For the best experience, open
https://m.punjabitribuneonline.com
on your mobile browser.
Advertisement

ਚੌਲਾਂ ਅਤੇ ਖੰਡ ਤੋਂ ਇਥਾਨੌਲ ਬਣਾਉਣਾ ਪਾਣੀ ਲਈ ਘਾਤਕ

07:45 AM Jun 10, 2024 IST
ਚੌਲਾਂ ਅਤੇ ਖੰਡ ਤੋਂ ਇਥਾਨੌਲ ਬਣਾਉਣਾ ਪਾਣੀ ਲਈ ਘਾਤਕ
Advertisement

ਡਾ. ਅਮਨਪ੍ਰੀਤ ਸਿੰਘ ਬਰਾੜ

ਪਾਣੀ ਬਾਰੇ ਹਰ ਪਾਸੇ ਚਿੰਤਾ ਤਾਂ ਜ਼ਾਹਿਰ ਕੀਤੀ ਜਾ ਰਹੀ ਹੈ ਪਰ ਇਸ ਦੀ ਵਰਤੋਂ ਸਬੰਧੀ ਅੱਜ ਤੱਕ ਕਿਸੇ ਸਰਕਾਰ ਨੇ ਕੋਈ ਸਾਰਥਕ ਨੀਤੀ ਨਹੀਂ ਬਣਾਈ। ਪੰਜਾਬ ਦੀ ਖੇਤੀ ਖ਼ਾਸ ਕਰ ਕੇ ਝੋਨੇ-ਕਣਕ ਦਾ ਫ਼ਸਲੀ ਚੱਕਰ ਸਭ ਦੇ ਨਿਸ਼ਾਨੇ ’ਤੇ ਰਹਿੰਦਾ ਹੈ; ਧਰਤੀ ਹੇਠਲੇ ਪਾਣੀ ਦਾ ਨੀਵੇਂ ਜਾਣ ਦਾ ਸਾਰਾ ਦੋਸ਼ ਝੋਨਾ ਲਾਉਣ ਵਾਲੇ ਕਿਸਾਨਾਂ ਸਿਰ ਮੜ੍ਹ ਦਿੱਤਾ ਜਾਂਦਾ ਹੈ। ਇੱਕ ਪਾਸੇ ਸਰਕਾਰ ਖ਼ੁਰਾਕੀ ਲੋੜਾਂ ਪੂਰੀਆਂ ਕਰਨ ਲਈ ਹਰ ਸਾਲ ਪੰਜਾਬ ਦੇ ਕਣਕ-ਝੋਨਾ ਪੈਦਾ ਕਰਨ ਦੇ ਟੀਚੇ ਵਧਾਉਂਦੀ ਹੈ; ਦੂਜੇ ਪਾਸੇ, ਸਾਇੰਸਦਾਨ ਪਾਣੀ ਦੀ ਬੱਚਤ ਲਈ ਫ਼ਸਲੀ ਵੰਨ-ਸਵੰਨਤਾ, ਫ਼ਸਲਾਂ ਦੀਆਂ ਕਿਸਮਾਂ ਤੇ ਫ਼ਸਲਾਂ ਉਗਾਉਣ ਦੀਆਂ ਨਵੀਆਂ ਤਕਨੀਕਾਂ ਦਾ ਪ੍ਰਚਾਰ ਕਰਦੇ ਹਨ ਪਰ ਆਰਥਿਕ ਆਧਾਰ ’ਤੇ ਝੋਨੇ ਦੀ ਫ਼ਸਲ ਦੇ ਬਦਲ ਬਾਰੇ ਸਾਰੇ ਚੁੱਪ ਹਨ।
ਜ਼ਿਕਰਯੋਗ ਹੈ ਕਿ ਪਾਣੀ ਦੀ ਖ਼ਪਤ ਲਈ ਇਕੱਲਾ ਝੋਨਾ ਜ਼ਿੰਮੇਵਾਰ ਨਹੀਂ, ਵੱਡਾ ਕਾਰਨ ਫ਼ਸਲੀ ਸੰਘਣਾਪਣ ਹੈ। ਕਾਗਜ਼ਾਂ ਵਿੱਚ ਸਾਡੀ ਸੰਘਣੀ ਖੇਤੀ 180-190 ਹੈ; ਭਾਵ, ਸਾਲ ’ਚ ਦੋ ਫ਼ਸਲਾਂ ਤੋਂ ਘੱਟ ਪਰ ਅਸਲ ’ਚ ਇਹ 250 ਦੇ ਨੇੜੇ ਹੈ। ਗੰਨੇ ਅਤੇ ਬਾਗ਼ਾਂ ਨੂੰ ਇੱਕ ਫ਼ਸਲ ਗਿਣਿਆ ਜਾਂਦਾ ਹੈ ਜਦੋਂਕਿ ਇਸ ਨੂੰ ਪਾਣੀ ਦੀ ਲੋੜ ਸਾਰਾ ਸਾਲ ਰਹਿੰਦੀ ਹੈ। ਇਸੇ ਤਰ੍ਹਾਂ ਸਬਜ਼ੀਆਂ ਅਤੇ ਪੱਠਿਆਂ ਵਾਲੇ ਰਕਬੇ ਵਿੱਚ ਸਾਲ ’ਚ 3-4 ਫ਼ਸਲਾਂ ਮਾਮੂਲੀ ਗੱਲ ਹਨ। ਅੱਜ ਕੱਲ੍ਹ ਹਰੇ ਪੱਠਿਆਂ ਦਾ ਆਚਾਰ ਬਣਾਉਣ ਨਾਲ ਗਰਮੀ ਰੁੱਤ (ਅਪਰੈਲ ਤੋਂ ਜੂਨ) ਦੀ ਮੱਕੀ ਦਾ ਰਕਬਾ ਕਾਫ਼ੀ ਵਧ ਗਿਆ ਹੈ। ਸੱਠੀ ਮੂੰਗੀ ਵੀ ਪਾਣੀ ਵੱਧ ਲੈਂਦੀ ਹੈ। ਇਸ ਕਰ ਕੇ ਝੋਨੇ ਦਾ ਜੋ ਪਾਣੀ ’ਤੇ ਅਸਰ ਹੈ, ਉਸ ਤੋਂ ਵੱਧ ਸੰਘਣੀ ਖੇਤੀ ਵਧਣ ਕਾਰਨ ਵੀ ਪਾਣੀ ਦੀ ਲੋੜ ਦਿਨ-ਬ-ਦਿਨ ਵਧ ਰਹੀ ਹੈ। ਇੱਥੇ ਇੱਕ ਗੱਲ ਹੋਰ ਸਮਝਣ ਦੀ ਲੋੜ ਹੈ ਕਿ ਫ਼ਸਲ ਲਈ ਪਾਣੀ ਦੀ ਅਸਲ ਖ਼ਪਤ ਉਸ ਦੇ ਵਾਸ਼ਪੀਕਰਨ ’ਤੇ ਨਿਰਭਰ ਕਰਦੀ ਹੈ। ਮਿਸਾਲ ਦੇ ਤੌਰ ’ਤੇ ਕਈ ਬੁੱਧੀਮਾਨ ਲੋਕ ਝੋਨੇ ਦਾ ਬਦਲ ਗੰਨੇ ਨੂੰ ਦੱਸਦੇ ਹਨ ਜਦੋਂਕਿ ਗੰਨੇ ਦੀ ਫ਼ਸਲ ਦਾ ਵਾਸ਼ਪੀਕਰਨ ਝੋਨੇ ਨਾਲੋਂ ਢਾਈ ਗੁਣਾ ਜ਼ਿਆਦਾ ਹੈ। ਗੰਨੇ ਦਾ ਵਾਸ਼ਪੀਕਰਨ 180 ਸੈਂਟੀਮੀਟਰ ਹੈ, ਝੋਨੇ ਦਾ 73 ਸੈਂਟੀਮੀਟਰ। ਇਸੇ ਤਰ੍ਹਾਂ ਸਫੈਦੇ ਦਾ ਵਾਸ਼ਪੀਕਰਨ ਬਾਕੀ ਦਰੱਖਤਾਂ ਨਾਲੋਂ ਜ਼ਿਆਦਾ ਹੈ।
ਜੈਵਿਕ ਬਾਲਣ: ਅਮਰੀਕਾ ਨੇ 2012 ਤੋਂ ਮੱਕੀ ਤੋਂ ਇਥਾਨੌਲ ਬਣਾਉਣੀ ਸ਼ੁਰੂ ਕਰ ਦਿੱਤੀ। ਉਦੋਂ ਤੋਂ ਦੁਨੀਆ ਦੀ ਮੰਡੀ ਵਿੱਚ ਅਨਾਜ ਦੇ ਭਾਅ ਵਧਣੇ ਸ਼ੁਰੂ ਹੋ ਗਏ ਅਤੇ ਗ਼ਰੀਬ ਦੇਸ਼ਾਂ ਨੂੰ ਅਨਾਜ ਖ਼ਰੀਦਣਾ ਮੁਸ਼ਕਿਲ ਹੋ ਗਿਆ। ਭਾਰਤ ਨੇ ਵੀ ਖੰਡ ਅਤੇ ਸਟੋਰਾਂ ਵਿੱਚ ਖ਼ਰਾਬ ਕਣਕ ਅਤੇ ਟੋਟਾ ਚੌਲਾਂ ਤੋਂ ਇਥਾਨੌਲ ਬਣਾਉਣੀ ਸ਼ੁਰੂ ਕਰ ਦਿੱਤੀ। ਜਦੋਂ ਅਨਾਜ ਵਾਲੇ ਕਾਰਖਾਨੇ ਲੱਗ ਗਏ ਤਾਂ ਟੋਟਾ ਚੌਲਾ ਤੋਂ ਬਾਅਦ ਖਾਣ ਵਾਲੇ ਚਿੱਟੇ ਚੌਲ ਵੀ ਐਫਸੀਆਈ ਨੇ ਇਨ੍ਹਾਂ ਮਿੱਲਾਂ ਨੂੰ ਦੇਣੇ ਸ਼ੁਰੂ ਕਰ ਦਿੱਤੇ। ਉਧਰ, ਭਾਰਤ ਨੇ ਦਸੰਬਰ 2022 ਤੋਂ ਨਵੰਬਰ 2023 ਤਕ 12% ਇਥਾਨੌਲ ਦਾ ਟੀਚਾ ਰੱਖ ਲਿਆ। ਇਸ ਲਈ ਕੁੱਲ 651 ਕਰੋੜ ਲਿਟਰ ਇਥਾਨੌਲ ਚਾਹੀਦੀ ਸੀ। ਇਸ ਲਈ ਖੰਡ ਮਿਲਾਂ ਤੋਂ ਆਸ ਕੀਤੀ ਗਈ ਕਿ ਉਹ 45 ਲੱਖ ਟਨ ਖੰਡ ਇਥਾਨੌਲ ਬਣਾਉਣ ਲਈ ਦੇਣਗੀਆਂ। ਇਹ ਟੀਚਾ ਪੂਰਾ ਕਰਨ ਲਈ ਸਰਕਾਰ ਨੇ ਇਥਾਨੌਲ ਦੀ ਕੀਮਤ ਵਿੱਚ ਵੀ ਵਾਧਾ ਕੀਤਾ ਅਤੇ ਜੀਐੱਸਟੀ ਵੀ 18% ਤੋਂ ਘਟਾ ਕੇ 5% ਕਰ ਦਿੱਤਾ। ਐੱਫਸੀਆਈ ਨੇ ਖਾਣ ਵਾਲੇ ਸਾਬਤ ਚੌਲ ਵੀ ਇਥਾਨੌਲ ਬਣਾਉਣ ਲਈ 2000 ਰੁਪਏ ਪ੍ਰਤੀ ਕੁਇੰਟਲ ਦਿੱਤੇ। ਇੱਕ ਕੁਇੰਟਲ ਚੌਲਾਂ ਤੋਂ 45-48 ਲਿਟਰ, ਇੱਕ ਕੁਇੰਟਲ ਮੱਕੀ ਤੋਂ 38 ਤੋਂ 40 ਲਿਟਰ, ਇੱਕ ਕੁਇੰਟਲ ਗੰਨੇ ਤੋਂ 7.2 ਲਿਟਰ, ਇੱਕ ਕੁਇੰਟਲ ਸੀਰੇ (ਮੋਲੈਸਿਸ) ਤੋਂ 37 ਲਿਟਰ ਅਤੇ ਵਧੀਆ ਖੰਡ ਤੋਂ 54 ਲਿਟਰ ਇਥਾਨੌਲ ਬਣਦੀ ਹੈ। ਐੱਫਸੀਆਈ ਨੇ ਦਸੰਬਰ 2020 ਤੋਂ ਬਾਅਦ 24 ਲੱਖ ਟਨ ਚੌਲ ਇਥਾਨੌਲ ਬਣਾਉਣ ਲਈ 2000 ਰੁਪਏ ਦੇ ਹਿਸਾਬ ਨਾਲ ਵੇਚੇ; ਖੁੱਲ੍ਹੀ ਮੰਡੀ ਵਿੱਚ ਜਾਂ ਸੂਬਿਆਂ ਨੂੰ 3000 ਰੁਪਏ ਕੁਇੰਟਲ ਤੋਂ ਉੱਪਰ ਵੇਚੇ ਜਾਂਦੇ ਹਨ।
ਨੀਤੀ ਆਯੋਗ ਮੁਤਾਬਕ 2025-26 ਤੱਕ 20% ਇਥਾਨੌਲ ਮਿਲਾਉਣ ਦਾ ਟੀਚਾ ਪੂਰਾ ਕਰਨ ਲਈ 1400 ਕਰੋੜ ਲਿਟਰ ਇਥਾਨੌਲ ਚਾਹੀਦੀ ਹੈ। ਕੇਂਦਰ ਦੇ ਪੈਟਰੋਲੀਅਮ ਰਾਜ ਮੰਤਰੀ ਦੇ ਲੋਕ ਸਭਾ ਵਿੱਚ (ਦਸੰਬਰ ਵਿੱਚ) ਦਿੱਤੇ ਬਿਆਨ ਮੁਤਾਬਕ, ਦੇਸ਼ ਵਿਚ 947 ਕਰੋੜ ਲਿਟਰ ਇਥਾਨੌਲ ਬਣਦੀ ਹੈ; 619 ਕਰੋੜ ਲਿਟਰ ਸੀਰੇ ਤੋਂ ਅਤੇ 228 ਕਰੋੜ ਲਿਟਰ ਅਨਾਜ ਤੋਂ। ਦੇਸ਼ ਵਿਚ 263 ਕਾਰਖਾਨੇ ਖੰਡ ਮਿਲ ਆਧਾਰਿਤ ਅਤੇ 123 ਕਾਰਖਾਨੇ ਅਨਾਜ ਆਧਾਰਿਤ ਹਨ। ਇਸ ਸਨਅਤ ਨੂੰ ਅੱਗੇ ਵਧਾਉਣ ਲਈ ਸਰਕਾਰ ਨੇ 5 ਸਾਲ ਲਈ ਪੂੰਜੀ ’ਤੇ ਅੱਧਾ ਵਿਆਜ ਦੇਣਾ ਮੰਨਿਆ ਹੈ ਜੋ ਵੱਧ ਤੋਂ ਵੱਧ 6% ਹੋਵੇਗਾ। ਜੈਵਿਕ ਬਾਲਣ ਬਣਾਉਣ ਲਈ ਪਰਾਲੀ, ਨਰਮੇ ਦੀਆਂ ਛਿਟੀਆਂ, ਛੱਲੀਆਂ ਦੇ ਗੁੱਲ ਜਾਂ ਹੋਰ ਕੋਈ ਵੀ ਸਟਾਰਚ ਵਾਲਾ ਪਦਾਰਥ ਹੋਵੇ, ਵਰਤਿਆ ਜਾ ਸਕਦਾ ਹੈ।
ਊਰਜਾ: ਗੈਸੋਲੀਨ ਜਾਂ ਪੈਟਰੋਲ ਵਿੱਚ 36.1 ਐਮਜੇ (ਮੈਗਾ ਜੂਲ) ਊਰਜਾ ਹੁੰਦੀ ਹੈ; ਇਥਾਨੌਲ ਵਿੱਚ 23.6 ਐਮਜੇ ਇਕ ਮੈਗਾ ਜੂਲ (Joule) ’ਚ ਤਕਰੀਬਨ 239 ਕਿਲੋ ਕੈਲਰੀਜ਼ ਹੁੰਦੀਆਂ ਹਨ। ਇੱਕ ਕਿਲੋ ਕੈਲਰੀ ਦਾ ਮਤਲਬ ਹੈ ਕਿ ਜਿੰਨੀ ਊਰਜਾ (ਗੈਸ, ਤੇਲ, ਹੋਰ ਬਾਲਣ ਵਿੱਚੋਂ ਗਰਮੀ) ਇੱਕ ਲਿਟਰ ਪਾਣੀ ਨੂੰ ਇੱਕ ਡਿਗਰੀ ਸੈਂਟੀਗਰੇਡ ਤੱਕ ਗਰਮ ਕਰ ਦੇਵੇ; ਭਾਵ, ਇੱਕ ਲਿਟਰ ਪਾਣੀ ਦਾ ਤਾਪਮਾਨ 23 ਡਿਗਰੀ ਤੋਂ 24 ਡਿਗਰੀ ਸੈਲਸੀਅਸ ਕਰ ਦੇਵੇ। ਊਰਜਾ ਦਾ ਮਿਆਰੀ ਯੂਨਿਟ ਜੂਲ ਹੀ ਹੈ। ਇਕ ਕਿਲੋ ਕੈਲਰੀ 4.18 ਕਿਲੋ ਜੂਲ ਦੇ ਬਰਾਬਰ ਹੈ। ਸਿੱਧੀ ਗੱਲ, ਇਥਾਨੌਲ ਵਿੱਚ ਤੇਲ ਨਾਲੋਂ ਊਰਜਾ 35% ਘੱਟ ਹੈ; ਭਾਵ, ਜਿੰਨੇ ਹਿੱਸੇ ਇਸ ਦਾ ਮਿਸ਼ਰਨ ਵਧਦਾ ਜਾਵੇਗਾ, ਪ੍ਰਤੀ ਲਿਟਰ ਮਾਈਲੇਜ ਘਟਦੀ ਜਾਵੇਗੀ; ਭਾਵ, ਜੇ 15 ਕਿਲੋਮੀਟਰ ਪ੍ਰਤੀ ਲਿਟਰ ਔਸਤ ਵਾਲੀ ਗੱਡੀ 100 ਕਿਲੋਮੀਟਰ ਜਾਣ ਲਈ 6.7 ਲਿਟਰ ਪੈਟਰੋਲ ਖ਼ਪਤ ਕਰੇਗੀ ਤਾਂ 20% ਮਿਸ਼ਰਨ ਵਾਲਾ ਪੈਟਰੋਲ 7.1 ਲਿਟਰ ਲੱਗੇਗਾ। ਜਿਥੋਂ ਤੱਕ ਕੀਮਤ ਦਾ ਸਵਾਲ ਹੈ, ਇਥਾਨੌਲ ਅਤੇ ਗੈਸੋਲੀਨ (ਬਿਨਾਂ ਟੈਕਸ) ਦੀ ਕੀਮਤ 65 ਰੁਪਏ ਦੇ ਆਸ-ਪਾਸ ਹੈ। ਸਨਅਤ ਨੇ 2024-25 ਲਈ ਗੰਨੇ ਦੇ ਰਸ ਤੋਂ ਪੈਦਾ ਹੋਣ ਵਾਲੀ ਇਥਾਨੌਲ ਦੀ ਕੀਮਤ 73.14 ਰੁਪਏ ਪ੍ਰਤੀ ਲਿਟਰ ਦੀ ਮੰਗ ਕੀਤੀ ਹੈ।
ਪਾਣੀ: ਇਸ ਵੇਲੇ ਜ਼ਿਆਦਾਤਰ ਇਥਾਨੌਲ ਗੰਨੇ ਅਤੇ ਚੌਲਾਂ ਤੋਂ ਬਣਾਈ ਜਾਂਦੀ ਹੈ। ਦੋਵੇਂ ਫ਼ਸਲਾਂ ਪਾਣੀ ਵੱਧ ਲੈਂਦੀਆਂ ਹਨ। ਸੀਰੇ ਤੋਂ ਇਥਾਨੌਲ ਬਣਾਉਣੀ, ਭਾਵ, ਖੰਡ ਮਿਲਾਂ ਦੀ ਰਹਿੰਦ-ਖੂੰਹਦ ਵਰਤ ਕੇ ਤਾਂ ਠੀਕ ਹੈ ਪਰ ਜੇ ਗੰਨਾ ਜਾਂ ਚੌਲ ਇਸ ਕਰ ਕੇ ਉਗਾਈਏ ਕਿ ਅਸੀਂ ਉਸ ਤੋਂ ਅੱਗੇ ਇਥਾਨੌਲ ਬਣਾਉਣੀ ਹੈ, ਇਹ ਪਾਣੀ ਲਈ ਨੁਕਸਾਨਦੇਹ ਹੈ। ਸਮੁੱਚੇ ਭਾਰਤ ’ਚ ਸਿੰਜਾਈ ਵਾਲੇ ਪਾਣੀ ਦੀ ਕਮੀ ਹੈ। ਜਿਹੜੇ ਤਿੰਨ ਸੂਬਿਆਂ (ਮਹਾਰਾਸ਼ਟਰ, ਉੱਤਰ ਪ੍ਰਦੇਸ਼, ਕਰਨਾਟਕ) ’ਚ ਗੰਨਾ ਜ਼ਿਆਦਾ ਉਗਾਇਆ ਜਾਂਦਾ ਹੈ, ਉੱਥੇ ਧਰਤੀ ਹੇਠਲੇ ਪਾਣੀ ਦੀ ਕਮੀ ਹੈ। ਤਕਰੀਬਨ ਤੀਜੇ ਹਿੱਸੇ ’ਚ ਲੋੜ ਤੋਂ ਵੱਧ ਪਾਣੀ ਕੱਢਿਆ ਗਿਆ ਹੈ। ਜੇ ਇਹ ਫ਼ਸਲ ਬਾਰਸ਼ ’ਤੇ ਉਗਾਉਣੀ ਹੋਵੇ ਤਾਂ 300 ਸੈਂਟੀਮੀਟਰ ਬਾਰਸ਼ ਸਾਲਾਨਾ ਚਾਹੀਦੀ ਹੈ। ਗੰਨੇ ਤੋਂ ਇੱਕ ਲਿਟਰ ਇਥਾਨੌਲ ਬਣਾਉਣ ਲਈ 2860 ਲਿਟਰ ਪਾਣੀ, ਚੌਲਾਂ ਤੋਂ ਇੱਕ ਲਿਟਰ ਇਥਾਨੌਲ ਬਣਾਉਣ ਲਈ 10,840 ਲਿਟਰ ਪਾਣੀ ਚਾਹੀਦਾ ਹੈ। ਜੋ ਪਾਣੀ ਇਥਾਨੌਲ ਫੈਕਟਰੀ ’ਚ ਲੱਗਣਾ, ਉਹ ਅਲੱਗ ਹੈ। ਮੱਕੀ ਵਿੱਚੋਂ ਇਕ ਲਿਟਰ ਇਥਾਨੌਲ ਬਣਾਉਣ ਲਈ 2230 ਲਿਟਰ ਪਾਣੀ ਚਾਹੀਦਾ ਹੈ। ਪੰਜਾਬ ’ਚ ਝੋਨੇ ਦਾ ਬਦਲ ਮੱਕੀ ਚਾਹੀਦੀ ਹੈ ਤੇ ਉਸ ਦੀ ਸਰਕਾਰੀ ਖ਼ਰੀਦ ਕੀਤੀ ਜਾਵੇ। ਆਮਦਨ ਝੋਨੇ ਦੇ ਬਰਾਬਰ ਨਿਸ਼ਚਿਤ ਕੀਤੀ ਜਾਵੇ।
ਇੱਕ ਗੱਲ ਸਾਫ਼ ਹੈ ਕਿ ਤੇਲ (ਖਣਿਜ ਜਾਂ ਜੈਵਿਕ) ਸਾਡੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਵੱਡੀ ਭੂਮਿਕਾ ਨਿਭਾਉਂਦਾ ਹੈ। ਭਾਰਤ ਆਪਣੀ ਲੋੜ ਦਾ 85% ਤੋਂ ਵੱਧ ਖਣਿਜ ਤੇਲ (ਕਰੂਡ ਆਇਲ) ਦਰਾਮਦ ਕਰਦਾ ਹੈ। ਵਿਦੇਸ਼ੀ ਮੁਦਰਾ ਬਚਾਉਣ ਲਈ ਦੇਸ਼ ਵਿਚ ਬਾਲਣ ਲਈ ਇਥਾਨੌਲ, ਸੀਬੀਜੀ ਜਾਂ ਬਾਇਓਡੀਜ਼ਲ ਬਣਾਉਣ ਲਈ ਉਪਰਾਲੇ ਕੀਤੇ ਗਏ ਹਨ। ਜਿਥੋਂ ਤੱਕ ਇਹ ਵਸਤਾਂ ਮੁੱਖ ਫ਼ਸਲਾਂ ਦੀ ਬਾਈਪ੍ਰੋਡਕਟ ਤੋਂ ਬਣਾਉਣ ਦਾ ਸਵਾਲ ਹੈ ਤਾਂ ਇਹ ਠੀਕ ਹਨ ਜਿਵੇਂ ਗੰਨੇ ਮਿੱਲ ਦਾ ਸੀਰਾ, ਚੌਲਾਂ ਦੀ ਪਰਾਲੀ ਜਾਂ ਫੱਕ, ਨਰਮੇ ਦੀਆਂ ਛਿੱਟੀਆਂ, ਮੱਕੀ ਤੇ ਜਵਾਰ ਦੇ ਟਾਂਡੇ ਪਰ ਜੇ ਇਨ੍ਹਾਂ ਨੂੰ ਛੱਡ ਕੇ ਅਸੀਂ ਗੰਨੇ ਦਾ ਰਸ, ਖੰਡ ਜਾਂ ਚੌਲ ਵਰਤੀਏ ਤਾਂ ਇਹ ਜਾਇਜ਼ ਨਹੀਂ। ਜਿਸ ਦੀ ਦੇਸ਼ ’ਚ ਪਾਣੀ ਦੀ ਪਹਿਲਾਂ ਹੀ ਕਮੀ ਹੈ, ਜ਼ਿਆਦਾ ਪਾਣੀ ਲੈਣ ਵਾਲੀਆਂ ਇਨ੍ਹਾਂ ਫਸਲਾਂ ਦੀ ਕਾਸ਼ਤ ਠੀਕ ਨਹੀਂ। ਜਿੱਥੋਂ ਤੱਕ ਵਾਤਾਵਰਨ ’ਤੇ ਪ੍ਰਭਾਵ ਦੀ ਗੱਲ ਹੈ, ਇਸ ’ਤੇ ਸਾਰੇ ਸਿਸਟਮ ਨੂੰ ਇਕੱਠਾ ਵਿਚਾਰਨਾ ਚਾਹੀਦਾ ਹੈ। ਜਿੰਨੀ ਇਥਾਨੌਲ ਸਨਅਤ ਲੱਗਣੀ ਹੈ, ਉਹ ਮੱਕੀ ਆਧਾਰਿਤ ਲੱਗੇ ਅਤੇ ਇਹ ਮਿੱਥੇ ਭਾਅ ’ਤੇ ਸਰਕਾਰ ਖ਼ਰੀਦ ਕੇ ਮਿੱਲਾਂ ਨੂੰ ਦੇਵੇ। ਇਉਂ, ਪਾਣੀ ਵੀ ਬਚੇਗਾ, ਪ੍ਰਦੂਸ਼ਣ ਵੀ ਘਟੇਗਾ।

Advertisement

ਸੰਪਰਕ: 96537-90000

Advertisement
Author Image

sukhwinder singh

View all posts

Advertisement
Advertisement
×