For the best experience, open
https://m.punjabitribuneonline.com
on your mobile browser.
Advertisement

ਬੱਚਿਆਂ ਦੀ ਖ਼ੁਰਾਕੀ ਘਾਟ

08:20 AM Jun 08, 2024 IST
ਬੱਚਿਆਂ ਦੀ ਖ਼ੁਰਾਕੀ ਘਾਟ
Advertisement

ਸੰਯੁਕਤ ਰਾਸ਼ਟਰ ਦੀ ਵੱਕਾਰੀ ਸੰਸਥਾ ਯੂਨੀਸੈੱਫ ਦੀ ਹਾਲੀਆ ਰਿਪੋਰਟ ਵਿੱਚ ਇੱਕ ਤਲਖ਼ ਹਕੀਕਤ ਬਿਆਨ ਕੀਤੀ ਗਈ ਹੈ ਕਿ ਦੁਨੀਆ ਭਰ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ 18 ਕਰੋੜ ਬੱਚਿਆਂ ਨੂੰ ਖ਼ੁਰਾਕ ਦੀ ਗੰਭੀਰ ਕਿੱਲਤ ਵਿੱਚ ਰਹਿਣਾ ਪੈ ਰਿਹਾ ਹੈ। ਇਸ ਦਾ ਮਤਲਬ ਹੈ ਕਿ ਇਹ ਗੰਭੀਰ ਸੰਕਟ ਇਸ ਵਰਗ ਦੇ ਹਰੇਕ ਚੌਥੇ ਬੱਚੇ ਨੂੰ ਅਸਰਅੰਦਾਜ਼ ਕਰ ਰਿਹਾ ਹੈ। ਇਹ ਅੰਕੜੇ ਧਿਆਨ ਦਿਵਾਉਂਦੇ ਹਨ ਕਿ ਲੋਕਾਂ ਲਈ ਕੁਪੋਸ਼ਣ ਨੂੰ ਮੁਖ਼ਾਤਿਬ ਹੋਣ ਦੇ ਬੱਝਵੇਂ ਯਤਨ ਕਰਨ ਦੀ ਲੋੜ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਵਾਲੀਆਂ ਪੀੜ੍ਹੀਆਂ ਦੀ ਬਿਹਤਰੀ ਯਕੀਨੀ ਬਣਾਈ ਜਾ ਸਕੇ। ਹਾਲਾਂਕਿ ਭਾਰਤ ਦੁਨੀਆ ਦੇ ਵਿਕਸਤ ਅਰਥਚਾਰਿਆਂ ਵਿੱਚ ਸ਼ੁਮਾਰ ਹੋਣ ਲਈ ਪੇਸ਼ਕਦਮੀ ਕਰ ਰਿਹਾ ਹੈ ਪਰ ਇਹ ਰਿਪੋਰਟ ਸਾਨੂੰ ਚੇਤੇ ਕਰਾਉਂਦੀ ਹੈ ਕਿ ਇਹ ਦੁਨੀਆ ਦੇ ਉਨ੍ਹਾਂ 20 ਦੇਸ਼ਾਂ ਵਿੱਚ ਸ਼ੁਮਾਰ ਹੈ ਜਿੱਥੇ 65 ਫ਼ੀਸਦੀ ਬੱਚੇ ਖਾਧ ਖ਼ੁਰਾਕ ਦੀ ਗੰਭੀਰ ਕਮੀ ਨਾਲ ਜੂਝ ਰਹੇ ਹਨ। ਯੂਨੀਸੈੱਫ ਦੀਆਂ ਸੇਧਾਂ ਇਸ ਗੱਲ ’ਤੇ ਜ਼ੋਰ ਦਿੰਦੀਆਂ ਹਨ ਕਿ ਅੱਠ ਖ਼ੁਰਾਕ ਸਮੂਹਾਂ ’ਚੋਂ ਘੱਟੋ-ਘੱਟ ਪੰਜ ਖ਼ੁਰਾਕੀ ਸਮੂਹ ਬੱਚਿਆਂ ਦੀ ਰੋਜ਼ਾਨਾ ਖਾਧ ਖ਼ੁਰਾਕ ਵਿੱਚ ਸ਼ਾਮਿਲ ਹੋਣੇ ਚਾਹੀਦੇ ਹਨ। ਫਿਰ ਵੀ ਦੁਨੀਆ ਭਰ ਵਿੱਚ ਕਰੋੜਾਂ ਬੱਚੇ ਦੀ ਖ਼ੁਰਾਕ ਇਸ ਪੈਮਾਨੇ ’ਤੇ ਪੂਰੀ ਨਹੀਂ ਉੱਤਰਦੀ ਅਤੇ ਇਨ੍ਹਾਂ ਵਿੱਚ 6 ਕਰੋੜ 40 ਲੱਖ ਬੱਚੇ ਇਕੱਲੇ ਦੱਖਣੀ ਏਸ਼ੀਆ ਵਿੱਚ ਰਹਿੰਦੇ ਹਨ। ਇਸ ਕਰ ਕੇ ਇਹ ਬੱਚੇ ਗੰਭੀਰ ਕਿਸਮ ਦੇ ਕੁਪੋਸ਼ਣ ਦੀ ਜ਼ੱਦ ਵਿੱਚ ਆਉਂਦੇ ਹਨ ਅਤੇ ਇਨ੍ਹਾਂ ਦਾ ਦੀਰਘਕਾਲੀ ਵਿਕਾਸ ਪ੍ਰਭਾਵਿਤ ਹੁੰਦਾ ਹੈ।
ਉਂਝ, ਇਸ ਸਿਆਹ ਮੰਜ਼ਰ ਵਿੱਚ ਭਾਰਤ ਵਿੱਚ ਆਸ ਦੀ ਕਿਰਨ ਇਹ ਹੈ ਕਿ ਦੇਸ਼ ਅੰਦਰ ਪਿਛਲੇ ਇੱਕ ਦਹਾਕੇ ਦੌਰਾਨ ਗ਼ਰੀਬਾਂ ਅਤੇ ਸਭ ਤੋਂ ਅਮੀਰ ਪਰਿਵਾਰਾਂ ਵਿਚਕਾਰ ਗੰਭੀਰ ਬਾਲ ਖ਼ੁਰਾਕ ਦੀ ਕਿੱਲਤ ਦੇ ਅੰਤਰ ਵਿੱਚ ਪੰਜ ਅੰਕਾਂ ਦੀ ਕਮੀ ਆਈ ਹੈ ਜਿਸ ਤੋਂ ਸੰਕੇਤ ਮਿਲੇ ਹਨ ਕਿ ਦੇਸ਼ ਨੇ ਪੋਸ਼ਣ ਸਮਾਨਤਾ ਵੱਲ ਪ੍ਰਗਤੀ ਕੀਤੀ ਹੈ। ਇਹ ਪੇਸ਼ਕਦਮੀ ਟੀਚਾਬੱਧ ਸਰਕਾਰੀ ਨੀਤੀਆਂ, ਭਾਈਚਾਰਕ ਸੰਚਾਲਿਤ ਪਹਿਲਕਦਮੀਆਂ ਅਤੇ ਸਭ ਤੋਂ ਕਮਜ਼ੋਰ ਵਰਗਾਂ ਨਾਲ ਸਬੰਧਿਤ ਬੱਚਿਆਂ ਲਈ ਪੋਸ਼ਣਕਾਰੀ ਖਾਧ ਖ਼ੁਰਾਕ ਦੀ ਰਸਾਈ ਵੱਲ ਸੇਧਿਤ ਭਾਗੀਦਾਰੀ ਦੇ ਅਸਰ ਦੀ ਸ਼ਾਹਦੀ ਭਰਦੀ ਹੈ।
ਆਲਮੀ ਖ਼ੁਰਾਕ ਤੰਤਰ ਜਿਸ ਦੀ ਸਸਤੇ, ਵੱਧ ਕੈਲਰੀਆਂ ਵਾਲੇ ਤੇ ਘੱਟ ਪੌਸ਼ਟਿਕ ਖ਼ੁਰਾਕੀ ਪਦਾਰਥਾਂ ਦੇ ਪ੍ਰਚਾਰ ਲਈ ਆਲੋਚਨਾ ਹੋ ਰਹੀ ਹੈ, ਨੇ ਸੰਕਟ ਵਿੱਚ ਵਾਧਾ ਕੀਤਾ ਹੈ। ਇਸ ਦਾ ਟਾਕਰਾ ਕਰਨ ਲਈ ਸਰਕਾਰਾਂ ਅਤੇ ਕੌਮਾਂਤਰੀ ਭਾਈਵਾਲਾਂ ਨੂੰ ਬਾਲ ਖ਼ੁਰਾਕ ਕਮੀ ਦੇ ਖੇਤਰ ਵਿੱਚ ਤਰਜੀਹੀ ਆਧਾਰ ’ਤੇ ਕਦਮ ਚੁੱਕਣੇ ਚਾਹੀਦੇ ਹਨ ਤੇ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੌਸ਼ਟਿਕ ਤੇ ਵੰਨ-ਸਵੰਨੇ ਖ਼ੁਰਾਕੀ ਪਦਾਰਥ ਕਿਫਾਇਤੀ ਹੋਣ ਤੇ ਹਰ ਇੱਕ ਦੀ ਪਹੁੰਚ ਵਿੱਚ ਹੋਣ। ਸਿਹਤ ਢਾਂਚਿਆਂ ਨੂੰ ਲੋੜੀਂਦੀਆਂ ਪੋਸ਼ਣ ਸੇਵਾਵਾਂ ਮੁਹੱਈਆ ਕਰਾਉਣੀਆਂ ਚਾਹੀਦੀਆਂ ਹਨ ਤੇ ਗ਼ਰੀਬ ਪਰਿਵਾਰਾਂ ਦੀਆਂ ਖ਼ੁਰਾਕੀ ਲੋੜਾਂ ਨੂੰ ਪੂਰਨ ਲਈ ਸਮਾਜ ਭਲਾਈ ਤੰਤਰ ਨੂੰ ਕਾਰਗਰ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ। ਹਰ ਬੱਚੇ ਨੂੰ ਉਸ ਦੇ ਸਮਾਜਿਕ-ਆਰਥਿਕ ਪਿਛੋਕੜ ਤੋਂ ਪਰ੍ਹੇ, ਵਧਣ-ਫੁੱਲਣ ਦਾ ਮੌਕਾ ਦੇਣ ਲਈ ਸਥਾਈ ਹੱਲਾਂ ਵਿੱਚ ਪੂੰਜੀ ਨਿਵੇਸ਼ ਕਰਨਾ ਜ਼ਰੂਰੀ ਹੈ।

Advertisement

Advertisement
Advertisement
Author Image

sukhwinder singh

View all posts

Advertisement