ਖਾਲੜਾ ’ਤੇ ਬਣੀ ਫਿਲਮ ਵਿੱਚ 120 ਕੱਟ ਲਗਾਉਣਾ ਬੇਇਨਸਾਫ਼ੀ ਕਰਾਰ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਭਾਰਤ ਦੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੈਂਸਰ ਬੋਰਡ) ਵੱਲੋਂ ਮਰਹੂਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣੀ ਫਿਲਮ ਵਿੱਚ 120 ਕੱਟ ਲਗਾਉਣਾ, ਫਿਲਮ ਦਾ ਨਾਂ ਬਦਲਣਾ ਅਤੇ ਖਾਲੜਾ ਦਾ ਨਾਂ ਕਟਵਾਉਣਾ ਸਿੱਖਾਂ ਨਾਲ ਵੱਡੀ ਬੇਇਨਸਾਫੀ ਹੈ। ਉਨ੍ਹਾਂ ਸੈਂਸਰ ਬੋਰਡ ਨੂੰ ਅਪੀਲ ਕੀਤੀ ਕਿ ਉਹ ਆਪਣਾ ਫ਼ੈਸਲਾ ਤੁਰੰਤ ਵਾਪਸ ਲਵੇ। ਕਾਲਕਾ ਨੇ ਬਿਆਨ ਵਿੱਚ ਕਿਹਾ ਕਿ 1984 ਤੋਂ 1994 ਤੱਕ ਪੰਜਾਬ ਵਿੱਚ ਹਜ਼ਾਰਾਂ ਲਾਪਤਾ ਹੋਏ ਸਿੱਖ ਨੌਜਵਾਨਾਂ ਦੀ ਸ਼ਨਾਖ਼ਤ ਕਰਨ ਵਾਲੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਸਿੱਖ ਕੌਮ ਵਿੱਚ ਵੱਡਾ ਸਤਿਕਾਰ ਹੈ। ਹੁਣ ਸਾਹਮਣੇ ਆਇਆ ਹੈ ਕਿ ਸੈਂਸਰ ਬੋਰਡ ਨੇ ਫਿਲਮ ਵਿੱਚ 120 ਕੱਟ ਹੀ ਨਹੀਂ ਲਗਾਏ, ਸਗੋਂ ਫਿਲਮ ਦਾ ਨਾਂ ਬਦਲ ਕੇ ‘ਸਤਲੁਜ’ ਕਰ ਦਿੱਤਾ ਹੈ ਅਤੇ ਮੁੱਖ ਕਿਰਦਾਰ ਦਾ ਨਾਂ ਵੀ ਜਸਵੰਤ ਸਿੰਘ ਤੋਂ ਬਦਲਣ ਦੇ ਹੁਕਮ ਦਿੱਤੇ ਹਨ।
ਕਾਲਕਾ ਨੇ ਕਿਹਾ ਕਿ ਫਿਲਮ ‘ਪੰਜਾਬ ’95’ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੈ, ਇਸ ਲਈ ਇਸ ਨੂੰ ਖਾਲੜਾ ਦੇ ਅਸਲ ਜੀਵਨ ਅਨੁਸਾਰ ਪੇਸ਼ ਕੀਤਾ ਜਾਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਇਸ ਮਾਮਲੇ ਸਬੰਧੀ ਸੈਂਸਰ ਬੋਰਡ ਤੱਕ ਪਹੁੰਚ ਕਰਕੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਲਈ ਅਪੀਲ ਕਰੇਗੀ।