ਬੋਫੋਰਜ਼ ਤੋਪਾਂ ਦੇ ਰੌਲੇ-ਰੱਪੇ ਕਾਰਨ ਚੋਣ ਹਾਰ ਗਏ ਸਨ ਮੇਜਰ ਜਨਰਲ ਸਪੈਰੋ
ਪਾਲ ਸਿੰਘ ਨੌਲੀ
ਜਲੰਧਰ, 1 ਮਈ
ਦੂਜੀ ਸੰਸਾਰ ਜੰਗ ਵਿੱਚ ਦੁਸ਼ਮਣਾਂ ਨਾਲ ਲੋਹਾ ਲੈਣ ਅਤੇ 1965 ਦੀ ਭਾਰਤ-ਪਾਕਿ ਜੰਗ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਮੇਜਰ ਜਨਰਲ ਰਾਜਿੰਦਰ ਸਿੰਘ ਸਪੈਰੋ ਬੋਫ਼ੋਰਜ਼ ਘੁਟਾਲੇ ਦੇ ਰੌਲੇ ਰੱਪੇ ਕਾਰਨ 1989 ਦੀ ਲੋਕ ਸਭਾ ਚੋਣ ਇੰਦਰ ਕੁਮਾਰ ਗੁਜਰਾਲ ਕੋਲੋਂ ਹਾਰ ਗਏ ਸਨ। ਇਸ ਹਾਰ ਨੇ ਉਨ੍ਹਾਂ ਦਾ ਸਿਆਸੀ ਸਫਰ ਹੀ ਖਤਮ ਕਰ ਦਿੱਤਾ।
ਫੌਜ ਵਿੱਚ ਰਾਜਿੰਦਰ ਸਿੰਘ ਸਪੈਰੋ ਵੱਡੇ ਅਹੁਦਿਆਂ ’ਤੇ ਆਪਣੀ ਮਿਹਨਤ ਸਦਕਾ ਪਹੁੰਚੇ ਸਨ। ਸਾਲ 1980 ਦੀਆਂ ਲੋਕ ਸਭਾ ਚੋਣਾਂ ਵਿੱਚ ਇੰਦਰਾ ਗਾਂਧੀ ਨੇ ਸਪੈਰੋ ਨੂੰ ਕਾਂਗਰਸ ਦਾ ਉਮੀਦਵਾਰ ਬਣਾਇਆ। ਉਨ੍ਹਾਂ ਨੂੰ ਦੋ ਵਾਰ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਰਾਜਿੰਦਰ ਸਿੰਘ ਸਪੈਰੋ ਨੇ ਆਪਣੀ ਪਹਿਲੀ ਲੋਕ ਸਭਾ ਚੋਣ ਵਿੱਚ ਜਨਤਾ ਪਾਰਟੀ ਦੇ ਵਿਰੋਧੀ ਆਗੂ ਸਰੂਪ ਸਿੰਘ ਨੂੰ ਵੱਡੇ ਫਰਕ ਨਾਲ ਹਰਾਇਆ ਸੀ। ਕਾਂਗਰਸੀ ਉਮੀਦਵਾਰ ਸਪੈਰੋ ਨੂੰ 2.14 ਲੱਖ ਵੋਟਾਂ ਪਈਆਂ ਸਨ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਨੂੰ ਮਹਿਜ਼ 1.42 ਲੱਖ ਵੋਟਾਂ ਹੀ ਮਿਲੀਆਂ ਸਨ।
ਇਸੇ ਤਰ੍ਹਾਂ ਸਪੈਰੋ ਨੇ 1985 ਦੀ ਲੋਕ ਸਭਾ ਚੋਣ ਵੀ ਜਲੰਧਰ ਤੋਂ ਲੜੀ ਸੀ ਤੇ ਉਨ੍ਹਾਂ ਨੂੰ 7.57 ਲੱਖ ਵੋਟਾਂ ਮਿਲੀਆਂ ਸਨ। ਸਾਲ 1994 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ ਪਰ ਉਨ੍ਹਾਂ ਵੱਲੋਂ ਕਾਂਗਰਸ ਦਾ ਕਿਲ੍ਹਾ ਮਜ਼ਬੂਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ ਗਈ। ਉਨ੍ਹਾਂ ਇੱਕ ਵਾਰ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਨਾਲ ਸਪੈਰੋ (ਚਿੜੀ) ਸ਼ਬਦ ਕਿਵੇਂ ਜੁੜ ਗਿਆ। ਇੱਕ ਵਿਦੇਸ਼ੀ ਪੱਤਰਕਾਰ ਨੇ ਗੱਲਬਾਤ ਕਰਦਿਆਂ ਉਨ੍ਹਾਂ (ਰਾਜਿੰਦਰ ਸਿੰਘ) ਦੀ ਤੁਲਨਾ ਉਕਾਬ ਨਾਲ ਕਰਦਿਆਂ ਕਿਹਾ ਸੀ ਕਿ ਫੌਜ ਦੀ ਲੜਾਈ ਦੌਰਾਨ ਉਹ ਉਕਾਬ ਵਾਂਗ ਹਮਲਾ ਕਰਦੇ ਹਨ ਤੇ ਵੈਰੀਆਂ ਨੂੰ ਆਪਣੇ ਪੰਜੇ ਵਿੱਚ ਹੀ ਲੈ ਕੇ ਮਾਰ ਦਿੰਦੇ ਹਨ। ਉਸ ਪੱਤਰਕਾਰ ਨੂੰ ਜਵਾਬ ਦਿੰਦਿਆਂ ਰਾਜਿੰਦਰ ਸਿੰਘ ਨੇ ਬੜੀ ਨਿਮਰਤਾ ਨਾਲ ਕਿਹਾ ਸੀ ਕਿ ਉਹ ਉਕਾਬ ਵਾਂਗ ਹਮਲਾਵਰ ਨਹੀਂ ਸਗੋਂ ਉਹ ਤਾਂ ਸਪੈਰੋ (ਚਿੜੀ) ਹਨ। ਇੱਥੋਂ ਹੀ ਉਨ੍ਹਾਂ ਦੇ ਨਾਂ ਨਾਲ ਸਪੈਰੋ ਸ਼ਬਦ ਜੁੜਿਆ ਸੀ ਜਿਹੜਾ ਕਿ ਉਨ੍ਹਾਂ ਦੀ ਪਛਾਣ ਹੋ ਨਿਬੜਿਆ ਸੀ ਤੇ ਇਹ ਉਨ੍ਹਾਂ ਦੇ ਆਖਰੀ ਸਾਹਾਂ ਤੱਕ ਨਾਲ ਨਿਭਿਆ।