ਲੋਕਾਂ ਲਈ ਮੁਸੀਬਤ ਬਣੀ ਮਲਕ-ਗਗੜਾ ਡਰੇਨ ਦੀ ਗੰਦਗੀ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 1 ਅਪਰੈਲ
ਸ਼ਹਿਰ ਦੀ ਬੁੱਕਲ ’ਚ ਵੱਸੇ ਪਿੰਡ ਮਲਕ ਦੇ ਛਿੱਪਦੇ ਪਾਸੇ ਦੀ ਲੰਘਦੀ ਡਰੇਨ ’ਚ ਸ਼ਹਿਰ ਦਾ ਸੀਵਰੇਜ ਵਾਲਾ ਪਾਣੀ ਪੈਣ ਕਾਰਨ ਉਸ ਵਿੱਚ ਖੜ੍ਹੇ ਪਾਣੀ ’ਚੋਂ ਬਦਬੂ ਮਾਰਨ ਲੱਗ ਗਈ ਹੈ। ਇਸ ਕਾਰਨ ਇਸ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਅਤੇ ਪਿੰਡ ਮਲਕ, ਦਸਮੇਸ਼ ਨਗਰ ਅਤੇ ਪਿੰਡ ਚੀਮਨਾ ਵਾਸੀਆਂ ਨੂੰ ਦਿੱਕਤਾਂ ਆ ਰਹੀਆਂ ਹਨ। ਲਗਾਤਾਰ ਗੰਦਾ ਪਾਣੀ ਖੜ੍ਹਨ ਅਤੇ ਡਰੇਨ ਡੂੰਘੀ ਹੋਣ ਕਾਰਨ ਆਲੇ-ਦੁਆਲੇ ਲੱਗੇ ਪੰਪਾਂ ਦਾ ਪਾਣੀ ਵੀ ਪੀਣ ਅਤੇ ਵਰਤਣ ਯੋਗ ਨਹੀਂ ਰਿਹਾ। ਲੋੜਵੰਦ ਲੋਕ ਜਿਨ੍ਹਾਂ ਕੋਲ ਸ਼ੁੱਧ ਪਾਣੀ ਦਾ ਕੋਈ ਹੋਰ ਸਾਧਨ ਨਹੀਂ ਹੈ, ਉਹ ਪਸ਼ੂਆਂ ਅਤੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਅਸ਼ੁੱਧ ਪਾਣੀ ਵਰਤਣ ਲਈ ਮਜਬੂਰ ਹਨ। ਸਵੇਰ ਸਮੇਂ ਸੈਰ ਲਈ ਨਿਕਲਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਦਿਨ ਚੜ੍ਹ ਜਾਂਦਾ ਹੈ, ਉਦੋਂ ਫਿਰ ਵੀ ਬਦਬੂ ਘਟ ਜਾਂਦੀ ਹੈ, ਪਰ ਸਵੱਖਤੇ ਮਲਕ ਪੁਲ ਤੋਂ ਲੰਘਣਾ ਔਖਾ ਹੋ ਜਾਂਦਾ ਹੈ। ਲੋਕਾਂ ਅਨੁਸਾਰ ਗੰਦੇ ਪਾਣੀ ਕਾਰਨ ਚਮੜੀ, ਸਾਹ, ਡੇਂਗੂ, ਮਲੇਰੀਆ ਆਦਿ ਰੋਗਾਂ ਦੇ ਫੈਲਣ ਦਾ ਡਰ ਖੜ੍ਹਾ ਹੋ ਗਿਆ ਹੈ। ਲੋਕਾਂ ਨੇ ਕਿਹਾ ਕਿ ਡਰੇਨ ਵਿਭਾਗ ਦੀ ਬੇਧਿਆਨੀ ਕਾਰਨ ਗੰਦਗੀ ਨਾਲ ਭਰੀਆਂ ਇਹ ਡਰੇਨਾਂ ਲੋਕਾਂ ਨੂੰ ਬਿਮਾਰੀਆਂ ਵੰਡ ਰਹੀਆਂ ਹਨ। ਸਮਾਜ ਸੇਵੀ ਭੁਪਿੰਦਰ ਸਿੰਘ, ਅੰਮ੍ਰਿਤ ਸਿੰਘ ਥਿੰਦ, ਕੁਲਦੀਪ ਸਿੰਘ ਰੰਧਾਵਾ, ਹਰਜੋਤ ਸਿੰਘ ਉੱਪਲ, ਕੇਸਰ ਸਿੰਘ, ਅਮਨਦੀਪ ਸਿੰਘ ਆਦਿ ਨੇ ਡਰੇਨ ਵਿਭਾਗ, ਪ੍ਰਸ਼ਾਸਨ ਅਤੇ ਸਰਕਾਰ ਤੋਂ ਇਸ ਸਮੱਸਿਆ ਦੇ ਜਲਦੀ ਹੱਲ ਲਈ ਅਪੀਲ ਕੀਤੀ ਹੈ।