਾਨ ਦੀ ਲੋੜ ਹੁੰਦੀ ਹੈ। -ਪੀਟੀਆਈ

Advertisement

ਵਿਕਸਤ ਭਾਰਤ ਦੇ ਟੀਚੇ ਲਈ ਸੂਬਿਆਂ ਦੀ ਭੂਮਿਕਾ ਅਹਿਮ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਲ 2047 ਤੱਕ ਵਿਕਸਤ ਭਾਰਤ ਬਣਾਉਣਾ ਹਰੇਕ ਭਾਰਤੀ ਦੀ ਖਾਹਿਸ਼ ਹੈ ਅਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਸੂਬੇ ਸਰਗਰਮ ਭੂਮਿਕਾ ਨਿਭਾਅ ਸਕਦੇ ਹਨ ਕਿਉਂਕਿ ਉਹ ਲੋਕਾਂ ਨਾਲ ਸਿੱਧੇ ਤੌਰ ’ਤੇ ਜੁੜੇ ਹੁੰਦੇ ਹਨ। ਇਥੇ ਨੀਤੀ ਆਯੋਗ ਦੀ 9ਵੀਂ ਗਰਵਨਿੰਗ ਕੌਂਸਲ ਮੀਟਿੰਗ ਦੀ ਅਗਵਾਈ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਦਹਾਕਾ ਤਕਨਾਲੋਜੀ ਅਤੇ ਭੂ-ਸਿਆਸੀ ਬਦਲਾਅ ਦਾ ਹੈ। ਇਸ ਦੇ ਨਾਲ ਇਹ ਮੌਕਿਆਂ ਦਾ ਵੀ ਦਹਾਕਾ ਹੈ। ਉਨ੍ਹਾਂ ਕਿਹਾ ਕਿ ਮੁਲਕ ਨੂੰ ਇਹ ਮੌਕੇ ਭੁਨਾਉਣੇ ਚਾਹੀਦੇ ਹਨ ਅਤੇ ਨੀਤੀਆਂ ਕੌਮਾਂਤਰੀ ਨਿਵੇਸ਼ ਪੱਖੀ ਹੋਣੀਆਂ ਚਾਹੀਦੀਆਂ ਹਨ। ਮੋਦੀ ਨੇ ਕਿਹਾ ਕਿ ਭਾਰਤ ਨੂੰ ਵਿਕਸਤ ਮੁਲਕ ਬਣਾਉਣ ਵੱਲ ਇਹ ਮੁੱਢਲਾ ਕਦਮ ਹੋਵੇਗਾ। -ਪੀਟੀਆਈ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨਾਲ ਕੀਤਾ ਗਿਆ ਵਿਹਾਰ ਪ੍ਰਵਾਨ ਨਹੀਂ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਕਿਹਾ ਹੈ ਕਿ ਨੀਤੀ ਆਯੋਗ ਦੀ ਮੀਟਿੰਗ ’ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਕੀਤਾ ਗਿਆ ਵਿਹਾਰ ਮਨਜ਼ੂਰ ਨਹੀਂ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਨੀਤੀ ਆਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਹਮਾਇਤੀ’ ਵਜੋਂ ਕੰਮ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੇ ਸ਼ਾਸਨ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਇਸ ਮੀਟਿੰਗ ਦਾ ਬਾਈਕਾਟ ਕੀਤਾ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਨੀਤੀ ਆਯੋਗ ਦੀ ਸਥਾਪਨਾ 10 ਸਾਲ ਪਹਿਲਾਂ ਕੀਤੀ ਗਈ ਸੀ ਅਤੇ ਇਹ ਪ੍ਰਧਾਨ ਮੰਤਰੀ ਦਫ਼ਤਰ ਨਾਲ ਜੁੜਿਆ ਹੋਇਆ ਹੈ। ‘ਨੀਤੀ ਆਯੋਗ ਗ਼ੈਰ-ਜੈਵਿਕ ਪ੍ਰਧਾਨ ਮੰਤਰੀ ਦੇ ਹਮਾਇਤੀ ਵਜੋਂ ਕੰਮ ਕਰ ਰਿਹਾ ਹੈ।’ -ਪੀਟੀਆਈ

ਮਮਤਾ ਬੈਨਰਜੀ ਦਾ ਵਾਕਆਊਟ ਸੋਚੀ-ਸਮਝੀ ਰਣਨੀਤੀ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵੱਲੋਂ ਨੀਤੀ ਆਯੋਗ ਦੀ ਮੀਟਿੰਗ ’ਚੋਂ ਵਾਕਆਊਟ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਸੀ ਤਾਂ ਜੋ ਸੁਰਖੀਆਂ ਬਟੋਰੀਆਂ ਜਾ ਸਕਣ। ਭਾਜਪਾ ਜਨਰਲ ਸਕੱਤਰ ਬੀਐੱਲ ਸੰਤੋਸ਼ ਨੇ ਕਿਹਾ ਕਿ ਮੀਟਿੰਗ ਅੱਧ-ਵਿਚਾਲੇ ਛੱਡ ਕੇ ਬਾਹਰ ਆਉਣ ’ਤੇ ਇਹ ਆਖਣਾ ਕਿ ਉਹ ਮੀਟਿੰਗ ’ਚ ਵਿਰੋਧੀ ਧਿਰ ਦੀ ਇਕਲੌਤੀ ਮੁੱਖ ਮੰਤਰੀ ਸੀ ਅਤੇ ਮਾਈਕ ਬੰਦ ਕੀਤੇ ਜਾਣ ਕਰਕੇ ਉਨ੍ਹਾਂ ਮੀਟਿੰਗ ਦਾ ਬਾਈਕਾਟ ਕੀਤਾ ਹੈ ਤਾਂ ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਸੁਰਖੀਆਂ ’ਚ ਰਹਿਣ ਲਈ ਇੰਜ ਕੀਤਾ। ਭਾਜਪਾ ਦੇ ਆਈਟੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਦੋਸ਼ ਲਾਇਆ ਕਿ ਮਮਤਾ ਵੱਲੋਂ ਮੀਟਿੰਗ ’ਚੋਂ ਵਾਕਆਊਟ ਸੋਚੀ-ਸਮਝੀ ਰਣਨੀਤੀ ਸੀ। -ਪੀਟੀਆਈ

ਿਵਧਾਨ ਸਭਾ ਇਜਲਾਸ ਹੋਣ ਕਰਕੇ ਿਨਤੀਸ਼ ਮੀਿਟੰਗ ’ਚੋਂ ਰਹੇ ਗੈ਼ਰਹਾਜ਼ਰ: ਸੁਬਰਾਮਨੀਅਮ

ਨਵੀਂ ਦਿੱਲੀ: ਨੀਤੀ ਆਯੋਗ ਦੇ ਸੀਈਓ ਬੀਵੀਆਰ ਸੁਬਰਾਮਨੀਅਮ ਨੇ ਕਿਹਾ ਕਿ 10 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਆਯੋਗ ਦੀ 9ਵੀਂ ਗਵਰਨਿੰਗ ਕੌਂਸਲ ਮੀਟਿੰਗ ’ਚ ਹਿੱਸਾ ਨਹੀਂ ਲਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀਆਂ ਅਤੇ ਲੈਫ਼ਟੀਨੈਂਟ ਗਵਰਨਰਾਂ ਸਮੇਤ 26 ਆਗੂਆਂ ਨੇ ਮੀਟਿੰਗ ’ਚ ਹਿੱਸਾ ਲਿਆ। ਉਧਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਮੀਟਿੰਗ ’ਚੋਂ ਗ਼ੈਰ-ਹਾਜ਼ਰ ਰਹਿਣ ਬਾਰੇ ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਇਜਲਾਸ ’ਚ ਰੁੱਝੇ ਹੋਣ ਕਾਰਨ ਦਿੱਲੀ ਨਹੀਂ ਆ ਸਕੇ। ਗ਼ੈਰ-ਹਾਜ਼ਰ ਰਹਿਣ ਵਾਲੇ ਸੂਬਿਆਂ ’ਚ ਕੇਰਲ, ਤਾਮਿਲਨਾਡੂ, ਕਰਨਾਟਕ, ਤਿਲੰਗਾਨਾ, ਬਿਹਾਰ, ਦਿੱਲੀ, ਪੰਜਾਬ, ਹਿਮਾਚਲ ਪ੍ਰਦੇਸ਼, ਝਾਰਖੰਡ ਅਤੇ ਪੁੱਡੂਚੇਰੀ ਸ਼ਾਮਲ ਸਨ। ‘ਜੇ ਉਨ੍ਹਾਂ ਨੇ ਮੀਟਿੰਗ ’ਚ ਹਿੱਸਾ ਨਹੀਂ ਲਿਆ ਹੈ ਤਾਂ ਇਹ ਸੂਬਿਆਂ ਦਾ ਨੁਕਸਾਨ ਹੈ।’ ਮੀਟਿੰਗ ’ਚੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਉੱਠ ਕੇ ਬਾਹਰ ਆਉਣ ਬਾਰੇ ਸੁਰਾਮਨੀਅਮ ਨੇ ਕਿਹਾ ਕਿ ਦੁਪਹਿਰ ਦੇ ਭੋਜਨ ਤੋਂ ਪਹਿਲਾਂ ਉਨ੍ਹਾਂ ਦੇ ਭਾਸ਼ਣ ਦੀ ਗੱਲ ਮੰਨ ਲਈ ਗਈ ਸੀ। ਨੀਤੀ ਆਯੋਗ ਦੇ ਸੀਈਓ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਭਾਸ਼ਣ ਦਾ ਸਮਾਂ ਖ਼ਤਮ ਹੋ ਗਿਆ ਤਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਿਰਫ਼ ਮਾਈਕ ’ਤੇ ਹੱਥ ਮਾਰਿਆ ਸੀ ਅਤੇ ਮਮਤਾ ਨੇ ਭਾਸ਼ਣ ਵਿਚਾਲੇ ਹੀ ਰੋਕ ਦਿੱਤਾ ਤੇ ਉਹ ਮੀਟਿੰਗ ’ਚੋਂ ਬਾਹਰ ਚਲੀ ਗਈ। ਉਂਜ ਮੀਟਿੰਗ ’ਚ ਪੱਛਮੀ ਬੰਗਾਲ ਦੇ ਅਧਿਕਾਰੀ ਹਾਜ਼ਰ ਰਹੇ। -ਪੀਟੀਆਈ

Advertisement
Author Image

sukhwinder singh

View all posts

Advertisement