For the best experience, open
https://m.punjabitribuneonline.com
on your mobile browser.
Advertisement

ਦਿੱਲੀ ’ਚ ਠੰਢ ਦੇ ਨਾਲ ਪ੍ਰਦੂਸ਼ਣ ਵੀ ਵਧਿਆ

07:37 AM Dec 21, 2024 IST
ਦਿੱਲੀ ’ਚ ਠੰਢ ਦੇ ਨਾਲ ਪ੍ਰਦੂਸ਼ਣ ਵੀ ਵਧਿਆ
ਨਵੀਂ ਦਿੱਲੀ ਵਿੱਚ ਧੁਆਂਖੀ ਧੁੰਦ ਦੌਰਾਨ ਨਜ਼ਰ ਆ ਰਿਹਾ ਸਫਦਰਜੰਗ ਹਸਪਤਾਲ। -ਫੋਟੋ: ਏਐੱਨਆਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਦਸੰਬਰ
ਰਾਜਧਾਨੀ ਦਿੱਲੀ ਅਤੇ ਐਨਸੀਆਰ ਵਿੱਚ ਇੱਕ ਵਾਰ ਫਿਰ ਪ੍ਰਦੂਸ਼ਣ ਵਧ ਗਿਆ ਹੈ। ਇੱਥੇ ਲਗਾਤਾਰ ਵਧ ਰਹੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣ ਦਿੱਕਤ ਆਉਣ ਲੱਗੀ ਹੈ। ਇਸ ਦੇ ਨਾਲ ਹੀ ਜ਼ਹਿਰੀਲੀ ਹਵਾ ਕਾਰਨ ਲੋਕਾਂ ਨੂੰ ਗਲੇ ਵਿੱਚ ਖਰਾਸ਼ ਅਤੇ ਅੱਖਾਂ ਵਿੱਚ ਜਲਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੁੱਕਰਵਾਰ ਸਵੇਰੇ ਲਗਪਗ 7 ਵਜੇ ਦਿੱਲੀ ਅਤੇ ਐਨਸੀਆਰ ਦੇ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਨ ਅੰਕ (ਏਕਿਊਆਈ) ਬਹੁਤ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਦੇ ਸ੍ਰੀਨਿਵਾਸਪੁਰੀ ’ਚ ਸ਼ੁੱਕਰਵਾਰ ਸਵੇਰੇ ਏਕਿਊਆਈ 781 ਦਰਜ ਕੀਤਾ ਗਿਆ ਜਦੋਂਕਿ ਨੋਇਡਾ ਸੈਕਟਰ-125 ਵਿੱਚ ਏਕਿਊਆਈ 997 ਤਕ ਪੁੱਜ ਗਿਆ। ਇਸੇ ਤਰ੍ਹਾਂ ਦਿੱਲੀ ਦੇ ਮੁੰਡਕਾ ’ਚ 458, ਆਈਆਈਟੀ ਸ਼ਾਰਦਾ ’ਚ 422, ਪੰਜਾਬੀ ਬਾਗ ’ਚ 395, ਰੋਹਿਣੀ ’ਚ 377, ਗਾਜ਼ੀਆਬਾਦ ’ਚ 194, ਗੁਰੂਗ੍ਰਾਮ ’ਚ 373 ਦਰਜ ਕੀਤਾ ਗਿਆ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਰਾਜਧਾਨੀ ’ਚ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲੀ ਸੀ ਪਰ ਜਿਵੇਂ-ਜਿਵੇਂ ਠੰਢ ਵਧੀ ਹੈ, ਇਸ ਦੇ ਨਾਲ ਹੀ ਪ੍ਰਦੂਸ਼ਣ ਵੀ ਵਧ ਗਿਆ ਹੈ।
ਇਸ ਕਾਰਨ ਦਿੱਲੀ ਵਿੱਚ ਏਕਿਊਆਈ ਲਗਾਤਾਰ ਤੀਜੇ ਦਿਨ 400 ਤੋਂ ਜ਼ਿਆਦਾ ਰਿਹਾ। ਸਵੇਰੇ ਧੁੰਦ ਕਾਰਨ ਵੀਰਵਾਰ ਨੂੰ ਇਕ ਮਹੀਨੇ ਬਾਅਦ ਦਿੱਲੀ ਦਾ ਏਕਿਊਆਈ 450 ਤੋਂ ਪਾਰ ਪਹੁੰਚ ਗਿਆ। ਅੱਜ ਕਈ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਖ਼ਤਰਨਾਕ ਸ਼੍ਰੇਣੀ ਵਿੱਚ ਰਹੀ। ਇਸ ਕਾਰਨ ਸੀਜ਼ਨ ਵਿੱਚ ਤੀਜੀ ਵਾਰ ਪੂਰੀ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਖ਼ਤਰਨਾਕ ਸ਼੍ਰੇਣੀ ਵਿੱਚ ਰਹੀ। ਸਵੇਰ ਵੇਲੇ ਪ੍ਰਦੂਸ਼ਣ ਬਹੁਤ ਜ਼ਿਆਦਾ ਸੀ ਪਰ ਬਾਅਦ ਦੁਪਹਿਰ ਧੁੰਦ ਸਾਫ਼ ਹੋਣ ਅਤੇ ਧੂੰਆਂ ਘਟਣ ਤੋਂ ਬਾਅਦ ਕੁਝ ਰਾਹਤ ਮਹਿਸੂਸ ਹੋਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਕੁਝ ਦਿਨਾਂ ਤੱਕ ਪ੍ਰਦੂਸ਼ਣ ਤੋਂ ਬਹੁਤੀ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਸ਼ੁੱਕਰਵਾਰ ਨੂੰ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਰਹੀ। ਇਸ ਤੋਂ ਬਾਅਦ ਵੀ ਤਿੰਨ ਦਿਨਾਂ ਤੱਕ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਸ਼੍ਰੇਣੀ ਵਿੱਚ ਰਹਿਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਦਿੱਲੀ ਦਾ ਔਸਤ ਏਕਿਊਆਈ 451 ਸੀ ਜੋ ਖ਼ਤਰਨਾਕ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ 19 ਨਵੰਬਰ ਨੂੰ ਦਿੱਲੀ ਦਾ ਏਕਿਊਆਈ 460 ਸੀ ਅਤੇ 18 ਨਵੰਬਰ ਨੂੰ 494 ਸੀ। ਇਸ ਤੋਂ ਬਾਅਦ ਅੰਕੜਾ ਹੁਣ 450 ਤੋਂ ਜ਼ਿਆਦਾ ਹੋ ਗਿਆ ਹੈ।

Advertisement

ਰਾਜਧਾਨੀ ’ਚ ਦਿਨ ਦਾ ਤਾਪਮਾਨ 23 ਡਿਗਰੀ ਦੇ ਕਰੀਬ ਪੁੱਜਿਆ

ਦਿੱਲੀ ਵਿੱਚ 20 ਦਸੰਬਰ ਦੀ ਸਵੇਰ ਨੂੰ ਤਾਪਮਾਨ 17.93 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਇੱਥੇ ਘੱਟੋ-ਘੱਟ ਤਾਪਮਾਨ 10 ਅਤੇ ਵੱਧ ਤੋਂ ਵੱਧ 22.9 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ। ਹਵਾ ਦੀ ਰਫ਼ਤਾਰ 37 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹੀ ਅਤੇ ਹਵਾ ’ਚ ਨਮੀ 37 ਫ਼ੀਸਦੀ ਸੀ। ਇੱਥੇ ਅੱਜ ਸਾਰਾ ਧੁੱਪ ਨਿੱਕਲੀ। ਇਸ ਦੇ ਬਾਵਜੂਦ ਅੱਜ ਦਿੱਲੀ ਵਿੱਚ ਏਕਿਊਆਈ 500 ਦੇ ਕਰੀਬ ਪੁੱਜ ਗਿਆ। ਮੌਸਮ ਵਿਭਾਗ ਅਨੁਸਾਰ ਭਲਕੇ ਘੱਟੋ-ਘੱਟ ਤਾਪਮਾਨ 14.62 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 22.7 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਜਦੋਂਕਿ ਨਮੀ ਘਟ ਕੇ 18 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ। ਹਵਾ ਪ੍ਰਦੂਸ਼ਣ ਦੇ ਬਾਵਜੂਦ ਆਸਮਾਨ ਸਾਫ਼ ਰਹਿ ਸਕਦਾ ਹੈ ਅਤੇ ਸਥਿਤੀ ’ਚ ਕੁਝ ਸੁਧਾਰ ਹੋ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਸੱਤ ਦਿਨਾਂ ਵਿੱਚ ਦਿੱਲੀ ਵਿੱਚ ਵੱਖੋ-ਵੱਖਰੇ ਮੌਸਮ ਰਹਿਣ ਦਾ ਸੰਭਾਵਨਾ ਹੈ। ਇਸ ਨਾਲ ਜਿੱਥੇ ਤਾਪਮਾਨ ’ਚ ਬਦਲਾਅ ਹੋ ਸਕਦਾ ਹੈ ਅਤੇ ਬੱਦਲਵਾਈ ਵੀ ਹੋ ਸਕਦੀ ਹੈ।

Advertisement

ਘਰ ਤੋਂ ਬਾਹਰ ਜਾਣ ਸਮੇਂ ਮਾਸਕ ਲਾਉਣ ਦੀ ਸਲਾਹ

ਸਿਹਤ ਮਾਹਿਰਾਂ ਵੱਲੋਂ ਲੋਕਾਂ ਨੂੰ ਪ੍ਰਦੂਸ਼ਣ ਦੀ ਸਮੱਸਿਆ ਤੋਂ ਬਚਣ ਲਈ ਘਰ ਤੋਂ ਘੱਟ ਤੋਂ ਘੱਟ ਬਾਹਰ ਜਾਣ ਅਤੇ ਬਾਹਰ ਜਾਣ ਸਮੇਂ ਮਾਸਕ ਲਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਹਵਾ ਨੂੰ ਸਾਫ਼ ਕਰਨ ਵਾਲੇ ਯੰਤਰਾਂ ਦੀ ਵਰਤੋਂ ਲਈ ਕਿਹਾ ਗਿਆ ਹੈ। ਬੱਚਿਆਂ, ਬਜ਼ੁਰਗਾਂ ਅਤੇ ਖ਼ਾਸਕਰ ਸਾਹ ਦੇ ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਬਾਹਰ ਨਾ ਜਾਣ ਲਈ ਕਿਹਾ ਗਿਆ ਹੈ।

Advertisement
Author Image

joginder kumar

View all posts

Advertisement