ਮਾਲਦੀਵ ਭਾਵੇਂ ਛੋਟਾ ਮੁਲਕ, ਪਰ ਇਸ ਨੂੰ ਕੋਈ ਧਮਕਾ ਨਹੀਂ ਸਕਦਾ: ਰਾਸ਼ਟਰਪਤੀ ਮੁਇਜ਼ੂ
ਪੇਈਚਿੰਗ/ਮਾਲੇ: ਚੀਨ ਦੇ ਪੰਜ ਦਿਨਾਂ ਦੇ ਦੌਰੇ ਤੋਂ ਪਰਤਣ ਮਗਰੋਂ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਅੱਜ ਵਿਰੋਧ ਜਤਾਉਣ ਵਾਲੀ ਸੁਰ ’ਚ ਕਿਹਾ ਕਿ ਉਨ੍ਹਾਂ ਦਾ ਮੁਲਕ ਭਾਵੇਂ ਛੋਟਾ ਹੈ, ਪਰ ਇਸ ਨਾਲ ‘ਉਨ੍ਹਾਂ ਨੂੰ ਸਾਨੂੰ ਧਮਕਾਉਣ ਦਾ ਲਾਇਸੈਂਸ ਨਹੀ ਮਿਲ ਜਾਂਦਾ।’ ਮੁਇਜ਼ੂ ਦੀਆਂ ਇਹ ਟਿੱਪਣੀਆਂ ਉਨ੍ਹਾਂ ਦੇ ਮੁਲਕ ਦੇ ਭਾਰਤ ਨਾਲ ਬਣੇ ਕੂਟਨੀਤਕ ਟਕਰਾਅ ਵਿਚਾਲੇ ਆਈਆਂ ਹਨ। ਜ਼ਿਕਰਯੋਗ ਹੈ ਕਿ ਮਾਲਦੀਵ ਦੇ ਤਿੰਨ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਸੋਸ਼ਲ ਮੀਡੀਆ ਉਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਚੀਨ-ਪੱਖੀ ਆਗੂ ਵਜੋਂ ਜਾਣੇ ਜਾਂਦੇ ਮੁਇਜ਼ੂ ਨੇ ਆਪਣੀਆਂ ਟਿੱਪਣੀਆਂ ਵਿਚ ਹਾਲਾਂਕਿ ਕਿਸੇ ਦੇਸ਼ ਦਾ ਨਾਂ ਨਹੀਂ ਲਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ, ‘ਹਾਲਾਂਕਿ ਸਾਡੇ ਇਸ ਸਮੁੰਦਰੀ ਖੇਤਰ ਵਿਚ ਛੋਟੇ ਟਾਪੂ ਹਨ, ਪਰ ਸਾਡੇ ਕੋਲ 900,000 ਸਕੁਏਅਰ ਕਿਲੋਮੀਟਰ ਦਾ ਵੱਡਾ ਆਰਥਿਕ ਜ਼ੋਨ ਹੈ। ਮਾਲਦੀਵ ਕੋਲ ਇਸ ਸਮੁੰਦਰ ਦਾ ਵੱਡਾ ਹਿੱਸਾ ਹੈ। ਭਾਰਤ ’ਤੇ ਅਸਿੱਧਾ ਨਿਸ਼ਾਨਾ ਸੇਧਦਿਆਂ ਰਾਸ਼ਟਰਪਤੀ ਨੇ ਕਿਹਾ, ‘ਇਹ ਸਾਗਰ ਕਿਸੇ ਵਿਸ਼ੇਸ਼ ਮੁਲਕ ਨਾਲ ਸਬੰਧ ਨਹੀਂ ਰੱਖਦਾ। ਇਹ (ਹਿੰਦ) ਮਹਾਸਾਗਰ ਉਨ੍ਹਾਂ ਸਾਰੇ ਮੁਲਕਾਂ ਦਾ ਹੈ ਜੋ ਇਸ ਵਿਚ ਸਥਿਤ ਹਨ। ਅਸੀਂ ਕਿਸੇ ਦਾ ਵਿਹੜਾ ਨਹੀਂ ਹਾਂ। ਅਸੀਂ ਆਜ਼ਾਦ ਤੇ ਖ਼ੁਦਮੁਖਤਿਆਰ ਮੁਲਕ ਹਾਂ।’ -ਪੀਟੀਆਈ