ਮਾਕਾ ਟਰਾਫੀ: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 25ਵੀਂ ਜਿੱਤ
ਪ੍ਰਿੰ. ਸਰਵਣ ਸਿੰਘ
ਭਾਰਤ ਦੀਆਂ ਸੈਂਕੜੇ ਯੂਨੀਵਰਸਿਟੀਆਂ ਦੇ ਖੇਡ ਮੁਕਾਬਲਿਆਂ ਵਿਚੋਂ 25 ਵਾਰ ਮਾਕਾ ਟਰਾਫੀ ਜਿੱਤਣਾ ਅਨੋਖਾ ਰਿਕਾਰਡ ਹੈ। ਇਹ ਰਿਕਾਰਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਬਣਾਇਆ ਹੈ। ਪੰਜਾਬ ਦੇ ਵਿਦਿਆਰਥੀ ਖਿਡਾਰੀਆਂ ਨੂੰ ਦਾਦ ਦੇਣੀ ਬਣਦੀ ਹੈ। ਦਹਾਕਿਆਂ ਤੋਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੀ ਜੁਆਨੀ ਕਮਜ਼ੋਰ ਹੋ ਗਈ ਹੈ, ਨਸ਼ਿਆਂ ’ਚ ਖਚਤ ਹੈ, ਮੂੜ੍ਹ-ਮੱਤ ਹੈ, ਹਿੰਸਕ ਹੈ, ਅਯਾਸ਼ ਹੈ, ਗਰਕ ਗਈ ਹੈ ਤੇ ਕਾਸੇ ਜੋਗੀ ਨਹੀਂ ਰਹੀ।
ਮੇਰਾ ਵਾਹ 1956 ਤੋਂ 2000 ਤਕ ਕਾਲਜਾਂ ਦੇ ਵਿਦਿਆਰਥੀਆਂ ਨਾਲ ਰਿਹਾ ਹੈ। ਉਦੋਂ ਤੋਂ ਹੀ ਖੇਡਾਂ ਤੇ ਖਿਡਾਰੀਆਂ ਨਾਲ ਜੁੜਿਆ ਆ ਰਿਹਾ ਹਾਂ। ਦਹਾਕਿਆਂ ਤੋਂ ਖੇਡਾਂ ਖਿਡਾਰੀਆਂ ਬਾਰੇ ਲਿਖ ਰਿਹਾ ਹਾਂ ਜੋ ਦੋ ਦਰਜਨ ਤੋਂ ਵੱਧ ਪੁਸਤਕਾਂ ਵਿਚ ਸਾਂਭਿਆ ਜਾ ਚੁੱਕਾ ਹੈ। ਪੰਜਾਬ ਦੇ ਨੌਜੁਆਨਾਂ ਨੂੰ ਦੁਰ-ਪ੍ਰਚਾਰ ਕਰ ਕੇ ਐਵੇਂ ਬਦਨਾਮ ਕਰਨਾ ਸੋਭਦਾ ਨਹੀਂ।
ਲਓ ਹੁਣ ਦੁਰ-ਪ੍ਰਚਾਰ ਦੇ ਸ਼ੋਰ-ਸ਼ਰਾਬੇ ’ਚ ਪੰਜਾਬ ਦੇ ਜੁਆਨਾਂ ਦੀ ਅਸਲੀਅਤ ਜਾਣੋ। ਕਾਲਜਾਂ ਤੇ ਯੂਨੀਵਰਸਿਟੀਆਂ ’ਚ ਆਮ ਕਰ ਕੇ 16 ਤੋਂ 25 ਸਾਲ ਦੇ ਵਿਦਿਆਰਥੀ ਹੁੰਦੇ ਹਨ। ਉਦੋਂ ਉਨ੍ਹਾਂ ਦੀ ਚੜ੍ਹਦੀ ਜੁਆਨੀ ਹੁੰਦੀ ਹੈ। ਇਨ੍ਹਾਂ ਨੂੰ ਚੰਗੇ ਪਾਸੇ ਲਾ ਲਓ ਭਾਵੇਂ ਮਾੜੇ ਪਾਸੇ। ਖੇਡਾਂ ਵੱਲ ਮੋੜ ਲਓ ਜਾਂ ਲੜਾਈਆਂ ਝਗੜਿਆਂ ਵੱਲ। ਅਸੀਂ ਮਾੜੇ ਪਾਸੇ ਲੱਗਣ ਵਾਲਿਆਂ ਦੀਆਂ ਗੱਲਾਂ ਵੱਧ ਕਰਦੇ ਹਾਂ, ਚੰਗਿਆਂ ਦੀਆਂ ਘੱਟ। ਬਹੁਤਿਆਂ ਦਾ ਨਜ਼ਰੀਆ ਨਾਂਹ ਪੱਖੀ ਵੱਧ ਹੁੰਦਾ ਹਾਂ ਪੱਖੀ ਘੱਟ। ਭਾਰਤ ਸਰਕਾਰ ਨੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁੱਲ ਕਲਾਮ ਆਜ਼ਾਦ ਦੇ ਨਾਂ ’ਤੇ ਚਲੰਤ ਟਰਾਫੀ ਬਣਾਈ ਜਿਸ ਦਾ ਛੋਟਾ ਨਾਂ ‘ਮਾਕਾ ਟਰਾਫੀ’ ਪ੍ਰਚਲਿਤ ਹੋਇਆ। 1956-57 ਤੋਂ ਇਹ ਟਰਾਫੀ ਖੇਡਾਂ ਵਿਚ ਸਭ ਤੋਂ ਵੱਧ ਜਿੱਤਾਂ ਜਿੱਤਣ ਵਾਲੀ ਯੂਨੀਵਰਸਿਟੀ ਨੂੰ ਦਿੱਤੀ ਜਾਣੀ ਸ਼ੁਰੂ ਹੋਈ। ਇਹ ਯੂਨੀਵਰਸਿਟੀਆਂ ਦਾ ਵੱਡਾ ਮਾਣ ਸਮਝੀ ਗਈ। ਇਸ ਟਰਾਫੀ ਦੇ ਜਿੱਤਣ ਨਾਲ ਪਤਾ ਲੱਗਦਾ ਹੈ ਕਿ ਭਾਰਤ ਦੀ ਕਿਹੜੀ ਯੂਨੀਵਰਸਿਟੀ ਦੇ ਵਿਦਿਆਰਥੀ ਖੇਡਾਂ, ਸਰੀਰਕ ਸਰਗਰਮੀਆਂ ਤੇ ਫਿੱਟਨੈੱਸ ’ਚ ਵਧੇਰੇ ਤਕੜੇ ਹਨ।
ਪਹਿਲਾਂ ਪਹਿਲ ਮਾਕਾ ਟਰਾਫੀ ਨਾਲ ਨਕਦ ਇਨਾਮ ਨਾ-ਮਾਤਰ ਸੀ ਪਰ 2020 ਤੋਂ 15 ਲੱਖ ਦਾ ਚੈੱਕ ਦੇਣਾ ਸ਼ੁਰੂ ਹੋ ਗਿਆ। ਭਾਰਤ ਦੀਆਂ ਸੈਂਕੜੇ ਯੂਨੀਵਰਸਿਟੀਆਂ ’ਚੋਂ ਹੁਣ ਤਕ ਸਿਰਫ਼ 6 ਯੂਨੀਵਰਸਿਟੀਆਂ ਹੀ ਇਹ ਟਰਾਫੀ ਜਿੱਤ ਸਕੀਆਂ ਹਨ। ਮਤਲਬੀ ਮੀਡੀਏ ਅਤੇ ਮੌਕਾਪ੍ਰਸਤ ਸਿਆਸਤਦਾਨਾਂ ਨੇ ਪੰਜਾਬੀ ਨੌਜੁਆਨਾਂ ਦੇ ਭੰਡੀ ਪ੍ਰਚਾਰ ਦੀ ਭਾਵੇਂ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਹਕੀਕਤ ਹੈ ਕਿ 1969 ਵਿਚ ਸ਼ੁਰੂ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਸਭ ਤੋਂ ਵੱਧ ਵਾਰ ਮਾਕਾ ਟਰਾਫੀ ਜਿੱਤੀ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਇਹ ਟਰਾਫੀ ਅਨੇਕ ਵਾਰ ਜਿੱਤੀ ਹੈ। ਇਨ੍ਹੀਂ ਦਿਨੀਂ 2023 ਦੀ ਮਾਕਾ ਟਰਾਫੀ 25ਵੀਂ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਰਾਸ਼ਟਰਪਤੀ ਤੋਂ ਪ੍ਰਾਪਤ ਕੀਤੀ ਹੈ ਜਿਸ ਦੀਆਂ ਇਸ ਯੂਨੀਵਰਸਿਟੀ ਦੇ ਸਟਾਫ ਅਤੇ ਖਿਡਾਰੀਆਂ ਨੂੰ ਮੁਬਾਰਕਾਂ!
ਮਾਕਾ ਟਰਾਫੀ ਹਰ ਸਾਲ ਰਾਸ਼ਟਰਪਤੀ ਭਵਨ ਵਿਚ ਹੁੰਦੇ ਵਿਸ਼ੇਸ਼ ਖੇਡ ਐਵਾਰਡ ਸਮਾਰੋਹ ਵਿਚ ਹੋਰਨਾਂ ਕੌਮੀ ਖੇਡ ਪੁਰਸਕਾਰਾਂ ਨਾਲ ਜੇਤੂ ਯੂਨੀਵਰਸਿਟੀ ਨੂੰ ਰਾਸ਼ਟਰਪਤੀ ਹੱਥੋਂ ਦਿਵਾਈ ਜਾਂਦੀ ਹੈ। ਪਹਿਲੀ ਵਾਰ ਇਹ ਟਰਾਫੀ ਬੰਬੇ ਯੂਨੀਵਰਸਿਟੀ ਨੇ ਜਿੱਤੀ ਸੀ ਪਰ ਪਿਛੋਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਝੰਡੀ ਰਹੀ। ਮਾਕਾ ਟਰਾਫੀ 25 ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜਿੱਤੀ, 15 ਵਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਅਤੇ 9 ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ। ਦਿੱਲੀ ਯੂਨੀਵਰਸਿਟੀ ਨੇ 14 ਵਾਰ ਜਿੱਤੀ, ਬੰਬਈ ਯੂਨੀਵਰਸਿਟੀ ਮੁੰਬਈ ਨੇ 3 ਵਾਰ ਅਤੇ ਕੁਰੂਕਸ਼ੇਤਰਾ ਯੂਨੀਵਰਸਿਟੀ ਨੇ 1966 ਵਿਚ ਇਕ ਵਾਰ। ਇੰਝ ਪੰਜਾਬ ਦੀਆਂ ਯੂਨੀਵਰਸਿਟੀਆਂ 67 ਸਾਲਾਂ ਵਿਚ 50 ਵਾਰ ਮਾਕਾ ਟਰਾਫੀ ਜਿੱਤੀਆਂ।
2001 ਤੋਂ ਪੰਜਾਬ ਦੀਆਂ ਤਿੰਨੇ ਯੂਨੀਵਰਸਿਟੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਹੀ ਮਾਕਾ ਟਰਾਫੀ ਜਿੱਤ ਰਹੀਆਂ ਹਨ। ਪੰਜਾਬ ਸਰਕਾਰ ਇਨ੍ਹਾਂ ਯੂਨੀਵਰਸਿਟੀਆਂ ਦੀਆਂ ਖੇਡ ਝਾਕੀਆਂ ਵੀ ਹੋਰਨਾਂ ਝਾਕੀਆਂ ਨਾਲ ਪੰਜਾਬ ਤੇ ਦੇਸ਼ ਦੇ ਲੋਕਾਂ ਨੂੰ ਦਿਖਾ ਦੇਵੇ ਤਾਂ ਆਪਣੇ ਗਭਰੂਆਂ ਤੇ ਮੁਟਿਆਰਾਂ ਦੀ ਹੋਰ ਹੌਸਲਾ ਅਫ਼ਜ਼ਾਈ ਹੋ ਸਕਦੀ ਹੈ। ਪੰਜਾਬ ਦੇ ਖਿਡਾਰੀਆਂ ਦਾ ਦੇਸ਼ ਦੀਆਂ ਖੇਡ ਜਿੱਤਾਂ ਵਿਚ ਪਾਇਆ ਯੋਗਦਾਨ ਵੀ ਦਰਸਾਉਣਾ ਚਾਹੀਦਾ ਹੈ।
2023 ਵਿਚ ਹੋਈਆਂ ਹਿਆਂਗਜ਼ੂ ਦੀਆਂ ਏਸ਼ਿਆਈ ਖੇਡਾਂ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਭਾਰਤੀ ਦਲ ਵਿਚ 16 ਖਿਡਾਰੀ ਭੇਜ ਕੇ 13 ਮੈਡਲ ਜਿੱਤਣੇ ਪੰਜਾਬ ਦਾ ਲਾਸਾਨੀ ਗੌਰਵ ਹੈ। ਕੀ ਭਾਰਤ ਦੀ ਕਿਸੇ ਹੋਰ ਯੂਨੀਵਰਸਿਟੀ ਨੇ ਖੇਡ ਖੇਤਰ ’ਚ ਏਡੀ ਵੱਡੀ ਛਾਲ ਮਾਰੀ ਹੈ? ਭਾਰਤ ਦੇ ਸੁਤੰਤਰਤਾ ਸੰਗਰਾਮ ਤੋਂ ਲੈ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਤਕ ਪੰਜਾਬੀਆਂ ਨੇ ਬੇਅੰਤ ਕੁਰਬਾਨੀਆਂ ਦਿੱਤੀਆਂ ਹਨ। ਭੁੱਖੇ ਭਾਰਤ ਦਾ ਢਿੱਡ ਭਰਦੇ ਹੋਏ, ਪਰਦੇਸਾਂ ’ਚ ਦੂਹਰੀਆਂ ਸ਼ਿਫਟਾਂ ਲਾ ਕੇ ਕਰੜੀਆਂ ਕਮਾਈਆਂ ਨਾਲ ਭਾਰਤ ਦੀਆਂ ਤਜੌਰੀਆਂ ਭਰਨ ਦੇ ਨਾਲ ਪਰਉਪਕਾਰ ਦੇ ਅਨੇਕ ਕਾਰਜ ਕੀਤੇ ਹਨ ਪਰ ਭਾਰਤੀ ਹਾਕਮਾਂ ਨੇ ਪੰਜਾਬੀਆਂ ਦੇ ਪਰਉਪਕਾਰਾਂ ਬਦਲੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੇ ਦਰਿਆਈ ਪਾਣੀ, ਜ਼ਮੀਨੀ ਪਾਣੀ, ਫਸਲਾਂ ਦੀ ਲੁੱਟ, ਧਰਤ ਪੰਜਾਬ ਦੀ ਉਪਜਾਊ ਸ਼ਕਤੀ, ਵਾਤਾਵਰਨ ਦੀ ਸ਼ੁਧਤਾ ਤੇ ਹੋਰ ਪਤਾ ਨਹੀਂ ਕਿੰਨਾ ਕੁਝ ਪੰਜਾਬ ਤੋਂ ਖੋਹ ਲਿਆ?
ਉਤੋਂ ਲੋਹੜਾ ਇਹ ਕਿ ਪੰਜਾਬੀਆਂ ਨੂੰ ਹੀ ਬੱਦੂ ਕੀਤਾ ਜਾ ਰਿਹਾ; ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਜੜ੍ਹੋਂ ਉਖਾੜਨ ਦਾ ਜੁਗਾੜ ਕੀਤਾ ਜਾ ਰਿਹਾ। ਹਾਕਮਾਂ ਨੂੰ ਮੰਨ ਲੈਣਾ ਚਾਹੀਦਾ ਕਿ ਪੰਜਾਬੀ ਨੌਜੁਆਨ ਨਿਕੰਮੇ, ਨਸ਼ੱਈ, ਗੈਂਗਸਟਰ, ਅਤਿਵਾਦੀ ਜਾਂ ਵੱਖਵਾਦੀ ਨਹੀਂ, ਭਾਰਤੀ ਹਾਕੀ ਤੇ ਹੋਰਨਾਂ ਖੇਡਾਂ ਦੇ ਸੱਚਮੁੱਚ ਸਰਦਾਰ ਹਨ। 2023 ’ਚ ਹੋਈਆਂ ਏਸ਼ਿਆਈ ਖੇਡਾਂ ਵਿਚ ਪੰਜਾਬ ਦੇ 32 ਖਿਡਾਰੀਆਂ ਨੇ 20 ਮੈਡਲ ਜਿੱਤ ਕੇ ਭਾਰਤ ਮਾਂ ਦੀ ਝੋਲੀ ਭਰਨ ਵਿੱਚ ਵੱਡਾ ਯੋਗਦਾਨ ਪਾਇਆ। ਇਹ ਤੱਥ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਣਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਖਿਡਾਰੀਆਂ ਨੇ ਏਸ਼ਿਆਈ ਖੇਡਾਂ ’ਚੋਂ 13 ਤਗਮੇ ਜਿੱਤੇ।
ਸੰਪਰਕ: principalsarwansingh@gmail.com