ਮਮਤਾ ਵੱਲੋਂ ਰੇਲ ਹਾਦਸੇ ’ਚ ਮ੍ਰਿਤਕਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਦਾ ਐਲਾਨ
ਕੋਲਕਾਤਾ, 5 ਜੂਨ
ਮੁੱਖ ਅੰਸ਼
- ਜ਼ਖ਼ਮੀਆਂ ਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਭਲਕੇ ਸੌਂਪੇ ਜਾਣਗੇ ਮੁਆਵਜ਼ੇ ਦੇ ਚੈੱਕ ਅਤੇ ਨਿਯੁਕਤੀ ਪੱਤਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਇਥੇ ਐਲਾਨ ਕੀਤਾ ਹੈ ਕਿ ਬਾਲਾਸੌਰ ਰੇਲ ਹਾਦਸੇ ਵਿੱਚ ਮਰਨ ਵਾਲੇ ਯਾਤਰੀਆਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਇਸ ਹਾਦਸੇ ਵਿੱਚ ਆਪਣੇ ਅੰਗ ਗਵਾਉਣ ਵਾਲਿਆਂ ਦੇ ਬੱਚਿਆਂ ਨੂੰ ਵੀ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ। ਇਸ ਮੌਕੇ ਮਾਨਸਿਕ ਸਦਮੇ ਦੇ ਸ਼ਿਕਾਰ ਕੋਰੋਮੰਡਲ ਐਕਸਪ੍ਰੈੱਸ ਦੇ ਯਾਤਰੀਆਂ ਨੂੰ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਗਿਆ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਉਹ ਭਲਕੇ ਮੰਗਲਵਾਰ ਨੂੰ ਭੁਬਨੇਸ਼ਵਰ ਅਤੇ ਕਟਕ ਸਥਿਤ ਹਸਪਤਾਲਾਂ ਵਿੱਚ ਦਾਖਲ ਜ਼ਖ਼ਮੀਆਂ ਨਾਲ ਮੁਲਾਕਾਤ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਕੁਝ ਮੰਤਰੀ ਤੇ ਉੱਚ ਅਧਿਕਾਰੀ ਵੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਵੇਲੇ ਪੱਛਮੀ ਬੰਗਾਲ ਦੇ ਕੁਲ 206 ਜ਼ਖ਼ਮੀ ਯਾਤਰੀ ਉੜੀਸਾ ਦੇ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ, ਜਿਨ੍ਹਾਂ ਵਿੱਚੋਂ 33 ਦੀ ਹਾਲਤ ਗੰਭੀਰ ਹੈ।
ਸ੍ਰੀਮਤੀ ਬੈਨਰਜੀ ਨੇ ਕਿਹਾ ਕਿ ਉਹ ਇਸ ਹਾਦਸੇ ਬਾਰੇ ਕਿਸੇ ਕਿਸਮ ਦੀ ਸਿਆਸਤ ਵਿੱਚ ਨਹੀਂ ਪੈਣਾ ਚਾਹੁੰਦੇ, ਸਗੋਂ ਹਾਦਸੇ ਦੇ ਜ਼ਖ਼ਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਹਰ ਲੋੜੀਂਦਾ ਕਦਮ ਚੁੱਕਣਾ ਚਾਹੁੰਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਵੱਲੋਂ ਬੁੱਧਵਾਰ ਨੂੰ ਇਸ ਹਾਦਸੇ ‘ਚ ਮਾਰੇ ਗਏ ਯਾਤਰੀਆਂ ਦੇ ਵਾਰਸਾਂ ਨੂੰ ਮੁਆਵਜ਼ੇ ਦੇ ਚੈੱਕ ਅਤੇ ਨਿਯੁਕਤੀ ਪੱਤਰ ਸੌਂਪਣਗੇ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਹਾਦਸੇ ਦੇ ਪੀੜਤਾਂ ਦੀ ਦੇਖ-ਭਾਲ ਦਾ ਕੰਮ ਆਪਣੀ ਨਿਗਰਾਨੀ ਹੇਠ ਕਰਵਾਉਣ ਲਈ ਅੱਜ ਦਾਰਜੀਲਿੰਗ ਦਾ ਆਪਣਾ ਚਾਰ ਰੋਜ਼ਾ ਦੌਰਾ ਰੱਦ ਕਰ ਦਿੱਤਾ ਹੈ। -ਪੀਟੀਆਈ