ਬੁਨਿਆਦੀ ਸਹੂਲਤਾਂ ਤੋਂ ਸੱਖਣਾ ਮਲੌਦ ਦਾ ਕਮਿਊਨਟੀ ਸੈਂਟਰ
ਦੇਵਿੰਦਰ ਸਿੰਘ ਜੱਗੀ
ਪਾਇਲ, 12 ਜੂਨ
ਨਗਰ ਪੰਚਾਇਤ ਮਲੌਦ ਵੱਲੋਂ ਸਾਲ 2005 ਵਿੱਚ ਬੱਸ ਅੱਡਾ ਮਲੌਦ ਨੇੜੇ ਬਣਿਆ ਕਮਿਊਨਟੀ ਸੈਂਟਰ ਅਜੋਕੇ ਸਮੇਂ ਵਿੱਚ ਲੋੜੀਂਦੀਆਂ ਸਹੂਲਤਾਂ ਤੋਂ ਵਾਂਝਾ ਹੈ। ਪਿੰਡ ਰੋੜੀਆਂ, ਸੋਮਲ ਖੇੜੀ ਅਤੇ ਮਲੌਦ ਦੇ ਲੋਕਾਂ ਨੂੰ ਖੁਸ਼ੀ ਗਮੀ ਦੇ ਸਮਾਗਮ ਕਰਨ ਦੀ ਸਹੂਲਤ ਦੇਣ ਵਾਲਾ ਇਹ ਕੇਂਦਰ ਹੁਣ ਖਸਤਾ ਹਾਲਤ ’ਚ ਹੈ। ਕਰੀਬ 19 ਸਾਲ ਪਹਿਲਾਂ ਬਣੀ ਕਮਿਊਨਟੀ ਸੈਂਟਰ ਦੀ ਇਮਾਰਤ ਦੀ ਮੁਰੰਮਤ ਨਾ ਹੋਣ ਕਾਰਨ ਅਤੇ ਕੰਧਾਂ ਛੋਟੀਆਂ ਹੋਣ ਕਰਕੇ ਸ਼ਰਾਰਤੀ ਅਨਸਰਾਂ ਵਲੋਂ ਅੰਦਰ ਦਾਖਲ ਹੋ ਕੇ ਨੁਕਸਾਨ ਕੀਤਾ ਜਾਂਦਾ ਹੈ। ਇਸ ਸਮੇਂ ਕਮਿਊਨਿਟੀ ਸੈਂਟਰ ਦੇ ਗੇਟ, ਟਾਕੀਆਂ, ਪੱਖੇ, ਲਾਈਟਾਂ ਅਤੇ ਫਰਸ਼ ਦੀ ਹਾਲਤ ਖਸਤਾ ਹੋ ਚੁੱਕੀ ਹੈ। ਜੇਕਰ ਇਸ ਕਮਿਊਨਟੀ ਸੈਂਟਰ ਦੀ ਖਸਤਾ ਹੋ ਰਹੀ ਹਾਲਤ ਨੂੰ ਸੁਧਾਰ ਕੇ ਸਮੇਂ ਦੇ ਨਾਲ-ਨਾਲ ਡਾਊਨ ਸੀਲਿੰਗ, ਸਾਊਂਡ ਸਿਸਟਮ ਅਤੇ ਦਰਵਾਜ਼ੇ-ਬਾਰੀਆਂ ਦੀ ਮੁਰੰਮਤ ਕਰ ਦਿੱਤੀ ਜਾਵੇ ਤਾਂ ਆਲੇ-ਦੁਆਲੇ ਦੇ ਪਿੰਡਾਂ ਨੂੰ ਵੱਡੀ ਸਹੂਲਤ ਮਿਲ ਜਾਵੇਗੀ। ਕਮਿਊਨਿਟੀ ਸੈਂਟਰ ਵਿੱਚ ਰਸੋਈ, ਸਟੇਜ, 2 ਕਮਰੇ ਅਤੇ ਹੋਰ ਪਖਾਨੇ ਬਣਾਏ ਜਾਣ ਤਾਂ ਇੱਥੇ ਵਾਜਬ ਕੀਮਤ ’ਤੇ ਲੋਕ ਆਪਣੇ ਪ੍ਰੋਗਰਾਮ ਕਰ ਸਕਣਗੇ। ਉੱਥੇ ਆਰਥਿਕ ਤੰਗੀ ਦੀ ਸ਼ਿਕਾਰ ਹੋਈ ਨਗਰ ਪੰਚਾਇਤ ਨੂੰ ਵੀ ਮੁਨਾਫਾ ਹੋਵੇਗਾ। 31 ਦਸੰਬਰ 2022 ਨੂੰ ਖਤਮ ਹੋ ਚੁੱਕੀ ਨਗਰ ਪੰਚਾਇਤ ਦੀਆਂ ਚੋਣਾਂ ਵੀ ਕੁਝ ਸਮੇਂ ਵਿੱਚ ਹੋਣ ਦੀ ਸੰਭਾਵਨਾ ਹੈ ਅਤੇ ਕਮਿਊਨਟੀ ਸੈਂਟਰ ਦੀ ਹਾਲਤ ਦਾ ਸੁਧਾਰ ਇੱਥੋਂ ਦੇ ਲੋਕਾਂ ਦੀ ਮੁੱਖ ਮੰਗ ਅਤੇ ਲੋੜ ਵੀ ਹੈ, ਇਸ ਲਈ ਇਹ ਚੋਣ ਮੁੱਦਾ ਵੀ ਬਣ ਸਕਦਾ ਹੈ। ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸ਼ਹਿਰ ਵਾਸੀਆਂ ਦੀ ਇਸ ਮੰਗ ਨੂੰ ਪੂਰਾ ਕਰਵਾ ਸਕਦੇ ਹਨ ਕਿਉਂਕਿ ਸ਼ਹਿਰ ਹੀ ਨਹੀਂ ਪੰਜਾਬ ਵਿੱਚ ਸਰਕਾਰ ਵੀ ਉਨ੍ਹਾਂ ਦੀ ਪਾਰਟੀ ਦੀ ਹੀ ਹੈ।